ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਨਾ ਸਕੀਆਂ ਸਰਕਾਰੀ ਨੀਤੀਆਂ

ਚੰਡੀਗੜ੍ਹ: ਪੰਜਾਬ ਵਿਚ ਪਿਛਲੀਆਂ ਤਿੰਨ ਫਸਲਾਂ ਲਗਾਤਾਰ ਖਰਾਬ ਹੋਣ ਕਾਰਨ ਵਧੇ ਆਰਥਿਕ ਮੰਦਵਾੜੇ ਦੇ ਸਿੱਟੇ ਵਜੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਕ ਗੈਰ-ਸਰਕਾਰੀ ਸੰਸਥਾ ਵੱਲੋਂ ਕੀਤੇ ਅਧਿਐਨ ਅਨੁਸਾਰ ਸਿਰਫ ਪਿਛਲੇ ਚਾਰ ਮਹੀਨਿਆਂ ਦੌਰਾਨ ਹੀ ਨਰਮਾ ਪੱਟੀ ਦੇ 90 ਤੋਂ ਵੱਧ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ।

ਸੂਬਾ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕਰਜ਼ੇ ਕਾਰਨ ਆਤਮ ਹੱਤਿਆ ਕਰਨ ਵਾਲੇ ਸਿਰਫ 55 ਕਿਸਾਨਾਂ ਦੇ ਪਰਿਵਾਰਾਂ ਨੂੰ ਹੀ ਮੁਆਵਜ਼ਾ ਦੇਣ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਜਾਪ ਰਹੀ ਹੈ। ਲੰਘੇ ਸੈਸ਼ਨ ਦੌਰਾਨ ਸੰਸਦ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2014 ਦੌਰਾਨ ਹਰ ਰੋਜ਼ 34 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਜਦੋਂਕਿ ਪਿਛਲੇ 20 ਸਾਲਾਂ ਦੌਰਾਨ ਤਕਰੀਬਨ ਤਿੰਨ ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।
ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਅਧਿਐਨ ਮੁਤਾਬਕ ਸਾਲ 2000 ਤੋਂ ਲੈ 2010 ਤੱਕ 6966 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ ਜਦੋਂਕਿ 2010 ਤੋਂ ਬਾਅਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਸਬੰਧੀ ਸਰਕਾਰ ਵੱਲੋਂ ਕੋਈ ਵਿਧੀਵਤ ਅਧਿਐਨ ਕਰਵਾਇਆ ਹੀ ਨਹੀਂ ਗਿਆ। ਪੰਜਾਬ ਸਰਕਾਰ ਨੇ ਜਿਸ ਸਰਵੇ ਦੇ ਆਧਾਰ ‘ਤੇ ਪਿਛਲੇ ਤਿੰਨ ਸਾਲਾਂ ਦੌਰਾਨ ਆਤਮ ਹੱਤਿਆ ਕਰਨ ਵਾਲੇ 55 ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਦਿੱਤੀ ਗਈ ਹੈ, ਉਹ ਸੂਬਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਦੱਸੀ ਜਾਂਦੀ ਹੈ। ਇਸ ਗਿਣਤੀ ਉਤੇ ਸਵਾਲ ਇਸ ਕਰਕੇ ਖੜ੍ਹੇ ਹੋ ਰਹੇ ਹਨ ਕਿ 2000 ਤੋਂ 2010 ਤੱਕ ਪ੍ਰਤੀ ਸਾਲ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਦਰ ਪ੍ਰਤੀ ਸਾਲ 636 ਰਹੀ ਹੈ ਪਰ ਉੱਚ ਪੱਧਰੀ ਕਮੇਟੀ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਸਿਰਫ 55 ਕਿਸਾਨਾਂ ਦੀਆਂ ਖੁਦਕੁਸ਼ੀਆਂ ਹੀ ਨਜ਼ਰ ਆਈਆਂ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਰੁਝਾਨ ਪਹਿਲਾਂ ਨਾਲੋਂ ਤੇਜ਼ ਹੋਇਆ ਹੈ। ਇਸ ਤੋਂ ਜਾਪਦਾ ਹੈ ਕਿ ਕਰਜ਼ੇ ਕਾਰਨ ਕਿਸਾਨ-ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਸਬੰਧੀ ਸਰਕਾਰ ਸੰਜੀਦਾ ਨਹੀਂ ਹੈ। ਪੰਜਾਬ ਕਰਜ਼ਾ ਰਾਹਤ ਬਿੱਲ 2006 ਤੋਂ ਲੰਬਿਤ ਚਲਿਆ ਆ ਰਿਹਾ ਹੈ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਹਾਲੇ ਤੱਕ ਪੂਰਾ ਤਕਸੀਮ ਨਹੀਂ ਹੋਇਆ ਅਤੇ ਗੰਨੇ ਦੀ ਫਸਲ ਦਾ ਬਕਾਇਆ ਵੀ ਹਾਲੇ ਖੜ੍ਹਾ ਹੈ।
___________________________________
ਧੀ ਦੀ ਡੋਲੀ ਤੋਰਨ ਤੋਂ ਪਹਿਲਾਂ ਉੱਠੀ ਕਿਸਾਨ ਦੀ ਅਰਥੀ
ਸਮਾਣਾ: ਘਰ ਵਿਚ ਧੀ ਦੇ ਵਿਆਹ ਦੀ ਤਿਆਰੀ ਕਰ ਰਹੇ ਸਮਾਣਾ ਦੇ ਕਿਸਾਨ ਨੇ ਡੋਲੀ ਤੁਰਨ ਤੋਂ ਕੁਝ ਘੰਟੇ ਪਹਿਲਾਂ ਕਰਜ਼ੇ ਦੀ ਮਾਰ ਕਾਰਨ ਆਤਮਦਾਹ ਕਰ ਲਿਆ। ਕਿਸਾਨ ਨੂੰ ਡਰ ਸੀ ਕਿ ਸ਼ਾਹੂਕਾਰ ਕਰਜ਼ੇ ਕਾਰਨ ਵਿਆਹ ਦੇ ਰੰਗ ਵਿਚ ਭੰਗ ਪਾ ਸਕਦੇ ਹਨ। ਘਰ ਵਿਆਹ ਵਿਚ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਜਸਵੰਤ ਸਿੰਘ ਦਾ ਮੌਕੇ ‘ਤੇ ਹੀ ਸਸਕਾਰ ਕਰ ਦਿੱਤਾ। ਸਮਾਣਾ ਦੇ ਪਿੰਡ ਗਾਜੀਸਲਾਰ ਦੇ ਕਿਸਾਨ ਜਸਵੰਤ ਸਿੰਘ (70) ਸਿਰ 14 ਤੋਂ 15 ਲੱਖ ਦਾ ਕਰਜ਼ਾ ਚੜ੍ਹ ਗਿਆ ਸੀ। ਬੈਂਕਾਂ ਤੋਂ ਇਲਾਵਾ ਉਸ ਨੇ ਸ਼ਾਹੂਕਾਰਾਂ ਤੋਂ ਵੀ ਕਰਜ਼ਾ ਲਿਆ ਹੋਇਆ ਸੀ। ਐਤਵਾਰ ਨੂੰ ਉਨ੍ਹਾਂ ਦੇ ਘਰ ਵਿਚ ਬਰਾਤ ਆਉਣੀ ਸੀ ਪਰ ਸਵੇਰੇ ਹੀ ਜਸਵੰਤ ਸਿੰਘ ਨੇ ਮਿੱਟੀ ਦਾ ਤੇਲ ਪਾ ਕੇ ਘਰ ਤੋਂ ਥੋੜੀ ਹੀ ਦੂਰ ਆਤਮ ਹੱਤਿਆ ਕਰ ਲਈ।
____________________________________
ਹਾੜ੍ਹੀ ਦੀਆਂ ਫਸਲਾਂ ‘ਤੇ ਵੀ ਸੰਕਟ ਦੇ ਬੱਦਲ
ਚੰਡੀਗੜ੍ਹ: ਖੇਤੀ ਵਿਗਿਆਨੀਆਂ ਮੁਤਾਬਕ ਸਰਦ ਰੁੱਤ ਦੇ ਇਸ ਗਰਮ ਮਿਜ਼ਾਜ ਕਾਰਨ ਕਣਕ ਸਮੇਤ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਦੇ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਜੇ ਆਉਣ ਵਾਲੇ ਦਿਨਾਂ ਵਿਚ ਬਰਸਾਤ ਨਾ ਹੋਈ ਤੇ ਠੰਢ ਨੇ ਆਪਣੇ ਜੌਹਰ ਨਾ ਦਿਖਾਏ ਤਾਂ ਕਣਕ ਦਾ ਉਤਪਾਦਨ ਸੱਤ ਫੀਸਦੀ ਤੱਕ ਘਟ ਸਕਦਾ ਹੈ। ਇਸ ਦੇ ਸਿੱਟੇ ਵਜੋਂ ਨਾ ਸਿਰਫ ਪਹਿਲਾਂ ਹੀ ਲਗਾਤਾਰ ਤਿੰਨ ਖਰਾਬ ਫਸਲਾਂ ਨਾਲ ਝੰਬੀ ਪੰਜਾਬ ਦੀ ਕਿਸਾਨੀ ਦੀ ਹਾਲਤ ਹੋਰ ਨਿਘਰ ਜਾਵੇਗੀ ਬਲਕਿ ਸੂਬੇ ਦਾ ਸਮੁੱਚਾ ਅਰਥਚਾਰਾ ਪ੍ਰਭਾਵਿਤ ਹੋਣ ਦੇ ਨਾਲ ਮੁਲਕ ਲਈ ਅੰਨ ਸਮੱਸਿਆ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਹਰ ਸਾਲ ਔਸਤ 165 ਲੱਖ ਟਨ ਕਣਕ ਪੈਦਾ ਕਰਦਾ ਹੈ ਜਿਸ ਦਾ ਵੱਡਾ ਹਿੱਸਾ ਕੌਮੀ ਅੰਨ ਭੰਡਾਰ ਵਿਚ ਜਾਂਦਾ ਹੈ। ਉਤਰੀ ਭਾਰਤ ਵਿਚ ਇਸ ਸਮੇਂ ਤਾਪਮਾਨ 3 ਤੋਂ 23 ਡਿਗਰੀ ਸੈਲਸ਼ੀਅਸ ਦਰਮਿਆਨ ਚੱਲ ਰਿਹਾ ਹੈ ਜਦੋਂਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 1 ਤੋਂ 17 ਡਿਗਰੀ ਸੈਂਟੀਗਰੇਡ ਸੀ। ਫਸਲਾਂ ਦੀ ਸੁਰੱਖਿਆ ਤੇ ਜਨਜੀਵਨ ਲਈ ਇਹ ਸਿਫਰ ਤੋਂ 15 ਡਿਗਰੀ ਸੈਂਟਰੀਗਰੇਡ ਹੋਣਾ ਚਾਹੀਦਾ ਹੈ।