ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸੁਖਪਾਲ ਦਾ ਫੋਨ ਆਉਂਦਾ ਤਾਂ ਮਨ ਉਦਾਸ ਕਰ ਕੇ ਕਹਿੰਦਾ, “ਬਾਈ! ਕੀ ਕਰਾਂ, ਪੂਰੇ ਬਾਰਾਂ ਸਾਲ ਹੋ ਗਏ ਪਿੰਡੋਂ ਆਇਆਂ, ਅਜੇ ਤੱਕ ਪੇਪਰਾਂ ਦੀ ਤਾਣੀ ਦਾ ਕੋਈ ਸਿਰਾ ਨਹੀਂ ਲੱਭਿਆ। ਬੀਬੀ ਕਹਿੰਦੀ ਰਹਿੰਦੀ ਹੈ ਕਿ ਪਿੰਡ ਆ ਜਾ, ਆਪਣੇ ਬੱਚੇ ਸੰਭਾਲ ਆ ਕੇ।”
“ਬਾਈ ਦੇਖ ਲੈ ਇਕ-ਅੱਧ ਸਾਲ ਹੋਰ। ਜੇ ਪੇਪਰ ਬਣ ਜਾਣ ਤਾਂ ਠੀਕ, ਨਹੀਂ ਤਾਂ ਉਡਾਰੀ ਮਾਰ ਜਾਈਂ।” ਮੈਂ ਆਖ ਦਿੰਦਾ।
ਉਹਨੇ ਪੇਪਰਾਂ ਦੀ ਉਡੀਕ ਕਰਦੇ ਨੇ ਚੌਦਾਂ ਸਾਲ ਕੱਢ ਲਏ ਪਰ ਗੱਲ ਨਾ ਬਣੀ। ਆਖਰ ਉਹ ਪਿੰਡ ਮੁੜ ਗਿਆ। ਪਿਛਲੇ ਹਫਤੇ ਚਾਰ ਸਾਲ ਬਾਅਦ ਉਹਦਾ ਫੋਨ ਆਇਆ। ਝੱਟ ਹੀ ਮੈਂ ਉਹਦੀ ਆਵਾਜ਼ ਪਛਾਣ ਲਈ। ਵਾਪਸ ਅਮਰੀਕਾ ਆਏ ਨੇ ਆਪਣੇ ਦਰਦਾਂ ਦੀ ਕਹਾਣੀ ਇੰਜ ਸੁਣਾਈ:
ਬਾਈæææਅਸੀਂ ਦੋ ਭਰਾ ਹਾਂ ਤੇ ਇਕ ਭੈਣ। ਦਰਮਿਆਨੀ ਕਿਸਾਨੀ ਦਾ ਹਾਲ ਤੈਨੂੰ ਪਤਾ ਹੀ ਹੈ, ਖੇਤੀ ਵਿਚੋਂ ਕੁਝ ਨਹੀਂ ਸੀ ਬਚਦਾ। ਅਸੀਂ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਇਕ ਜਣਾ ਬਾਹਰਲੇ ਦੇਸ਼ ਚਲਿਆ ਜਾਵੇ। ਵੱਡੇ ਭਰਾ ਦਾ ਨਵਾਂ-ਨਵਾਂ ਵਿਆਹ ਹੋਇਆ ਸੀ; ਸੋ, ਮੈਂ ਤਿਆਰ ਹੋ ਗਿਆ। ਬਾਪੂ ਤਾਂ ਸੁਖਾਲਾ ਹੀ ਮੰਨ ਗਿਆ, ਪਰ ਬੀਬੀ ਕਹੇ-ਬਾਹਰ ਜਾਣ ਕੋਈ ਨਹੀਂ ਦੇਣਾ, ਜੇ ਜਾਣੈ ਤਾਂ ਵਿਆਹ ਕਰਵਾ ਕੇ ਜਾਈਂ। ਬਥੇਰਾ ਸਮਝਾਇਆ, ਪਰ ਮਾਂਵਾਂ ਠੰਢੀਆਂ ਛਾਂਵਾਂ ਜੋ ਹੁੰਦੀਆਂ!æææਮੇਰੇ ਵੀ ਵਟਣਾ ਲੱਗ ਗਿਆ। ਭਰਾ ਦੇ ਵਿਆਹ ਦਾ ਕਰਜ਼ਾ ਲੱਥਿਆ ਨਹੀਂ ਸੀ ਕਿ ਮੇਰੇ ਵਿਆਹ ਦਾ ਹੋਰ ਚੜ੍ਹ ਗਿਆ। ਭੈਣ ਦਾ ਵਿਆਹ ਅਜੇ ਕਰਨਾ ਸੀ। ਵੱਡੇ ਭਰਾ ਦੇ ਦੋ ਮੁੰਡੇ ਹੋ ਗਏ। ਮੈਂ ਵਿਆਹ ਤੋਂ ਬਾਅਦ ਬਾਹਰ ਦਾ ਨਾਂ ਲੈਣਾ ਵੀ ਛੱਡ ਦਿੱਤਾ। ਚੰਨ ਵਰਗੀ ਘਰਵਾਲੀ ਨੂੰ ਛੱਡ ਕੇ ਕੌਣ ਬਾਰਡਰ ਟੱਪਦਾ ਫਿਰੂ! ਅਜੇ ਸਾਲ ਹੀ ਹੋਇਆ ਸੀ ਕਿ ਬੀਬੀ ਆਖਣ ਲੱਗ ਗਈ-“ਵੇ ਹੁਣ ਨਹੀਂ ਵਲੈਤ ਨੂੰ ਜਾਣਾ, ਤੀਵੀਂ ਦੇ ਗੋਡੀਂ ਲੱਗਿਆ ਰਹਿੰਨੈਂ।”
“ਹੁਣ ਨਹੀਂ ਜਾਂਦਾ ਬਾਹਰ। ਵੱਡੇ ਨੂੰ ਭੇਜੋ ਹੁਣ। ਨਾਲੇ ਉਹਦਾ ਜੁਆਕਾਂ ਵਾਲਾ ਕੰਮ ਮੁੱਕ ਗਿਆ।” ਮੈਂ ਹਾਸੇ ਵਿਚ ਕਹਿੰਦਾ।
ਫਿਰ ਪਿੰਡ ਦੇ ਕਿਸੇ ਏਜੰਟ ਨਾਲ ਗੱਲ ਕਰ ਕੇ ਵੱਡੇ ਭਰਾ ਨੂੰ ਦੁਬਈ ਭੇਜ ਦਿੱਤਾ। ਭਰਾ ਨੇ ਪਹਿਲਾਂ ਏਜੰਟ ਦੇ ਪੈਸੇ ਮੋੜੇ, ਫਿਰ ਭੈਣ ਦੇ ਵਿਆਹ ਜੋਗੇ ਕਮਾ ਕੇ ਭੇਜੇ। ਭਰਾ ਦੇ ਦੁਬਈ ਜਾਣ ਨਾਲ ਸਾਡੀ ਅਜੇ ਬਹੁਤੀ ਤਰੱਕੀ ਤਾਂ ਨਹੀਂ ਸੀ ਹੋਈ, ਪਰ ਮਾਣ ਜਿਹਾ ਹੁੰਦਾ ਕਿ ਸਾਡਾ ਭਰਾ ਵੀ ਬਾਹਰ ਹੈ। ਮੇਰੇ ਵੱਲ ਰੱਬ ਨੇ ਲਾਟਰੀ ਕੱਢ ਦਿੱਤੀ, ਪੁੱਤ ਤੇ ਧੀ ਜੌੜੇ ਹੋ ਗਏ। ਭਰਾ ਨੇ ਪੈਸੇ ਭੇਜੇ। ਉਂਜ, ਮੇਰੇ ਬੱਚਿਆਂ ਤੋਂ ਬਾਅਦ ਭਰਜਾਈ ਦੇ ਸੁਭਾਅ ਵਿਚ ਰੁੱਖਾਪਣ ਆ ਗਿਆ। ਘਰ ਵਿਚ ਲੜਾਈ ਸ਼ੁਰੂ ਹੋ ਗਈ। ਮੈਂ ਸਮਝ ਗਿਆ ਕਿ ਭਰਜਾਈ ਦੇ ਦਿਲ ਵਿਚ ਕੀ ਹੈ! ਉਹ ਚਾਹੁੰਦੀ ਸੀ ਕਿ ਹੁਣ ਸੁਖਪਾਲ ਦੇ ਬੱਚੇ ਹੋ ਗਏ, ਇਹ ਬਾਹਰ ਚਲਿਆ ਜਾਵੇ ਤੇ ਉਹਦਾ ਮਾਹੀ ਘਰ ਆ ਜਾਵੇ। ਇਕ ਦਿਨ ਮੈਂ ਭਰਜਾਈ ਦੇ ਦਿਲ ਵਾਲੀ ਗੱਲ ਬੁੱਲ੍ਹਾਂ ‘ਤੇ ਲੈ ਆਇਆ,”ਭਾਬੀ! ਕਿਉਂ ਲੜਦੀ ਰਹਿੰਦੀ ਏਂ? ਮਸਾਂ-ਮਸਾਂ ਇਕ ਭਾਬੀ ਐਂ ਤੂੰ ਮੇਰੀ!” ਮੈਂ ਲਾਡ ਨਾਲ ਕਿਹਾ।
“ਲੜਾਂ ਨਾ ਤਾਂ ਹੋਰ ਕੀ ਕਰਾਂ। ਮੈਂ ਆਪਣਾ ਦੁਖ-ਸੁਖ ਕੀਹਦੇ ਨਾਲ ਸਾਂਝਾ ਕਰਾਂ।” ਭਾਬੀ ਨੇ ਚੁੱਲ੍ਹੇ ਵਿਚ ਫੂਕ ਮਾਰਦਿਆਂ ਕਿਹਾ।
“ਘਰੇ ਬੀਬੀ ਹੈ, ਤੇਰੀ ਦਰਾਣੀ ਹੈ ਤੇ ਲਾਡਲਾ ਦਿਉਰ ਹੈ; ਜ੍ਹਿਦੇ ਨਾਲ ਮਰਜ਼ੀ ਦੁਖ-ਸੁਖ ਸਾਂਝਾ ਕਰ ਲੈ; ਜਾਂ ਫਿਰ ਇਹ ਉਹ ਦੁਖ-ਸੁਖ ਹੈ ਜੋ ਵੱਡੇ ਭਰਾ ਨਾਲ ਹੀ ਸਾਂਝਾ ਕਰ ਸਕਦੀ ਹੈਂ।” ਮੈਂ ਮਖੌਲ ਕਰ ਗਿਆ।
“ਚੱਲ ਵੇ! ਜਦੋਂ ਬਾਹਰ ਗਿਆ ਤਾਂ ਪਤਾ ਲੱਗੂ ਕਿਹੜਾ ਦੁਖ-ਸੁਖ ਹੁੰਦੈ। ਦਿਨ ਕੰਮ ਕਰਦਿਆਂ ਲੰਘ ਜਾਂਦਾ ਤੇ ਰਾਤ ਰੱਬ ਵੱਲ ਦੇਖਦਿਆਂ।” ਭਾਬੀ ਨੇ ਧੂੰਏਂ ਦੇ ਬਹਾਨੇ ਅੱਖਾਂ ਵਿਚੋਂ ਹੰਝੂ ਕੱਢ ਲਏ ਸਨ।
“ਭਾਬੀ! ਐਤਕੀਂ ਵੱਡਾ ਭਰਾ ਦੀਵਾਲੀ ਨੂੰ ਪੱਕਾ ਆ ਜਾਊਗਾ ਤੇ ਮੈਂ ਬਾਹਰ ਚਲਿਆ ਜਾਊਂ; ਬੱਸ, ਤੂੰ ਲੜਿਆ ਨਾ ਕਰ।” ਮੈਂ ਦਿਲਾਸਾ ਦਿੱਤਾ।
ਭਾਬੀ ਦਾ ਲਾਲ ਸੂਹਾ ਮੁੱਖ ਖਿੜ ਗਿਆ। ਲੜਨੋਂ ਵੀ ਹਟ ਗਈ ਤੇ ਮੈਂ ਵੱਡੇ ਭਰਾ ਨੂੰ ਸੱਦ ਲਿਆ। ਸਾਰਿਆਂ ਦੀ ਸਲਾਹ ਨਾਲ ਦੋ ਕਿੱਲੇ ਜ਼ਮੀਨ ਬੈਅ ਕੀਤੀ। ਏਜੰਟ ਰਾਹੀਂ ਅਮਰੀਕਾ ਦਾ ਵੀਜ਼ਾ ਲੁਆ ਕੇ ਸਭ ਨੂੰ ਰੋਂਦਾ ਛੱਡ ਜਹਾਜ਼ੇ ਚੜ੍ਹ ਆਇਆ। ਇਥੇ ਆ ਕੇ ਧੱਕੇ-ਠੋਕਰਾਂ ਖਾਂਦਾ ਮਸਾਂ ਕੰਮ ‘ਤੇ ਲੱਗਿਆ। ਫਿਰ ਕਿਸੇ ਮਿੱਤਰ ਦੇ ਕਹਿਣ ‘ਤੇ ਅਸਾਈਲਮ ਦਾ ਕੇਸ ਪਾ ਦਿੱਤਾ। ਵਰਕ ਪਰਮਿਟ ਮਿਲ ਗਿਆ ਤੇ ਮੈਂ ਚਾਰ ਡਾਲਰ ਵੱਧ ਕਮਾਉਣ ਲੱਗ ਗਿਆ। ਪਹਿਲਾਂ ਤਾਂ ਸਿਰ ਚੜ੍ਹਿਆ ਕਰਜ਼ਾ ਲਾਹਿਆ, ਫਿਰ ਵਾਰੀ ਆਈ ਵੇਚੀ ਜ਼ਮੀਨ ਵਾਪਸ ਖਰੀਦਣ ਦੀ। ਬਾਪੂ ਨੂੰ ਕਿਹਾ ਕਿ ਚਾਰ ਕਿੱਲੇ ਇਕੱਠੇ ਜ਼ਮੀਨ ਖਰੀਦ।
ਬਾਪੂ ਵੀ ਹੌਸਲੇ ਵਿਚ ਹੋ ਗਿਆ। ਦੋਵਾਂ ਭਰਾਵਾਂ ਦੇ ਬੱਚੇ ਚੰਗੇ ਸਕੂਲ ਪੜ੍ਹਨ ਲੱਗ ਪਏ। ਮੇਰੇ ਅਮਰੀਕਾ ਆਉਣ ਨਾਲ ਸਾਰਾ ਘਰ ਬਾਗੋ-ਬਾਗ ਹੋ ਗਿਆ। ਪੱਕੇ ਹੋਣ ਦੀ ਜੱਦੋਜਹਿਦ ਵੀ ਨਾਲ-ਨਾਲ ਚੱਲੀ ਗਈ। ਸਾਲ ਬਾਅਦ ਵਰਕ ਪਰਮਿਟ ਮਿਲ ਜਾਂਦਾ। ਪਿੰਡ ਘਰਦੇ ਅਰਦਾਸਾਂ ਕਰੀ ਜਾਂਦੇ-ਮੁੰਡਾ ਪੱਕਾ ਹੋ ਜਾਵੇ! ਵੱਡਾ ਭਰਾ ਕਹਿੰਦਾ, ਆਪਾਂ ਦੋ ਕਿੱਲੇ ਵੇਚੇ ਸੀ ਤੇ ਹੁਣ ਚਾਰ ਕਿੱਲੇ ਲੈ ਲਏ ਹਨ, ਹੁਣ ਵਧੀਆ ਕੋਠੀ ਪਾਉਣੀ ਹੈ।
ਫਿਰ ਫਿਰਨੀ ਵਾਲੇ ਪਲਾਟ ਵਿਚ ਕੋਠੀ ਦਾ ਨੀਂਹ ਪੱਥਰ ਰੱਖ ਦਿੱਤਾ। ਫੌਜੀ ਦੀ ਚਿੱਠੀ ਵਾਂਗ ਹਰ ਮਹੀਨੇ ਮਨੀਅਰਾਡਰ ਜਾਣ ਲੱਗੇ। ਕਦੇ ਡਰ ਲੱਗਦਾ ਕਿ ਜੇ ਇਮੀਗ੍ਰੇਸ਼ਨ ਵਾਲਿਆਂ ਫੜ ਕੇ ਇੰਡੀਆ ਚਾੜ੍ਹ ਦਿੱਤਾ ਤਾਂ ਕੋਠੀ ਅੱਧ ਵਿਚਾਲੇ ਨਾ ਰਹਿ ਜਾਵੇ। ਖੈਰ! ਦੋ ਸਾਲਾਂ ਵਿਚ ਕੋਠੀ ਤਿਆਰ ਹੋ ਗਈ। ਡਾਲਰਾਂ ਨੇ ਘਰ ਦੀ ਹਰ ਚੀਜ਼ ਬਦਲ ਦਿੱਤੀ। ਬਾਪੂ ਨੇ ਡੱਬੀਆਂ ਵਾਲਾ ਪਰਨਾ ਲਾਹ ਕੇ ਪੱਗ ਬੰਨ੍ਹ ਲਈ ਸੀ। ਘਰੇ ਵੱਡਾ ਟਰੈਕਟਰ ਆ ਗਿਆ। ਸਕੂਟਰ ਤੇ ਮੋਟਰਸਾਈਕਲ। ਮੈਨੂੰ ਇੰਨੀ ਤਸੱਲੀ ਹੁੰਦੀ ਕਿ ਮੇਰੇ ਆਉਣ ਨਾਲ ਸਾਰਾ ਪਰਿਵਾਰ ਹੱਸਦਾ-ਖੇਡਦਾ ਹੈ। ਇਕ ਦਿਨ ਭਾਬੀ ਨਾਲ ਫੋਨ ‘ਤੇ ਗੱਲ ਹੋਈ। ਮੈਂ ਪੁੱਛਿਆ, “ਭਾਬੀ! ਹੁਣ ਮੇਰੇ ਵਾਲੀ ਤਾਂ ਨਹੀਂ ਲੜਦੀæææਹੁਣ ਇਹ ਤਾਂ ਨਹੀਂ ਕਹਿੰਦੀ ਕਿ ਦੁਖ-ਸੁਖ ਸਾਂਝਾ ਕਰਨ ਲਈ ਮਾਹੀ ਨਹੀਂ ਹੈ।”
“ਵੇ ਪਾਲਿਆ! ਤੂੰ ਕੀ ਜਾਣੇ ਔਰਤ ਦੇ ਦੁੱਖਾਂ ਨੂੰ! ਇਹ ਵਿਚਾਰੀ ਲੜਦੀ ਤਾਂ ਨਹੀਂ, ਪਰ ਅੰਦਰੋ-ਅੰਦਰੀ ਖਿੱਲ ਵਾਂਗ ਭੁੱਜਦੀ ਤਾਂ ਹੋਊਗੀ।”
ਭਾਬੀ ਨਾਲ ਗੱਲ ਕਰ ਕੇ ਕਈ ਦਿਨ ਜੀਅ ਨਾ ਲੱਗਿਆ। ਘਰਵਾਲੀ ਨਾਲ ਗੱਲ ਕੀਤੀ। ਉਹ ਕਹਿੰਦੀ, ਮੈਨੂੰ ਇਥੇ ਕੋਈ ਦੁੱਖ ਨਹੀਂ, ਬੱਸ ਸਾਡਾ ਕੰਮ ਬਣ ਜਾਵੇ, ਤੁਹਾਡੇ ਕੋਲ ਆ ਜਾਈਏ, ਫਿਰ ਸਭ ਕੁਝ ਠੀਕ ਹੋ ਜਾਊ। ਚਾਰ ਸਾਲ ਹੋਰ ਬੀਤ ਗਏ, ਪੰਜ ਕਿੱਲੇ ਜ਼ਮੀਨ ਹੋਰ ਬੈਅ ਕਰਵਾ ਲਈ।
ਬਾਪੂ ਨੇ ਕਈ ਵਾਰ ਕਿਹਾ ਸੀ, “ਪਾਲਿਆ, ਜੇ ਕੰਮ ਨਹੀਂ ਬਣਦਾ ਤਾਂ ਵਾਪਸ ਆ ਜਾ। ਹੁਣ ਗੁਜ਼ਾਰੇ ਜੋਗੇ ਸਿਆੜ ਹੈਗੇ। ਉਂਝ ਵੀ ਤੇਰੀ ਘਰਵਾਲੀ ਬਿਮਾਰ ਜਿਹੀ ਰਹਿੰਦੀ ਹੈ।”
ਬਾਪੂ ਦੀਆਂ ਗੱਲਾਂ ਸੁਣ ਕੇ ਜੀਅ ਕਰਦਾ, ਬਗੈਰ ਖੰਭਾਂ ਤੋਂ ਉਡ ਕੇ ਪਿੰਡ ਪਹੁੰਚ ਜਾਵਾਂ, ਪਰ ਇਸ ਮਿੱਠੀ ਜੇਲ੍ਹ ਵਿਚੋਂ ਕਦੇ ਕੋਈ ਸੁਖਾਲਾ ਨਹੀਂ ਨਿਕਲਿਆ! ਮੈਂ ਵੀ ਬੰਦ ਹੀ ਰਿਹਾ। ਮੈਨੂੰ ਆਇਆਂ ਦਸ ਸਾਲ ਹੋ ਗਏ। ਬੱਚੇ ਜਵਾਨ ਹੋ ਗਏ, ਬੱਚਿਆਂ ਦਾ ਫਿਕਰ ਵੀ ਹੋਣ ਲੱਗਿਆ। ਸੁਰਤ ਹਮੇਸ਼ਾ ਪਰਿਵਾਰ ਵਿਚ ਲੱਗੀ ਰਹਿੰਦੀ। ਮੈਂ ਵੀ ਮਨ ਬਣਾ ਲਿਆ ਕਿ ਆਹ ਸਾਲ ਦੇਖ ਕੇ ਪਿੰਡ ਜਾ ਵੜਨਾ ਹੈ, ਪਰ ਜਦੋਂ ਹੀ ਤਿਆਰੀ ਕਰਨੀ, ਵਕੀਲ ਨੇ ਆਸ ਦੀ ਕਿਰਨ ਦਿਖਾ ਦੇਣੀ। ਮਨ ਨੂੰ ਫਿਰ ਧਰਵਾਸ ਦੇ ਲੈਂਦਾ। ਫਿਰ ਡਾਲਰ ਜੋੜੇ ਤੇ ਪੰਜ ਕਿੱਲੇ ਜ਼ਮੀਨ ਹੋਰ ਖਰੀਦ ਲਈ। ਦੋ ਵੇਚ ਕੇ ਆਇਆ ਸੀ, ਚੌਦਾਂ ਕਿੱਲੇ ਖਰੀਦ ਲਏ ਸਨ! ਸੋਚਿਆ, ਦੋਵੇਂ ਭਰਾ ਇਕੱਠੇ ਖੇਤੀਬਾੜੀ ਕਰੀ ਜਾਵਾਂਗੇ, ਬੱਚੇ ਪੜ੍ਹ ਜਾਣਗੇ ਤੇ ਬਾਹਰ ਕੱੱਢ ਦੇਵਾਂਗੇ।
ਪੇਪਰਾਂ ਦੀ ਉਡੀਕ ਕਰਦਿਆਂ ਤੇਰਾਂ ਸਾਲ ਹੋ ਗਏ। ਬੀਬੀ ਕਹਿੰਦੀ, “ਪਾਲਿਆ! ਆਹ ਬੇਗਾਨੀ ਧੀ ਦਾ ਕੀ ਕਸੂਰ? ਰੋਟੀ ਤਾਂ ਲਾਗੀ ਵੀ ਵਧੀਆ ਖਾਈ ਜਾਂਦੇ ਆ, ਹੁਣ ਤੂੰ ਆ ਜਾ। ਤੂੰ ਪੇਪਰਾਂ ਨੂੰ ਗੋਲੀ ਮਾਰ, ਤੇ ਜਹਾਜ਼ ਚੜ੍ਹ ਆ।”
ਮੈਂ ਇਕ ਸਾਲ ਵਿਚ ਆਪਣਾ ਪੈਸਾ-ਧੇਲਾ ਇਕੱਠਾ ਕੀਤਾ ਤੇ ਇੰਡੀਆ ਨੂੰ ਚੜ੍ਹ ਗਿਆ। ਘਰਦਿਆਂ ਨੇ ਗਮੀ-ਖੁਸ਼ੀ ਦੇ ਰਲੇਵੇਂ ਨਾਲ ਸਵਾਗਤ ਕੀਤਾ। ਸਾਰਾ ਪਿੰਡ ਬਦਲਿਆ ਪਿਆ ਸੀ। ਮੇਰੇ ਆਪਣੇ ਬੱਚੇ ਮੈਥੋਂ ਉਚੇ ਹੋ ਗਏ ਸਨ। ਨਾਲ ਦੇ ਹਾਣੀ ਬੱਗੀਆਂ ਦਾੜ੍ਹੀਆਂ ਵਾਲੇ ਹੋਏ ਦਿਸੇ। ਮਗਰੋਂ ਜੰਮੇ ਵੀ ਗੱਭਰੂ ਹੋ ਗਏ ਸਨ। ਖੈਰ! ਛੇ ਮਹੀਨੇ ਤਾਂ ਵਧੀਆ ਚਲਦਾ ਰਿਹਾ, ਫਿਰ ਘਰ ਵਿਚ ਕਲੇਸ਼ ਪੈਣ ਲੱਗ ਗਿਆ। ਅਮਰੀਕਾ ਵਿਚੋਂ ਡਾਲਰ ਜਾਣੇ ਬੰਦ ਜੁ ਹੋ ਗਏ ਸਨ! ਹੌਲੀ-ਹੌਲੀ ਦੋਹਾਂ ਭਰਾਵਾਂ ਵਿਚ ਵੀ ਤੂੰ-ਤੂੰ ਮੈਂ-ਮੈਂ ਹੋਣ ਲੱਗ ਗਈ।
ਵੱਡੇ ਭਰਾ ਨੇ ਮੁੰਡਾ ਵਿਆਹ ਲਿਆ, ਤੇ ਮੈਂ ਧੀ। ਵਿਆਹ ਨੂੰ ਸਾਲ ਹੀ ਹੋਇਆ ਸੀ ਕਿ ਧੀ-ਜਵਾਈ ਦਾ ਕਾਰ ਐਕਸੀਡੈਂਟ ਹੋ ਗਿਆ, ਉਹ ਥਾਂਏਂ ਮੁੱਕ ਗਏ। ਰੋਂਦੇ-ਕੁਰਲਾਉਂਦਿਆਂ ਸਾਲ ਬੀਤ ਗਿਆ। ਪੁੱਤ ਨੇ ਆਪ ਹੀ ਕੋਈ ਕੁੜੀ ਲੱਭ ਲਈ। ਛੇ ਮਹੀਨੇ ਤਾਂ ਨੂੰਹ ਵਧੀਆ ਰਹੀ, ਫਿਰ ਪਤਾ ਨਹੀਂ ਕੀ ਹੋ ਗਿਆ। ਸਾਲ ਬਾਅਦ ਪੁੱਤ ਦਾ ਤਲਾਕ ਹੋ ਗਿਆ।
ਮੈਂ ਭਰਾ ਨਾਲ ਵੰਡ-ਵੰਡਾਈ ਕਰਨੀ ਚਾਹੀ ਤਾਂ ਬੀਬੀ-ਬਾਪੂ, ਭਰਾ ਵੱਲ ਹੋ ਗਏ। ਪਹਿਲੇ ਚਾਰ ਕਿੱਲੇ ਵੀ ਭਰਾ ਆਪਣੇ ਨਾਂ ਕਰਵਾ ਗਿਆ ਸੀ ਤੇ ਦੂਜੇ ਪੰਜ ਕਿੱਲੇ ਵੀ। ਬਾਕੀ ਪੰਜ ਕਿੱਲੇ ਜ਼ਮੀਨ ਬਾਪੂ ਦੇ ਨਾਮ ਸੀ ਜਿਸ ਵਿਚੋਂ ਮੈਨੂੰ ਢਾਈ ਕਿੱਲੇ ਮਿਲੇ। ਚੌਦਾਂ ਸਾਲਾਂ ਦੀ ਕਮਾਈ ਮੇਰੇ ਹਿੱਸੇ ਢਾਈ ਕਿੱਲੇ ਆਈ। ਭਰਾ ਨੇ ਕੋਠੀ ਵੀ ਸਾਂਭ ਲਈ, ਤੇ ਮੈਂ ਸਬਰ ਕਰ ਕੇ ਪੁਰਾਣਾ ਘਰ ਲੈ ਲਿਆ। ਮੇਰੀ ਘਰਵਾਲੀ ਨੂੰ ਸਦਮਾ ਲੱਗਿਆ। ਉਹ ਦਿਲ ਦੇ ਦੌਰੇ ਨਾਲ ਜਹਾਨੋਂ ਤੁਰ ਗਈ। ਉਸ ਨੂੰ ਸਿਵਿਆਂ ਵਿਚ ਲਿਜਾ ਕੇ ਚਿਤਾ ‘ਤੇ ਪਾ ਦਿੱਤਾ। ਫਿਰ ਦੋ ਚਿਤਾਵਾਂ ਸੀਨੇ ਵਿਚ ਬਾਲ ਲਈਆਂ-ਬੀਬੀ ਤੇ ਬਾਪੂ ਦੀਆਂ।
ਫਿਰ ਇਕ ਦਿਨ ਮੈਂ ਅਤੇ ਪੁੱਤ ਨੇ ਸਲਾਹ ਕਰ ਕੇ ਢਾਈ ਕਿੱਲੇ ਜ਼ਮੀਨ ਵੇਚ ਦਿੱਤੀ। ਪੰਜਾਹ ਲੱਖ ਏਜੰਟ ਨੂੰ ਦਿੱਤੇ ਤੇ ਦੋਵੇਂ ਬਾਰਡਰ ਟੱਪ ਆਏ ਹਾਂ। ਹੁਣ ਪਿੱਛੇ ਕੋਈ ਨਹੀਂ ਰਿਹਾ, ਇਹ ਕਹਿਣ ਵਾਲਾ ਕਿ ਮੁੜ ਆ। ਸੁਖਪਾਲ ਦੀ ਹੱਡਬੀਤੀ ਨੇ ਮੈਨੂੰ ਵੀ ਰੁਆ ਦਿੱਤਾ।