-ਗੁਲਜ਼ਾਰ ਸਿੰਘ ਸੰਧੂ
ਮਾਲਵੇ ਦਾ ਜੰਮਪਲ ਰਣਜੀਤ ਧੀਰ ਅੱਧੀ ਸਦੀ ਤੋਂ ਗੋਰਿਆਂ ਦੇ ਲੰਡਨ ਵਿਚ ਆਪਣੀ ਧਾਂਕ ਜਮਾਈ ਬੈਠਾ ਹੈ। 1980 ਦੀ ਗਰਮੀ ਰੁੱਤੇ ਉਸ ਨੇ ਬਰਤਾਨੀਆ ਦੇ ਸਿਰਕੱਢ ਪੰਜਾਬੀਆਂ ਨੂੰ ਨਾਲ ਲੈ ਕੇ ਅਜਿਹੀ ਵਿਸ਼ਵ ਪੰਜਾਬੀ ਕਾਨਫਰੰਸ ਰਚਾਈ, ਜੋ ਦੋ ਹਫਤੇ ਪੰਜਾਬ ਤੋਂ ਉਥੇ ਪਹੁੰਚੇ ਤਿੰਨ ਦਰਜਨ ਪੰਜਾਬੀਆਂ ਨੂੰ ਬਰਤਾਨੀਆਂ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਲੈ ਕੇ ਗਈ।
ਉਨ੍ਹਾਂ ਵਿਚ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ, ਦਲੀਪ ਕੌਰ ਟਿਵਾਣਾ, ਅਜੀਤ ਲੰਗੇਰੀ ਤੇ ਮੇਰੇ ਵਰਗੇ ਅਨੇਕਾਂ ਸਾਹਿਤਕਾਰ ਤੇ ਸੁਰਾਂ ਦੇ ਮਾਹਿਰ ਪਹਿਲੀ ਵਾਰ ਬਰਤਾਨੀਆ ਵੇਖਣ ਦੇ ਯੋਗ ਹੋਏ। ਉਸ ਤੋਂ ਪਿਛੋਂ ਅੱਜ ਤੱਕ ਦਰਜਨਾਂ ਵਿਸ਼ਵ ਕਾਨਫਰੰਸਾਂ ਦੁਨੀਆਂ ਦੇ ਕੋਨੇ-ਕੋਨੇ ਵਿਚ ਹੋਈਆਂ ਪਰ 1980 ਵਾਲੀ ਕਾਨਫਰੰਸ ਨੂੰ ਮਾਤ ਨਹੀਂ ਪਾ ਸਕੀਆਂ।
ਉਹ ਦਿਨ ਤੇ ਆਹ ਦਿਨ ਰਣਜੀਤ ਧੀਰ ਵੱਲੋਂ ਨਵੇਂ ਵਰ੍ਹੇ ਦੀ ਵਧਾਈ ਦਾ ਕਾਰਡ ਨਿਰੰਤਰ ਆ ਰਿਹਾ ਹੈ। ਪਹਿਲਾਂ ਦਿੱਲੀ ਤੇ ਹੁਣ ਚੰਡੀਗੜ੍ਹ। ਖੂਬੀ ਇਹ ਕਿ ਅੱਜ ਟੈਲੀਫੋਨ ਅਤੇ ਮੋਬਾਈਲਾਂ ਦੀ ਦੁਨੀਆਂ ਵਿਚ ਵੀ ਉਹ ਲਿਖਤੀ ਹਾਜ਼ਰੀ ਲਗਾਉਣਾ ਨਹੀਂ ਭੁੱਲਦਾ। ਵਿਦੇਸ਼ਾਂ ਦੀਆਂ ਸੈਂਕੜੇ ਹਜ਼ਾਰਾਂ ਟੈਲੀਫੋਨ ਘੰਟੀਆਂ ਨੂੰ ਸਾਡੇ ਚੇਤਿਆਂ ਦੀ ਨੁੱਕਰ ਵਿਚ ਧੱਕ ਕੇ ਉਸ ਦਾ ਕਾਰਡ ਅਗਲੇ ਸਾਲ ਦੀ ਆਮਦ ਤੱਕ ਅੱਖਾਂ ਦੇ ਸਾਹਮਣੇ ਰਹਿੰਦਾ ਹੈ। ਜਿਵੇਂ ਕਹਿ ਰਿਹਾ ਹੋਵੇ ਕਿ ਅਸੀਂ ਪੰਜਾਬੀ ਜੀਊੜੇ ਉਨ੍ਹਾਂ ਨੂੰ ਵੀ ਜਿੱਤ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਉਤੇ ਦੋ ਸੌ ਸਾਲ ਰਾਜ ਕੀਤਾ ਤੇ ਸਾਡੇ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਉਮਰ ਭਰ ਖੁੱਡੇ ਲਾਈਨ ਲਾਈ ਰੱਖਿਆ। 2016 ਵਾਲਾ ਕਾਰਡ ਉਸ ਦੀ ਮੇਅਰ ਪਤਨੀ ਵੱਲੋਂ ਹੈ।
ਰਣਜੀਤ ਧੀਰ ਲੰਡਨ ਦੀ ਈਲਿੰਗ ਕਾਊਂਸਲ ਦਾ ਕਈ ਸਾਲ ਕਾਊਂਸਲਰ ਰਿਹਾ ਹੈ। ਅੱਜ ਦੇ ਦਿਨ ਉਸ ਦੀ ਜੀਵਨ ਸਾਥਣ ਹਰਭਜਨ ਕੌਰ ਧੀਰ ਉਥੋਂ ਦੀ ਮੇਅਰ ਹੈ। ਪੰਜਾਬੀਆਂ ਲਈ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ। ਧੀਰ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ।
ਨਿੱਕੀ ਰਿਆਸਤ ਦਾ ਵੱਡਾ ਰਾਜਾ: ਸਾਲ 2015 ਜਾਂਦੇ ਜਾਂਦੇ ਆਪਣੇ ਨਾਲ ਉੜੀਸਾ ਦੇ ਕਰਨਾਟਕ ਇਲਾਕੇ ਵਿਚ ਪੈਂਦੀ ਟਿਗਰੀਆ ਰਿਆਸਤ ਦੇ ਰਾਜੇ ਬ੍ਰਜਰਾਜ ਮਹਾਪਤਰਾ ਨੂੰ ਵੀ ਲੈ ਗਿਆ ਹੈ। ਉਹ 94 ਸਾਲਾਂ ਦੇ ਸਨ। ਕੇਵਲ ਨੌਂ ਮੁਰੱਬਾ ਮੀਲ ਦੀ ਇਹ ਰਿਆਸਤ ਬ੍ਰਜਰਾਜ ਦੇ ਵਡੇਰਿਆਂ ਨੇ 1246 ਵਿਚ ਰਾਜਸਥਾਨ ਤੋਂ ਆ ਕੇ ਵਸਾਈ ਸੀ। ਜਦੋਂ ਸਰਦਾਰ ਪਟੇਲ ਨੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਸੁਤੰਤਰ ਭਾਰਤ ਦੀਆਂ ਸਭ ਰਿਆਸਤਾਂ ਦਾ ਸਮਰਪਣ ਮੰਗਿਆ ਤਾਂ ਬ੍ਰਜਰਾਜ ਨੇ ਵੀ ਉੜੀਸਾ ਦੇ 20 ਰਾਜਿਆਂ ਸਮੇਤ ਅਹਿਦਨਾਮੇ ਉਤੇ ਦਸਤਖਤ ਕਰ ਦਿੱਤੇ। ਆਪਣੀ ਜਵਾਨੀ ਵੇਲੇ ਉਸ ਨੂੰ ਕਾਰਾਂ ਰੱਖਣ ਦਾ ਖਬਤ ਸੀ ਤੇ ਸ਼ਿਕਾਰ ਖੇਡਣ ਦਾ ਸ਼ੌਕ। ਚੜ੍ਹਦੀ ਉਮਰੇ ਉਸ ਨੇ 56 ਕਾਰਾਂ ਬਦਲੀਆਂ। ਇਸ ਤੋਂ ਪਿੱਛੋਂ ਨਿੱਜੀ ਖਰਚੇ ਲਈ ਮਿਲਦੇ ਰਾਜ ਭੱਤੇ ਵਿਚ ਉਹ ਆਪਣਾ ਸ਼ੌਕ ਪਾਲਣ ਦੇ ਸਮਰਥ ਨਹੀਂ ਰਿਹਾ ਤਾਂ ਉਹ ਸ਼ਰਾਬਨੋਸ਼ੀ ਵਿਚ ਪੈ ਗਿਆ ਤੇ ਉਸ ਦੀਆਂ ਕਾਰਾਂ ਵੀ ਵਿਕ ਗਈਆਂ। ਰਾਜ ਕੁਮਾਰ ਕਾਲਜ ਰਾਇਪੁਰ ਦਾ ਵਿਦਿਆਰਥੀ ਰਿਹਾ ਹੋਣ ਕਾਰਨ ਉਹ ਅੰਤਲੇ ਸਾਹਾਂ ਤੱਕ ਉਸ ਦੀ ਗਵਰਨਿੰਗ ਬਾਡੀ ਦਾ ਮੈਂਬਰ ਰਿਹਾ ਤੇ ਕਾਲਜ ਵਾਲੇ ਉਸ ਨੂੰ 50,000 ਰੁਪਏ ਸਾਲਾਨਾ ਦਿੰਦੇ ਰਹੇ। ਇਹ ਪੈਸੇ ਵੀ ਉਹ ਲੋੜਵੰਦਾਂ ਨੂੰ ਦੇ ਦਿੰਦਾ। ਉਦੋਂ ਵੀ ਜਦੋਂ ਉਹ ਆਪਣਾ ਚਾਰ ਏਕੜ ਵਿਚ ਫੈਲਿਆ ਮਹਿਲ ਕੇਵਲ 75,000 ਵਿਚ ਉੜੀਸਾ ਸਰਕਾਰ ਨੂੰ ਵੇਚ ਕੇ ਇੱਕ ਨਿੱਕੀ ਜਿਹੀ ਪਹਾੜੀ ਉਤੇ ਕੁਟੀਆ ਬਣਾ ਕੇ ਰਹਿ ਰਿਹਾ ਸੀ। ਵੇਚਣ ਸਮੇਂ ਉਸ ਨੇ ਇੱਕ ਹੀ ਸ਼ਰਤ ਲਾਈ ਸੀ ਕਿ ਉਥੇ ਕੁੜੀਆਂ ਦਾ ਸਕੂਲ ਖੋਲ੍ਹਿਆ ਜਾਵੇ।
ਸਿਰੜੀ ਏਨਾ ਕਿ ਇੱਕ ਪੜਾਅ ਉਤੇ ਬੀਜੂ ਪਟਨਾਇਕ ਦੀ ਸਰਕਾਰ ਨੇ ਉਸ ਨੂੰ ਚੋਣ ਲੜਨ ਲਈ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਤਾਂ ਉਸ ਦਾ ਉਤਰ ਸੀ, ‘ਕਦੀ ਕੋਈ ਰਾਜਾ ਵੀ ਕਿਸੇ ਤੋਂ ਵੋਟਾਂ ਮੰਗਣ ਦੇ ਧੰਦੇ ਵਿਚ ਪੈ ਸਕਦਾ ਹੈ?’
ਅੰਤ ਸਰਕਾਰ ਨੇ ਇਸ ਟਿਕਟ ਲਈ ਉਸ ਦੀ ਵੱਖ ਹੋਈ ਪਤਨੀ ਰਸਮਾਨੀ ਦੇਵੀ ਨੂੰ ਮਨਾ ਲਿਆ ਤੇ ਉਹ ਜਿੱਤ ਵੀ ਗਈ। ਬ੍ਰਜਰਾਜ ਨੇ ਤਾਂ ਰਾਜ ਖੁਸ ਜਾਣ ਤੋਂ ਪਿਛੋਂ ਆਪਣੀ ਪਰਜਾ ਤੋਂ ਰਾਜਾ ਅਖਵਾਉਣਾ ਵੀ ਬੰਦ ਕਰ ਦਿੱਤਾ ਸੀ। ਟਿਗਰੀਆਂ ਦੇ ਸਾਰੇ ਵਸਨੀਕ ਉਸ ਨੂੰ ਆਜਾ (ਦਾਦਾ) ਕਹਿ ਕੇ ਬੁਲਾਉਂਦੇ ਸਨ।
ਅੰਤਲੇ ਦਿਨਾਂ ਵਿਚ ਉਸ ਨੇ ਆਪਣੀ ਕੁਟੀਆ ਤੋਂ ਪਰਜਾ ਵਿਚ ਜਾਣ ਲਈ ਇਕ ਰਿਕਸ਼ਾ ਰੱਖਿਆ ਹੋਇਆ ਸੀ ਤੇ ਉਹ ਜਿਥੇ ਵੀ ਜਾਂਦਾ ਲੋਕ ਉਸ ਦੇ ਪੈਰੀਂ ਹੱਥ ਲਾਉਂਦੇ ਤੇ ਉਸ ਨੂੰ ਰਾਸ਼ਨ ਦਿੰਦੇ। ਕਹਿੰਦੇ ਹਨ ਕਿ ਉਹ ਇਕ ਫੇਰੀ ਸਮੇਂ ਲੋੜ ਤੋਂ ਵੱਧ ਰਾਸ਼ਨ ਨਹੀਂ ਸੀ ਲੈਂਦਾ। ਮਰਨ ਤੋਂ ਕੁਝ ਦਿਨ ਪਹਿਲਾਂ ਉਸ ਨੇ ਹਰ ਕਿਸੇ ਨੂੰ ਇਹ ਕਹਿ ਦਿੱਤਾ ਸੀ ਕਿ ਉਸ ਦੇ ਸਸਕਾਰ ਲਈ ਕਿਸੇ ਕੋਲੋਂ ਵੀ 10 ਰੁਪਏ ਤੋਂ ਵੱਧ ਨਹੀਂ ਲੈਣੇ। ਉਹ ਲੋਕਾਂ ਵਿਚ ਏਨਾ ਹਰਮਨ ਪਿਆਰਾ ਸੀ ਕਿ ਪੁਰਾਣੀ ਟਿਗਰੀਆ ਦੇ ਵਸਨੀਕਾਂ ਨੇ ਉਸ ਦੀ ਯਾਦਗਾਰ ਸਥਾਪਿਤ ਕਰਨ ਦਾ ਵਚਨ ਲਿਆ ਹੈ।
ਉਸ ਦੇ ਅਕਾਲ ਚਲਾਣੇ ਨਾਲ ਅੰਗਰੇਜ਼ੀ ਰਾਜ ਵੇਲੇ ਦਾ ਆਖਰੀ ਰਾਜਾ ਤੁਰ ਗਿਆ ਹੈ। ਉਸ ਦਾ ਪੂਰਾ ਨਾਂ ਬ੍ਰਜਰਾਜ ਖਤਰੀ, ਬੀਰਬੜਾ ਚੰਪਤੀ ਸਿੰਘ ਮਹਾਪਤਰਾ ਸੀ। 1920 ਵਿਚ ਜਨਮਿਆ ਇਹ ਰਾਜਾ 1954 ਵਿਚ ਗੱਦੀ ਉਤੇ ਬੈਠਿਆ ਸੀ।
ਅੰਤਿਕਾ:
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ।
ਬਜ਼ਮ ਏ ਲੁਤਫ ਏ ਸੁਖਨ ਮੁਬਾਰਕ ਹੋ
ਬਾਕਮਾਲੋਂ ਕੀ ਯਾਦ ਆਤੀ ਹੈ।