ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-6

‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ।

ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ‘ਕੁੰਭੀ ਨਰਕ’ ਵਿਚ ਪੁਲਿਸ ਦੇ ਵਿਹਾਰ ਦੇ ਵੱਖ-ਵੱਖ ਪੱਖਾਂ ਦੀਆਂ ਝਾਤੀਆਂ ਪੈਂਦੀਆਂ ਹਨ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: (1-416-918-5212)

ਕੁੰਭੀ ਨਰਕ

ਰਾਤ ਨੂੰ ਵੱਡਾ ਥਾਣੇਦਾਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਮਾਸਟਰ ਜੀ! ਤੁਹਾਨੂੰ ਬਿਜਲੀ ਬੋਰਡ ਵਾਲੇ ਬਲਬੀਰ ਦੇ ਬਿਆਨਾਂ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਂਜ ਤਾਂ ਸਵੇਰੇ ਕ੍ਰਿਸਮਸ ਦੀ ਛੁੱਟੀ ਐ ਪਰ ਹੋ ਸਕਦੈ, ਅਸੀਂ ਤੁਹਾਨੂੰ ਕੱਲ੍ਹ ਹੀ ਅਦਾਲਤ ਵਿਚ ਪੇਸ਼ ਕਰ ਦਈਏ; ਨਹੀਂ ਤਾਂ ਪਰਸੋਂ ਤਾਂ ਕਰਾਂਗੇ ਹੀ। ਅਸੀਂ ਤੁਹਾਥੋਂ ਕੋਈ ਪੁੱਛ-ਗਿੱਛ ਨਹੀਂ ਕਰਨੀ। ਆਪੇ ਕਰਨ ਵਾਲੇ ਕਰਨਗੇ। ਹਾਲ ਦੀ ਘੜੀ ਤੁਸੀਂ ਬੇਫ਼ਿਕਰ ਹੋ ਕੇ ਸਵੋਂ।”
‘ਮੇਰੀ ਪੁੱਛ-ਗਿੱਛ ਆਪੇ ਅਗਲੇ ਕਰਨਗੇ’ ਦਾ ਸੰਕੇਤ ਦੱਸਦਾ ਸੀ ਕਿ ਮੈਨੂੰ ਇੰਟੈਰੋਗੇਸ਼ਨ ਸੈਂਟਰ ਲਿਜਾਇਆ ਜਾਵੇਗਾ। ਇਸ ‘ਬੁੱਚੜਖ਼ਾਨੇ’ ਵਿਚ ਹੋਣ ਵਾਲੇ ਤਸ਼ੱਦਦ ਦੀਆਂ ਅਨੇਕਾਂ ਕਹਾਣੀਆਂ ਮੇਰੇ ਜ਼ਿਹਨ ਵਿਚ ਕੁਰਬੁਲਾਉਣ ਲੱਗੀਆਂ। ਡਰਿਆ, ਸਹਿਮਿਆ ਮੈਂ ਆਪਣੇ ‘ਤੇ ਹੋਣ ਵਾਲੇ ਤਸ਼ੱਦਦ ਦੀ ਕਲਪਨਾ ਕਰਨ ਲੱਗਾ। ਭਾਈ ਮਤੀ ਦਾਸ ਦੇ ਸਿਰ ‘ਤੇ ਆਰਾ ਚੱਲਣ, ਬੰਦਾ ਸਿੰਘ ਬਹਾਦਰ ਦਾ ਮਾਸ ਜੰਬੂਰਾਂ ਨਾਲ ਨੋਚੇ ਜਾਣ, ਭਾਈ ਮਨੀ ਸਿੰਘ ਦੇ ‘ਬੰਦ ਬੰਦ ਕੱਟੇ ਜਾਣ’, ਭਾਈ ਤਾਰੂ ਸਿੰਘ ਦੀ ਖੋਪੜੀ ਲਹਿਣ ਦੇ ਦ੍ਰਿਸ਼ਾਂ ਤੋਂ ਲੈ ਕੇ ਭਗਤ ਸਿੰਘ ਹੁਰਾਂ ਉਤੇ ਢਾਹੇ ਜਾਣ ਵਾਲੇ ਜ਼ੁਲਮ ਦੇ ਵੇਰਵੇ ਮੇਰੇ ਚੇਤਿਆਂ ਵਿਚੋਂ ਲੰਘਣ ਲੱਗੇ। ਮੈਂ ਵੀ ਤਾਂ ਇਨ੍ਹਾਂ ਵਡੇਰਿਆਂ ਦੀ ਹੀ ‘ਅੰਸ-ਬੰਸ’ ਸਾਂ। ਵਰਤਮਾਨ ਵਿਚ ਵੀ ਸੂਰਮਿਆਂ ਨੂੰ ਕਿਹੜੇ ਕਿਹੜੇ ਕਸ਼ਟ ਨਹੀਂ ਝੱਲਣੇ ਪਏ! ਕੀ ਹੋ ਚੱਲਿਆ ਏ ਮੈਨੂੰ! ਪਰਸੋਂ ਨਹੀਂ, ਕੱਲ੍ਹ ਹੀ ਪੇਸ਼ ਕਰ ਦੇਣ ਤਾਂ ਚੰਗਾ ਹੈ! ਮੈਂ ਕਲਪਨਾ ਦੀ ਪੀੜ ਨਾਲੋਂ ਹਕੀਕਤ ਦੀ ਪੀੜ ਸਹਿਣ ਲਈ ਤਿਆਰ ਸਾਂ!
ਇਹ ਸੋਚਦਿਆਂ ਮੈਨੂੰ ਥੋੜ੍ਹੀ ਦੇਰ ਬਾਅਦ ਗੂੜ੍ਹੀ ਨੀਂਦ ਆ ਗਈ। ਮੇਰੀ ਮਨੋਵਿਗਿਆਨਕ ਬਣਤਰ ਵਿਚ ਹੀ ਇਹ ਗੱਲ ਹੈ (ਹੋਰਨਾਂ ਦੀ ਵੀ ਸ਼ਾਇਦ ਇਹੋ ਹਾਲਤ ਹੋਵੇ) ਕਿ ਜਦ ਵੀ ਕਦੇ ਸੰਘਣਾਂ ਸੰਕਟ ਮੇਰੇ ਸਾਹਮਣੇ ਹੁੰਦਾ ਹੈ ਤਾਂ ਉਹਨੂੰ ਸਮਝਦਿਆਂ ਅਤੇ ਅੱਗਿਉਂ ਬੁਰੇ ਤੋਂ ਬੁਰਾ ਵਾਪਰਨ ਦਾ ਅੰਦਾਜ਼ਾ ਲਾਉਂਦਿਆਂ ਅਤੇ ਆਪਣੇ ਆਪ ਨੂੰ ‘ਤਿਆਰ’ ਕਰਦਿਆਂ ਹੀ ਮੈਨੂੰ ਨੀਂਦ ਆ ਘੇਰਦੀ ਹੈ। ਜਦੋਂ ਮੇਰੀ ਜਾਗ ਖੁੱਲ੍ਹਦੀ ਹੈ ਤਾਂ ਮੈਂ ਸਹਿਜ ਹੋ ਕੇ ਸਭ ਸਹਿਣ ਲਈ ਅਤੇ ਕਿਸੇ ਵੀ ਪ੍ਰਕਾਰ ਦੇ ਭਵਿੱਖੀ-ਸੰਕਟ ਦਾ ਟਾਕਰਾ ਕਰਨ ਲਈ ਤਿਆਰ ਹੋ ਜਾਂਦਾ ਰਿਹਾ ਹਾਂ।
ਅਗਲੇ ਛੁੱਟੀ ਵਾਲੇ ਦਿਨ ਅੰਮ੍ਰਿਤਸਰ ਦੀ ਅਦਾਲਤ ਵਿਚ ਵਿਸ਼ੇਸ਼ ਤੌਰ ‘ਤੇ ਬੈਠੇ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਮੇਰਾ ਦੋ ਹਫ਼ਤਿਆਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਮੈਜਿਸਟਰੇਟ ਨੇ ਇੱਕ ਹਫਤੇ ਦਾ ਰਿਮਾਂਡ ਲਿਖਿਆ। ਬਿਆਸ ਵਾਲਾ ਛੋਟਾ ਥਾਣੇਦਾਰ ਅਤੇ ਦੋ ਸਿਪਾਹੀ ਮੈਨੂੰ ਜ਼ਿਲ੍ਹਾ ਕਚਹਿਰੀਆਂ ਤੋਂ ਥੋੜ੍ਹੀ ਵਾਟ ‘ਤੇ ਪੈਂਦੇ ਇੰਟੈਰੋਗੇਸ਼ਨ ਸੈਂਟਰ ਵੱਲ ਪੈਦਲ ਹੀ ਲੈ ਤੁਰੇ। ਸੈਂਟਰ ਦੇ ਬਾਹਰ, ਲਹਿੰਦੇ ਸੂਰਜ ਦੀ ਪੀਲੀ ਤੇ ਕਮਜ਼ੋਰ ਜਿਹੀ ਧੁੱਪ ਸੇਕਦੇ ਤਿੰਨ-ਚਾਰ ਮੁਲਾਜ਼ਮ ਸਾਦਾ ਪਹਿਰਾਵੇ ਵਿਚ ਛੁੱਟੀ ਦੇ ਮੂਡ ਵਿਚ ਹੱਸ-ਖੇਡ ਰਹੇ ਸਨ। ਇੱਕ ਅੱਧਾ ਵਰਦੀ ਵਿਚ ਵੀ ਹੋਵੇਗਾ।
“ਵਾਹ ਜੀ! ਅੱਜ ਕੋਈ ਵਾਹਵਾ ਪੜ੍ਹਿਆ ਲਿਖਿਆ ਬੰਦਾ ਸਾਡੇ ਲਈ ਸ਼ਿਕਾਰ ਕਰ ਕੇ ਲਿਆਏ ਲੱਗਦੇ ਜੇ!” ਬੈਠਿਆਂ ਵਿਚੋਂ ਕਿਸੇ ਨੇ ਕਿਹਾ।
ਮੈਂ ਆਪਣੇ ਘਰੋਂ ਗਰਮ ਸੂਟ ਪਹਿਨ ਕੇ ਅਤੇ ‘ਟਾਈ-ਸ਼ਾਈ’ ਲਾ ਕੇ ਤਰੀਕ ਭੁਗਤਣ ਆਇਆ ਕਾਬੂ ਕਰ ਲਿਆ ਗਿਆ ਸਾਂ। ‘ਪੜ੍ਹਿਆ ਲਿਖਿਆ’ ਤਾਂ ਲੱਗਦਾ ਹੀ ਸਾਂ!
“ਇਹ ਮਾਸਟਰ ਵਰਿਆਮ ਸੁੰਹ ਆਂ! ਐਮ ਏ ਪਾਸ ਐ। ਐਮ ਏ ‘ਚੋਂ ਆਪਣੀ ਯੂਨੀਵਰਸਿਟੀ ਦੇ ਸਾਰੇ ਪੰਜਾਂ ਚਹੁੰ ਜ਼ਿਲ੍ਹਿਆਂ ਵਿਚੋਂ ਪਹਿਲੇ ਨੰਬਰ ‘ਤੇ ਆਇਆ। ਲਿਖਾਰੀ ਐ। ਬੜੀਆਂ ਕਿਤਾਬਾਂ-ਸ਼ਿਤਾਬਾਂ ਛਪੀਆਂ।” ਥਾਣੇਦਾਰ ਨੇ ਆਖਿਆ।
“ਅੱਛਾ! ਅੱਛਾ!” ਉਹ ਜਿਵੇਂ ਪਹਿਲਾਂ ਹੀ ਮੇਰੇ ਬਾਰੇ ਅਤੇ ਮੇਰੇ ਏਥੇ ਆਉਣ ਬਾਰੇ ਜਾਣਦੇ ਸਨ!
ਆਪਣੇ ਬਾਰੇ ਇਹ ਸਾਰੀ ਜਾਣਕਾਰੀ ਮੈਂ ਬਿਆਸ ਥਾਣੇ ਦੇ ਪੁਲਿਸੀਆਂ ਨੂੰ ਆਪਣਾ ‘ਵਜ੍ਹਕਾ’ ਬਣਾਉਣ ਲਈ ਦਿੱਤੀ ਹੋਈ ਸੀ। ਐਮ ਏ ਦਾ ਤਾਂ ਭਾਵੇਂ ਮੈਂ ਅਜੇ ਪਹਿਲਾ ਭਾਗ ਹੀ ਪਾਸ ਕੀਤਾ ਸੀ ਪਰ ਯੂਨੀਵਰਸਿਟੀ ਵਿਚੋਂ ਤਾਂ ‘ਫ਼ਸਟ ਕਲਾਸ ਫ਼ਸਟ’ ਆਇਆ ਹੀ ਸਾਂ! ਪਹਿਲੇ ਨੰਬਰ ‘ਤੇ ਆਉਣ ‘ਤੇ ਅਖ਼ਬਾਰ ਵਿਚ ਛਪੀ ਫੋਟੋ ਦਾ ਜ਼ਿਕਰ ਵੀ ਕੀਤਾ ਸੀ। ਮੈਨੂੰ ਪਤਾ ਸੀ; ਪੁਲਸੀਏ ਘੱਟ ਪੜ੍ਹੇ ਹੁੰਦੇ ਹਨ ਤੇ ਉਨ੍ਹਾਂ ‘ਤੇ ਵੱਧ ਪੜ੍ਹੀਆਂ ਜਮਾਤਾਂ ਦਾ ‘ਰੋਹਬ’ ਜ਼ਰੂਰ ਪਏਗਾ! ਕਿਤਾਬ ਵੀ ਹਾਲੀ ਤੱਕ ਇੱਕ ਹੀ ਛਪੀ ਸੀ, ‘ਲੋਹੇ ਦੇ ਹੱਥ’, ਪਰ ਕਹਾਣੀਆਂ, ਕਵਿਤਾਵਾਂ ਅਕਸਰ ਅਖ਼ਬਾਰਾਂ-ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਸਨ। ਮੇਰੀ ਇਸ ਜੁਗਤ ਦਾ ਨਿਸਚੇ ਹੀ ਕੁਝ ਤਾਂ ਅਸਰ ਹੋਇਆ ਹੀ ਸੀ! ਮੇਰੇ ਨਾਲ ਪੁਲਸੀਆਂ ਦਾ ਰਵੱਈਆ ‘ਪੁਲਸੀਆਂ ਵਾਲਾ’ ਘੱਟ ਅਤੇ ‘ਹਮਦਰਦਾਂ ਵਾਲਾ’ ਵੱਧ ਰਿਹਾ ਸੀ। ਇਥੇ ਵੀ ਥਾਣੇਦਾਰ ਵੱਲੋਂ ਕਰਵਾਈ ਮੁਢਲੀ ਜਾਣ-ਪਛਾਣ ਵਿਚ ਇਹ ਅਸਰ ਬੋਲਦਾ ਸੀ। ਨਹੀਂ ਤਾਂ ਇੱਕ ਮੁਲਜ਼ਿਮ ਬਾਰੇ ਏਨੀ ਚੰਗੀ ਭੂਮਿਕਾ ਬੰਨ੍ਹਣ ਦੀ ਭਲਾ ਕੀ ਲੋੜ ਸੀ!
“ਆਓ! ਜੀ, ਆਓ!” ਇੱਕ ਜਣਾ ਰਜਿਸਟਰ ‘ਤੇ ਮੇਰਾ ਨਾਂ-ਪਤਾ ਦਰਜ ਕਰਨ ਲੱਗਾ। ਕਲਮ ਰੱਖ ਕੇ ਉਸ ਨੇ ਪੁੱਛਿਆ, “ਤੇ ਯਸ਼ਪਾਲ ਨੂੰ ਕਦੋਂ ਲਿਆ ਰਹੇ ਜੇ?”
ਸਾਡੇ ਇਲਾਕੇ ਵਿਚ ਸਰਕਾਰ ਵਿਰੁਧ ਦੋਵਰਕੀਆਂ ਵੰਡਣ-ਵੰਡਾਉਣ ਦੀ ਜ਼ਿੰਮੇਵਾਰੀ ਜਸਵੰਤ ਸਿੰਘ ਖਾਲੜਾ ਦੀ ਸੀ। ਉਸ ਨੇ ਹੀ ਵੰਡਣ ਵਾਲੇ ਨੂੰ ਦੱਸਣਾ ਸੀ ਕਿ ਦੋਵਰਕੀਆਂ ਵੰਡਦਿਆਂ ਫੜੇ ਜਾਣ ‘ਤੇ ਕਿਸ ਦਾ ਨਾਂ ਲੈਣਾ ਅਤੇ ਕਿਸ ਉਤੇ ਸਾਰੀ ਜ਼ਿੰਮੇਵਰੀ ਸੁੱਟਣੀ ਹੈ, ਪਰ ਖਾਲੜਾ ਬਲਬੀਰ ਨੂੰ ਉਸ ਬੰਦੇ ਦਾ ਨਾਂ ਦੱਸਣਾ ਭੁੱਲ ਗਿਆ ਸੀ। ਬਲਬੀਰ ਕੁੱਟ ਖਾਈ ਜਾ ਰਿਹਾ ਸੀ, ਪਰ ‘ਦੋਵਰਕੀਆਂ’ ਸਪਲਾਈ ਕਰਨ ਵਾਲੇ ਦਾ ਨਾਂ ਨਹੀਂ ਸੀ ਦੱਸ ਰਿਹਾ।
ਬਲਬੀਰ ਨੂੰ ਰੋਜ਼ ਕੁਟਾਪਾ ਚੜ੍ਹਦਿਆਂ ਵੇਖ ਕੇ ਇੱਕ ਦਿਨ ਕਿਸੇ ਤਜਰਬੇਕਾਰ ਸਮਗਲਰ ਨੇ ਬਲਬੀਰ ਨੂੰ ਸਮਝਾਇਆ ਕਿ ਪੁਲਸੀਆਂ ਨੇ ਤੈਨੂੰ ਓਨਾ ਚਿਰ ਕੁੱਟੀ ਹੀ ਜਾਣਾ ਹੈ ਜਿੰਨਾ ਚਿਰ ਤੂੰ ਕਿਸੇ ਦਾ ਝੂਠਾ-ਸੱਚਾ ਨਾਂ ਨਹੀਂ ਲੈਂਦਾ। ਜੇ ਤੂੰ ਅਸਲੀ ਬੰਦੇ ਨੂੰ ਬਚਾਉਣਾ ਹੀ ਹੈ ਤਾਂ ਤੂੰ ਕਿਸੇ ਅਜਿਹੇ ਬੰਦੇ ਦਾ ਨਾਂ ਲੈ ਦੇ, ਜਿਹੜਾ ਪਹਿਲਾਂ ਹੀ ਪੁਲਿਸ ਨੂੰ ਲੋੜੀਂਦਾ ਹੋਵੇ।
‘ਕਹਾਣੀ ਅੱਗੇ ਤੋਰਨ ਲਈ’, ਹੋਰ ਸਭ ਤੋਂ ਅਣਜਾਣ ਬਣ ਕੇ ਬਲਬੀਰ ਨੇ ਸਾਰੀ ਜ਼ਿੰਮੇਵਾਰੀ ਯਸ਼ਪਾਲ ਝਬਾਲ ‘ਤੇ ਸੁੱਟ ਦਿੱਤੀ। ਯਸ਼ਪਾਲ ਝਬਾਲ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਲਾਕੇ ਦਾ ਆਗੂ ਸੀ। ਇੰਟੈਰੋਗੇਸ਼ਨ ਸੈਂਟਰ ਵਾਲੇ ਹੁਣ ਉਸ ਦੀ ਉਡੀਕ ਬੜੀ ‘ਸ਼ਿੱਦਤ’ ਨਾਲ ਕਰ ਰਹੇ ਸਨ, ਪਰ ਯਸ਼ਪਾਲ ਬਲਬੀਰ ਦਾ ਜੇਲ੍ਹ ਵਿਚੋਂ ਮਿਲਿਆ ‘ਸੁਨੇਹਾ’ ਮੇਰੇ ਤੀਕ ਪਹੁੰਚਾ ਕੇ ਆਪ ਯੂ ਪੀ ਵੱਲ ਕਿਧਰੇ ਟਿਭ ਗਿਆ ਸੀ। ਅਸੀਂ ਯਸ਼ਪਾਲ ਬਾਰੇ ਹੱਸਦੇ ਆਖਦੇ ਸਾਂ, “ਪੁਲਿਸ ਅਜੇ ਦਸ ਕੋਹਾਂ ‘ਤੇ ਹੁੰਦੀ ਹੈ ਤੇ ਯਸ਼ਪਾਲ ਉਸ ਤੋਂ ਸੌ ਕੋਹ ਦੀ ਵਿੱਥ ‘ਤੇ ਦੌੜ ਜਾਂਦਾ ਹੈ!”
ਯਸ਼ਪਾਲ ਹੱਸ ਕੇ ਆਖਦਾ, “ਪੁਲਿਸ ਦੇ ਹੱਥ ਆ ਕੇ ਹੱਡ-ਗੋਡੇ ਤੁੜਾਉਣ ‘ਚ ਕਾਹਦੀ ਬਹਾਦਰੀ! ਇਹੋ ਜਿਹੇ ਕੰਮਾਂ ਲਈ ਤੁਸੀਂ ਜੋ ਹੋ।”
ਤੇ ਅਸੀਂ ਤਾਂ ‘ਹੱਡ-ਗੋਡੇ’ ਤੁੜਾਉਣ ਲਈ ਆ ਹੀ ਗਏ ਸਾਂ!
“ਕੋਈ ਨਹੀਂ ਉਹਨੂੰ ਵੀ ਲੈ ਆਵਾਂਗੇ।” ਥਾਣੇਦਾਰ ਨੇ ਕਿਹਾ।
ਸਾਹਮਣੇ ਬੈਠਾ ਕਰਮਚਾਰੀ ਮੇਰੀ ਪਿੱਠ ਪਿੱਛੇ ਕਿਸੇ ਵੱਲ ਵੇਖ ਕੇ ਗਰਜਿਆ, “ਸੁੱਲਾ ਲੱਗਦਾ, ਇਹ ਭੈਣ ਚੋ’ ਸੁੱਲਾ! ਆ ਜਾਹ ਭੈਣ ਗੜ੍ਹੱਕਾ! ਆ ਜਾਹ। ਅੱਜ ਤੇਰੇ ਨਾਲ ਕ੍ਰਿਸਮਸ ਮਨਾਉਂਦੇ ਆਂ।”
ਇੱਕ ਹੋਰ ਪੁਲਿਸ ਪਾਰਟੀ ਮੁਸਲਮਾਨ ਲੱਗਦੇ ਬੰਦੇ ਨੂੰ ਲੈ ਕੇ ਪਹੁੰਚ ਗਈ ਸੀ।
“ਇਹ ਜਸੂਸ ਆ ਭੈਣ ਚੋ’, ਜਸੂਸ।’ ਗਾਂਹ ਹੋ ਕੁੜੀ ਦਿਆ ਖ਼ਸਮਾਂ! ਏਥੇ ਪਿੱਛੇ ਕੁੜਮਾਂ ਨਾਲ ਮਿਲਣੀ ਕਰਨ ਖਲੋ ਗਿਆਂ!” ਉਹਦੇ ਨਾਲ ਆਏ ਪੁਲਿਸੀਏ ਨੇ ਉਹਦੀ ਧੌਣ ਵਿਚ ਜ਼ੋਰ ਦੀ ਧੌਲ ਮਾਰੀ। ਉਹ ਮੂੰਹ ਭਾਰ ਡਿੱਗਣੋਂ ਮਸਾਂ ਹੀ ਸੰਭਲਿਆ।
ਇੰਟੈਰੋਗੇਸ਼ਨ ਸੈਂਟਰ ਦੇ ਕਰਮਚਾਰੀਆਂ ਨੇ ਪੁਲਸੀਆਂ ਦੀ ਹੱਥਕੜੀ ਲੁਹਾ ਕੇ ਮੈਨੂੰ ‘ਆਪਣੀ’ ਹੱਥਕੜੀ ਲਾਈ ਅਤੇ ਮੇਰੇ ਸਿਰ ਉਤੇ, ਜਿਵੇਂ ਫਾਂਸੀ ਚੜ੍ਹਨ ਵਾਲਿਆਂ ਨੂੰ ਪਾਉਂਦੇ ਨੇ, ਕਾਲਾ ਟੋਪ ਪਾ ਕੇ ਡਿਓੜੀ ਵੱਲ ਤੋਰ ਲਿਆ।
‘ਤਿਆਰ ਹੋ ਜਾ ਵਰਿਆਮ ਸਿਅ੍ਹਾਂ! ਇਸ ਨਰਕ ਦੀ ਝਾਕੀ ਵੇਖਣ ਅਤੇ ਨਰਕ ਦੀ ਕੁੱਟ ਸਹਿਣ ਲਈ!’ ਮੈਂ ਆਪਣੇ ਆਪ ਨੂੰ ਆਖਿਆ।
ਕਾਲਾ ਟੋਪ ਪਹਿਨਿਆਂ ਹੋਣ ਕਰ ਕੇ ਮੈਂ ਪੈਰ ਹੌਲੀ ਹੌਲੀ, ਬੋਚ ਬੋਚ ਕੇ ਧਰ ਰਿਹਾ ਸਾਂ। ਡਿਓੜੀ ਵਿਚੋਂ ਨਿਕਲ ਕੇ ਅੰਦਰ ਵੱਲ ਜਾਂਦੇ ਅਹਾਤੇ ਵਿਚ ਅਜੇ ਕੁਝ ਕਦਮ ਹੀ ਰੱਖੇ ਹੋਣਗੇ ਕਿ ਮੈਨੂੰ ਲਿਜਾ ਰਹੇ ਕਰਮਚਾਰੀ ਨੇ ਮੇਰੇ ਸਿਰ ਤੋਂ ਕਾਲਾ ਟੋਪ ਲਾਹੁੰਦਿਆਂ ਆਖਿਆ, “ਲਾਹ ਦਿਓ ਭਾ ਜੀ! ਵੇਖੀ ਜਾਊ! ਐਵੇਂ ਭੈਣ ਚੋ’ ਨਾ ਹੋਣ ਤਾਂ! ਹੈ ਨ੍ਹੀਂ ਅੱਜ ਏਥੇ ਕੋਈ!”
ਉਸ ਨੇ ਪਤਾ ਨਹੀਂ ਕਿਸ ਨੂੰ ਗਾਲ੍ਹ ਕੱਢੀ ਸੀ! ਪਰ ਇਹ ਪੱਕ ਸੀ ਕਿ ਉਹਨੂੰ ਮੇਰੇ ਸਿਰ ਉਤੇ ਟੋਪ ਪਾ ਕੇ ਆਮ ਮੁਲਜ਼ਿਮਾਂ ਵਾਂਗ ਅੰਦਰ ਲਿਜਾਣਾ ਭਾਇਆ ਨਹੀਂ ਸੀ। ਬਾਹਰ ਸ਼ਾਇਦ ਉਹ ਇਹ ਗੱਲ ਨਹੀਂ ਸੀ ਕਹਿ ਸਕਿਆ, ਏਥੇ ਉਸ ਦੇ ਹੱਥ-ਵੱਸ ਸੀ ਅਤੇ ਉਸ ਨੇ ਆਪਣੀ ਮਰਜ਼ੀ ਕਰ ਲਈ।
ਮੈਂ ਆਸੇ ਪਾਸੇ ਵੇਖਿਆ। ਇਹ ਕਦੀ ਅੰਮ੍ਰਿਤਸਰ ਦੀ ਪੁਰਾਣੀ ਜੇਲ੍ਹ ਹੁੰਦੀ ਸੀ, ਪਰ ਮੈਂ ਇਸ ਦਾ ਮੁਆਇਨਾ ਕਰਨ ਦੀ ਹਾਲਤ ਵਿਚ ਨਹੀਂ ਸਾਂ। ਮੇਰੇ ਅੰਦਰ ਖ਼ਾਸ ਕਿਸਮ ਦੀ ਘਬਰਾਹਟ ਸੀ। ਵੇਖਿਆ; ਸਾਥੋਂ 15-20 ਗ਼ਜ਼ ਅੱਗੇ ਅੱਗੇ 3-4 ਜਣੇ ਤੁਰੇ ਜਾ ਰਹੇ ਸਨ। ਉਨ੍ਹਾਂ ਵਿਚੋਂ ਇੱਕ ਸਰਦਾਰ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਪਿੱਛੇ ਪਿੱਛੇ ਅਸੀਂ ਖੁੱਲ੍ਹੇ ਅਹਾਤੇ ਵਿਚ ਪਹੁੰਚ ਗਏ। ਇਸ ਅਹਾਤੇ ਵਿਚ ਇੱਕ ਪਾਸੇ ਸੀਖਾਂ ਵਾਲੀਆਂ ਕੋਠੜੀਆਂ ਦੀ ਲੰਮੀ ਕਤਾਰ ਸੀ ਅਤੇ ਦੂਜੇ ਪਾਸੇ ਵੀ ਕੋਠੜੀਆਂ ਤੇ ਉਨ੍ਹਾਂ ਉਤੇ ਕਮਰਿਆਂ ਦੀਆਂ ਕਤਾਰਾਂ ਸਨ। ਖੁੱਲ੍ਹੇ ਅਹਾਤੇ ਦੇ ਪਰਲੇ ਸਿਰੇ ‘ਤੇ ਅਸਲੋਂ ਹੀ ਛਿਪ ਰਹੇ ਸੂਰਜ ਦੀ ਲਿੱਸੀ ਧੁੱਪ ਵਿਚ ਵਰਦੀਆਂ ਵਿਚ ਕੱਸੇ ਡਿਊਟੀ ‘ਤੇ ਖਲੋਤੇ ਤਿੰਨ ਚਾਰ ਸਿਪਾਹੀ ਸਨ। ਸੂਟਡ-ਬੂਟਡ ਸਰਦਾਰ ਤੇ ਉਸ ਦੇ ਸਾਥੀ ਡਿਊਟੀ ਦੇ ਰਹੇ ਸਿਪਾਹੀਆਂ ਕੋਲ ਜਾ ਖਲੋਤੇ। ਅਗਲੇ ਪਲ਼ ਅਸੀਂ ਵੀ ਉਨ੍ਹਾਂ ਕੋਲ ਪਹੁੰਚ ਗਏ। ਉਸ ਸਰਦਾਰ ਨੇ ਸਿਪਾਹੀਆਂ ਨੂੰ ਕਿਹਾ, “ਇਹ ਬੜੇ ਵਧੀਆ ਰਾਈਟਰ ਨੇ। ਆਪਣੇ ਖ਼ਾਸ ਬੰਦੇ। ਇਨ੍ਹਾਂ ਨੂੰ ਸਾਡੇ ਵੱਲੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਆਪਾਂ ਜਿੰਨਾ ਕੁ ਵੀ ਇਨ੍ਹਾਂ ਲਈ ਕਰ ਸਕਦੇ ਆਂ, ਕਰਨਾ ਚਾਹੀਦਾ ਏ।”
ਉਸ ਦੀ ਗੱਲਬਾਤ ਅਤੇ ਸਿਪਾਹੀਆਂ ਨਾਲ ਵਾਕਫ਼ੀਅਤ ਤੋਂ ਲੱਗਦਾ ਸੀ ਕਿ ਉਹ ਵੀ ਇੰਟੈਰੋਗੇਸ਼ਨ ਸੈਂਟਰ ਵਿਚ ਹੀ ਤਾਇਨਾਤ ਸੀ, ਪਰ ਕੌਣ ਸੀ ਉਹ ਮੇਰਾ ਏਡਾ ਹਮਦਰਦ! ਉਦੋਂ ਤਾਂ ਮੈਨੂੰ ਬਿਲਕੁਲ ਕੋਈ ਪਤਾ ਨਹੀਂ ਸੀ ਅਤੇ ਪਲ਼ ਦੀ ਪਲ਼ ਤਾਂ ਮੈਂ ਇਸ ਨੂੰ ‘ਪੁਲਸੀ-ਜੁਗਤ’ ਹੀ ਸਮਝਿਆ। ਪੁਲਿਸ ਝੂਠੀ ਮੂਠੀ ਦੀ ਹਮਦਰਦ ਬਣ ਕੇ ਵੀ, ਅਗਲੇ ਨੂੰ ਹੱਥਾਂ ‘ਤੇ ਪਾ ਕੇ, ਅਪਣੱਤ ਨਾਲ ਭੁਚਲਾ ਕੇ ਭੇਤ ਕੱਢ ਲੈਂਦੀ ਹੈ! ਪਰ ਕਈ ਸਾਲ ਪਿੱਛੋਂ ਉਸ ਦੇ ਕਿਸੇ ਰਿਸ਼ਤੇਦਾਰ ਅਤੇ ਮੇਰੇ ਜਾਣੂੰ ਨੇ ਮੈਨੂੰ ਉਸ ਬਾਰੇ ਦੱਸਿਆ। ਉਹ ਅਸਲ ਵਿਚ ਕਿਸੇ ਕੁੜੀ ਨੂੰ ਇੱਕ-ਪਾਸੜ ਮੁਹੱਬਤ ਕਰਦਾ ਸੀ ਜਦ ਕਿ ਉਸ ਕੁੜੀ ਨੂੰ ਮੇਰੇ ਵਿਚ ‘ਖ਼ਾਮੋਸ਼’ ਦਿਲਚਸਪੀ ਸੀ ਅਤੇ ਉਸ ਦੇ ਮਾਪਿਆਂ ਨੇ ਉਸ ਦਾ ਰਿਸ਼ਤਾ ਮੇਰੇ ਨਾਲ ਕਰਨ ਦੀ ਮੈਨੂੰ ਪੇਸ਼ਕਸ਼ ਵੀ ਕੀਤੀ ਹੋਈ ਸੀ। ਮੈਂ ਵੀ ਰਾਜ਼ੀ ਸਾਂ, ਪਰ ਪਿੱਛੋਂ ਇਹ ਰਿਸ਼ਤਾ ਕਿਸੇ ਕਾਰਨ ਸਿਰੇ ਨਾ ਚੜ੍ਹ ਸਕਿਆ। ਕੁੜੀ ਕਿਤੇ ਹੋਰ ਵਿਆਹੀ ਗਈ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਉਸ ਨੌਜਵਾਨ ਅਤੇ ਉਸ ਦੀ ਚਾਹਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਹੁਣ ਉਹਨੂੰ ਮੈਂ ਕਿਵੇਂ ਪਛਾਣਦਾ! ਕੁਝ ਵੀ ਸੀ, ਇੱਕ ਤਰ੍ਹਾਂ ਦੀ ਸਾਡੇ ਵਿਚ ‘ਰਕਾਬਤ’ ਤਾਂ ਬਣਦੀ ਹੀ ਸੀ! ਇਸ ਮੌਕੇ ਉਹ ਮੈਥੋਂ ‘ਸਾਰੇ ਬਦਲੇ’ ਲੈ ਸਕਦਾ ਸੀ, ਪਰ ਆਫ਼ਰੀਨ ਉਸ ਦੇ ਕਿ ਮੇਰੇ ਬਾਰੇ ਉਸ ਨੇ ਇਹੋ ਜਿਹਾ ‘ਹਾਂ-ਮੁਖੀ’ ਰਵੱਈਆ ਅਖ਼ਤਿਆਰ ਕੀਤਾ ਸੀ!
ਧੁੱਪੇ ਖਲੋਤੇ ਸਿਪਾਹੀਆਂ ਵਿਚੋਂ ਇੱਕ ਦਾ ਚਿਹਰਾ ਖਿੜ ਗਿਆ।
“ਲਓ! ਇਹ ਤਾਂ ਮਾਸਟਰ ਵਰਿਆਮ ਸਿਹੁੰ ਹੁਰੀਂ ਨੇ। ਤੁਹਾਨੂੰ ਇਨ੍ਹਾਂ ਦੀ ਸਿਫ਼ਾਰਸ਼ ਕਰਨ ਦੀ ਕੀ ਲੋੜ ਏ! ਇਹ ਤਾਂ ਸਾਡੇ ਆਪਣੇ ਹੀ ਨੇ!”
ਉਸ ਨੇ ਦੱਸਿਆ ਕਿ ਉਹਦਾ ਪਿਉ ਕਈ ਸਾਲ ਪਹਿਲਾਂ ਸਾਡੇ ਪਿੰਡ ਸੁਰ ਸਿੰਘ ਦੀ ਪੁਲਿਸ ਚੌਕੀ ਵਿਚ ਮੁਨਸ਼ੀ ਲੱਗਾ ਰਿਹਾ ਸੀ ਅਤੇ ਉਹ ਆਪ ਉਦੋਂ ਸੁਰ ਸਿੰਘ ਦੇ ਹਾਈ ਸਕੂਲ ਵਿਚ ਪੜ੍ਹਦਾ ਹੁੰਦਾ ਸੀ। ਮੈਂ ਅਜੇ ਸੁਰ ਸਿੰਘ ਦੇ ਹਾਈ ਸਕæੂਲ ਵਿਚ ਭਾਵੇਂ ਨਹੀਂ ਆਇਆ ਸਾਂ ਅਤੇ ਲਾਗਲੇ ਪਿੰਡ ਪੂਹਲਾ ਭਾਈ ਤਾਰੂ ਸਿੰਘ ਵਿਚ ਪੜ੍ਹਾਉਂਦਾ ਸਾਂ, ਪਰ ਰੋਜ਼ ਸ਼ਾਮ ਨੂੰ ਪਿੰਡ ਦੇ ਸਕੂਲ ਦੀ ਗਰਾਊਂਡ ਵਿਚ ਵਾਲੀਬਾਲ ਖੇਡਣ ਆਉਂਦਾ ਸਾਂ। ਉਹਨੂੰ ਮੇਰੀ ਵੱਜੀ ਹੋਈ ਜਾਨਦਾਰ ‘ਸ਼ਾਟ’ ਬਹੁਤ ਖ਼ੁਸ਼ੀ ਦਿੰਦੀ ਸੀ। ਉਹ ਦੂਰ ਜਾਂਦੇ ਬਾਲ ਨੂੰ ਫੜ ਕੇ ਲਿਆਉਣ ਵਾਲੇ ਮੁੰਡਿਆਂ ਵਿਚ ਹੁੰਦਾ ਸੀ।
ਇਨ੍ਹਾਂ ਦੋ ਨੌਜਵਾਨਾਂ ਦਾ ਉਥੇ ਹੋਣਾ ਖ਼ੂਬਸੂਰਤ ਇਤਫ਼ਾਕ ਹੀ ਤਾਂ ਸੀ! ਮੇਰੀ ਚੰਗੀ ਕਿਸਮਤ ਕਹਿ ਲਵੋ! ਨਹੀਂ ਤਾਂ ਮੇਰੇ ਨਾਲ ਵੀ ਤਾਂ ਮੇਰੇ ਪਿੱਛੇ ਪਿੱਛੇ ਆ ਰਹੇ ਮੁਸਲਮਾਨ ਵਾਲੀ ਹੋ ਸਕਦੀ ਸੀ! ਅਹਾਤੇ ਵਿਚ ਉਹਦੇ ਦਾਖ਼ਲ ਹੁੰਦਿਆਂ ਹੀ ਉਹਨੂੰ ਲਿਆਉਣ ਵਾਲੇ ਨੇ ਉਸ ‘ਤੇ ਗਾਲ੍ਹਾਂ ਦੀ ਵਾਛੜ ਕਰਦਿਆਂ ਘਸੁੰਨਾਂ ਅਤੇ ਚਪੇੜਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
‘ਤਾੜ੍ਹ! ਤਾੜ੍ਹ!’ ਵੱਜ ਰਹੀਆਂ ਸਨ। ਉਹ ਹੱਥ ਜੋੜ ਰਿਹਾ ਸੀ। ਰਹਿਮ ਦੀ ਭੀਖ਼ ਮੰਗ ਰਿਹਾ ਸੀ। ਜ਼ਾਰ ਜ਼ਾਰ ਰੋ ਰਿਹਾ ਸੀ। ਅੱਥਰੂ ਪੂੰਝ ਰਿਹਾ ਸੀ। ਨੰਗਾ ਹੋਇਆ ਅੱਗਾ ਪਿੱਛਾ ਹੱਥਾਂ ਨਾਲ ਢਕਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਦੋਵੇਂ ਬਾਹਵਾਂ ਉਪਰ ਚੁੱਕ ਤੇ ਅਹੁ ਸਿੱਧਾ ਗਰਾਊਂਡ ਦੇ ਦੂਜੇ ਸਿਰੇ ਤੱਕ ਭੱਜਾ ਜਾਹ ਤੇ ਇੰਜ ਹੀ ਭੱਜਾ ਆ।”
ਮੇਰੇ ਕੋਲ ਖਲੋਤੇ ਸਿਪਾਹੀ ਵੀ ਇਸ ‘ਤਮਾਸ਼ੇ’ ਵਿਚ ਸ਼ਾਮਲ ਹੋ ਗਏ ਸਨ। ਮੈਨੂੰ ਕਦੀ ਭੱਜ ਕੇ ਬਾਲ ਫੜਾਉਣ ਵਾਲੇ ‘ਮੁੰਡੇ’ ਨੇ ਭੱਜੇ ਜਾਂਦੇ ਮੁਸਲਮਾਨ ਦੇ ਨੰਗੇ ਚਿੱਤੜਾਂ ‘ਤੇ ਆਪਣੇ ਹੱਥ ਵਿਚ ਫੜੀ ਬੈਂਤ ਮਾਰੀ ਅਤੇ ਲਲਕਾਰਿਆ, “ਤੇਜ ਵਗ। ਮਾਂ ਦਿਆ ਯਾਰਾ! ਤੇਜ ਵਗ।”
ਮੈਨੂੰ ਜਾਪਿਆ; ਭਾਰੀ ਮਨੋਵਿਗਿਆਨਕ ਦਬਾਓ ਬਣਾਉਣ ਲਈ, ਇਥੇ ਆਉਣ ਵਾਲੇ ਹਰ ਬੰਦੇ ਦੇ ਸਿਰ ‘ਤੇ ਕਾਲਾ ਟੋਪ ਪਾ ਕੇ ਆਉਂਦਿਆਂ ਹੀ ਉਹਨੂੰ ਕੁੱਟ ਮਾਰ ਕੇ ਅਤੇ ਨੰਗਾ ਕਰ ਕੇ, ਜਿੱਥੇ ਉਹ ਉਹਨੂੰ ‘ਆਉਣ ਵਾਲੀ ਫ਼ਿਲਮ’ ਦਾ ‘ਟਰੇਲਰ’ ਵਿਖਾਉਂਦੇ ਹਨ, ਉਥੇ ਬੰਦੇ ਨੂੰ ਬੇਇੱਜ਼ਤ ਕਰ ਕੇ ਉਹਦੇ ਸਵੈਮਾਣ ਨੂੰ ਮਿੱਟੀ ਵਿਚ ਰੋਲ ਕੇ ਦਹਿਸ਼ਤ ਦਾ ਅਜਿਹਾ ਪਹਾੜੀ ਭਾਰ ਉਸ ਦੇ ਸਿਰ ‘ਤੇ ਟਿਕਾ ਦਿੰਦੇ ਹਨ ਕਿ ਆਮ ਬੰਦਾ ਇਸ ਭਾਰ ਹੇਠਾਂ ਹੀ ਦੱਬਿਆ ਅਤੇ ਦਰੜਿਆ ਜਾਂਦਾ ਹੈ।