ਸ੍ਰੀ ਲੰਕਾ ਵਿਚ ਤਾਮਿਲਾਂ ਅਤੇ ਸਿੰਘਲੀਆਂ (ਆਮ ਪ੍ਰਚਲਿਤ ਸ਼ਬਦ ਸਿਨਹਾਲੀ) ਵਿਚਕਾਰ ਤਣਾਉ ਵਿਚੋਂ ਜਿਹੜੀ ਸਿਆਸਤ 20ਵੀਂ ਸਦੀ ਦੀ ਅਖੀਰਲੀ ਚੌਥਾਈ ਦੌਰਾਨ ਸਾਹਮਣੇ ਆਈ, ਉਸ ਦਾ ਸਿਖਰ ਸੀ ‘ਲਿੱਟੇ’ (æਠਠਓ- ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ)।
ਇਸ ਜਥੇਬੰਦੀ ਨੇ ਵੇਲੂਪਿੱਲੇ ਪ੍ਰਭਾਕਰਨ ਦੀ ਅਗਵਾਈ ਹੇਠ ਗੁਰੀਲਾ ਜੰਗ ਦਾ ਨਿਵੇਕਲਾ ਰੰਗ ਤਾਂ ਦਿਖਾਇਆ ਹੀ, ਸ੍ਰੀ ਲੰਕਾ ਦੇ ਤਾਮਿਲਾਂ ਦਾ ਮਸਲਾ ਸੰਸਾਰ ਪੱਧਰ ਉਤੇ ਲੈ ਆਂਦਾ। ਸੰਸਾਰ ਅੰਦਰ ਜੂਝ ਰਹੀਆਂ ਹੋਰ ਕੌਮੀਅਤਾਂ ਵਾਂਗ ਸ੍ਰੀ ਲੰਕਾ ਦੇ ਤਾਮਿਲਾਂ ਦੀ ਕਹਾਣੀ ਪੜ੍ਹਨ-ਸੁਣਨ ਵਾਲੀ ਹੈ। ਉਘੇ ਬਿਊਰੋਕਰੈਟ ਐਮæਆਰæ ਨਰਾਇਣ ਸਵਾਮੀ ਨੇ ਇਸ ਬਾਬਤ ਡੂੰਘੀ ਖੋਜ ਪਿਛੋਂ ਕਿਤਾਬ ਲਿਖੀ ਹੈ-‘ਇਨਸਾਈਡ ਐਨ ਇਲੂਸਿਵ ਮਾਈਂਡ: ਪ੍ਰਭਾਕਰਨ’। ਨਰਾਇਣ ਸਵਾਮੀ ਨੇ ਪ੍ਰਭਾਕਰਨ ਦੇ ਬਹਾਨੇ ਤਾਮਿਲ ਮਸਲੇ ਦੀ ਕਈ ਤਹਿਆਂ ਫਰੋਲੀਆਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦੇ ਚੌਖਟੇ ਅੰਦਰ ਰਹਿੰਦਿਆਂ ਪ੍ਰਭਾਕਰਨ ਅਤੇ ਲਿੱਟੇ ਬਾਰੇ ਲੰਮਾ ਲੇਖ ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਤਾਮਿਲਾਂ ਦੀ ਸਿਆਸਤ ਅਤੇ ਸੰਸਾਰ ਸਿਆਸਤ ਵਿਚ ਇਨ੍ਹਾਂ ਦੀ ਹੋਣੀ ਬਾਰੇ ਕੁਝ ਗੱਲਾਂ ਸਪਸ਼ਟ ਰੂਪ ਵਿਚ ਉਭਾਰਨ ਦਾ ਯਤਨ ਕੀਤਾ ਹੈ। ਇਸ ਲੇਖ ਦੀ ਪਹਿਲੀ ਕਿਸ਼ਤ ਵਿਚ ਐਤਕੀਂ ਤਾਮਿਲ ਸਿਆਸਤ ਦੇ ਪਿਛੋਕੜ ਬਾਰੇ ਝਾਤੀ ਮਾਰੀ ਗਈ ਹੈ। -ਸੰਪਾਦਕ
ਪ੍ਰੋæ ਹਰਪਾਲ ਸਿੰਘ ਪੰਨੂ
ਸ੍ਰੀ ਲੰਕਾ ਦੇ ਗੁਰੀਲਿਆਂ ਦੀਆਂ ਖਬਰਾਂ ਅਕਸਰ ਪੜ੍ਹਨ ਸੁਣਨ ਨੂੰ ਮਿਲਦੀਆਂ ਰਹੀਆਂ ਹਨ, ਪਰ ਅੰਦਰੂਨੀ ਮਸਲਾ ਕੀ ਹੈ? ਪ੍ਰਭਾਕਰਨ ਅਤੇ ਉਸ ਦੀ ਲਿਟੇ (æਠਠਓ) ਦੇ ਪਿਛੋਕੜ ਅਤੇ ਸਮੁੱਚੇ ਵਰਤਾਰੇ ਬਾਰੇ ਪੰਜਾਬੀ ਵਿਚ ਵਿਸਥਾਰ ਨਾਲ ਲਿਖਿਆ ਨਹੀਂ ਮਿਲਿਆ। ਅੰਗਰੇਜ਼ੀ ਵਿਚ ਥਾਂ-ਥਾਂ ਇਸ ਮਜ਼ਮੂਨ ਉਪਰ ਛਪਿਆ ਹਾਸਲ ਹੋ ਜਾਂਦਾ ਹੈ। ਪ੍ਰਭਾਕਰਨ ਨੂੰ ਕੋਈ ਤਾਮਿਲ ਕੌਮ ਦਾ ਬਾਦਸ਼ਾਹ ਆਖਦਾ ਹੈ, ਕੋਈ ਖੂਨ ਦਾ ਪਿਆਸਾ ਦਰਿੰਦਾ, ਪਰ ਉਸ ਨੇ ਜ਼ੀਰੋ ਪੂੰਜੀ ਤੋਂ ਆਪਣਾ ਸਫਰ ਸ਼ੁਰੂ ਕਰ ਕੇ ਤਾਕਤਵਰ ਸਟੇਟ ਨਾਲ ਟੱਕਰ ਲਈ; ਬਾਹਰਲੇ ਦੇਸਾਂ ਤੋਂ ਮਦਦ ਲਈ; ਆਪਣੀਆਂ ਸ਼ਰਤਾਂ ਉਤੇ, ਮਦਦਗਾਰਾਂ ਦੀਆਂ ਸ਼ਰਤਾਂ ਉਤੇ ਨਹੀਂ। ਅਜਿਹਾ ਕਰਨ ਵਾਸਤੇ ਉਸ ਕੋਲ ਕਿਹੜੀ ਤਾਕਤ ਸੀ, ਹਥਲੀ ਲਿਖਤ ਜਾਣਨ ਦਾ ਯਤਨ ਕਰੇਗੀ। ਇਹ ਜਾਣੇ ਬਗੈਰ ਕਿ ਹਾਸਲ ਕੀ ਹੋਵੇਗਾ, ਪ੍ਰਭਾਕਰਨ ਦੇ ਇਸ਼ਾਰੇ ‘ਤੇ ਹਜ਼ਾਰਾਂ ਕੁੜੀਆਂ-ਮੁੰਡੇ ਆਤਮਘਾਤੀ ਬੰਬ ਬਣ ਕੇ ਉਡਣ-ਉਡਾਉਣ ਲਈ ਤਿਆਰ ਰਹਿੰਦੇ। ਦਾਲ-ਭਾਤ ਮਿਲ ਜਾਏ, ਠੀਕ; ਨਹੀਂ ਤਾਂ ਫਾਕਾਕਸ਼ੀ ਕੱਟਦੇ ਮਾੜਚੂ ਜਿਸਮਾਂ ਵਾਲੇ, ਪੈਰਾਂ ਵਿਚ ਆਮ ਚੱਪਲਾਂ, ਲੱਕ ਲੁੰਗੀਆਂ ਪਹਿਨੀ ਇਹ ‘ਲਿਟੇ’ ਵਰਕਰ ਨਿਸ਼ਾਨਾ ਲਾਉਣ ਦੀ ਮੁਹਾਰਤ ਅਤੇ ਹੌਸਲਾ ਦਿਖਾ ਕੇ ਭਾਰਤੀ ਜਰਨੈਲਾਂ ਨੂੰ ਦੰਗ ਕਰ ਦਿੰਦੇ ਸਨ।
ਕਿਤਾਬ ਦਾ ਲੇਖਕ ਨਾਰਾਇਣ ਸਵਾਮੀ ਚਾਰ ਦੇਸਾਂ-ਭਾਰਤ, ਲੰਕਾ, ਇੰਗਲੈਂਡ ਤੇ ਕੈਨੇਡਾ ਵਿਚ ਸਮੱਗਰੀ ਇਕੱਠੀ ਕਰਨ ਲਈ ਘੁੰਮਿਆਂ ਤੇ ਪੰਜ ਸਾਲ ਦੇ ਸਰਵੇਖਣ ਮਗਰੋਂ ਕਿਤਾਬ ਪੂਰੀ ਹੋਈ। ਉਸ ਨੇ ਪ੍ਰਤੀਤ ਕੀਤਾ ਕਿ ਤਾਮਿਲ ਆਪਣੇ ਨਾਇਕ ਉਪਰ ਅੰਧ-ਵਿਸ਼ਵਾਸ ਦੀ ਹੱਦ ਤੱਕ ਫਿਦਾ ਹਨ ਤੇ ਸਮਝਦੇ ਹਨ ਕਿ ਲੰਕਾ ਸਰਕਾਰ ਦੀ ਬੁਰਛਾਗਰਦੀ ਦਾ ਇਕੋ-ਇਕ ਤੋੜ ਪ੍ਰਭਾਕਰਨ ਹੈ। ਸਭ ਤੋਂ ਵਧੀਕ ਜਾਣਕਾਰੀ ਦੁਬਲੇ-ਪਤਲੇ ਨੇਡੂਮਰਨ ਤੋਂ ਮਿਲੀ ਜੋ ਭਾਰਤ ਵਿਚ ਪ੍ਰਭਾਕਰਨ ਦਾ ਵਿਸ਼ਵਾਸਪਾਤਰ ਦੂਤ ਹੈ ਤੇ ਹੁਣ ਆਤੰਕ-ਵਿਰੋਧੀ ਐਕਟ ਤਹਿਤ ਭਾਰਤੀ ਜੇਲ੍ਹ ਵਿਚ ਬੰਦ ਹੈ।
ਕੂੜਾ ਕਚਰਾ ਇਕੱਠਾ ਕਰ ਕੇ ਪ੍ਰਭਾਕਰਨ ਨੇ ਉਹ ਤਾਕਤਵਰ ਸੈਨਾ ਜਥੇਬੰਦ ਕਰ ਦਿੱਤੀ ਜਿਸ ਨੇ ਲੰਕਾ ਦੇ ਰਾਜ ਪ੍ਰਮੁੱਖ ਦਾ ਕਤਲ, ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ, ਲੰਕਾ ਦੇ ਰਾਸ਼ਟਰਪਤੀ ਉਪਰ ਜਾਨਲੇਵਾ ਹਮਲਾ, ਅਣਗਿਣਤ ਸਿਆਸੀ ਕਤਲ ਅਤੇ ਆਤਮਘਾਤੀ ਦਸਤਿਆਂ ਨੂੰ ਅੰਜਾਮ ਦਿੱਤਾ। ਪੰਜਾਹ ਸਾਲ ਦੀ ਉਮਰ ਤੱਕ ਪੁੱਜਦਿਆਂ ਦੋ ਦਹਾਕਿਆਂ ਵਿਚ ਉਹ ਸੱਠ ਹਜ਼ਾਰ ਕਤਲਾਂ ਲਈ ਜ਼ਿੰਮੇਵਾਰ ਸੀ। ਉਸਾਮਾ ਬਿਨ-ਲਾਦਿਨ ਦੇ ਨਿਊ ਯਾਰਕ ਟਾਵਰਾਂ ਉਪਰ ਹੱਲੇ ਤੋਂ ਪਹਿਲਾਂ ਉਹ ਕੋਲੰਬੋ ਦੇ ਵਿਸ਼ਵ ਵਪਾਰ ਸੈਂਟਰ ਨੂੰ ਤਬਾਹ ਕਰ ਚੁੱਕਾ ਸੀ। ਪ੍ਰਭਾਕਰਨ, ਬਿਨ-ਲਾਦਿਨ ਵਾਂਗ ਅਮੀਰ ਮਾਪਿਆਂ ਦਾ ਬੇਟਾ ਨਹੀਂ ਸੀ ਤੇ ਨਾ ਉਸ ਵਾਂਗ ਉਹ ਪਰਦੇਸਾਂ ਵਿਚ ਛੁਪਦਾ ਫਿਰਿਆ। ਉਸ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਆਪਣਾ ਹੈਡਕੁਆਰਟਰ ਲੰਕਾ ਵਿਚ ਰੱਖਿਆ। ਬਿਨ-ਲਾਦਿਨ ਵਾਂਗ ਉਸ ਨੇ ਕਿਸੇ ਮਜ਼ਹਬ ਦਾ ਸਹਾਰਾ ਨਹੀਂ ਲਿਆ, ਉਸ ਦਾ ਮਜ਼ਹਬ ਉਸ ਦੀ ਤਾਮਿਲ ਕੌਮ ਦੀ ਸਲਾਮਤੀ ਅਤੇ ਸੁਤੰਤਰਤਾ ਸੀ।
ਪ੍ਰਭਾਕਰਨ ਦੀ ਮੁਢਲੀ ਫੌਜ ਪੰਜਾਹ ਸਿਪਾਹੀਆਂ ਦੀ ਸੀ ਜੋ ਵਧਦੀ-ਵਧਦੀ ਇੰਨੀ ਹੋ ਗਈ ਕਿ ਸ੍ਰੀ ਲੰਕਾ ਦੀ ਦਹਾੜਦੀ ਹੋਈ ਮਿਲਟਰੀ ਦੇ ਗੋਡੇ ਲੁਆ ਦਿੱਤੇ, ਸਰਕਾਰ ਨੂੰ ਸ਼ਾਂਤੀ ਵਾਰਤਾ ਵਾਸਤੇ ਨਾਰਵੇ ਦੇਸ ਦੀ ਵਿਚਲੋਗੀ ਸਹਾਰਨੀ ਪਈ। ਪ੍ਰਭਾਕਰਨ ਆਪਣੇ ਵੈਰੀ ਦਾ ਹਿਸਾਬ ਨਿਬੇੜਨ ਵਿਚ ਢਿੱਲ ਨਹੀਂ ਵਰਤਦਾ ਸੀ। ਵੈਰੀ, ਆਪਣੀ ਫੌਜ ਵਿਚਲਾ ਕੋਈ ਅਨੁਸ਼ਾਸਨ ਭੰਗ ਕਰਨ ਵਾਲਾ ਹੋਵੇ ਜਾਂ ਦੁਸ਼ਮਣ ਸਰਕਾਰ ਦਾ ਬੰਦਾ, ਉਸ ਨੂੰ ਖਤਮ ਕਰਨ ਵਿਚ ਦੇਰ ਨਹੀਂ, ਦੁਚਿਤੀ ਨਹੀਂ। ਬਲੈਕ ਟਾਈਗਰਜ਼ ਗਰੁੱਪ ਵਿਚਲੇ ਮਰਦ ਔਰਤਾਂ ਉਸ ਦੇ ਇਸ਼ਾਰੇ ‘ਤੇ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਬਰ ਤਿਆਰ ਰਹਿੰਦੇ। ਜੁਲਾਈ 1987 ਵਿਚ ਆਤਮਘਾਤੀ ਡਰਾਈਵਰ ਨੇ ਲੰਕਾ ਦੇ ਮਿਲਟਰੀ ਕੈਂਪ ਵਿਚ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਟਰੱਕ ਠੋਕ ਦਿੱਤਾ ਜੋ ਇਸ ਤਰ੍ਹਾਂ ਦਾ ਪਹਿਲਾ ਹੱਲਾ ਸੀ। ਨਵੰਬਰ 2001 ਤੱਕ ਅਜਿਹੇ 54 ਮਨੁੱਖੀ ਬੰਬ ਹੱਲੇ ਹੋਏ। ਇਸ ਤੋਂ ਇਲਾਵਾ ਸਿਵਲੀਅਨ ਥਾਂਵਾਂ ‘ਤੇ ਇਸ ਤੋਂ ਵਧੀਕ ਹਮਲੇ ਹੋਏ, ਜਿਨ੍ਹਾਂ ਦੀ ਜ਼ਿੰਮੇਵਾਰੀ ‘ਲਿਟੇ’ ਨੇ ਲਈ ਨਹੀਂ, ਤਾਂ ਕਿ ਪੱਛਮ ਵਿਚ ਹਮਦਰਦੀ ਤੋਂ ਵਾਂਝਾ ਨਾ ਹੋ ਜਾਵੇ। ਅੰਗਰੇਜ਼ੀ ਲਫਜ਼ æਠਠਓ ਨਾਮ ਦੀ ਇਸ ਜਥੇਬੰਦੀ ਦਾ ਪੂਰਾ ਨਾਮ ‘ਲੰਕਾਜ਼ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ’ ਹੈ।
ਪ੍ਰਭਾਕਰਨ ਨੇ ਆਪਣੇ ਸਿਪਾਹੀਆਂ ਦੀ ਜਿਹੜੀ ਰਹਿਤ ਮਰਿਆਦਾ ਤਿਆਰ ਕੀਤੀ, ਉਸ ਵਿਚ ਮਰਦ-ਔਰਤ ਦੇ ਪਿਆਰ ਦੀ ਮਨਾਹੀ ਵੀ ਸ਼ਾਮਲ ਸੀ। ਉਸ ਦੀ ਨਿੱਜੀ ਗਾਰਦ ਵਿਚ ਮੌਜੂਦ ਇਕ ਮੁੰਡੇ-ਕੁੜੀ ਨੂੰ ਇਸ ਗੁਨਾਹ ਬਦਲੇ ਮੌਤ ਦੀ ਸਜ਼ਾ ਮਿਲੀ। ਹਿੰਸਕ ਗਤੀਵਿਧੀਆਂ ਕਾਰਨ ‘ਲਿਟੇ’ ਉਪਰ ਭਾਰਤ, ਇੰਗਲੈਂਡ ਅਤੇ ਅਮਰੀਕਾ ਵਿਚ ਪਾਬੰਦੀ ਲੱਗੀ, ਕੈਨੇਡਾ ਮਲੇਸ਼ੀਆ ਅਤੇ ਆਸਟਰੇਲੀਆ ਵਿਚ ਸਖਤ ਨਜ਼ਰ ਰੱਖੀ ਜਾਣ ਲੱਗੀ। ਇੰਟਰਪੋਲ ਉਸ ਦੇ ਟਿਕਾਣੇ ਲੱਭਣ ਵਿਚ ਜੁਟ ਗਈ। ਪ੍ਰਭਾਕਰਨ ਨੇ ਐਲਾਨ ਕੀਤਾ, ਜੇ ਮੈਂ ਆਪਣੇ ਤਾਮਿਲ ਦੇਸ ਦੀ ਸੁਤੰਤਰਤਾ ਲਈ ਵਿਢੀ ਲੜਾਈ ਤੋਂ ਪਿੱਛੇ ਹਟਾਂ, ਗੱਦਾਰ ਆਖ ਕੇ ਮੇਰੇ ਸਿਪਾਹੀ ਮੇਰੇ ਉਪਰ ਗੋਲੀ ਦਾਗ ਦੇਣ।
ਪ੍ਰਭਾਕਰਨ ਨੂੰ ਪਹਿਲੀ ਵਾਰ 1985 ਵਿਚ ਨਾਰਾਇਣ ਦਿੱਲੀ ਮਿਲਿਆ ਜਦੋਂ ਭਾਰਤ ਸਰਕਾਰ ਨਾਲ ਉਸ ਦੀ ਵਾਰਤਾ ਚਲ ਰਹੀ ਸੀ। ਹੋਟਲ ਦੇ ਕਮਰੇ ਵਿਚ ਉਹ ਬੈਡ ‘ਤੇ ਬੈਠਾ ਸੀ। ਦੁਆਲੇ ਖਤਰਨਾਕ ਦਿਸਦੇ ਹਥਿਆਰਬੰਦ ਰੱਖਿਅਕ ਸਨ। ਨਾਰਾਇਣ ਨੂੰ ‘ਲਿਟੇ’ ਕਾਰਕੁਨਾਂ ਨੇ ਆਪਣਾ ਲਿਟਰੇਚਰ ਦਿੱਤਾ; ਪ੍ਰਭਾਕਰਨ ਦੀ ਜੀਵਨੀ ਦਿੱਤੀ; ਏਜੰਡਾ, ਸਫਲਤਾ, ਮੁਸ਼ਕਿਲਾਂ ਆਦਿਕ ਵਿਸ਼ਿਆਂ ਦੀ ਜਾਣਕਾਰੀ ਮਿਲੀ। ਨਾਰਾਇਣ ਨੇ ਪਹਿਲੀ ਕਿਤਾਬ ਛਪਵਾਈ ਜਿਸ ਦਾ ਟਾਈਟਲ ਸੀ ‘ਟਾਈਗਰਜ਼ ਆਫ ਸ੍ਰੀ ਲੰਕਾ’। ਇਹ ਇੰਨੀ ਵਿਸਤ੍ਰਿਤ ਆਪਣੀ ਕਿਸਮ ਦੀ ਪਹਿਲੀ ਕਿਤਾਬ ਸੀ, ਜਿਸ ਦੀ ਲੰਕਾ ਅਤੇ ਭਾਰਤ ਸਰਕਾਰ ਨੇ ਭਰਪੂਰ ਨਿੰਦਿਆ ਕੀਤੀ। ਲੇਖਕ ਨੇ ਵੀਹ ਵਾਰ ਲੰਕਾ ਦਾ ਦੌਰਾ ਕਰ ਕੇ ਤੱਥ ਇਕੱਠੇ ਕੀਤੇ ਸਨ। ਦੂਜੀ ਵਾਰ ਅਪਰੈਲ 2002 ਵਿਚ ਉਹ ਪ੍ਰਭਾਕਰਨ ਨੂੰ 17 ਸਾਲ ਬਾਅਦ ਇਕ ਪ੍ਰੈਸ ਕਾਨਫਰੰਸ ਵਿਚ ਮਿਲਿਆ। ਤਾਮਿਲ ਮੁੰਡੇ ਕੁੜੀਆਂ ਖਤਰਨਾਕ ਹਥਿਆਰ ਚੁੱਕੀ ਬੇਖੌਫ ਇਉਂ ਫਿਰ ਰਹੇ ਸਨ, ਜਿਵੇਂ ਹਾਕੀਆਂ ਚੁੱਕੀ ਖੇਡ ਦੇ ਮੈਦਾਨ ਵਲ ਜਾ ਰਹੇ ਹੋਣ; ਹੱਸਦੇ, ਖੇਡਦੇ, ਬੇਝਿਜਕ, ਬੇਖੌਫ। ਸਾਲ 1990 ਤੱਕ ‘ਲਿਟੇ’ ਸੈਨਾ ਨੇ ਬਹੁਤ ਸਾਰੇ ਤਾਮਿਲ ਇਲਾਕੇ ਆਪਣੇ ਕਬਜ਼ੇ ਹੇਠ ਲੈ ਲਏ ਸਨ।
‘ਲਿਟੇ’ ਗੁਰੀਲੇ ਲੰਮੀ ਗੱਲਬਾਤ ਨਹੀਂ ਕਰਦੇ। ਪੁੱਛੋ, ਇਹ ਤੁਹਾਡੇ ਹੱਥ ਵਿਚ ਕਿਹੜੀ ਗੰਨ ਹੈ? ਉਤਰ ਮਿਲੇਗਾ-ਤੁਸੀਂ ਜਾਣ ਕੇ ਕੀ ਕਰਨਾ? ਪੁੱਛੋ, ਤੁਸੀਂ ਲੰਕਾ ਸਰਕਾਰ ਖਿਲਾਫ ਕਿਉਂ ਲੜਦੇ ਹੋ? ਉਤਰ-ਸਾਡੇ ਲੀਡਰ ਦਾ ਹੁਕਮ ਹੈ। ਕੀ ਗਲਤ, ਕੀ ਠੀਕ; ਲੀਡਰ ਜਾਣੇ, ਮਾਰਨਾ ਹੈ ਕਿ ਮਰਨਾ, ਲੀਡਰ ਦੱਸੇਗਾ; ਲੀਡਰ ਜਾਣੀ-ਜਾਣ ਹੈ, ਲੀਡਰ ਦੇਵਤਾ ਹੈ। ਜਿਹੜੇ ਮੁੰਡੇ-ਕੁੜੀਆਂ ਥੱਕ ਗਏ ਹਨ, ਘਰ ਚਲੇ ਜਾਣ, ਪਰ ਨਹੀਂ ਜਾਂਦੇ।
ਮਸਲੇ ਦਾ ਪਿਛੋਕੜ
ਲੰਕਾ ਵਿਚ ਬਹੁਗਿਣਤੀ ਆਬਾਦੀ ਸਿੰਘਲੀ ਹੈ ਤੇ ਭਾਰਤ ਵਾਲੇ ਪਾਸੇ ਸਮੁੰਦਰ ਨਾਲ ਲਗਦਾ ਇਲਾਕਾ ਤਾਮਿਲਾਂ ਦਾ ਹੈ। ਤਾਮਿਲਾਂ ਨੂੰ ਯਕੀਨ ਹੋ ਗਿਆ ਕਿ ਸਿੰਘਲੀ ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦਿੰਦੀ, ਪੁਲਿਸ ਵਿਚ ਤਾਮਿਲ ਬਹੁਤ ਥੋੜ੍ਹੇ ਹਨ, ਫੌਜ ਵਿਚ ਤਾਂ ਹਨ ਹੀ ਨਹੀਂ। ਟਕਰਾਉ ਦਾ ਇਹੀ ਕਾਰਨ ਹੈ। ਸਿੰਘਲੀ ਸਮਝਦੇ ਹਨ ਕਿ ਤਾਮਿਲਾਂ ਦਾ ਦਿਮਾਗ ਖਰਾਬ ਹੋ ਗਿਆ ਹੈ, ਗਰਮੀ ਖਾਈ ਫਿਰਦੇ ਹਨ, ਫੌਜ ਠੰਢੇ ਕਰ ਦਏਗੀ।
ਸੀਲਨ ਤੇ ਚਿਲਕਲੀ ਦੋਵੇਂ ਹੀ ਪ੍ਰਭਾਕਰਨ ਦੇ ਅਜ਼ਮਾਏ ਹੋਏ ਯੋਧੇ ਸਨ। ਸਾਈਕਲ ‘ਤੇ ਜਾਂਦਿਆਂ ਸੀਲਨ ਨੂੰ ਘੇਰ ਕੇ ਫੌਜ ਨੇ ਮਾਰ ਦਿੱਤਾ ਜੋ ਵੱਡੀ ਪ੍ਰਾਪਤੀ ਮੰਨੀ ਗਈ। ਪ੍ਰਭਾਕਰਨ ਨੇ ਚਿਲਕਲੀ ਨੂੰ ਬਦਲਾ ਲੈਣ ਦਾ ਹੁਕਮ ਦਿੱਤਾ। ਕਿੱਟੂ ਉਸ ਦਾ ਸਾਥ ਦਏਗਾ। ਜਾਫਨਾ ਯੂਨੀਵਰਸਿਟੀ ਨੂੰ ਜਾਂਦੀ ਸੜਕ ਟੈਲੀਫੋਨ ਮਹਿਕਮੇ ਨੇ ਪੁੱਟ ਰੱਖੀ ਸੀ। ਜੇ ਕੋਈ ਮਿਲਟਰੀ ਗੱਡੀ ਇਧਰੋਂ ਲੰਘੇ, ਹੌਲੀ ਹੋ ਕੇ ਲੰਘੇਗੀ। ਜੇ ਪੁੱਟੀ ਸੜਕ ਵਿਚ ਮਾਈਨ ਰੱਖ ਕੇ ਮਿੱਟੀ ਪਾ ਦਈਏ ਤਾਂ ਗੱਡੀ ਆਰਾਮ ਨਾਲ ਲੰਘੇ। ਰਾਤੀਂ ਇਹ ਕੰਮ ਹੋਏਗਾ ਜਿਸ ਦੀ ਨਿਗਰਾਨੀ ਪ੍ਰਭਾਕਰਨ ਖੁਦ ਕਰੇਗਾ। ਮਾਈਨ ਫਟੇਗੀ, ਜਿਉਂਦੇ ਬਚੇ ਫੌਜੀਆਂ ਨੂੰ ਗੋਲੀਆਂ ਅਤੇ ਗਰਨੇਡਾਂ ਨਾਲ ਭੁੰਨਣਗੇ।
ਗੁਰੀਲੇ ਮਿਲਟਰੀ ਟਰੱਕ ਦੀ ਉਡੀਕ ਵਿਚ ਛਹਿ ਕੇ ਬੈਠ ਗਏ। ਜੀਪ ਅੱਗੇ ਅਤੇ ਮਿਲਟਰੀ ਟਰੱਕ ਪਿਛੇ ਆਉਂਦਾ ਦਿਸਿਆ। ਜੀਪ ਮਾਈਨ ਉਤੋਂ ਲੰਘੀ ਉਡ ਗਈ। ਟਰੱਕ ਰੁਕਿਆ ਤਾਂ ਗੋਲੀਆਂ ਦੀ ਵਾਛੜ ਉਧਰ ਕਰ ਦਿੱਤੀ। ਗਰਨੇਡ ਸੁੱਟੀ ਗਏ। ਟਰੱਕ ਵਿਚਲੇ 15 ਵਿਚੋਂ 13 ਲਾਸ਼ਾਂ ਵਿਚ ਵਟ ਗਏ ਸਨ। ਜੀਪ ਵਿਚ ਕੋਈ ਨਹੀਂ ਬਚਿਆ, 1975 ਤੋਂ ਲੈ ਕੇ ਜੁਲਾਈ 1983 ਤੱਕ ਇਹ ਸਭ ਤੋਂ ਵੱਡੀ ਦਰਦਨਾਕ ਘਟਨਾ ਸੀ। ਪ੍ਰਭਾਕਰਨ ਨੇ ਜੱਫੀ ਪਾ ਕੇ ਸਾਥੀਆਂ ਨੂੰ ਵਧਾਈ ਦਿੱਤੀ। ਸੀਲਨ ਦਾ ਬਦਲਾ ਲੈ ਲਿਆ। ਫੌਜੀਆਂ ਦੀਆਂ ਦੋ ਮਸ਼ੀਨਗੰਨਾਂ, ਬਾਰਾਂ ਐਸ਼ਐਲ਼ਆਰ, ਦਰਜਨਾਂ ਗਰਨੇਡ ਅਤੇ ਕਾਰਤੂਸਾਂ ਦਾ ਢੇਰ ਮਿਲ ਗਿਆ।
1948 ਵਿਚ ਲੰਕਾ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਜੋ ਇਸ ਨੂੰ ਸੀਲੋਨ ਕਹਿੰਦੇ ਸਨ। ਰੋਮਨ ਅਤੇ ਯੂਨਾਨੀ ਸੌਦਾਗਰ ਗਰਮ ਮਸਾਲੇ ਖਰੀਦਣ ਆਏ, ਉਹ ਇਸ ਦੇਸ ਨੂੰ ਤਾਪ੍ਰੋਬੇਨ ਕਹਿੰਦੇ। ਅਰਬਾਂ ਨੇ ਇਸ ਨੂੰ ਸੇਰੰਦੀਬ ਕਿਹਾ। ਲੋਕ ਸਾਊ ਸਨ। ਰਾਮਾਇਣ ਵਿਚ ਇਸ ਦੇਸ ਦਾ ਨਾਮ ਕਈ ਵਾਰ ਆਉਂਦਾ ਹੈ, ਰਾਵਣ ਨੇ ਇਥੇ ਸੀਤਾ ਨੂੰ ਕੈਦ ਵਿਚ ਰੱਖਿਆ ਸੀ। ਛੋਟੇ ਜਿਹੇ ਇਸ ਦੇਸ ਦਾ ਰਕਬਾ ਉਤਰ ਦੱਖਣ 440 ਕਿਲੋਮੀਟਰ ਤੇ ਪੂਰਬ ਪੱਛਮ 200 ਕਿਲੋਮੀਟਰ ਹੈ। ਵਿਚਕਾਰ ਕੁਝ ਪਹਾੜੀ ਇਲਾਕਿਆਂ ਉਪਰ ਚਾਹ ਦੇ ਬਾਗ ਹਨ, ਬਾਕੀ ਮੈਦਾਨਾਂ ਵਿਚ ਖੇਤੀ ਹੁੰਦੀ ਹੈ। ਚਾਰੇ ਪਾਸਿਆਂ ਤੋਂ ਸੁਨਹਿਰੀ ਸਮੁੰਦਰ ਨਾਲ ਘਿਰਿਆ ਦੇਸ ਸੁਰਗ ਦਾ ਟੁਕੜਾ ਹੈ। ਇਹੀ ਕਾਰਨ ਹੈ ਕਿ ਸਿਆਸੀ ਉਥਲ ਪੁਥਲ ਦੇ ਬਾਵਜੂਦ ਸੈਲਾਨੀ ਸਾਰੀ ਦੁਨੀਆਂ ਵਿਚੋਂ ਆਈ ਜਾਂਦੇ ਹਨ। ਸਾਇੰਸ ਫਿਕਸ਼ਨ ਲਿਖਣ ਵਾਲਾ ਸੰਸਾਰ ਪ੍ਰਸਿਧ ਵਿਦੇਸ਼ੀ ਲੇਖਕ ਆਰਥਰ ਸੀæ ਕਲਾਰਕ ਕੋਲੰਬੋ ਵਿਚ ਹੀ ਵਸ ਗਿਆ। ਆਬਾਦੀ ਆਸਟਰੇਲੀਆ ਜਿੰਨੀ ਦੋ ਕਰੋੜ ਹੈ। ਦੋ ਤਿਹਾਈ ਸਿੰਘਲੀ ਹਨ ਜੋ ਬੋਧੀ ਹਨ, ਥੋੜ੍ਹੇ ਕੁ ਈਸਾਈ ਵੀ। ਤੀਜਾ ਹਿੱਸਾ ਤਾਮਿਲ ਹਨ ਜਿਨ੍ਹਾਂ ਵਿਚ ਵਧੀਕ ਹਿੰਦੂ ਹਨ, ਥੋੜ੍ਹੇ ਈਸਾਈ ਅਤੇ ਮੁਸਲਮਾਨ ਹਨ। ਬਹੁਤੇ ਤਾਮਿਲ ਮੂਲਵਾਸੀ ਹਨ, ਪਰ ਹੌਲੀ-ਹੌਲੀ ਕੰਮ ਦੀ ਤਲਾਸ਼ ਵਿਚ ਭਾਰਤੀ ਤਾਮਿਲ ਵੀ ਇਧਰ ਵੱਲ ਪਰਵਾਸ ਕਰਦੇ ਰਹੇ।
ਸਿੰਘਲੀਆਂ ਅਤੇ ਤਾਮਿਲਾਂ, ਦੋਵਾਂ ਦੇ ਕਲਚਰ ਦੇ ਅਨੇਕ ਪੱਖ ਭਾਰਤੀਆਂ ਨਾਲ ਮਿਲਦੇ ਹਨ। ਲੰਕਾ ਨੂੰ ਸਿੰਘਲਾਦੀਪ ਵੀ ਕਿਹਾ ਜਾਂਦਾ ਰਿਹਾ, ਇਥੋਂ ਦੀ ਬੋਲੀ ਸਿੰਘਲੀ ਹੈ ਤੇ ਕੌਮੀ ਨਿਸ਼ਾਨ ਸਿੰਘ, ਯਾਨੀ ਕਿ ਸ਼ੇਰ। ਤਾਮਿਲਾਂ ਦਾ ਕੌਮੀ ਚਿੰਨ੍ਹ ਚੀਤਾ ਹੈ। ਲੰਕਾ ਦੇ ਝੰਡੇ ਉਪਰ ਸ਼ੇਰ ਦੀ ਤਸਵੀਰ ਹੈ ਤੇ ‘ਲਿਟੇ’ ਦੇ ਝੰਡੇ ਉਪਰ ਚੀਤੇ ਦੀ।
ਤਾਮਿਲਾਂ ਅਤੇ ਸਿੰਘਲੀਆਂ ਵਿਚਕਾਰ ਤਣਾਉ ਤਾਂ ਹਮੇਸ਼ਾ ਰਿਹਾ, ਪਰ ਸੋਲੋਮਨ ਬੰਦਰਨਾਇਕ ਨੇ ਐਲਾਨ ਕੀਤਾ ਕਿ ਜੇ ਉਹ ਸੱਤਾ ਵਿਚ ਆ ਗਿਆ ਤਾਂ ਅੰਗਰੇਜ਼ੀ ਦੀ ਥਾਂ ਸਿੰਘਲੀ ਭਾਸ਼ਾ ਕੌਮੀ ਬੋਲੀ ਹੋਏਗੀ। ਉਹ 1956 ਵਿਚ ਤਾਕਤ ਵਿਚ ਆ ਗਿਆ। ਤਾਮਿਲਾਂ ਨੂੰ ਲੱਗਾ ਉਨ੍ਹਾਂ ਦੀ ਹੱਤਕ ਹੋਈ ਹੈ। ਉਨ੍ਹਾਂ ਦੇ ਵਿਦਰੋਹ ਨੂੰ ਸਿੰਘਲੀ ਲੀਡਰਾਂ ਨੇ ਗੌਲਿਆ ਨਹੀਂ। ਤਾਮਿਲ ਲੀਡਰ ਚੇਲਵਾ ਨਾਇਕ ਇਸ ਵਿਧਾਨਕ ਤਬਦੀਲੀ ਵਿਰੁੱਧ ਕੋਲੰਬੋ ਤਿੰਨ ਸੌ ਵਰਕਰਾਂ ਨਾਲ ਧਰਨੇ ‘ਤੇ ਬੈਠਾ ਸੀ ਕਿ ਗੁਸੈਲੇ ਸਿੰਘਲੀਆਂ ਨੇ ਹੱਲਾ ਬੋਲ ਦਿੱਤਾ। ਚੇਲਵਾ ਨੂੰ ਲੰਕਾ ਦਾ ਗਾਂਧੀ ਕਿਹਾ ਜਾਂਦਾ ਸੀ ਕਿਉਂਜੋ ਉਹ ਪੂਰਨ ਅਹਿੰਸਾਵਾਦੀ ਸੀ। ਪੁਲਿਸ ਤਮਾਸ਼ਾ ਦੇਖਦੀ ਰਹੀ। ਇਸ ਤੋਂ ਪਿਛੋਂ ਤਾਂ ਹਰ ਥਾਂ ਉਤੇ ਇਹ ਸ਼ੁਗਲ ਬਣ ਗਿਆ ਕਿ ਸਿੰਘਲੀ ਲੋਕ ਤਾਮਿਲਾਂ ਦੇ ਘਰ ਦੁਕਾਨਾਂ ਆਮ ਲੁੱਟਣ ਲੱਗੇ। ਵੱਖ-ਵੱਖ ਥਾਂਵਾਂ ‘ਤੇ ਡੇਢ ਸੌ ਕਤਲ ਹੋਏ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸਨ। ਇਥੋਂ ਵਖਰੇ ਤਾਮਿਲ ਹੋਮਲੈਂਡ ਦਾ ਖਿਆਲ ਜਨਮਿਆ ਜਿਸ ਨੂੰ ਤਾਮਿਲ ਈਲਮ ਕਿਹਾ ਗਿਆ।
ਬੰਦਰਨਾਇਕ ਨੂੰ ਹੁਣ ਸੁਰਤ ਆਈ ਕਿ ਉਹ ਗਲਤੀ ਕਰ ਬੈਠਾ ਹੈ, ਦੇਸ ਦੇ ਦੋ ਟੋਟੋ ਹੋ ਸਕਦੇ ਹਨ। ਉਸ ਨੇ ਵਾਅਦਾ ਕੀਤਾ ਕਿ ਉਹ ਤਾਮਿਲ ਭਾਸ਼ਾ ਦਾ ਵਿਕਾਸ ਕਰੇਗਾ ਤੇ ਤਾਮਿਲ ਪਰਜਾ ਵਾਲੇ ਇਲਾਕਿਆਂ ਦਾ ਪ੍ਰਬੰਧ ਤਾਮਿਲ ਕਰਨਗੇ। ਸਾਲ 1958 ਵਿਚ ਤਾਮਿਲਾਂ ਦੀ ਕਾਨਫਰੰਸ ਖਤਮ ਹੋਈ ਕਿ ਵਾਪਸੀ ਵਕਤ ਉਨ੍ਹਾਂ ਦੀ ਰੇਲ ਗੱਡੀ ਉਪਰ ਸਿੰਘਲੀਆਂ ਨੇ ਹੱਲਾ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਕਤਲ ਹੋ ਗਏ। ਥਾਂ-ਥਾਂ ਹਿੰਸਾ ਭੜਕੀ। ਰਫਿਊਜੀ ਕੈਂਪ ਖੋਲ੍ਹੇ ਗਏ ਜਿਨ੍ਹਾਂ ਵਿਚ ਵੀਹ ਹਜ਼ਾਰ ਤਾਮਿਲ ਉਜੜ ਕੇ ਆ ਗਏ। 1959 ਵਿਚ ਇਕ ਬੋਧ ਭਿੱਖੂ ਨੇ ਬੰਦਰਨਾਇਕ ਨੂੰ ਗੋਲੀ ਨਾਲ ਫੁੰਡ ਦਿੱਤਾ। ਬੰਦਰਨਾਇਕ ਦੀ ਪਤਨੀ ਸਿਰੀਮਾਵੋ ਬੰਦਰਨਾਇਕ ਪ੍ਰਧਾਨ ਮੰਤਰੀ ਬਣੀ।
ਅੰਗਰੇਜ਼ਾਂ ਦੇ ਰਾਜ ਸਮੇਂ ਤਾਮਿਲ ਈਸਾਈਆਂ ਦੇ ਸਕੂਲ ਵਿਚ ਪੜ੍ਹਦੇ, ਅੰਗਰੇਜ਼ੀ ਤੇ ਤਾਮਿਲ ਦੋਵੇਂ ਬੋਲੀਆਂ ਸਿੱਖਦੇ। ਸਾਰੇ ਦੇਸ ਵਿਚ ਨੌਕਰੀਆਂ ਪੱਖੋਂ ਉਹ ਸਿੰਘਲੀਆਂ ਤੋਂ ਅਗੇ ਸਨ। ਸਕਰਾਰ ਨੇ ਫੈਸਲਾ ਕੀਤਾ ਕਿ ਅਗਾਂਹ ਤੋਂ ਟੈਸਟ ਸਿੰਘਲੀ ਵਿਚ ਹੋਇਆ ਕਰਨਗੇ। ਤਾਮਿਲਾਂ ਨੂੰ ਲੱਗਾ, ਉਨ੍ਹਾਂ ਦਾ ਭਵਿੱਖ ਹਨ੍ਹੇਰਾ ਹੋ ਰਿਹਾ ਹੈ। ਸਰਕਾਰ ਵਿਰੁੱਧ ਵਿਦਿਆਰਥੀ ਸੜਕਾਂ ਉਤੇ ਆ ਗਏ। ਸੰਸਦ ਮੈਂਬਰ ਚੇਲਵਾ ਨਾਇਕ ਨੇ ਰੋਸ ਵਜੋਂ ਆਪਣੇ ਚੋਣ ਹਲਕੇ ਤੋਂ ਅਸਤੀਫਾ ਦੇ ਕੇ ਐਲਾਨ ਕੀਤਾ-ਮੈਂ ਤਾਮਿਲਾਂ ਦੇ ਹੱਕ ਵਿਚ ਫਿਰ ਇਥੋਂ ਚੋਣ ਲੜਾਂਗਾ, ਕਿਸੇ ਵਿਚ ਹਿੰਮਤ ਹੈ ਤਾਂ ਜਿੱਤ ਕੇ ਦਿਖਾਏ। ਉਸ ਨੇ ਅਸਤੀਫਾ ਵੀ ਜਾਣ ਕੇ ਦੋ ਅਕਤੂਬਰ (1972) ਨੂੰ ਦਿੱਤਾ ਜੋ ਮਹਾਤਮਾ ਗਾਂਧੀ ਦਾ ਜਨਮ ਦਿਨ ਸੀ। ਬੰਦਰਨਾਇਕ ਚੋਣ ਕਿੰਨੀ ਕੁ ਦੇਰ ਟਾਲ ਸਕਦੀ ਸੀ? 1975 ਵਿਚ ਚੋਣ ਹੋਈ। ਇਹ ਚੋਣ ਸਿੰਘਲੀ ਬਨਾਮ ਤਾਮਿਲ ਤਾਕਤ ਦੀ ਜ਼ੋਰ ਅਜ਼ਮਾਇਸ਼ ਸੀ। ਬੀਬੀ ਬੰਦਰਨਾਇਕ ਨੇ ਚੇਲਵਾ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਹੌਸਲਾ ਨਾ ਕੀਤਾ। ਉਸ ਵਿਰੁੱਧ ਤਾਮਿਲ ਕਾਮਰੇਡ ਖੜ੍ਹਾ ਕਰ ਦਿੱਤਾ। ਚੇਲਵਾ ਰਿਕਾਰਡ ਤੋੜ ਵੋਟ ਨਾਲ ਜਿੱਤਿਆ।
ਲੰਮੇ ਸਮੇਂ ਤੋਂ ਚੇਲਵਾ ਲੀਡਰ ਚਲਿਆ ਆ ਰਿਹਾ ਸੀ। ਉਹ ਦੇਸ ਵੰਡ ਦੇ ਖਿਲਾਫ ਸੀ। ਕਿਹਾ ਕਰਦਾ-ਭਲਾ ਇਸ ਵਿਚ ਹੈ ਕਿ ਸਿੰਘਲ ਤੇ ਤਾਮਿਲ ਭਰਾਵਾਂ ਵਾਂਗ ਮਿਲ ਕੇ ਰਹਿਣ। ਹੁਣ ਉਸ ਦੀ ਬੋਲੀ ਬਦਲ ਗਈ। ਉਸ ਦਾ ਐਲਾਨ ਛਪਿਆ, “ਮੈਂ ਆਪਣੇ ਦੇਸ ਵਾਸੀ ਸਿੰਘਲਾਂ ਅਤੇ ਤਾਮਿਲਾਂ ਨੂੰ ਦੱਸ ਦਿਆਂ ਕਿ ਹੁਣ ਤਾਮਿਲ ਕੌਮ ਦੇ ਆਜ਼ਾਦ ਹੋਣ ਦਾ ਸਮਾਂ ਆ ਗਿਆ ਹੈ। ਤਾਮਿਲ ਯੁਨਾਈਟਿਡ ਫਰੰਟ ਵਲੋਂ ਮੈਂ ਕਸਮ ਖਾਂਦਾ ਹਾਂ ਕਿ ਅਸੀਂ ਆਪਣੀ ਮੰਜ਼ਿਲ ਉਪਰ ਪੁੱਜਾਂਗੇ।”
ਸਿੰਘਲਾਂ ਨੇ ਇਸ ਨੂੰ ਫੋਕਾ ਦਮਗਜਾ ਸਮਝਿਆ। ਇਤਬਾਰ ਤਾਮਿਲਾਂ ਨੂੰ ਵੀ ਨਹੀਂ ਆਇਆ। ਮੁੱਠੀ ਭਰ ਤਾਮਿਲ ਏਡੀ ਤਕੜੀ ਸਰਕਾਰ ਅੱਗੇ ਕਿਵੇਂ ਟਿਕਣਗੇ? 1975 ਵਿਚ ਇਕ ਹੋਰ ਘਟਨਾ ਘਟੀ। ਜਾਫਨਾ ਦਾ ਮੇਅਰ, ਸਰਕਾਰ ਦਾ ਹਮਾਇਤੀ, ਦੁਰਿੱਪਾ ਗੋਲੀ ਨਾਲ ਫੁੰਡਿਆ ਗਿਆ। ਜਿਸ ਤਾਮਿਲ ਜੁਆਨ ਨੇ ਕਾਰਾ ਕੀਤਾ, ਕਦੀ ਫੜਿਆ ਨਾ ਗਿਆ। ਇਹੋ ਹੈ ਮੁੰਡਾ ਜਿਹੜਾ ਭਵਿੱਖ ਦੇ ਤਾਮਿਲਾਂ ਦਾ ਹੀਰੋ ਹੋਏਗਾ! ਉਸ ਦੇ ਹਥਿਆਰਾਂ ਦੇ ਧਮਾਕੇ ਲੰਕਾ ਦੇ ਜੰਗਲਾਂ ਵਿਚੋਂ ਸੁਣਾਈ ਦੇਣ ਲੱਗੇ। ਪੂਰਾ ਨਾਮ ਵੇਲੂਪਿੱਲੇ ਪ੍ਰਭਾਕਰਨ। ਉਸ ਨੇ ਦੱਸਿਆ, ਨਸਲੀ ਦੰਗਿਆਂ ਅਤੇ ਤਾਮਿਲਾਂ ਵਿਰੁੱਧ ਪੱਖਪਾਤ ਦੇ ਦੁੱਖ ਕਾਰਨ ਮੈਂ ਹਥਿਆਰ ਚੁੱਕਣ ਲਈ ਮਜਬੂਰ ਹੋਇਆ।