ਕਿਸੇ ਨਾ ਤੇਰੀ ਜਾਤ ਪੁੱਛਣੀ…

ਨਿੰਮਾ ਡੱਲੇਵਾਲਾ
ਜਾਤ-ਪਾਤ ਅਜਿਹੀ ਅਦਿੱਖ ਤਲਵਾਰ ਹੈ ਜੋ ਇਨਸਾਨੀਅਤ ਦੇ ਟੁਕੜੇ ਟੁਕੜੇ ਕਰ ਕੇ ਰੱਖ ਦਿੰਦੀ ਹੈ। ਜਾਤ-ਪਾਤ ਇਨਸਾਨ ਨੇ ਆਪ ਬਣਾਈ ਅਤੇ ਸਮਾਜ ਵਿਚ ਲਕੀਰਾਂ ਪਾ ਦਿੱਤੀਆਂ। ਜਾਤ-ਪਾਤ ਵਾਂਗ ਹੀ ਵੱਖ ਵੱਖ ਮਜ਼ਹਬਾਂ ਵਿਚਲੀਆਂ ਲਕੀਰਾਂ ਵੀ ਮਨੁੱਖ ਨੂੰ ਅਲੱਗ ਅਲੱਗ ਕਰ ਦਿੰਦੀਆਂ ਹਨ। ਅਗਾਂਹ ਰੱਬ ਦੀਆਂ ਵੀ ਵੰਡੀਆਂ ਪਾ ਦਿੱਤੀ ਗਈਆਂ। ਇਹੀ ਨਹੀਂ, ਵੱਖ ਵੱਖ ਧਰਮਾਂ ਵਿਚਾਲੇ ਉੱਚੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੋਈ ਵੀ ਧਰਮ ਗ੍ਰੰਥ ਦੇਖ ਲਉ, ਇਹੀ ਲੱਭੇਗਾ ਕਿ ਰੱਬ ਇਕ ਹੈ। ਇਨਸਾਨ ਦੀਆਂ ਥੋਥੀਆਂ ਸਿਆਣਪਾਂ ਨੇ ਕਈ ਰੱਬ ਜ਼ਰੂਰ ਬਣਾ ਦਿੱਤੇ ਹਨ। ਹਰ ਧਰਮ ਦਾ ਉਪਦੇਸ਼ ਇਕੋ ਹੈ-ਸਾਂਝੀਵਾਲਤਾ। ਸੱਭੇ ਧਰਮ ਗ੍ਰੰਥ ਵੀ ਏਕਤਾ ਦੀ ਹੀ ਕਹਾਣੀ ਪਾਉਂਦੇ ਹਨ ਪਰ ਸਾਡੇ ਮਨਾਂ ਵਿਚਲੇ ਭਰਮ ਸਾਨੂੰ ਨਿਆਰੇਪਣ ਵਾਲੀਆਂ ਜੰਜ਼ੀਰਾਂ ਵਿਚ ਜਕੜੀ ਬੈਠੇ ਹਨ। ਹਰ ਇਨਸਾਨ ਜੇ ਸੱਚਾ-ਸੁੱਚਾ ਬਣ ਕੇ ਆਪਣੇ ਧਰਮ ਦੇ ਉਪਦੇਸ਼ਾਂ ਉਤੇ ਚੱਲਣ ਦੀ ਜਾਚ ਸਿੱਖ ਲਵੇ ਤਾਂ ਸੱਭੇ ਇਨਸਾਨ ਰੱਬ ਦੇ ਇਕੋ ਵਿਹੜੇ ਵਿਚ ਇਕੱਠੇ ਹੋ ਜਾਣਗੇ ਕਿਉਂਕਿ ਸਭ ਧਰਮਾਂ ਦੀਆਂ ਪਗਡੰਡੀਆਂ ਰੱਬ ਦੇ ਘਰ ਨੂੰ ਹੀ ਜਾਂਦੀਆਂ ਹਨ:
ਜਾਤਾਂ ਰੱਬ ਨੇ ਨਹੀਂ,
ਇਨਸਾਨ ਨੇ ਬਣਾਈਆਂ ਨੇ।
ਰੱਬ ਵਿਚ ਵੀ ਵੰਡੀਆਂ,
ਇਸੇ ਨੇ ਪਾਈਆਂ ਨੇ।
ਮਨੁੱਖਤਾ ਨੂੰ ਵੰਡਣ ਵਾਲੀਆਂ,
ਕੁਝ ਲੀਕਾਂ ਵਾਹੀਆਂ ਨੇ।
ਕਿਸੇ ਪੁੱਛਣੀ ਜਾਤ ਨਹੀਂ,
ਨਬੇੜੇ ਕਰਨੇ ਕਮਾਈਆਂ ਨੇ।
ਜੋ ਨਾਲ ਜਾਣੀਆਂ ਨੇ,
ਉਹ ਸਭ ਭੁਲਾਈਆਂ ਨੇ।
ਜੋ ਰਹਿ ਜਾਣੀਆਂ ਇਥੇ,
ਉਹੋ ਗਲ ਨਾਲ ਲਾਈਆਂ ਨੇ।
ਕਰ ਨਿੰਮਿਆ ਜੋ ਨਾਲ ਜਾਏ,
ਕਿਉਂ ਉਮਰਾਂ ਗੰਵਾਈਆਂ ਨੇ।
ਜਨਮ ਲੈਣ ਤੋਂ ਪਹਿਲਾਂ ਮਾਂ ਦੀ ਕੁੱਖ ਵਿਚ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ, ਪਰ ਜੱਗ ਵਿਚ ਪ੍ਰਵੇਸ਼ ਕਰ ਕੇ ਪਹਿਲੀ ਪਲਕ ਪੁੱਟਣ ਸਾਰ ਉਸ ਪਰਿਵਾਰ ਨਾਲ ਸਬੰਧਤ ਜਾਤ ਅਤੇ ਧਰਮ ਵਾਲਾ ਟਿੱਕਾ ਉਸ ਦੇ ਮਸਤਕ ਉਤੇ ਲੱਗ ਜਾਂਦਾ ਹੈ। ਹੌਲੀ ਹੌਲੀ ਉਹ ਵੀ ਉਸੇ ਮਾਹੌਲ ਵਿਚ ਢਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਾਹੌਲ ਮੁਤਾਬਕ ਜਾਤ-ਪਾਤ ਅਤੇ ਧਰਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਜਾਤ-ਪਾਤ ਸਮਾਜ ਦੀਆਂ ਬੁਰਾਈਆਂ ਵਿਚੋਂ ਇਕ ਹੈ, ਜੋ ਇਕ ਹੋਰ ਊਚ-ਨੀਚ ਵਰਗੀ ਬੁਰਾਈ ਨੂੰ ਜਨਮ ਦਿੰਦੀ ਹੈ। ਜਾਤ-ਪਾਤ ਸਮਾਜ ਵਿਚ ਪਿਆ ਅਜਿਹਾ ਪਾੜ ਹੈ, ਜੋ ਕਦੀ ਵੀ ਨਹੀਂ ਭਰਦਾ, ਸਗੋਂ ਦਿਲਾਂ ਵਿਚ ਪੈਣ ਵਾਲੇ ਪਾੜੇ ਨੂੰ ਹੋਰ ਵਧਾਈ ਜਾਂਦਾ ਹੈ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਨਸਾਨ ਦੀ ਪਰਖ ਉਸ ਦੀ ਜਾਤ ਤੋਂ ਨਹੀਂ; ਉਸ ਦੀ ਸੋਚ, ਬੁੱਧੀ ਤੇ ਗੁਣਾਂ ਤੋਂ ਹੁੰਦੀ ਹੈ। ਕਈ ਵਾਰੀ ਉਚੀ ਜਾਤ ਨਾਲ ਸਬੰਧ ਰੱਖਣ ਵਾਲੇ ਲੋਕ ਵੀ ਬੜੇ ਨੀਚ ਕੰਮ ਕਰ ਜਾਂਦੇ ਹਨ ਅਤੇ ਕਈ ਨੀਵੀਂ ਸ਼੍ਰੇਣੀ ਵਿਚ ਜਨਮ ਲੈ ਕੇ ਵੀ ਉਚੇ ਤੇ ਸੁੱਚੇ ਕੰਮ ਕਰ ਜਾਂਦੇ ਹਨ। ਉਚੀ ਜਾਤ ਵਾਲੀ ਤਖ਼ਤੀ ਗਲ ਵਿਚ ਪਾ ਕੇ ਕੋਈ ਵੀ ਇਨਸਾਨ ਉਚਾ ਨਹੀਂ ਬਣਦਾ। ਸੁੱਚੀ ਸੋਚ, ਉਚੀਆਂ ਅਕਲਾਂ ਅਤੇ ਚੰਗੇ ਕੰਮਾਂ ਨਾਲ ਹੀ ਇਨਸਾਨ ਉਚਾ ਬਣਦਾ ਹੈ। ਜਾਤ ਕਿਸੇ ਦੇ ਚਿਹਰੇ ਉਤੇ ਨਹੀਂ ਲਿਖੀ ਹੁੰਦੀ ਪਰ ਇਨਸਾਨ ਦੇ ਚੰਗੇ ਗੁਣ ਜ਼ਰੂਰ ਬਿਨਾਂ ਬੋਲਿਆਂ ਮਨੁੱਖ ਬਾਰੇ ਦੱਸ ਦਿੰਦੇ ਹਨ:
ਹਿੰਦੂ ਸਿੱਖ ਇਸਾਈ,
ਚਾਹੇ ਕੋਈ ਮੁਸਲਮਾਨ ਹੈ।
ਕੋਈ ਵੀ ਹੋਵੇ ਰੰਗ ਰੂਪ,
ਪਰ ਹਰ ਕੋਈ ਇਨਸਾਨ ਹੈ।
ਸਭ ਤੋਂ ਉਚੀ ਜਾਤ ਉਸ ਦੀ,
ਜਿਸ ਦੇ ਕੋਲ ਇਮਾਨ ਹੈ।
ਸਭ ਰੱਬ ਦੇ ਘੜੇ ਕਲਬੂਤ ਨੇ,
ਚਾਹੇ ਸਿੰਘ ਤੇ ਚਾਹੇ ਖਾਨ ਹੈ।
ਜਾਤ-ਪਾਤ ਤਾਂ ਨਿੰਮਿਆ ਵੇ,
ਇਕ ਸੌ ਦੇ ਨੋਟ ਦੀ ਭਾਨ ਹੈ।
ਅਗਰ ਜਾਤ-ਪਾਤ ਤੋਂ ਹਟ ਕੇ ਗੱਲ ਕਰੀਏ ਤਾਂ ਇਨਸਾਨ ਆਪਣੀ ਅਸਲ ਜਾਤ ਤੋਂ ਅਣਜਾਣ ਹੋਇਆ ਦਿਸਦਾ ਹੈ। ਕਿਸੇ ਨਾ ਕਿਸੇ ਧਰਮ ਨਾਲ ਸਾਂਝ ਰੱਖਣ ਵਾਲਾ ਹਰ ਕੋਈ ਇਨਸਾਨ ਆਪਣੇ ਅਸਲ ਧਰਮ ਤੋਂ ਬੇਮੁੱਖ ਹੋਇਆ ਨਜ਼ਰ ਆਉਂਦਾ ਹੈ, ਕਿਉਂਕਿ ਇਨਸਾਨ ਦੀ ਅਸਲ ਜਾਤ ਅਤੇ ਧਰਮ ਤਾਂ ਇਨਸਾਨੀਅਤ ਹੈ। ਸਰਬੱਤ ਦਾ ਭਲਾ ਮੰਗਣਾ ਅਤੇ ਵੈਰ ਦਾ ਵਿਰੋਧ ਕਰਨਾ ਅਸਲ ਧਰਮੀ ਹੋਣ ਦਾ ਪ੍ਰਤੀਕ ਹੈ। ਅਗਰ ਅਸੀਂ ਆਪਣੇ ਧਰਮ ਪ੍ਰਤੀ ਇਮਾਨਦਾਰ ਰਹੀਏ, ਤਦ ਜਾਤ-ਪਾਤ ਵਰਗੀ ਬੁਰਾਈ ਤੋਂ ਛੁਟਕਾਰਾ ਮਿਲ ਸਕਦਾ ਹੈ; ਕਿਉਂਕਿ ਕੋਈ ਵੀ ਧਰਮ ਮਤਭੇਦ ਵਾਲਾ ਪਾਠ ਨਹੀਂ ਪੜ੍ਹਾਉਂਦਾ, ਸਗੋਂ ਹਰ ਇਨਸਾਨ ਨੂੰ ਬਰਾਬਰੀ ਵਾਲੀ ਤੱਕੜੀ ਵਿਚ ਤੋਲਦਾ ਹੈ। ਸਿੱਖ ਧਰਮ ਦੇ ਪੰਨਿਆਂ ਉਤੇ ਵਾਹੀ ਗਈ ਲਕੀਰ ਜਾਤ-ਪਾਤ ਦਾ ਖੰਡਨ ਕਰਦੀ ਹੈ। ਸਿੱਖ ਧਰਮ ਦੇ ਮਹਿਲ ਪੰਥ ਖਾਲਸੇ ਦੀ ਨੀਂਹ ਪੰਜ ਵੱਖੋ ਵੱਖ ਜਾਤਾਂ ਨਾਲ ਸਬੰਧਤ ਸਿਰਾਂ ‘ਤੇ ਰੱਖੀ ਗਈ ਹੈ। ਗੁਰੂ ਸਾਹਿਬ ਵੱਲੋਂ ਪੰਜਾਂ ਨੂੰ ਦਿੱਤਾ ਹੋਇਆ ਇਕੋ ਜਿਹਾ ਰੂਪ ਊਚ-ਨੀਚ ਨੂੰ ਮਿਟਾਉਣ ਵਾਲਾ ਸੰਦੇਸ਼ ਹੈ।
ਅੱਜ ਲੋੜ ਸਾਨੂੰ ਆਪਣੇ ਅੰਦਰਲੇ ਸੁੱਤੇ ਇਨਸਾਨ ਨੂੰ ਜਗਾਉਣ ਦੀ ਹੈ ਕਿਉਂਕਿ ਬਾਹਰਲੇ ਇਨਸਾਨ ਉਤੇ ਕਈ ਬੁਰਾਈਆਂ ਦੀ ਗਰਦ ਪੈ ਚੁੱਕੀ ਹੈ। ਇਸ ਗਰਦ ਨੂੰ ਸਾਫ ਕਰਨ ਵਾਲਾ ਚੰਗਿਆਈਆਂ ਵਾਲਾ ਪਾਣੀ ਵੀ ਸੁੱਕਦਾ ਜਾ ਰਿਹਾ ਹੈ। ਅਗਰ ਅਸੀਂ ਆਪਣੇ ਮਰਨ ਦਾ ਫਿਕਰ ਛੱਡ ਕੇ ਜ਼ਮੀਰਾਂ ਦੇ ਮਰ ਜਾਣ ਦਾ ਫਿਕਰ ਕਰੀਏ ਤਾਂ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਵਾਲੇ ਕੁਝ ਹੋਰ ਵੀ ਫੁੱਲ ਉਗ ਸਕਦੇ ਹਨ। ਮੰਨਿਆ ਕਿ ਦੌਲਤਾਂ ਸ਼ੁਹਰਤਾਂ ਨੇ ਜ਼ਿੰਦਗੀ ਵਿਚ ਕੁਝ ਵੱਖੋ ਵੱਖ ਰੰਗਾਂ ਨੂੰ ਜਨਮ ਦਿੱਤਾ ਹੈ ਪਰ ਇਹ ਰੰਗ ਰੁੱਖ ਦੇ ਪਰਛਾਵੇਂ ਵਾਂਗ ਹਨ ਜੋ ਸਵੇਰੇ ਇਸ ਘਰ ਵੱਲ ਅਤੇ ਸ਼ਾਮੀਂ ਉਸ ਘਰ ਵੱਲ ਹੁੰਦੇ ਹਨ। ਅਗਰ ਮਾਇਆ ਨਗਰੀ ਤੋਂ ਬਾਹਰ ਨਿਕਲ ਕੇ ਵੇਖੀਏ ਤਾਂ ਹੱਕ, ਸੱਚ, ਇਮਾਨ ਵਰਗੇ ਕਈ ਰੰਗ ਹਨ ਜਿਨ੍ਹਾਂ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਕਾਲੇ ਵਾਲਾਂ ਵਿਚ ਆਉਣ ਵਾਲੀ ਸਫੈਦੀ ਨੂੰ ਰੋਕਣ ਦੇ ਉਪਰਾਲੇ ਅਸੀਂ ਕਰਦੇ ਰਹਿੰਦੇ ਹਾਂ ਪਰ ਲੋੜ ਹੈ ਲਾਲ ਰੰਗ ਦੇ ਲਹੂ ਵਿਚ ਭਰਨ ਵਾਲੀ ਸਫੈਦੀ ਨੂੰ ਨੱਥ ਪਾਉਣ ਦੀ ਜੋ ਅਵਾਰਾ ਪਸ਼ੂ ਵਾਂਗ ਹਰ ਦਿਲ ਦੇ ਵਿਹੜੇ ਵੜ ਗਈ ਹੈ। ਹੁਣ ਸੌ ਦੀ ਇਕ ਨਬੇੜਾਂ:
ਲੜ ਛੱਡ ਦਿਉ ਜਾਤਾਂ ਦਾ,
ਦਿਲੋਂ ਕੱਢ ਦਿਉ ਭਰਮਾਂ ਨੂੰ।
ਮਾੜੇ ਕੰਮ ਵੀ ਛੱਡ ਦਿਉ,
ਕਰੋ ਚੰਗੇ ਕਰਮਾਂ ਨੂੰ।
ਪਰਦੇ ਕੱਜੇ ਰਹਿਣ ਦਿਉ,
ਦਿਉ ਲਹਿਣ ਨਾ ਸ਼ਰਮਾਂ ਨੂੰ।
ਲੇਖ ਜਾਣਗੇ ਨਾਲੇ,
ਨਾ ਜਾਇਉ ਬਰਮਾ ਨੂੰ।
ਨਿੰਮਾ ਆਖੇ ਸੀਸ ਝੁਕਾਵੋ,
ਤੁਸੀਂ ਸਾਰਿਆਂ ਧਰਮਾਂ ਨੂੰ।

Be the first to comment

Leave a Reply

Your email address will not be published.