ਦਲਜੀਤ ਅਮੀ
ਫੋਨ: +447452155354
ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਇੱਕ ਕਾਰਖ਼ਾਨੇ ਵਿਚ ਬਾਬੂ ਮੱਲ ਦੀ ਛੇ ਸਾਲਾ ਧੀ ਸ਼ਾਲਿਨੀ ਅਤੇ ਸ਼ਿਵ ਨਾਰਾਇਣ ਦੇ ਪੰਜ ਸਾਲਾ ਪੁੱਤ ਗੋਲੂ ਦੀ ਮੌਤ ਹੋ ਗਈ। ਇਨ੍ਹਾਂ ਦੇ ਨਾਲ ਦੇ ਦੋ ਬੱਚਿਆਂ ਦੀ ਜਾਨ ਇਲਾਜ ਤੋਂ ਬਾਅਦ ਬਚ ਗਈ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਕਾਰਖ਼ਾਨਾ ਮਾਲਕ ਅਤੇ ਪੀੜਤ ਪਰਿਵਾਰਾਂ ਵਿਚ ਮੁਆਵਜ਼ਾ ਤੈਅ ਹੋ ਜਾਣ ਕਾਰਨ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਨ੍ਹਾਂ ਬੱਚਿਆਂ ਨੂੰ ਕਾਰਖ਼ਾਨੇ ਵਿਚ ਜ਼ਹਿਰੀਲੀ ਗੈਸ ਚੜ੍ਹੀ ਸੀ। ਛੁੱਟੀ ਕਾਰਨ ਬੱਚੇ ਮਾਪਿਆਂ ਨਾਲ ਕਾਰਖ਼ਾਨੇ ਵਿਚ ਆਏ ਸਨ ਅਤੇ ਜ਼ਿਆਦਾ ਕੰਮ ਹੋਣ ਕਾਰਨ ਛੁੱਟੀ ਵਾਲੇ ਦਿਨ ਕਾਰਖ਼ਾਨਾ ਚੱਲ ਰਿਹਾ ਸੀ। ਅਖ਼ਬਾਰਾਂ ਵਿਚ ਇਸ ਤੋਂ ਜ਼ਿਆਦਾ ਤਫ਼ਸੀਲ ਨਹੀਂ ਛਪੀ, ਪਰ ਛਪੀ ਹੋਈ ਤਫ਼ਸੀਲ ਵਿਚ ਅਣਛਪੇ ਦੇ ਇਸ਼ਾਰੇ ਮਿਲਦੇ ਹਨ। ਇਨ੍ਹਾਂ ਖ਼ਬਰਾਂ ਵਿਚੋਂ ਗ਼ੈਰ-ਹਾਜ਼ਰ ਤੱਤ ਆਪਣੀ ਸ਼ਨਾਖ਼ਤ ਆਪ ਕਰਦੇ ਹਨ ਜੋ ਮੀਡੀਆ ਸਮੇਤ ਨਿਜ਼ਾਮ, ਸਰਕਾਰ, ਸਿਆਸਤ ਅਤੇ ਸ਼ਹਿਰੀ ਹਕੂਕ ਦੇ ਹਾਲਾਤ ਬਾਬਤ ਪੜਚੋਲ ਦਾ ਸਬੱਬ ਬਣਦੇ ਹਨ।
ਇਹ ਬੱਚੇ ਕੌਣ ਸਨ? ਇਹ ਗ਼ਰੀਬ ਕਾਰਖ਼ਾਨਾ ਮਜ਼ਦੂਰਾਂ ਦੇ ਬੱਚੇ ਸਨ। ਇਨ੍ਹਾਂ ਦੇ ਮਾਪੇ ਅਤੇ ਆਂਢ-ਗੁਆਂਢ ਦੇ ਬਾਲਗ਼ ਜੀਅ ਉਸੇ ਜਾਂ ਅਜਿਹੇ ਕਾਰਖ਼ਾਨਿਆਂ ਵਿਚ ਕੰਮ ਕਰਦੇ ਹੋਣਗੇ। ਇਨ੍ਹਾਂ ਦੇ ਮਾਪਿਆਂ ਕੋਲ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਣ-ਪਛਾਣ ਜਾਂ ਕਿਸੇ ਖਿਡਾਵੀ ਕੋਲ ਛੱਡਣ ਦੀ ਗੁੰਜ਼ਾਇਸ਼ ਨਹੀਂ ਹੋਵੇਗੀ। ਹਾਂ, ਇਸ ਸੰਭਾਵਨਾ ਦੀ ਗੁੰਜ਼ਾਇਸ਼ ਹੈ ਕਿ ਇਹ ਹਰ ਛੁੱਟੀ ਵਾਲੇ ਦਿਨ ਮਾਪਿਆਂ ਨਾਲ ਕਾਰਖ਼ਾਨੇ ਜਾਂਦੇ ਹੋਣ। ਖ਼ਬਰਾਂ ਦੱਸਦੀਆਂ ਹਨ ਕਿ ਮਜ਼ਦੂਰ ਕਾਰਖ਼ਾਨੇ ਦੇ ਲਾਗੇ ਰਹਿੰਦੇ ਹਨ। ਸੰਭਾਵਨਾ ਇਹ ਵੀ ਹੈ ਕਿ ਬੱਚੇ ਹਰ ਰੋਜ਼ ਕਾਰਖ਼ਾਨੇ ਵਿਚ ਜਾਂਦੇ ਹੋਣ। ਹੋ ਸਕਦਾ ਹੈ ਕਿ ਉਹ ਜੇ ਕਾਰਖ਼ਾਨਾ ਮਾਲਕ ਦੀ ਮਜ਼ਦੂਰੀ ਨਹੀਂ, ਤਾਂ ਮਾਪਿਆਂ ਨਾਲ ਹੱਥ ਵੰਡਾਉਂਦੇ ਹੋਣ। ਕੀ ਬੱਚਿਆਂ ਦਾ ਰੋਜ਼ਨਾਮਚਾ ਅਤੇ ਮਾਪਿਆਂ ਦੀ ਗ਼ਰੀਬੀ ਜਾਂ ਰੋਜ਼ਗ਼ਾਰ ਜਾਂ ਰਿਹਾਇਸ਼ ਦਾ ਥਾਂ ਨਾਲ ਇਨ੍ਹਾਂ ਬੱਚਿਆਂ ਦੀ ਪਛਾਣ ਮੁਕੰਮਲ ਹੋ ਜਾਂਦੀ ਹੈ? ਕੀ ਇਨ੍ਹਾਂ ਦੀ ਸਮਾਜਕ ਜੀਅ, ਕਾਨੂੰਨੀ ਸ਼ਹਿਰੀ ਅਤੇ ਮਨੁੱਖ ਵਜੋਂ ਕੋਈ ਪਛਾਣ ਨਹੀਂ ਹੈ? ਕੀ ਉਨ੍ਹਾਂ ਦੀ ਅਜਿਹੀ ਪਛਾਣ ਕਦੇ ਨਹੀਂ ਸੀ? ਮੌਜੂਦਾ ਦੌਰ ਵਿਚ ਤਾਂ ਧਰਮ ਨੂੰ ਮਨੁੱਖ ਦੀ ਅੰਤਿਮ ਪਛਾਣ ਦਾ ਤੱਤ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਹੋਂਦ-ਅਣਹੋਂਦ ਨਾਲ ਧਰਮ ਦੇ ਪਿੰਡੇ ਉਤੇ ਕੋਈ ਝਰੀਟ ਤਾਂ ਨਹੀਂ ਆਈ?
ਇਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ? ਕਾਰਖ਼ਾਨੇ ਵਿਚ ਖੇਡਦੇ ਬੱਚਿਆਂ ਨੂੰ ਜ਼ਹਿਰੀਲੀ ਗੈਸ ਚੜ੍ਹੀ ਹੈ ਜਿਸ ਨਾਲ ਉਨ੍ਹਾਂ ਦਾ ਸਾਹ ਬੰਦ ਹੋ ਗਿਆ। ਕਾਰਖ਼ਾਨੇ ਦੇ ਹਾਲਾਤ ਤਾਂ ਬੱਚਿਆਂ ਦੀ ਆਮਦ ਜਾਂ ਛੁੱਟੀ ਨਾਲ ਨਹੀਂ ਬਦਲੇ। ਇਸ ਦਾ ਮਤਲਬ ਤਾਂ ਸਾਫ਼ ਹੈ ਕਿ ਕਾਰਖ਼ਾਨੇ ਵਿਚ ਮਜ਼ਦੂਰਾਂ ਦੇ ਕੰਮ ਵਾਲੇ ਇਲਾਕੇ ਵਿਚ ਜਾਣ ਵਾਲਾ ਹਰ ਜੀਅ ਖ਼ਤਰੇ ਦੀ ਜੱਦ ਵਿਚ ਸੀ। ਇਹ ਗੈਸ ਕਿਸੇ ਨੂੰ ਵੀ ਚੜ੍ਹ ਸਕਦੀ ਸੀ। ਮਜ਼ਦੂਰਾਂ ਨੂੰ ਵੀ ਇਹ ਚੜ੍ਹਦੀ ਹੋਵੇਗੀ, ਪਰ ਮੌਤ ਤੋਂ ਪਹਿਲਾਂ ਦੀ ਕੋਈ ਵੀ ਖ਼ਬਰ ਹਾਦਸੇ ਵਜੋਂ ਦਰਜ ਨਹੀਂ ਹੁੰਦੀ। ਇਸੇ ਗੈਸ ਦੀ ਮਾਰ ਕਾਰਨ ਮਜ਼ਦੂਰ ਕਿਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋਏ ਹੋ ਸਕਦੇ ਸਨ? ਮਜ਼ਦੂਰ ਤਾਂ ਇਨ੍ਹਾਂ ਹਾਲਾਤ ਵਿਚ ਕਿਸੇ ਨਾ ਕਿਸੇ ਤਰ੍ਹਾਂ ਜਾਨ ਬਚਾ ਲੈਂਦੇ ਹੋਣਗੇ, ਪਰ ਇਹ ਬੱਚੇ ਇਸ ਹੁਨਰ ਤੋਂ ਸੱਖਣੇ ਸਨ। ਇਨ੍ਹਾਂ ਹਾਲਾਤ ਦੀ ਪੜਚੋਲ ਤੋਂ ਬਿਨਾਂ ਸ਼ਾਲਿਨੀ ਅਤੇ ਗੋਲੂ ਦੀਆਂ ਮੌਤਾਂ ਦੀ ਪੜਚੋਲ ਕਿਵੇਂ ਹੋ ਸਕਦੀ ਹੈ? ਇਨ੍ਹਾਂ ਮੌਤਾਂ ਵਿਚ ਪ੍ਰਦੂਸ਼ਣ ਬੋਰਡ, ਕਿਰਤ ਅਤੇ ਸਨਅਤੀ ਮਹਿਕਮਿਆਂ ਦੀ ਨਜ਼ਰਅੰਦਾਜ਼ੀ ਨੂੰ ਅੱਖੋਂ-ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ? ਇਸ ਨਜ਼ਰਅੰਦਾਜ਼ੀ ਦੇ ਸਾਹਮਣੇ ਆਉਣ ਨਾਲ ਸ਼ਾਲਿਨੀ ਅਤੇ ਗੋਲੂ ਦੀਆਂ ਮੌਤਾਂ ਦਾ ਖ਼ਾਸਾ ਬਦਲ ਜਾਂਦਾ ਹੈ। ਇਹ ਮੌਤਾਂ ਹਾਦਸੇ ਤੋਂ ਕਤਲ ਹੋ ਜਾਂਦੀਆਂ ਹਨ।
ਕੀ ਇਹ ਮੌਤਾਂ ਕਿਸੇ ਰੁਝਾਨ ਦੀ ਕੜੀ ਹਨ? ਜੇ ਚਰਚਾ ਦਾ ਘੇਰਾ ਕਾਰਖ਼ਾਨੇ ਦੇ ਘੇਰੇ ਤੱਕ ਮਹਿਦੂਦ ਕਰਨਾ ਹੋਵੇ ਤਾਂ ਇਹ ਮੌਤਾਂ ਹਾਲਾਤ ਨਾਲ ਜੁੜ ਕੇ ਰੁਝਾਨ ਦੀ ਕੜੀ ਵਜੋਂ ਉਭਰ ਆਉਂਦੀਆਂ ਹਨ। ਜੇ ਇਹ ਗੈਸ ਸ਼ਾਲਿਨੀ ਅਤੇ ਗੋਲੂ ਦੇ ਕਤਲ ਦਾ ਕਾਰਨ ਬਣ ਸਕਦੀ ਹੈ ਤਾਂ ਇਹ ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਨਾਲ ਦੇ ਕਾਮਿਆਂ ਦੇ ਸਿਰ ਉਤੇ ਸਦਾ ਮੌਤ ਵਜੋਂ ਮੰਡਰਾਉਂਦੇ ਹਨ। ਜਿਨ੍ਹਾਂ ਨੇ ਇਨ੍ਹਾਂ ਹਾਲਾਤ ਵਿਚ ਕੰਮ ਕਰਨਾ ਪ੍ਰਵਾਨ ਕੀਤਾ ਹੈ, ਉਨ੍ਹਾਂ ਦੇ ਸਿਰ ਉੱੇ ਮੰਡਰਾਉਂਦੀ ਮੌਤ ਕਾਰਖ਼ਾਨੇ ਦੇ ਦਰਵਾਜ਼ੇ ਉਤੇ ਬੰਨ੍ਹੀ ਹੋਈ ਨਹੀਂ ਹੈ। ਇਹ ਮੌਤ ਉਨ੍ਹਾਂ ਦੀ ਰਿਹਾਇਸ਼ ਵਿਚ ਵੀ ਜਿਉਂ ਦੀ ਤਿਉਂ ਮੰਡਰਾਉਂਦੀ ਹੈ।
‘ਗੁਰੂ ਕੀ ਨਗਰੀ’ ਵਿਚ 11 ਮਈ 2015 ਨੂੰ ਅੱਠ ਸਾਲਾ ਨੀਰਜ ਅਤੇ ਪੰਜ ਸਾਲਾ ਅੰਕੁਰ ਰਾਤ ਵੇਲੇ ਛੱਤ ਢਹਿ ਜਾਣ ਕਾਰਨ ਹੇਠਾਂ ਦੱਬੇ ਗਏ ਸਨ। ਉਹ ਦੋਵੇਂ ਭਰਾ ਮਾਰੇ ਗਏ ਸਨ, ਪਰ ਉਨ੍ਹਾਂ ਦੇ ਮਾਪੇ ਸਦਮਿਆਂ ਅਤੇ ਜ਼ਖਮਾਂ ਨਾਲ ਜਿਉਣ ਲਈ ਬਚ ਗਏ ਸਨ। ਉਨ੍ਹਾਂ ਦੀ ਛੱਤ ਕਿਸੇ ਅਣਕਿਆਸੇ ਮੀਹ ਜਾਂ ਭੂਚਾਲ ਨਾਲ ਨਹੀਂ ਸੀ ਡਿਗੀ, ਸਗੋਂ ਇਹ ਚਿਰਾਂ ਤੋਂ ਖਸਤਾ ਹਾਲਤ ਵਿਚ ਸੀ। ਅਜਿਹੀ ਛੱਤ ਦੇ ਡਿਗ ਜਾਣ ਨਾਲ ਹੋ ਸਕਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਤਾਰਾ ਵਿਗਿਆਨੀ ਹੋਣ ਦੀ ਲੋੜ ਨਹੀਂ। ਜੇ ਕੋਈ ਇਸ ਹਾਲਾਤ ਵਿਚ ਪਰਿਵਾਰ ਸਮੇਤ ਉਥੇ ਰਹਿੰਦਾ ਹੈ ਤਾਂ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਸਮਝਣ ਲਈ ਵੀ ਤਾਰਾ ਵਿਗਿਆਨੀ ਹੋਣ ਦੀ ਲੋੜ ਨਹੀਂ। ਜੇ ਕਿਸੇ ਸਭਿਅਕ ਸਮਾਜ ਵਿਚ ਕਿਸੇ ਸ਼ਹਿਰੀ ਨੂੰ ਅਜਿਹੇ ਹਾਲਾਤ ਵਿਚੋਂ ਬਾਹਰ ਕੱਢਣ ਦਾ ਉਪਰਾਲਾ ਨਹੀਂ ਹੁੰਦਾ ਤਾਂ ਨਿਜ਼ਾਮ ਦਾ ਆਦਮ-ਖ਼ੋਰ ਖ਼ਾਸਾ ਸਮਝਣ ਲਈ ਕਿਹੜਾ ਤਾਰਾ ਵਿਗਿਆਨ ਪੜ੍ਹਣ ਦੀ ਲੋੜ ਹੈ? ਦੋਵਾਂ ਮਾਮਲਿਆਂ ਵਿਚ ਮਾਪੇ ਬਚ ਗਏ ਹਨ। ਕੀ ਇਹ ਸੁਆਲ ਜਾਇਜ਼ ਬਣਦਾ ਹੈ ਕਿ ਜ਼ਿੰਦਗੀ ਦੀ ਜ਼ਲਾਲਤ ਦੇ ਆਦੀ ਬਣ ਗਏ ਜੀਅ ਬਚ ਗਏ ਹਨ? ਉਮਰ ਦੇ ਹਿਸਾਬ ਨਾਲ ‘ਮੌਤ ਨੂੰ ਝਕਾਨੀ’ ਦੇਣ ਦਾ ਹੁਨਰ ਸਿੱਖ ਜਾਣ ਵਾਲਾ ਜੀਅ ਬਚ ਗਿਆ ਹੈ। ਜੇ ਜਿਉਂਦੇ ਰਹਿਣ ਲਈ ਸਿਰਫ਼ ‘ਮੌਤ ਨੂੰ ਝਕਾਨੀ’ ਦੇਣ ਦਾ ਹੁਨਰ ਦਰਕਾਰ ਹੈ, ਤਾਂ ਮਨੁੱਖ ਦੀ ਪਛਾਣ ਦੇ ਬਾਕੀ ਤੱਤ ਕਿੱਥੇ ਹਨ? ਕਾਨੂੰਨ, ਧਰਮ, ਸਮਾਜਕ ਨੇਮ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਿਧਾਂਤਕ ਸੇਧਾਂ ਦਾ ‘ਮੌਤ ਦੀ ਝਕਾਨੀ’ ਦੇਣ ਦੇ ਹੁਨਰ ਸਹਾਰੇ ਜਿਉ ਰਹੇ ਲੋਕਾਂ ਨਾਲ ਕੀ ਰਿਸ਼ਤਾ ਹੈ?
ਅੰਮ੍ਰਿਤਸਰ ਵਿਚ ਹੀ ਇੱਕ ਮਜ਼ਦੂਰ ਰਾਮ ਸਿੰਘ ਨੂੰ ਲੰਘੇ ਅਕਤੂਬਰ ਵਿਚ ਕਾਰਖ਼ਾਨਾ ਮਾਲਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਕਤਲ ਦਾ ਵੀਡੀਓ ਯੂ-ਟਿਊਬ ਉਤੇ ਆਉਣ ਤੋਂ ਬਾਅਦ ਇਹ ਖ਼ਬਰ ਕੁਝ ਦਿਨਾਂ ਵਿਚ ਹੀ ਲਾਪਤਾ ਹੋ ਗਈ ਸੀ। ਕਿਸੇ ਪੱਤਰਕਾਰ ਨੂੰ ਮੁਲਜ਼ਮਾਂ ਦੀ ਹੋਣੀ ਜਾਂ ਕਾਨੂੰਨੀ ਕਾਰਵਾਈ ਦੀ ਖ਼ਬਰ ਅਹਿਮ ਨਹੀਂ ਲੱਗੀ। ਮਕਤੂਲ ਦੀ ਪਛਾਣ ਪਰਵਾਸੀ ਬਿਹਾਰੀ ਮਜ਼ਦੂਰ ਤੱਕ ਮਹਿਦੂਦ ਹੋ ਕੇ ਰਹਿ ਗਈ। ਰਾਮ ਸਿੰਘ ਦੀ ਪਛਾਣ ਦੇ ਬਾਕੀ ਤੱਤ ਉਸ ਦੇ ਕਤਲ ਨਾਲ ਬੇਮਾਅਨਾ ਕਿਵੇਂ ਹੋ ਗਏ? ਰਾਮ ਸਿੰਘ ਨੂੰ ਚੋਰੀ ਦੇ ਇਲਜ਼ਾਮ ਵਿਚ ਕਤਲ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਜਾਂ ਅਦਾਲਤ ਨੇ ਕਾਰਵਾਈ ਕਿਉਂ ਨਹੀਂ ਕੀਤੀ? ਆਖ਼ਰ ਪੁਲਿਸ ਅਤੇ ਅਦਾਲਤ ਦੇ ਕੰਮ ਵਿਚ ਦਖ਼ਲਅੰਦਾਜ਼ੀ ਕਰਨ ਵਾਲੇ ਕਾਨੂੰਨ ਦੇ ਗੁਨਾਹਗ਼ਾਰ ਹਨ। ਕੀ ਬਿਹਾਰ ਤੋਂ ਆਇਆ ਗ਼ਰੀਬ ਪਰਵਾਸੀ ਮਜ਼ਦੂਰ, ਸ਼ਹਿਰੀ ਵਜੋਂ ਕੋਈ ਰੁਤਬਾ ਨਹੀਂ ਰੱਖਦਾ?
ਅੰਮ੍ਰਿਤਸਰ ਵਿਚ ਨੀਰਜ, ਅੰਕੁਰ, ਰਾਮ ਸਿੰਘ, ਸ਼ਾਲਿਨੀ ਅਤੇ ਗੋਲੂ ਦੇ ਕਤਲ ਕਿਸੇ ਸਿਆਸੀ ਧਿਰ ਲਈ ਮੁੱਦਾ ਨਹੀਂ ਬਣੇ। ਇਹ ਨਿਜ਼ਾਮ ਦੀ ਨਾਕਾਮਯਾਬੀ ਵਜੋਂ ਕਿਸੇ ਸਿਆਸੀ ਧਿਰ ਦਾ ਮੁੱਦਾ ਨਹੀਂ ਬਣਦੇ ਜਾਪਦੇ। ਲੇਖਕਾਂ ਦੀ ਤਨਕੀਦ ਤੋਂ ਪਰੇਸ਼ਾਨ ਹੋ ਕੇ ਅਦਾਲਤੀ ਕਾਰਵਾਈ ਕਰਨ ਵਾਲੀਆਂ ਅਦਾਲਤਾਂ ਤੋਂ ਇਹ ਕਤਲ ਨਜ਼ਰਅੰਦਾਜ਼ ਕਿਵੇਂ ਹੋ ਗਏ? ਕੀ ਸਮੂਹ ਸਰਕਾਰੀ ਮਹਿਕਮਿਆਂ, ਸਰਕਾਰ, ਸਿਆਸੀ ਧਿਰਾਂ, ਮਨੁੱਖੀ ਹਕੂਕ ਕਮਿਸ਼ਨਾਂ ਅਤੇ ਮਨੁੱਖੀ ਹਕੂਕ ਜਥੇਬੰਦੀਆਂ ਨੇ ਪਰਵਾਸੀ ਮਜ਼ਦੂਰਾਂ ਦੇ ਕਤਲਾਂ ਨੂੰ ਕੁਦਰਤੀ ਮੌਤਾਂ ਵਜੋਂ ਪ੍ਰਵਾਨ ਕਰ ਲਿਆ ਹੈ? ਕੀ ਸੰਸਾਰੀਕਰਨ ਅਤੇ ਉਦਾਰੀਕਰਨ ਦੀ ਮੂੰਹਜ਼ੋਰ ਆਮਦ ਨੇ ਮਜ਼ਦੂਰ ਜਥੇਬੰਦੀਆਂ ਨੂੰ ਮੁਆਵਜ਼ੇ ਦੀ ਮੰਗ ਤੱਕ ਮਹਿਦੂਦ ਕਰ ਦਿੱਤਾ ਹੈ? ਕੀ ‘ਨਿਮਾਣੇ-ਨਿਤਾਣੇ ਦੇ ਮਾਣ-ਤਾਣ’ ਦੀ ਅਰਦਾਸ ਆਪਣੇ-ਪਰਾਏ ਦੀ ਪਛਾਣ ਦਾ ਹੁਨਰ ਸਿੱਖ ਗਈ ਹੈ?
ਇਨ੍ਹਾਂ ਹਾਲਾਤ ਵਿਚ ਇਹ ਨਿਚੋੜ ਕੱਢਣਾ ਕਿੰਨਾ ਕੁ ਗ਼ਲਤ ਹੈ ਕਿ ਜੇ ‘ਬੱਸ ਹਾਦਸਿਆਂ’ ਵਿਚ ਕੀਤੇ ਕਤਲਾਂ ਦੀਆਂ ਲਾਸ਼ਾਂ ਖਰੀਦੀਆਂ ਤੇ ਸੜਕਾਂ ਉਤੇ ਘੜੀਸੀਆਂ ਜਾ ਸਕਦੀਆਂ ਹਨ, ਤਾਂ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਇਨਸਾਫ਼ ਦੀ ਤਵੱਕੋ ਕਰਨਾ ਕੁਫ਼ਰ ਹੈ। ਅੰਮ੍ਰਿਤਸਰ ਦੇ ਕਾਰਖ਼ਾਨੇ ਵਾਲਿਆਂ ਦਾ ਖ਼ਾਸਾ ‘ਸਰਕਾਰੀ ਸਰਪ੍ਰਸਤੀ ਵਿਚ ਚੱਲਦੀਆਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ’ ਨਾਲ ਮੇਲ ਖਾਂਦਾ ਹੈ। ਇਸ ਖ਼ਾਸੇ ਦੀਆਂ ਰਮਜ਼ਾਂ ਭਾਵੇਂ ਭ੍ਰਿਸ਼ਟਾਚਾਰ ਵਿਚੋਂ ਲੱਭੀਆਂ ਜਾਣ ਜਾਂ ਪੰਜਾਬ ਦੇ ਵਿਕਾਸ ਲਈ ਲੋੜੀਂਦੇ ‘ਸਨਅਤੀ ਵਿਕਾਸ’ ਦੀ ਦਲੀਲ ਵਿਚੋਂ ਸਮਝੀਆਂ ਜਾਣ, ਪਰ ਇਹ ਲਾਸ਼ਾਂ ਮੌਜੂਦਾ ਦੌਰ ਦੀ ਬੇਕਿਰਕੀ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਨ੍ਹਾਂ ਲਾਸ਼ਾਂ ਲਈ ਇਨਸਾਫ਼ ਦਾ ਸੁਆਲ ਮੌਜੂਦਾ ਦੌਰ ਦੇ ਨਿਜ਼ਾਮ, ਸਰਕਾਰ, ਸਿਆਸਤ ਅਤੇ ਧਰਮ ਲਈ ਮਾਅਨੇ ਨਹੀਂ ਰੱਖਦਾ।
ਇਹ ਜ਼ਰੂਰੀ ਨਹੀਂ ਕਿ ਨੀਰਜ, ਅੰਕੁਰ, ਰਾਮ ਸਿੰਘ, ਸ਼ਾਲਿਨੀ ਅਤੇ ਗੋਲੂ ਦੀਆਂ ਲਾਸ਼ਾਂ ਮੁਆਵਜ਼ੇ, ਨਜ਼ਰਅੰਦਾਜ਼ੀ ਅਤੇ ਫ਼ੌਰੀ ਸਿਆਸੀ ਲਾਹਿਆਂ ਦੀ ਸਿਆਸਤ ਦੇ ਬਾਲਣ ਵਿਚ ਦਫ਼ਨ ਹੋ ਜਾਣ। ਸ਼ਰਮ ਅਤੇ ਧਰਮ ਤੋਂ ਨਿਖੇੜਾ ਕਰ ਕੇ ਬੈਠੇ ਨਿਜ਼ਾਮ ਅਤੇ ਸਮਾਜ ਦੀਆਂ ਕੰਨੀਆਂ ਵਿਚ ਇਹ ਸੁਆਲ ਤਾਂ ਕਾਇਮ ਰਹੇਗਾ ਕਿ ਇਨ੍ਹਾਂ ਲਾਸ਼ਾਂ ਨੂੰ ਮੁਖ਼ਾਤਬ ਹੋਣਾ ਸਾਡੀ ਜ਼ਿੰਮੇਵਾਰੀ ਕਿਉਂ ਨਹੀਂ? ਮੌਤ ਦੇ ਖ਼ਦਸ਼ਿਆਂ ਵਿਚ ਡੰਗ-ਟਪਾਈ ਕਰਦੀ ਲੋਕਾਈ ਦੀ ਜ਼ਿੰਦਗੀ ਸਾਡੀ ਸਭਿਅਤਾ ਲਈ ਸੁਆਲ ਕਿਉਂ ਨਹੀਂ ਬਣੀ? ਜਿਸ ਦੌਰ ਨੇ ਨੀਰਜ, ਅੰਕੁਰ, ਸ਼ਾਲਿਨੀ ਅਤੇ ਗੋਲੂ ਨੂੰ ਲੋਰੀਆਂ ਦੇਣ ਤੋਂ ਇਨਕਾਰ ਕੀਤਾ ਹੈ, ਉਸ ਨੂੰ ਆਪਣੇ ਬੱਚਿਆਂ ਨੂੰ ਜੇਲ੍ਹਾਂ ਵਿਚ ਢੱਕਣ ਦਾ ਬੰਦੋਬਸਤ ਕਰਨਾ ਪਵੇਗਾ। ਜੇ ਬੱਚਿਆਂ ਨੂੰ ਲੋਰੀਆਂ ਨਹੀਂ ਦੇਣੀਆਂ, ਤਾਂ ਬਾਲ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਪੁਖ਼ਤਾ ਕਾਨੂੰਨ ਬਣਾਉਣੇ ਪੈਣਗੇ। ਬਾਲ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਪੁਖ਼ਤਾ ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲੀ ਮੁਲਕ ਦੀ ‘ਜ਼ਮੀਰ’ ਨੇ ਨੀਰਜ, ਅੰਕੁਰ, ਸ਼ਾਲਿਨੀ ਅਤੇ ਗੋਲੂ ਦੇ ਕਤਲਾਂ ਵੇਲੇ ਜਾਗਣ ਤੋਂ ਇਨਕਾਰ ਕੀਤਾ ਹੈ ਜੋ ਸਬੱਬ ਨਹੀਂ ਹੋ ਸਕਦਾ। ਨੀਰਜ, ਅੰਕੁਰ, ਰਾਮ ਸਿੰਘ, ਸ਼ਾਲਿਨੀ ਅਤੇ ਗੋਲੂ ਦੇ ਹਿੱਸੇ ਦੀਆਂ ਲੋਰੀਆਂ ਨੂੰ ਬੇਕਿਰਕੀ ਦੇ ਹਵਾਲੇ ਕਰਨ ਵਾਲਾ ਨਿਜ਼ਾਮ ਹੁਣ ਕੀਰਨਿਆਂ ਦੀ ਬੋਲੀ ਲਗਾ ਰਿਹਾ ਹੈ। ਕੀ ਮੌਜੂਦਾ ਦੌਰ ਦਾ ਸੱਚ ‘ਅੰਤਿਮ ਸੱਚ’ ਹੈ?