ਸਿਓਲ: ਉੱਤਰ ਕੋਰੀਆ ਵੱਲੋਂ ਹਾਈਡਰੋਜਨ ਬੰਬ ਦਾ ਸਫਲ ਪ੍ਰੀਖਣ ਕਰਨ ਦੇ ਦਾਅਵੇ ਤੋਂ ਬਾਅਦ ਦੁਨੀਆਂ ਭਰ ਵਿਚ ਆਲੋਚਨਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅਮਰੀਕਾ ਤੇ ਪਰਮਾਣੂ ਮਾਹਿਰ ਪਹਿਲਾਂ ਤੋਂ ਹੀ ਸ਼ੰਕੇ ਜ਼ਾਹਰ ਕਰਦੇ ਆ ਰਹੇ ਸਨ ਕਿ ਉੱਤਰ ਕੋਰੀਆ ਹਾਈਡਰੋਜਨ ਬੰਬ ਤਿਆਰ ਕਰ ਰਿਹਾ ਹੈ। ਇਹ ਬੰਬ ਪਰਮਾਣੂ ਬੰਬ ਨਾਲੋਂ ਵੀ ਕਈ ਗੁਣਾ ਖਤਰਨਾਕ ਹੈ।
ਜੇਕਰ ਹਾਈਡਰੋਜਨ ਬੰਬ ਦੀ ਪੁਸ਼ਟੀ ਹੋ ਗਈ ਤਾਂ ਉੱਤਰ ਕੋਰੀਆ ‘ਤੇ ਸੰਯੁਕਤ ਰਾਸ਼ਟਰ ਵੱਲੋਂ ਨਵੀਆਂ ਸਖਤ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਸੰਯੁਕਤ ਰਾਸ਼ਟਰ ਨੇ ਤੁਰੰਤ ਹੀ ਬੈਠਕ ਵੀ ਸੱਦ ਲਈ ਹੈ। ਉੱਤਰ ਕੋਰੀਆ ਵੱਲੋਂ ਪ੍ਰੀਖਣਾਂ ਦਾ ਦੁਨੀਆਂ ਪੱਧਰ ‘ਤੇ ਧਿਆਨ ਖਿੱਚਿਆ ਜਾਂਦਾ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਉੱਤਰ ਕੋਰੀਆ ਦੇ ਵਿਗਿਆਨੀ ਤੇ ਇੰਜੀਨੀਅਰ ਛੋਟਾ ਜਿਹਾ ਬੰਬ ਬਣਾ ਰਹੇ ਹਨ ਜਿਸ ਨੂੰ ਮਿਜ਼ਾਈਲ ਵਿਚ ਰੱਖ ਕੇ ਅਮਰੀਕਾ ‘ਤੇ ਦਾਗਿਆ ਜਾ ਸਕਦਾ ਹੈ।
ਉੱਤਰ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਪ੍ਰੀਖਣ ਦਾ ਦਾਅਵਾ ਕਰਨ ਤੋਂ ਬਾਅਦ ਅਮਰੀਕਾ ਨੇ ਕਿਹਾ ਕਿ ਉਹ ਦੱਖਣੀ ਕੋਰੀਆ ਸਮੇਤ ਖਿੱਤੇ ਦੇ ਹੋਰ ਮੁਲਕਾਂ ਦੀ ਰਾਖੀ ਕਰਨਾ ਜਾਰੀ ਰੱਖੇਗਾ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਕਿਹਾ ਕਿ ਉੱਤਰ ਕੋਰੀਆ ਵੱਲੋਂ ਕੀਤਾ ਗਿਆ ਹਾਈਡਰੋਜਨ ਬੰਬ ਦਾ ਪ੍ਰੀਖਣ ਉਨ੍ਹਾਂ ਦੇ ਮੁਲਕ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੈ ਤੇ ਉਹ ਇਸ ਨੂੰ ਸਹਿਣ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਉਲੰਘਣਾ ਹੈ ਅਤੇ ਦੁਨੀਆਂ ਨੂੰ ਪਰਮਾਣੂ ਰਹਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਉੱਤਰ ਕੋਰੀਆ ਵਿਚ ਭੂਚਾਲ ਆਉਣ ‘ਤੇ ਇਸ ਨੂੰ ਧਮਾਕੇ ਨਾਲ ਜੋੜ ਕੇ ਦੱਸਿਆ।
ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਊਨ ਹਾਈ ਨੇ ਪ੍ਰੀਖਣ ਨੂੰ ਭੜਕਾਊ ਕਾਰਵਾਈ ਕਰਾਰ ਦਿੰਦਿਆਂ ਆਪਣੀ ਫੌਜ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ। ਉਸ ਨੇ ਸੰਯੁਕਤ ਰਾਸ਼ਟਰ ਨੂੰ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ। ਉੱਤਰੀ ਕੋਰੀਆ ਦੇ ਭਾਈਵਾਲ ਚੀਨ ਨੇ ਵੀ ਪ੍ਰੀਖਣਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਕੌਮਾਂਤਰੀ ਭਾਈਚਾਰੇ ਨੂੰ ਦਿੱਤੇ ਗਏ ਵਚਨ ਨੂੰ ਨਿਭਾਏ ਅਤੇ ਅਜਿਹਾ ਕੋਈ ਕਦਮ ਨਾ ਚੁੱਕੇ ਜਿਸ ਨਾਲ ਹਾਲਾਤ ਹੱਥੋਂ ਬਾਹਰ ਹੋ ਜਾਣ।
ਚੀਨ ਦੇ ਦੌਰੇ ‘ਤੇ ਗਏ ਬ੍ਰਿਟਿਸ਼ ਵਿਦੇਸ਼ ਮੰਤਰੀ ਫਿਲਿਪ ਹੈਮੰਡ ਨੇ ਵੀ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਛੇ ਵੱਡੇ ਮੁਲਕਾਂ ਨੂੰ ਤੁਰੰਤ ਬੈਠਕ ਕਰ ਕੇ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਫਰਾਂਸ, ਆਸਟਰੇਲੀਆ ਤੇ ਹੋਰ ਮੁਲਕਾਂ ਨੇ ਵੀ ਉੱਤਰ ਕੋਰੀਆ ਦੇ ਕਦਮ ਦੀ ਨੁਕਤਾਚੀਨੀ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਉੱਤਰ ਪੂਰਬ ਏਸ਼ੀਆ ਤੇ ਗੁਆਂਢੀ ਮੁਲਕਾਂ ਵਿਚਕਾਰ ਪਰਮਾਣੂ ਪਸਾਰ ਦੇ ਸਬੰਧ ਚਿੰਤਾ ਵਾਲੀ ਗੱਲ ਹਨ। ਭਾਰਤ ਦਾ ਸਿੱਧਾ ਇਸ਼ਾਰਾ ਪਾਕਿਸਤਾਨ ਵੱਲ ਸੀ।
_______________________________
ਅਮਰੀਕਾ ਵੱਲੋਂ ਤਾਕਤ ਦਾ ਮੁਜ਼ਾਹਰਾ
ਵਾਸ਼ਿੰਗਟਨ/ਸਿਓਲ: ਅਮਰੀਕਾ ਨੇ ਉੱਤਰੀ ਕੋਰੀਆ ਨੇੜੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਵਾਲੇ ਬੀ-52 ਬੰਬਾਰਾਂ, ਐਫ-16 ਅਤੇ ਦੱਖਣੀ ਕੋਰੀਆ ਦੇ ਐਫ-15 ਲੜਾਕੂ ਜਹਾਜ਼ਾਂ ਨਾਲ ਮਿਲ ਕੇ ਤਾਕਤ ਦਾ ਮੁਜ਼ਾਹਰਾ ਕੀਤਾ। ਉੱਤਰੀ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਕੀਤੇ ਗਏ ਪ੍ਰੀਖਣ ਤੋਂ ਬਾਅਦ ਖਿੱਤੇ ਵਿਚ ਫੈਲੇ ਤਣਾਅ ਦੇ ਮੱਦੇਨਜ਼ਰ ਅਮਰੀਕਾ ਨੇ ਦੱਖਣੀ ਕੋਰੀਆ ਦੇ ਹੱਕ ਵਿਚ ਉਡਾਣਾਂ ਭਰੀਆਂ। ਉਧਰ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਅਮਰੀਕਾ ਨਾਲ ਪਰਮਾਣੂ ਜੰਗ ਨੂੰ ਰੋਕਣ ਲਈ ਆਤਮ ਰੱਖਿਆ ਤਹਿਤ ਹਾਈਡਰੋਜਨ ਬੰਬ ਦਾ ਪ੍ਰੀਖਣ ਕੀਤਾ ਗਿਆ ਹੈ। ਅਮਰੀਕੀ ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਹੈਰੀ ਬੀ ਹੈਰਿਸ ਨੇ ਕਿਹਾ ਕਿ ਅਮਰੀਕਾ ਵੱਲੋਂ ਦੱਖਣੀ ਕੋਰੀਆ ਅਤੇ ਜਪਾਨ ਸਮੇਤ ਆਪਣੇ ਮੁਲਕ ਦੀ ਰਾਖੀ ਲਈ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਕੌਮਾਂਤਰੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਖਿੱਤੇ ‘ਚ ਅਮਰੀਕਾ ਸਥਿਰਤਾ ਤੇ ਸੁਰੱਖਿਆ ਲਈ ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਦਾ ਰਹੇਗਾ।