ਪਠਾਨਕੋਟ ਏਅਰਬੇਸ ਉਤੇ ਹਮਲਾ ਉਸੇ ਮੌਲਾਨਾ ਮਸੂਦ ਅਜ਼ਹਰ ਦਾ ਕਾਰਨਾਮਾ ਹੈ ਜਿਸ ਨੂੰ ਸਾਲ 1999 ਵਿਚ ਅਗਵਾ ਹੋਏ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਅਤੇ ਇਸ ਦੇ ਮੁਸਾਫਿਰਾਂ ਬਦਲੇ ਛੁਡਵਾਇਆ ਗਿਆ ਸੀ।
ਇਹ ਵੀ ਸ਼ਾਇਦ ਇਤਫਾਕ ਹੈ ਕਿ ਉਸ ਵੇਲੇ ਵੀ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਹੁਣ ਵੀ ਭਾਰਤ ਦੀ ਹਕੂਮਤ ਇਸੇ ਪਾਰਟੀ ਦੇ ਹੱਥਾਂ ਵਿਚ ਹੈ। ਤੱਥ ਦੱਸਦੇ ਹਨ ਕਿ ਮੌਲਾਨਾ ਮਸੂਦ ਅਜ਼ਹਰ ਜਿਸ ਨੇ ਛੁੱਟਣ ਤੋਂ ਬਾਅਦ ਜੈਸ਼-ਏ-ਮੁਹੰਮਦ ਵਰਗੀ ਤਕੜੀ ਜਥੇਬੰਦੀ ਖੜ੍ਹੀ ਕੀਤੀ, ਨੇ ਹੀ 2001 ਵਿਚ ਭਾਰਤੀ ਸੰਸਦ ਉਤੇ ਹਮਲੇ ਦੀ ਯੋਜਨਾ ਬਣਾਈ ਸੀ। ਹਾਲੀਆ ਪਠਾਨਕੋਟ ਹਮਲੇ ਦੇ ਮੱਦੇਨਜ਼ਰ ਉਘੇ ਲੇਖਕ ਹਰਮੋਹਿੰਦਰ ਚਾਹਲ ਨੇ ਜਹਾਜ਼ ਅਗਵਾ ਕਾਂਡ ਦੀ ਕਹਾਣੀ ਨੂੰ ਗਲਪ ਰੂਪ ਦੇ ਕੇ ਇਹ ਲਿਖਤ ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਭੇਜੀ ਹੈ। ਇਸ ਲਿਖਤ ਵਿਚ ਉਸ ਹਾਲਾਤ ਦਾ ਭਰਪੂਰ ਜ਼ਿਕਰ ਹੈ ਜਿਸ ਵਿਚੋਂ ਉਦੋਂ ਮੁਸਾਫਿਰ ਲੰਘੇ ਸਨ। -ਸੰਪਾਦਕ
-ਹਰਮੋਹਿੰਦਰ ਚਾਹਲ
ਉਸ ਦਿਨ ਸ਼ਾਮ ਵੇਲੇ ਜੁਨੇਤਾ ਕੈਂਪ ਦੇ ਅਮੀਰ, ਕਾਦਰ ਸ਼ੇਖ ਨੇ ਤਾਰਿਕ ਅਤੇ ਜਾਵੇਦ ਨੂੰ ਕਸ਼ਮੀਰੀਆਂ ਦੇ ਕੈਂਪ ਜਾਣ ਦੀ ਹਦਾਇਤ ਕਰ ਦਿੱਤੀ। ਦੂਸਰੇ ਦਿਨ ਸਵੇਰੇ ਹੀ ਜਾਵੇਦ ਅਤੇ ਤਾਰਿਕ ਕਸ਼ਮੀਰੀਆਂ ਦੇ ਕੈਂਪ ਜਾ ਪਹੁੰਚੇ। ਅਗਲੇ ਮਿਸ਼ਨ ਦੀ ਟਰੇਨਿੰਗ ਉਨ੍ਹਾਂ ਨੂੰ ਇੱਥੇ ਹੀ ਮਿਲਣੀ ਸੀ। ਤਾਰਿਕ ਨੂੰ ਕੁਝ ਹੋਰ ਤਾਂ ਸਮਝ ‘ਚ ਨਾ ਆਇਆ ਪਰ ਉਸ ਨੂੰ ਇੰਨਾ ਅੰਦਾਜ਼ਾ ਜ਼ਰੂਰ ਹੋ ਗਿਆ ਕਿ ਅਗਲੇ ਮਿਸ਼ਨ ‘ਤੇ ਜਾਵੇਦ ਵੀ ਉਸ ਦੇ ਨਾਲ ਜਾਵੇਗਾ। ਇਹ ਟਰੇਨਿੰਗ ਹਫਤਾ ਭਰ ਚੱਲੀ। ਟਰੇਨਿੰਗ ਖਤਮ ਹੋਣ ਦੇ ਅਗਲੇ ਦਿਨ ਹੀ ਇਸ ਕੈਂਪ ‘ਤੋਂ ਤਿੰਨ ਜਣੇ ਪਿਕਅਪ ਟਰੱਕ ਰਾਹੀਂ ਅਫਗਾਨਿਸਤਾਨ ਦੀ ਸਰਹੱਦ ਪਾਰ ਕਰਦਿਆਂ ਪਾਕਿਸਤਾਨ ‘ਚ ਦਾਖਲ ਹੋ ਗਏ। ਪੇਸ਼ਾਵਰ ਏਅਰਪੋਰਟ ਤੋਂ ਉਨ੍ਹਾਂ ਇਸਲਾਮਾਬਾਦ ਲਈ ਫਲਾਈਟ ਲਈ। ਇਸਲਾਮਾਬਾਦ ਉਹ ਇਕ ਘਰ ਦੋ ਦਿਨ ਰੁਕੇ। ਇੱਥੇ ਹੀ ਉਨ੍ਹਾਂ ਨਾਲ ਤਿੰਨ ਜਣੇ ਹੋਰ ਆ ਮਿਲੇ। ਅਖਰੀਲੇ ਦਿਨ ਉਨ੍ਹਾਂ ਕੋਲ ਇਕ ਸਿਆਣੀ ਜਿਹੀ ਉਮਰ ਦਾ ਵਿਅਕਤੀ ਪਹੁੰਚਿਆ। ਤਾਰਿਕ ਨੂੰ ਅੰਦਾਜ਼ਾ ਹੋ ਗਿਆ, ਇਹ ਕੋਈ ਮਿਲਟਰੀ ਦਾ ਆਦਮੀ ਹੈ ਜੋ ਗੱਲਾਂਬਾਤਾਂ ਤੋਂ ਕੋਈ ਵੱਡਾ ਤੇ ਹੰਢਿਆ-ਵਰਤਿਆ ਅਫਸਰ ਲੱਗਦਾ ਸੀ। ਉਸ ਨੇ ਉਨ੍ਹਾਂ ਨੂੰ ਮਿਸ਼ਨ ਬਾਰੇ ਦੱਸਿਆ ਜਿਸ ਦੀ ਸਿੱਖਲਾਈ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ। ਇਸ ਅਫਸਰ ਨੇ ਅਗਲੇਰੀ ਕਾਰਵਾਈ ਦੱਸੀ ਪਰ ਮਿਸ਼ਨ ਦਾ ਪੂਰਾ ਭੇਤ ਉਸ ਫਿਰ ਵੀ ਨਾ ਖੋਲ੍ਹਿਆ। ਮਿਸ਼ਨ ਦਾ ਇੰਚਾਰਜ ਜਾਵੇਦ ਨੂੰ ਬਣਾਇਆ। ਹੁਣ ਤਾਰਿਕ ਇਹ ਗੱਲ ਸਮਝ ਗਿਆ ਕਿ ਜਾਵੇਦ ਨੂੰ ਮਿਸ਼ਨ ਦੀ ਪੂਰੀ ਜਾਣਕਾਰੀ ਹੈ। ਅਫਸਰ ਨੇ ਹਰ ਇਕ ਦਾ ਜਾਅਲੀ ਨਾਂ ਵਾਲਾ ਪਾਕਿਸਤਾਨੀ ਪਾਸਪੋਰਟ ਉਨ੍ਹਾਂ ਨੂੰ ਦਿਤਾ ਤੇ ਚਲਾ ਗਿਆ। ਉਸੇ ਸ਼ਾਮ ਉਨ੍ਹਾਂ ਨੂੰ ਨੇਪਾਲ ਦੀਆਂ ਏਅਰ ਟਿਕਟਾਂ ਮਿਲ ਗਈਆਂ। ਫਲਾਈਟ ਅਗਲੇ ਦਿਨ ਦੀ ਸੀ। ਉੁਸ ਰਾਤ ਉਨ੍ਹਾਂ ਨੇੜਲੇ ਕਿਸੇ ਹੋਟਲ ਵਿੱਚ ਗੁਜ਼ਾਰੀ। ਅਗਲੇ ਦਿਨ ਸਵੇਰੇ ਵੇਲੇ ਉਹ ਕਾਠਮੰਡੂ ਪਹੁੰਚ ਗਏ। ਇੱਥੇ ਤ੍ਰਿਭੂਵਨ ਇੰਟਰਨੈਸ਼ਨਲ ਏਅਰਪੋਰਟ ਦੇ ਕੋਲ ਹੀ ਇਕ ਹੋਟਲ ‘ਚ ਉਹ ਠਹਿਰੇ। ਦੂਸਰੇ ਦਿਨ 24 ਦਸੰਬਰ 1999 ਦੀ ਦੁਪਿਹਰੇ ਹੀ ਤਿਆਰ ਹੋ ਕੇ ਉਹ ਏਅਰਪੋਰਟ ਪਹੁੰਚ ਗਏ। ਇਥੇ ਤਾਰਿਕ ਹੈਰਾਨ ਹੋਇਆ, ਕਿਉਂਕਿ ਇਹ ਛੋਟਾ ਜਿਹਾ ਏਅਰਪੋਰਟ ਸੀ ਜਿੱਥੇ ਕੋਈ ਖਾਸ ਸਿਕਿਓਰਿਟੀ ਵੀ ਨਹੀਂ ਸੀ। ਆਮ ਲੋਕ ਇਸ ਤਰ੍ਹਾਂ ਬੈਠੇ ਸਨ ਜਿਵੇਂ ਕਿਸੇ ਰੇਲਵੇ ਸਟੇਸ਼ਨ ‘ਤੇ ਬੈਠੇ ਹੋਏ ਹੋਣ। ਜਦੋਂ ਕਿਸੇ ਦੀ ਫਲਾਈਟ ਦਾ ਟਾਈਮ ਹੋ ਜਾਂਦਾ, ਉਹ ਮੈਟਲ ਡਿਟੈਕਟਰ ਦਰਵਾਜ਼ੇ ਰਾਹੀਂ ਨਿਕਲ ਕੇ ਅੱਗੇ ਚਲਾ ਜਾਂਦਾ। ਮੈਟਲ ਡਿਟੈਕਟਰ ਮਸ਼ੀਨ ਕੋਲ ਇਕੋ ਹੀ ਸਿਪਾਹੀ ਬੈਠਾ ਸੀ। ਉਹ ਵੀ ਬਿਨਾਂ ਕਿਸੇ ਦਿਲਚਸਪੀ ਤੋਂ ਡਿਉਟੀ ਦੇ ਰਿਹਾ ਸੀ। ਜੇ ਕਿਸੇ ਦੇ ਲੰਘਣ ਵੇਲੇ ਮੈਟਲ ਡਿਟੈਕਟਕਰ ਚੂੰ-ਚੂੰ ਕਰਦਾ ਤਾਂ ਉਹ ਬੱਸ ਇੰਨਾ ਹੀ ਪੁੱਛਦਾ ਕਿ ਉਸ ਕੋਲ ਕੋਈ ਗਲਤ ਸਾਮਾਨ ਤਾਂ ਨਹੀਂ। ਖੈਰ! ਉਨ੍ਹਾਂ ਦੀ ਵਾਰੀ ਆਈ ਤਾਂ ਉਹ ਆਰਾਮ ਨਾਲ ਅੰਦਰ ਲੰਘ ਗਏ ਕਿਉਂਕਿ ਉਨ੍ਹਾਂ ਕੋਲ ਵੀ ਕੋਈ ਉਦਾਂ ਦਾ ਸਮਾਨ ਨਹੀਂ ਸੀ। ਉਹ ਡਿਪਾਰਚਰ ਏਰੀਏ ਵਿਚ ਜਾ ਬੈਠੇ। ਇਹ ਏਰੀਆ ਬਾਹਰ ਬੈਠੇ ਆਮ ਲੋਕਾਂ ਨਾਲੋਂ ਸਿਰਫ ਰੱਸੀ ਵਲ ਕੇ ਵੱਖ ਕੀਤਾ ਹੋਇਆ ਸੀ। ਇੰਨੇ ਨੂੰ ਕੋਈ ਮੈਟਲ ਡਿਟੈਕਟਰ ਦਰਵਾਜੇ ਕੋਲ ਆਇਆ ਜਿਸ ਦੇ ਹੱਥ ‘ਚ ਬਰੀਫਕੇਸ ਸੀ। ਉਹ ਸਿਪਾਹੀ ਕੋਲ ਆ ਕੇ ਬੋਲਿਆ, “ਉਧਰ ਮੇਰਾ ਰਿਸ਼ਤੇਦਾਰ ਇਹ ਬੈਗ ਕਾਰ ਵਿਚ ਹੀ ਭੁੱਲ ਗਿਆ ਐ। ਮੈਂ ਉਸ ਨੂੰ ਇਹ ਫੜ੍ਹਾਉਣੈਂ।” ਸਿਪਾਹੀ ਨੇ ਹਾਂ ‘ਚ ਸਿਰ ਮਾਰਿਆ। ਬੈਗ ਵਾਲਾ ਉਨ੍ਹਾਂ ਵੱਲ ਆਇਆ ਤੇ ਉਸ ਨੇ ਜਾਵੇਦ ਨੂੰ ਇਸ਼ਾਰਾ ਕੀਤਾ। ਜਾਵੇਦ ਨੇ ਉਠ ਕੇ ਬੈਗ ਫੜ੍ਹ ਲਿਆ। ਹੁਣ ਤਾਰਿਕ ਸਾਰੀ ਗੱਲ ਸਮਝ ਗਿਆ। ਇੰਨੇ ਨੂੰ ਸਪੀਕਰ ਤੋਂ ਆਵਾਜ਼ ਆਈ, “ਇੰਡੀਆ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਨੂੰ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੰਬਰ ਆਈæ ਸੀæ 814 ਤਿਆਰ ਹੈ। ਸਾਰੇ ਮੁਸਾਫਰਾਂ ਨੂੰ ਬੇਨਤੀ ਹੈ ਕਿ ਉਹ ਗੇਟ ਨੰਬਰ ਦੋ ‘ਤੇ ਪਹੁੰਚ ਜਾਣ।” ਇੰਨਾ ਸੁਣਦਿਆਂ ਉਨ੍ਹਾਂ ਆਲੇ ਦੁਆਲੇ ਬੈਠੇ ਮੁਸਾਫਰਾਂ ਵੱਲ ਵੇਖਿਆ। ਸਾਰੇ ਉਠਣ ਲੱਗੇ ਤਾਂ ਉਹ ਵੀ ਉਠ ਖੜੋਤੇ। ਉਥੋਂ ਉਨ੍ਹਾਂ ਨੂੰ ਗੇਟ ਰਾਹੀਂ ਬਾਹਰ ਕੱਢ ਕੇ ਇਕ ਬੱਸ ਵਿੱਚ ਬਿਠਾ ਲਿਆ। ਬੱਸ ਛੋਟੇ ਜਿਹੇ ਰਨ ਵੇਅ ਵੱਲ ਜਾਣ ਲੱਗੀ। ਏਅਰ ਇੰਡੀਆ ਦਾ ਜਹਾਜ਼ ਉਨ੍ਹਾਂ ਨੂੰ ਦੂਰੋਂ ਹੀ ਦਿਸੇ ਪਿਆ। ਬੱਸ ਤੋਂ ਉਤਰ ਕੇ ਸਾਰੇ ਯਾਤਰੀ ਜਹਾਜ਼ ਦੇ ਅੰਦਰ ਚਲੇ ਗਏ। ਤਾਰਿਕ ਅਤੇ ਨਾਲ ਦੇ ਚਾਰ ਜਣੇ ਜਹਾਜ਼ ਦੇ ਅਗਲੇ ਪਾਸੇ ਜਾ ਪਹੁੰਚੇ। ਸਭ ਸਵਾਰੀਆਂ ਚੜ੍ਹ ਗਈਆਂ ਤਾਂ ਜਹਾਜ਼ ਦਾ ਦਰਵਾਜਾ ਬੰਦ ਕਰ ਦਿੱਤਾ ਗਿਆ। ਜਹਾਜ਼ ਦੇ ਕੈਪਟਨ ਦੀ ਆਵਾਜ ਆਈ, “ਮੈਂ ਕੈਪਟਨ ਦੇਵੀ ਸ਼ਰਨ ਬੋਲ ਰਿਹਾ ਆਂ। ਅਸੀਂ ਜਹਾਜ਼ ਦੇ ਸਾਰੇ ਅਮਲੇ ਵੱਲੋਂ ਆਪ ਸਭ ਦਾ ਸੁਆਗਤ ਕਰਦੇ ਆਂ। ਆਪਾਂ ਵਕਤ ਨਾਲੋਂ ਦੇਰ ਨਾਲ ਚੱਲ ਰਹੇ ਆਂ। ਇਸ ਲਈ ਮੁਆਫੀ ਚਾਹੁੰਦੇ ਆਂ।” ਪੰਜ ਸੱਤ ਮਿੰਟਾਂ ਪਿੱਛੋਂ ਜਹਾਜ਼ ਹੌਲੀ ਹੌਲੀ ਰੁੜ੍ਹਨ ਲੱਗਿਆ। ਦਸ ਕੁ ਮਿੰਟ ਰੁੜ੍ਹਦਾ ਜਹਾਜ਼ ਆਖਰ ਰਨ ਵੇ ‘ਤੇ ਜਾ ਖੜ੍ਹੋਤਾ। ਉਦੋਂ ਹੀ ਇਕ ਏਅਰਹੋਸਟੈਸ ਅਗਲੇ ਪਾਸੇ ਤੋਂ ਪਿਛੇ ਨੂੰ, ਇਹ ਵੇਖਦੀ ਹੋਈ ਜਾਣ ਲੱਗੀ ਕਿ ਸਭ ਨੇ ਸੀਟ ਬੈਲਟਾਂ ਲਾਈਆਂ ਹੋਈਆਂ ਹਨ ਤੇ ਸਭ ਦਾ ਛੋਟਾ ਮੋਟਾ ਸਮਾਨ ਥਾਂ ਸਿਰ ਹੈ। ਉਸ ਨੇ ਜਾਵੇਦ ਵੱਲ ਵੇਖਿਆ ਤਾਂ ਬੋਲੀ, “ਸਰ ਤੁਹਾਡਾ ਇਹ ਬਰੀਫਕੇਸ, ਮਤਲਬ ਬੈਗ ਮੈਨੂੰ ਫੜ੍ਹਾ ਦਿਉ ਤਾਂ ਕਿ ਇਸ ਨੂੰ ਮੈਂ ਕੈਬਿਨ ‘ਚ ਰੱਖ ਦਿਆਂ।” ਜਾਵੇਦ ਨੇ ਬੈਗ ਹੱਥਾਂ ‘ਚ ਫੜ੍ਹਿਆ ਹੋਇਆ ਸੀ। ਇਹ ਉਹੀ ਬੈਗ ਸੀ ਜੋ ਉਸ ਨੂੰ ਪਿੱਛੇ ਏਅਰਪੋਰਟ ‘ਤੇ ਕੋਈ ਫੜ੍ਹਾ ਕੇ ਗਿਆ ਸੀ। ਉਸ ਨੇ ਝਿਜਕਦੇ ਜਿਹੇ ਬੈਗ ਉਸ ਦੇ ਹਵਾਲੇ ਕਰ ਦਿੱਤਾ, ਜਿਸ ਨੇ ਉਪਰਲਾ ਕੈਬਿਨ ਖੋਲ੍ਹਿਆ, ਇਹ ਪਹਿਲਾਂ ਹੀ ਸਮਾਨ ਨਾਲ ਤੂੜਿਆ ਪਿਆ ਸੀ। ਉਸ ਨੇ ਦੂਸਰਾ ਕੈਬਿਨ ਖੋਲ੍ਹਿਆ ਤਾਂ ਉਸ ‘ਚ ਵੀ ਥਾਂ ਨਹੀਂ ਸੀ। ਇਸ ਤਰ੍ਹਾਂ ਉਸ ਨੇ ਕਈ ਕੈਬਿਨ ਖੋਲ੍ਹੇ ਪਰ ਕਿਧਰੇ ਥਾਂ ਨਹੀਂ ਸੀ। ਆਖਰ ਪਿੱਛੇ ਜਿਹੇ ਜਾ ਕੇ ਉਸ ਨੂੰ ਇਕ ਕੈਬਿਨ ‘ਚ ਥਾਂ ਮਿਲੀ ਤਾਂ ਉਸ ਨੇ ਬੈਗ ਉਥੇ ਰੱਖ ਦਿੱਤਾ। ਜਾਵੇਦ ਬੇਸਬਰੀ ਨਾਲ ਉਸ ਨੂੰ ਬੈਗ ਲਈ ਜਾਂਦੀ ਨੂੰ ਵੇਖ ਰਿਹਾ ਸੀ। ਉਸ ਨੇ ਘਾਬਰੇ ਹੋਏ ਨੇ ਤਾਰਿਕ ਵੱਲ ਵੇਖਿਆ। ਤਾਰਿਕ ਨੇ ਜਾਵੇਦ ਦਾ ਹੱਥ ਦਬਾਉਂਦਿਆਂ ਉਸ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ। ਆਪ ਉਸ ਨੇ ਉਸ ਕੈਬਿਨ ਦਾ ਨੰਬਰ ਨੋਟ ਕਰ ਲਿਆ, ਜਿਸ ਵਿਚ ਬੈਗ ਰੱਖਿਆ ਗਿਆ ਸੀ। ਜਹਾਜ਼ ਇਕਦਮ ਰਨ ਵੇਅ ‘ਤੇ ਦੌੜਨ ਲੱਗਾ। ਜਹਾਜ਼ ਉਡਣ ਲੱਗਿਆ। ਤਾਰਿਕ ਵਿੰਡੋ ਸੀਟ ‘ਤੇ ਬੈਠਾ ਸ਼ੀਸ਼ੇ ਵਿਚੋਂ ਹੇਠਾਂ ਵੇਖ ਰਿਹਾ ਸੀ। ਤਾਰਿਕ ਨੇ ਅੰਦਾਜ਼ਾ ਲਾਇਆ ਕਿ ਜਹਾਜ਼ ਕਾਫੀ ਉਚਾ ਜਾ ਚੁੱਕਾ ਹੈ। ਜਹਾਜ਼ ਉਡੇ ਨੂੰ ਬਾਰਾਂ ਤੇਰਾਂ ਮਿੰਟ ਹੋਏ ਸਨ ਜਦੋਂ ਕੈਪਟਨ ਨੇ ਕਿਹਾ ਕਿ ਹੁਣ ਸਭ ਸੀਟ ਬੈਲਟਾਂ ਖੋਲ੍ਹ ਸਕਦੇ ਹਨ। ਤਾਰਿਕ ਨੇ ਸੀਟ ਬੈਲਟ ਖੋਲ੍ਹ ਲਈ ਤਾਂ ਉਸ ਦੇ ਨਾਲ ਦਿਆਂ ਨੇ ਉਵੇਂ ਹੀ ਕੀਤਾ। ਇੰਨੇ ਨੂੰ ਏਅਰਹੋਸਟੈਸ ਛੋਟੇ ਛੋਟੇ ਕੰਬਲ ਵੰਡਣ ਲੱਗੀ, ਕਿਉਂਕਿ ਇਸ ਵੇਲੇ ਕਾਫੀ ਠੰਡ ਸੀ। ਕੰਬਲ ਫੜ੍ਹਦਿਆਂ ਜਾਵੇਦ ਨੇ ਤਾਰਿਕ ਨੂੰ ਇਸ਼ਾਰਾ ਕੀਤਾ। ਤਾਰਿਕ ਖੜ੍ਹਾ ਹੋਇਆ ਤੇ ਕੰਬਲ ਵੰਡਦੀ ਏਅਰਹੋਸਟੈਸ ਦੇ ਮਗਰੇ ਮਗਰ ਤੁਰਿਆ ਗਿਆ। ਆਖਰ ਉਹ ਉਸ ਕੈਬਿਨ ਕੋਲ ਪਹੁੰਚ ਗਿਆ ਜਿਥੇ ਬੈਗ ਪਿਆ ਸੀ। ਅਚਾਨਕ ਏਅਰਹੋਸਟੈਸ ਪਿੱਛੇ ਝਾਕੀ ਤੇ ਮੁਸਕਰਾਉਂਦਿਆਂ ਬੋਲੀ, “ਸਰ ਤੁਹਾਨੂੰ ਕੋਈ ਪਰੇਸ਼ਾਨੀ ਐਂ? ਕੀ ਮੈਂ ਕੋਈ ਮੱਦਦ ਕਰ ਸਕਦੀ ਆਂ?”
“ਜੀ ਮੈਂ ਮੇਰਾ ਬੈਗ ਲੈਣਾਂ ਐਂ। ਅਸਲ ‘ਚ ਇਸ ਵਿੱਚ ਮੇਰੀ ਦਵਾਈ ਐ।” ਏਅਰਹੋਸਟੈਸ ਨੇ ਤਾਰਿਕ ਨੂੰ ਬੈਗ ਵਾਪਸ ਲਿਆ ਦਿਤਾ ਜੋ ਤਾਰਿਕ ਨੇ ਜਾਵੇਦ ਦੇ ਹਵਾਲੇ ਕਰ ਦਿੱਤਾ। ਜਾਵੇਦ ਨੇ ਛੇਤੀ ਦੇਣੇ ਕੰਬਲ ਦਾ ਉਹਲਾ ਕਰਦਿਆਂ ਬੈਗ ਖੋਲ੍ਹਿਆ। ਬੈਗ ਵਿਚਲੇ ਸਮਾਨ ਵੱਲ ਵੇਖਦਿਆਂ ਹੀ ਉਸ ਦੀਆਂ ਵਰਾਸ਼ਾਂ ਖਿੱਲਰ ਗਈਆਂ। ਅੰਦਰ ਦੋ ਪਿਸਤੌਲ, ਤਿੰਨ ਹੈਂਡ ਗਰਨੇਡ ਤੇ ਦੋ ਤਿੰਨ ਚਾਕੂ ਸਨ। ਉਸ ਨੇ ਤਾਰਿਕ ਨੂੰ ਇਸ਼ਾਰਾ ਕੀਤਾ ਤਾਂ ਹੌਲੀ ਦੇਣੇ ਤਾਰਿਕ ਨੇ ਵੀ ਬੈਗ ਵੱਲ ਵੇਖਿਆ। ਬੈਗ ਵੱਲ ਵੇਖਦਿਆਂ ਉਸ ਨੂੰ ਸਾਰਾ ਮਿਸ਼ਨ ਇਕਦਮ ਸਮਝ ‘ਚ ਆ ਗਿਆ। ਹੁਣ ਤੱਕ ਉਸ ਨੂੰ ਭਾਵੇਂ ਕਾਫੀ ਹੱਦ ਤੱਕ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਮਿਸ਼ਨ ਕੀ ਹੈ ਪਰ ਪੱਕ ਨਹੀਂ ਹੋਇਆ ਸੀ। ਹੁਣ ਉਹ ਸਮਝ ਗਿਆ ਕਿ ਅੱਗੇ ਕੀ ਕਰਨਾ ਹੈ। ਜਾਵੇਦ ਨੇ ਇਸ਼ਾਰਾ ਕੀਤਾ ਤਾਂ ਤਾਰਿਕ ਨੇ ਇਕ ਪਿਸਤੌਲ ਆਪ ਚੁੱਕ ਲਿਆ ਤੇ ਦੂਸਰਾ ਜਾਵੇਦ ਨੂੰ ਫੜ੍ਹਾ ਦਿੱਤਾ। ਤਿੰਨੋਂ ਗਰਨੇਡ ਚੁੱਕ ਕੇ ਉਸ ਨੇ ਆਪਣੇ ਦੋ ਸਾਥੀਆਂ ਨੂੰ ਫੜ੍ਹਾ ਦਿੱਤੇ। ਫਿਰ ਜਾਵੇਦ ਤਾਰਿਕ ਦੇ ਕੰਨ ‘ਚ ਹੌਲੀ ਦੇਣੇ ਬੋਲਿਆ, “ਇਸ ਮਿਸ਼ਨ ਦਾ ਇੰਚਾਰਜ ਭਾਵੇਂ ਮੈਂ ਆਂ ਪਰ ਕਰਤਾ-ਧਰਤਾ ਤੂੰ ਈ ਐਂ। ਤੂੰ ਜ਼ਿਆਦਾ ਘੁੰਮਿਆਂ-ਫਿਰਿਆਂ ਐਂ। ਅੰਗਰੇਜ਼ੀ ਬੋਲਣੀ ਜਾਣਦੈ ਐਂ। ਸੋ ਸਾਰੀ ਕਾਰਵਾਈ ਤੇਰੇ ਹਵਾਲੇ ਐ। ਹੁਣ ਸ਼ੁਰੂ ਕਰ।” ਜਾਵੇਦ ਦੇ ਇੰਨਾ ਕਹਿੰਦਿਆਂ ਹੀ ਤਾਰਿਕ ਆਪਣੀ ਸੀਟ ਤੋਂ ਉਠਿਆ ਤੇ ਉਸ ਨੇ ਕੰਬਲ ਉਤਾਰ ਕੇ ਪਾਸੇ ਰੱਖਿਆ। ਸੀਟ ‘ਚੋਂ ਬਾਹਰ ਆ ਕੇ ਉਹ ਇਕਦਮ ਕਾਹਲੀ ਨਾਲ ਕਾਕਪਿਟ ਵੱਲ ਗਿਆ। ਫਿਰ ਕਾਕਪਿਟ ਮੂਹਰੇ ਖੜ੍ਹ ਕੇ ਸਵਾਰੀਆਂ ਵੱਲ ਪਿਸਤੌਲ ਲਹਿਰਾਉਂਦਾ ਉਚੀ ਦੇਣੀ ਬੋਲਿਆ, “ਇਹ ਜਹਾਜ਼ ਅਗਵਾ ਕੀਤਾ ਜਾਂਦਾ ਐ। ਕੋਈ ਵੀ ਆਪਣੀ ਸੀਟ ਤੋਂ ਨਾ ਹਿੱਲੇ। ਜੇ ਕਿਸੇ ਨੇ ਚੂੰ-ਚਾਂ ਕੀਤੀ ਤਾਂ ਜਹਾਜ਼ ਨੂੰ ਉਡਾ ਦਿੱਤਾ ਜਾਵੇਗਾ। ਸਾਡੇ ਕੋਲ ਗਰਨੇਡ ਹਨ।”
ਤਾਰਿਕ ਨੇ ਆਪਣੀ ਗੱਲ ਖਤਮ ਕੀਤੀ ਤਾਂ ਗਰਨੇਡਾਂ ਵਾਲੇ ਤਿੰਨੋ ਜਣੇ ਨੰਗੇ ਗਰਨੇਡ ਵਿਖਾਉਂਦੇ ਜਹਾਜ਼ ਦੇ ਪਿੱਛੇ ਤੱਕ ਗਏ। ਇਕ ਜਣਾ ਉਥੇ ਹੀ ਖੜ੍ਹ ਗਿਆ ਤੇ ਦੂਸਰੇ ਕਾਕਪਿਟ ਵੱਲ ਆ ਗਏ। ਜਾਵੇਦ ਅੱਗੇ ਤਾਰਿਕ ਦੇ ਕੋਲ ਹੀ ਖੜ੍ਹੋ ਗਿਆ। ਤਾਰਿਕ ਦੀ ਇੰਨੀ ਗੱਲ ਸੁਣ ਕੇ ਅੰਦਰ ਚੀਕ ਚਿਹਾੜਾ ਮੱਚ ਗਿਆ ਤਾਂ ਗਰਨੇਡਾਂ ਵਾਲੇ ਉਨ੍ਹਾਂ ਨੂੰ ਡਰਾਉਂਦੇ ਚੁੱਪ ਕਰਾਉਣ ਲੱਗੇ। ਮੌਤ ਦੇ ਭੈਅ ਤੋਂ ਡਰਦੇ ਸਭ ਮੁਸਾਫਰ ਸੁਸਰੀ ਵਾਂਗੂੰ ਸੌਂ ਗਏ। ਇੱਧਰ ਤਾਰਿਕ ਨੇ ਪਿਸਤੌਲ, ਪਾਇਲਟ ਦੇ ਸਿਰ ਨਾਲ ਲਾ ਲਈ। ਉਹ ਦਬਕਾ ਮਾਰਦਾ ਉਚੀ ਦੇਣੀ ਬੋਲਿਆ,
“ਕੈਪਟਨ ਇਹ ਜਹਾਜ਼ ਅਸੀਂ ਅਗਵਾ ਕਰ ਲਿਆ ਐ। ਹੁਣ ਤੂੰ ਉਵੇਂ ਕਰ ਜਿਵੇਂ ਮੈਂ ਕਹਿ ਰਿਹਾ ਆਂ। ਤੂੰ ਜਹਾਜ਼ ਨੂੰ ਲਾਹੌਰ ਲੈ ਚੱਲ। ਜੇਕਰ ਕੋਈ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਰਨੇਡਾਂ ਨਾਲ ਜਹਾਜ਼ ਉਡਾ ਦਿਆਂਗੇ। ਸਾਨੂੰ ਮੌਤ ਦਾ ਕੋਈ ਡਰ ਨ੍ਹੀਂ ਕਿਉਂਕਿ ਅਸੀਂ ਤਾਂ ਪਹਿਲਾਂ ਈ ਸ਼ਹੀਦੀ ਗਾਨੇ ਬੰਨੀ ਫਿਰਦੇ ਆਂ, ਪਰ ਯਾਦ ਰੱਖਿਓ ਤੁਹਾਡੇ ‘ਚੋਂ ਕਿਸੇ ਦੀਆਂ ਹੱਡੀਆਂ ਵੀ ਨ੍ਹੀਂ ਲੱਭਣੀਆਂ।”
ਉਸ ਦੀ ਗੱਲ ਸੁਣ ਕੇ ਕੈਪਟਨ ਅਤੇ ਉਸ ਦੇ ਕੋਲ ਬੈਠਾ ਉਸ ਦਾ ਸਹਾਇਕ ਪਿੱਛੇ ਵੇਖਦੇ ਧਿਆਨ ਨਾਲ ਤਾਰਿਕ ਹੋਰਾਂ ਵੱਲ ਝਾਕੇ। ਜਾਵੇਦ ਪਿਸਤੌਲ ਲੈ ਕੇ ਅੱਗੇ ਵਧਦਾ ਬੋਲਿਆ, “ਕੋਈ ਚੁਸਤੀ ਨ੍ਹੀਂ, ਉਵੇਂ ਕਰੋ ਜਿਵੇਂ ਤੁਹਾਨੂੰ ਕਿਹਾ ਗਿਆ ਐ।”
ਕੈਪਟਨ ਸਮਝ ਗਿਆ ਕਿ ਜਹਾਜ਼ ਵਾਕਿਆ ਹੀ ਅਗਵਾ ਹੋ ਚੁੱਕਿਆ ਹੈ। ਉਸ ਨੇ ਰੇਡੀਓ ਵੱਲ ਹੱਥ ਵਧਾਇਆ ਤਾਂ ਤਾਰਿਕ ਨੇ ਉਸ ਨੂੰ ਰੇਡੀਓ ਤੋਂ ਦੂਰ ਰਹਿਣ ਲਈ ਕਹਿੰਦਿਆਂ ਦਬਕਾ ਮਾਰਿਆ। ਪਰ ਕੈਪਟਨ ਬੋਲਿਆ, “ਰੇਡੀਓ ‘ਤੇ ਦੱਸਣਾ ਪਵੇਗਾ ਕਿ ਅਸੀਂ ਅਗਵਾ ਹੋ ਚੁੱਕੇ ਆਂ। ਨ੍ਹੀਂ ਤਾਂ ਹੇਠਾਂ ਕਿਵੇਂ ਉਤਰਾਂਗੇ। ਮੈਨੂੰ ਹੇਠਾਂ ਤਾਲਮੇਲ ਕਰਨ ਦੀ ਇਜਾਜ਼ਤ ਦਿਉ।”
“ਪਰ ਤੂੰ ਜਹਾਜ਼ ਹਰ ਹਾਲਤ ‘ਚ ਲਾਹੌਰ ਲੈ ਕੇ ਜਾਣੈਂ। ਨਾਲੇ ਗੱਲ ਸਿਰਫ ਉਨੀਂ ਕਰਨੀ ਐਂ ਜਿੰਨੀ ਦੀ ਜ਼ਰੂਰਤ ਐ। ਨ੍ਹੀਂ ਤਾਂæææ।” ਤਾਰਿਕ ਨੇ ਅੱਗੇ ਗੱਲ ਵਿਚਕਾਰ ਹੀ ਛੱਡ ਦਿਤੀ। ਉਧਰ ਕੈਪਟਨ ਰੇਡੀਓ ‘ਤੇ ਗੱਲ ਕਰਨ ਲੱਗਿਆ, “ਮੈਂ ਫਲਾਈਟ ਆਈæ ਸੀæ 814 ਦਾ ਕੈਪਟਨ ਆਂ। ਮੇਰਾ ਜਹਾਜ਼ ਅਗਵਾ ਹੋ ਚੁੱਕਿਆ ਐ। ਮੈਨੂੰ ਪਾਕਿਸਤਾਨ ਦੇ ਲਾਹੌਰ ਏਅਰਪੋਰਟ ‘ਤੇ ਉਤਰਨ ਦੀ ਇਜਾਜ਼ਤ ਦਿਤੀ ਜਾਵੇ।” ਉਸ ਨੇ ਇੰਨਾ ਕਹਿੰਦਿਆਂ ਰਿਸੀਵਰ ਮੂੰਹ ਤੋਂ ਪਾਸੇ ਕੀਤਾ ਤਾਂ ਆਵਾਜ਼ ਆਈ,
“ਆਈæ ਸੀæ814 ਮੈਂ ਲਾਹੌਰ ਦੀ ਏਅਰਪੋਰਟ ਅਥਾਰਟੀ ਤੋਂ ਬੋਲ ਰਿਹਾ ਆਂ। ਤੂੰ ਮੇਰੀ ਗੱਲ ਧਿਆਨ ਨਾਲ ਸੁਣ। ਮੇਰੀ ਏਅਰੋਪਰਟ ਅਥਾਰਟੀ ਦਾ ਹੁਕਮ ਐਂ ਕਿ ਤੂੰ ਪਾਕਿਸਤਾਨੀ ਏਅਰ ਸਪੇਸ ‘ਚ ਦਾਖਲ ਨ੍ਹੀਂ ਹੋ ਸਕਦਾ। ਜਿੱਧਰੋਂ ਆਇਆ ਐਂ ਉਧਰ ਈ ਮੁੜ ਜਾ।” ਲਾਹੌਰ ਦੇ ਏਅਰ ਟਾਵਰ ਤੋਂ ਕੈਪਟਨ ਨੂੰ ਤੁਰੰਤ ਜੁਆਬ ਮਿਲਿਆ ਤਾਂ ਉਹ ਪਰੇਸ਼ਾਨ ਹੁੰਦਾ ਬੋਲਿਆ, “ਪਰ ਮੇਰੇ ਕੋਲ ਜ਼ਿਆਦਾ ਤੇਲ ਨ੍ਹੀਂ ਐ।”
“ਉਹ ਤੇਰੀ ਸਮੱਸਿਆ ਐ। ਤੈਨੂੰ ਹੁਕਮ ਐਂ ਕਿ ਤੂੰ ਪਾਕਿਸਤਾਨੀ ਏਅਰਸਪੇਸ ‘ਚੋਂ ਬਾਹਰ ਹੋ ਜਾਹ।” ਇਹ ਸੁਣਦਿਆਂ ਕੈਪਟਨ ਨੇ ਫਿਰ ਲੰਬੀ ਟਰਨ ਮਾਰੀ ਤੇ ਅੰਮ੍ਰਿਤਸਰ ਵੱਲ ਨੂੰ ਚੱਲ ਪਿਆ। ਉਦੋਂ ਹੀ ਅੰਮ੍ਰਿਤਸਰ ਦੇ ਏਅਰ ਟਾਵਰ ਤੋਂ ਆਵਾਜ਼ ਆਈ,
“ਕੈਪਟਨ ਆਈæ ਸੀæ 814, ਮੈਂ ਅੰਮ੍ਰਿਤਸਰ ਦੇ ਏਅਰਟਾਵਰ ਤੋਂ ਬੋਲ ਰਿਹਾ ਆਂ। ਦੱਸ ਤੇਰੀ ਕੀ ਮੁਸ਼ਕਲ ਐੈ?” ਕੈਪਟਨ ਨੇ ਇਹ ਸੁਣਿਆਂ ਤਾਂ ਉਸ ਨੂੰ ਕੁਝ ਰਾਹਤ ਹੋਈ ਤੇ ਬੋਲਿਆ,
“ਮੇਰਾ ਜਹਾਜ਼ ਅਗਵਾ ਹੋ ਚੁੱਕਾ ਐ। ਅਗਵਾਕਾਰ ਲਾਹੌਰ ਜਾਣਾ ਚਾਹੁੰਦੇ ਨੇ ਤੇ ਲਾਹੌਰ ਟਾਵਰ ਨੇ ਮੈਨੂੰ ਪਾਕਿਸਤਾਨ ਦੇ ਏਅਰਸਪੇਸ ‘ਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ ਐ। ਪਰ ਮੇਰੇ ਕੋਲ ਤੇਲ ਬਹੁਤ ਥੋੜਾ ਐ। ਮੈਂ ਅੰਮ੍ਰਿਤਸਰ ਉਤਰਨਾ ਚਾਹੁੰਦਾਂ ਪਰ ਅਗਵਾਕਾਰਾਂ ਨੂੰ ਇਹ ਮਨਜ਼ੂਰ ਨ੍ਹੀਂ। ਉਹ ਭਾਰਤ ਦੀ ਧਰਤੀ ‘ਤੇ ਨ੍ਹੀਂ ਉਤਰਨਾ ਚਾਹੁੰਦੇ। ਪਲੀਜ਼ ਮੈਨੂੰ ਲਾਹੌਰ ਦੇ ਏਅਰਪੋਰਟ ‘ਤੇ ਉਤਾਰਨ ਦੀ ਇਜਾਜ਼ਤ ਦਵਾਈ ਜਾਵੇ।”
“ਹੁਣ ਤੇਰੀ ਕੀ ਪੁਜੀਸ਼ਨ ਐਂ?”
“ਮੈਂ ਲਾਹੌਰ ਵੱਲੋਂ ਗੇੜਾ ਕੱਢ ਕੇ ਅੰਮ੍ਰਿਤਸਰ ਵੱਲ ਆ ਰਿਹਾਂ।”
“ਜ਼ਰਾ ਠਹਿਰ ਮੈਂ ਤੈਨੂੰ ਅੱਗੇ ਦੀ ਹਦਾਇਤ ਦਿੰਦਾ ਆਂ।” ਹੇਠਲੇ ਟਾਵਰ ਵਾਲਿਆਂ ਨੇ ਥੋੜੀ ਦੇਰ ਗੱਲ ਰੋਕੀ ਤਾਂ ਕੈਪਟਨ, ਅਗਵਾਕਾਰ ਤਾਰਿਕ ਨੂੰ ਮੁਖਾਤਬ ਹੋਇਆ, “ਵੇਖੋ ਜਹਾਜ਼ ਵਿੱਚ ਜ਼ਿਆਦਾ ਤੇਲ ਨ੍ਹੀਂ। ਲਾਹੌਰ ਆਪਾਂ ਨੂੰ ਉਤਰਨ ਨ੍ਹੀਂ ਦੇ ਰਿਹਾ। ਆਪਣੇ ਕੋਲ ਹੁਣ ਇਕੋ ਈ ਰਾਹ ਐ ਕਿ ਜਾਂ ਤਾਂ ਅੰਮ੍ਰਿਤਸਰ ਉਤਰ ਜਾਈਏ, ਨ੍ਹੀਂ ਤਾਂ ਜਹਾਜ਼ ਕਰੈਸ਼ ਹੋ ਜਾਵੇਗਾ।”
“ਕੀ ਇਹ ਪੱਕੀ ਗੱਲ ਐ, ਤੂੰ ਐਵੇਂ ਝੂਠ ਤਾਂ ਨ੍ਹੀਂ ਕਹਿ ਰਿਹਾ?” ਤਾਰਿਕ ਨੂੰ ਸ਼ੰਕਾ ਹੋਈ। “ਤੂੰ ਆਪ ਵੇਖ ਲੈ। ਆਹ ਤੇਲ ਦੀ ਗੇਜ ਐ। ਮਸਾਂ ਬੀਹ ਕੁ ਮਿੰਟ ਦਾ ਤੇਲ ਜਾਪਦਾ ਐ। ਇਸੇ ਤਰ੍ਹਾਂ ਉਪਰ ਘੁੰਮੀ ਗਏ ਤਾਂ ਜਹਾਜ਼ ਕਰੈਸ਼ ਹੋ ਜਾਵੇਗਾ।” ਤਾਰਿਕ ਨੇ ਤੇਲ ਦੀ ਗੇਜ ਵੱਲ ਨਜ਼ਰ ਮਾਰੀ। ਇਹ ਬਿਲੁਕਲ ਹੇਠਾਂ ਲੱਗੀ ਪਈ ਸੀ। ਉਸ ਨੇ ਇਹ ਗੱਲ ਜਾਵੇਦ ਨੂੰ ਦੱਸੀ ਤਾਂ ਜਾਵੇਦ ਭਵਾਂ ਸਕੋੜਦਾ ਸਹਿਮਤ ਹੋ ਗਿਆ। ਕੈਪਟਨ ਹੇਠਾਂ ਵਾਲਿਆਂ ਦੀ ਕੋਈ ਹਦਾਇਤ ਸੁਣਨ ਤੋਂ ਪਹਿਲਾਂ ਹੀ ਰੇਡੀਓ ‘ਤੇ ਬੋਲਿਆ, “ਮੈਂ ਕੈਪਟਨ ਆਈæ ਸੀæ 814 ਆਂ। ਮੇਰੇ ਕੋਲ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਬਿਨਾਂ ਕੋਈ ਚਾਰਾ ਨ੍ਹੀਂ। ਮੇਰੇ ਉਤਰਨ ਦਾ ਪ੍ਰਬੰਧ ਕਰੋ।” ਉਸ ਨੇ ਬੋਲਣਾ ਬੰਦ ਕੀਤਾ ਤਾਂ ਹੇਠਾਂ ਤੋਂ ਸੁਨੇਹਾ ਆਇਆ ਕਿ ਉਹ ਅਮ੍ਰਿਤਸਰ ਉਤਰ ਜਾਵੇ। ਕੈਪਟਨ ਅੰਮ੍ਰਿਤਸਰ ਦੀ ਦਿਸ਼ਾ ਵੱਲ ਜਹਾਜ ਮੋੜ ਕੇ ਨੀਵਾਂ ਕਰਨ ਲੱਗਿਆ। ਉਦੋਂ ਹੀ ਜਾਵੇਦ ਨੇ ਤਾਰਿਕ ਨੂੰ ਸਾਵਧਾਨ ਕੀਤਾ, “ਕਿਤੇ ਇਹ ਸਾਰੀ ਇਸ ਕੈਪਟਨ ਦੀ ਸ਼ੈਤਾਨੀ ਨਾ ਹੋਵੇ ਤੇ ਇੱਥੇ ਆਪਣੇ ‘ਤੇ ਕਮਾਂਡੋ ਹਮਲਾ ਕਰਵਾ ਕੇ ਆਪਣੀ ਸਾਰੀ ਸਕੀਮ ਚੌਪਟ ਕਰ ਦੇਵੇ।”
“ਨ੍ਹੀਂ ਅਜਿਹਾ ਨ੍ਹੀਂ ਹੋਵੇਗਾ। ਮੈਂ ਵੇਖ ਰਿਹਾਂ ਕਿ ਤੇਲ ਵਾਕਿਆ ਈ ਨ੍ਹੀਂ। ਇੱਥੇ ਉਤਰਨਾ ਇਸ ਦੀ ਮਜ਼ਬੂਰੀ ਐ। ਪਰ ਆਪਾਂ ਸਾਵਧਾਨ ਰਹਿਣਾ ਐਂ।”
ਜਹਾਜ਼ ਅੰਮ੍ਰਿਤਸਰ ਦੇ ਰਾਜਾ ਸਾਂਸੀ ਏਅਰਪੋਰਟ ‘ਤੇ ਉਤਰ ਖੜੋਤਾ। ਪਰ ਤਾਰਿਕ ਹੋਰਾਂ ਨੇ ਉਸ ਨੂੰ ਟਰਮੀਨਲ ਦੇ ਨੇੜੇ ਨਾ ਲਿਜਾਣ ਦਿੱਤਾ। ਉਨ੍ਹਾਂ ਕੈਪਟਨ ਨੂੰ ਹੁਕਮ ਦਿੱਤਾ ਕਿ ਉਹ ਏਅਰਪੋਰਟ ਅਥਾਰਟੀ ਨਾਲ ਗੱਲ ਕਰੇ। ਕੈਪਟਨ, ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨਾਲ ਰਾਬਤਾ ਕਾਇਮ ਕਰਦਿਆਂ ਬੋਲਿਆ, “ਮੈਂ ਫਲਾਈਟ, ਆਈæ ਸੀæ 814 ਦਾ ਕੈਪਟਨ ਆਂ। ਮੇਰਾ ਅਗਵਾ ਹੋਇਆ ਜਹਾਜ਼ ਇਸ ਵੇਲੇ ਤੁਹਾਡੇ ਏਅਰਪੋਰਟ ਦੇ ਰਨ ਵੇਅ ‘ਤੇ ਖੜ੍ਹੈ। ਜਹਾਜ਼ ਇਸ ਵੇਲੇ ਅਗਵਕਾਰਾਂ ਦੇ ਕਬਜ਼ੇ ‘ਚ ਐ। ਇਹ ਇਸ ਨੂੰ ਅੱਗੇ ਕਿਧਰੇ ਲਿਜਾਣਾ ਚਾਹੁੰਦੇ ਨੇ ਪਰ ਮੇਰੇ ਕੋਲ ਇਸ ਵੇਲੇ ਤੇਲ ਨ੍ਹੀਂ। ਕਿਰਪਾ ਕਰਕੇ ਛੇਤੀ ਤੋਂ ਛੇਤੀ ਜਹਾਜ਼ ‘ਚ ਤੇਲ ਭਰਿਆ ਜਾਵੇ।” ਉਦੋਂ ਹੀ ਤਾਰਿਕ ਨੇ ਮੁਸਾਫਰਾਂ ਨੂੰ ਧਮਕੀ ਦਿੱਤੀ, “ਜੇਕਰ ਕਿਸੇ ਨੇ ਜ਼ਰਾ ਵੀ ਚੂੰ-ਚਾਂ ਕੀਤੀ ਤਾਂ ਜਹਾਜ਼ ਨੂੰ ਗਰਨੇਡਾਂ ਨਾਲ ਉਡਾ ਦਿਆਂਗੇ। ਕਿਸੇ ਨੇ ਬਾਹਰ ਨ੍ਹੀਂ ਝਾਕਣਾ। ਸਾਰੇ ਆਪਣੇ ਸ਼ੀਸ਼ੇ ਹੇਠਾਂ ਸੁੱਟ ਲਉ।” ਉਸ ਦੇ ਹਦਾਇਤ ਦਿੰਦਿਆਂ ਹੀ ਸਭ ਨੇ ਪਾਸੇ ਵਾਲੇ ਸ਼ੀਸ਼ੇ ਹੇਠਾਂ ਕਰ ਲਏ ਤਾਂ ਬਾਹਰ ਕੁਝ ਵੀ ਦਿਸਣੋਂ ਹਟ ਗਿਆ। ਉਧਰ ਕੈਪਟਨ ਕਿਸੇ ਤੇਲ ਭਰਨ ਵਾਲੇ ਟੈਂਕਰ ਨੂੰ ਉਡੀਕਣ ਲੱਗਿਆ। ਦਸ ਮਿੰਟ ਹੋ ਗਏ ਸਨ ਪਰ ਅਜੇ ਤੇਲ ਵਾਲੇ ਟੈਂਕਰ ਦੀ ਕਿਧਰੇ ਵਾਈ ਸਾਈ ਨਹੀਂ ਸੀ। ਬੇਵਸ ਕੈਪਟਨ ਰੇਡੀਓ ‘ਤੇ ਫਿਰ ਬੋਲਿਆ, “ਮੇਰੀ ਐਮਰਜੈਂਸੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਨੂੰ ਛੇਤੀ ਤੇਲ ਦਿਓ ਪਲੀਜ਼।” ਉਧਰੋਂ ਆਵਾਜ਼ ਆਈ, ਤੇਲ ਆ ਰਿਹਾ ਹੈ। ਪੰਜ ਮਿੰਟ ਹੋਰ ਲੰਘ ਗਏ ਤਾਂ ਤਾਰਿਕ ਹੋਰੀਂ ਵੀ ਚਿੜ੍ਹ ਗਏ। ਤਾਰਿਕ ਨੇ ਕੈਪਟਨ ਨੂੰ ਕਿਹਾ ਕਿ ਉਹ ਰੇਡੀਓ ਉਸ ਨੂੰ ਫੜਾਵੇ। ਕੈਪਟਨ ਨੇ ਮਾਊਥ ਪੀਸ ਉਸ ਵੱਲ ਕੀਤਾ ਤਾਂ ਤਾਰਿਕ ਸਵਿਚ ਦਬਾਉਂਦਾ ਬੋਲਿਆ, “ਹੈਲੋ! ਧਿਆਨ ਨਾਲ ਸੁਣੋ। ਜੇਕਰ ਸਾਨੂੰ ਤੇਲ ਨਾ ਮਿਲਿਆ ਤਾਂ ਅਸੀਂ ਮੁਸਾਫਰਾਂ ਨੂੰ ਮਾਰਨਾ ਸ਼ੁਰੂ ਕਰ ਦਿਆਂਗੇ। ਤੁਹਾਨੂੰ ਪੰਜ ਮਿੰਟ ਦਿੱਤੇ।” ਰੇਡੀਓ ਕੱਟਿਆ ਗਿਆ ਤਾਂ ਪਿੱਛੇ ਖੜ੍ਹੇ ਤਾਰਿਕ ਹੋਰਾਂ ਦੇ ਇਕ ਸਾਥੀ ਨੇ ਆਵਾਜ਼ ਮਾਰ ਕੇ ਕਿਹਾ ਕਿ ਉਸ ਨੂੰ ਪਿੱਛੇ ਕੁਝ ਖੜਾਕ ਸੁਣਦਾ ਹੈ ਤੇ ਕੋਈ ਸ਼ੱਕ ਵਾਲੀ ਗੱਲ ਜਾਪਦੀ ਹੈ। ਸਾਰੇ ਭੱਜਦੇ ਪਿੱਛੇ ਨੂੰ ਗਏ ਤੇ ਇਕ ਸ਼ੀਸ਼ਾ ਖੋਲ੍ਹ ਕੇ ਵੇਖਿਆ। ਦਰਅਸਲ ਪਿੱਛੇ ਸੜਕ ਸੀ ਜਿੱਥੋਂ ਦੀ ਟਰੈਫਿਕ ਲੰਘ ਰਿਹਾ ਸੀ। ਉਸੇ ਖੜਾਕ ਨੇ ਤਾਰਿਕ ਹੋਰਾਂ ਨੂੰ ਡਰਾ ਦਿੱਤਾ ਸੀ। ਇਸੇ ਦੌਰਾਨ ਜਦੋਂ ਪਿੱਛੇ ਕੈਪਟਨ ਇਕੱਲਾ ਰਹਿ ਗਿਆ ਤਾਂ ਉਸ ਨੇ ਛੇਤੀ ਦੇਣੇ ਰੇਡੀਓ ਚੁੱਕਿਆ ਤੇ ਬੋਲਿਆ, “ਮੈਂ ਕੈਪਟਨ ਆਂ। ਮੇਰੀ ਗੱਲ ਧਿਆਨ ਨਾਲ ਸੁਣੋ। ਇਸ ਵੇਲੇ ਅਗਵਾਕਾਰ ਨੇੜੇ ਨ੍ਹੀਂ ਹਨ ਇਸੇ ਲਈ ਇਹ ਗੱਲ ਕਰ ਰਿਹਾਂ। ਤੁਸੀਂ ਕਿਸੇ ਵੀ ਤਰ੍ਹਾਂ, ਮੇਰੇ ਜਹਾਜ਼ ਨੂੰ ਇੱਥੇ ਰੋਕੋ। ਦੂਰ ਤੋਂ ਗੋਲੀਆਂ ਮਾਰ ਕੇ ਜਹਾਜ਼ ਦੇ ਟਾਇਰ ਪੈਂਕਚਰ ਕਰ ਦਿਓ, ਜੇ ਇਹ ਨ੍ਹੀਂ ਕਰ ਸਕਦੇ ਤਾਂ ਜਹਾਜ਼ ਦੇ ਮੂਹਰੇ ਕੋਈ ਟਰੱਕ ਖੜ੍ਹਾ ਕਰ ਦਿਉ, ਤਾਂ ਕਿ ਜਹਾਜ਼ ਦੇ ਉਡ ਸਕਣ ਲਈ ਰਾਹ ਹੀ ਨਾ ਰਹੇ। ਜੋ ਵੀ ਕਰਨਾ ਐਂ ਛੇਤੀ ਕਰੋ ਪਲੀਜ਼।” ਇੰਨੇ ਨੂੰ ਤਾਰਿਕ ਭੱਜ ਕੇ ਕਾਕਪਿਟ ਦੇ ਨੇੜੇ ਆਇਆ ਤਾਂ ਕੈਪਟਨ ਨੇ ਰੇਡੀਓ ਬੰਦ ਕਰ ਦਿੱਤਾ। ਉਹ ਫਿਰ ਤੋਂ ਤੇਲ ਟੈਂਕਰ ਉਡੀਕਣ ਲੱਗੇ।
ਉਧਰ ਭਾਰਤ ਸਰਕਾਰ ਵੀ ਚਾਹੁੰਦੀ ਸੀ ਕਿ ਜਹਾਜ਼ ਨੂੰ ਅੰਮ੍ਰਿਤਸਰ ਹੀ ਰੋਕ ਲਿਆ ਜਾਵੇ ਤੇ ਪਿੱਛੋਂ ਕਮਾਂਡੋਂ ਹਮਲਾ ਕਰਕੇ ਮੁਸਾਫਿਰਾਂ ਨੂੰ ਰਿਹਾ ਕਰਵਾ ਲਿਆ ਜਾਵੇ। ਪਰ ਜਹਾਜ਼ ਦੇ ਅਗਵਾ ਦੀ ਇਹ ਘਟਨਾ ਅਚਨਚੇਤ ਵਾਪਰੀ ਸੀ ਤੇ ਇਸ ਕੰਮ ਨੂੰ ਸੰਭਾਲਣ ਵਾਲੀ ਕਮੇਟੀ ਤੁਰੰਤ ਕੋਈ ਫੈਸਲਾ ਨਹੀਂ ਕਰ ਰਹੀ ਸੀ। ਦਿੱਲੀ ਤੋਂ ਕਮਾਂਡੋ ਨੂੰ ਲੈ ਕੇ ਜਹਾਜ਼ ਰਵਾਨਾ ਹੋਣ ਨੂੰ ਤਿਆਰ ਸੀ ਪਰ ਉਨ੍ਹਾਂ ਦਾ ਮੁਖੀ ਅਫਸਰ ਨਹੀਂ ਸੀ ਲੱਭ ਰਿਹਾ। ਦੂਸਰਾ ਕਮੇਟੀ ਸੋਚਦੀ ਸੀ ਕਿ ਜਹਾਜ਼ ਵਿੱਚ ਤੇਲ ਇੰਨਾ ਘੱਟ ਹੈ ਕਿ ਉਹ ਬਿਨਾਂ ਤੇਲ ਭਰਿਆਂ ਉਡ ਨਹੀਂ ਸਕੇਗਾ ਤੇ ਇਸੇ ਦਰਮਿਆਨ ਉਨ੍ਹਾਂ ਦੇ ਕਮਾਂਡੋਂ ਉਥੇ ਪਹੁੰਚ ਕੇ ਮੁਸਾਫਿਰਾਂ ਨੂੰ ਰਿਹਾ ਕਰਵਾ ਲੈਣਗੇ। ਇਸੇ ਕਰਕੇ ਉਨ੍ਹਾਂ ਵੱਲੋਂ ਸਖਤ ਹਦਾਇਤ ਸੀ ਕਿ ਜਹਾਜ਼ ਨੂੰ ਕਿਸੇ ਵੀ ਕੀਮਤ ‘ਤੇ ਤੇਲ ਨਾ ਦਿੱਤਾ ਜਾਵੇ।
ਅੰਮ੍ਰਿਤਸਰ ਏਅਰਪੋਰਟ ਦੀ ਲੋਕਲ ਪੁਲੀਸ ਉਹ ਕੰਮ ਸਹਿਜੇ ਹੀ ਕਰ ਸਕਦੀ ਸੀ ਜੋ ਕਿ ਪਾਇਲਟ ਨੇ ਕਰਨ ਨੂੰ ਆਖਿਆ ਸੀ। ਮਤਲਬ ਕਿ ਜਹਾਜ਼ ਦੇ ਟਾਇਰ ਪੈਂਚਰ ਕਰਨੇ ਜਾਂ ਉਸ ਦਾ ਰਾਹ ਬਲਾਕ ਕਰ ਦੇਣਾਂ। ਪਰ ਉਹ ਬੇਵਸ ਸਨ ਕਿਉਂਕਿ ਉਨ੍ਹਾਂ ਨੂੰ ਹੁਕਮ ਸੀ ਕਿ ਉਹੀ ਕੀਤਾ ਜਾਵੇ ਜੋ ਦਿੱਲੀ ਵੱਲੋਂ ਕਿਹਾ ਜਾ ਰਿਹਾ ਹੈ। ਅੰਮ੍ਰਿਤਸਰ ਏਅਰਪੋਰਟ ਅਥਾਰਟੀ ਬੇਵਸ ਸੀ। ਉਧਰ ਜਹਾਜ਼ ਦਾ ਕੈਪਟਨ ਬੇਵਸ ਸੀ ਅਤੇ ਜਹਾਜ਼ ਅੰਦਰ ਪੌਣੇਂ ਦੋ ਸੌ ਦੇ ਲੱਗਭੱਗ ਬੇਵਸ ਮੁਸਾਫਿਰ ਦੋਜਖ ‘ਚੋਂ ਲੰਘ ਰਹੇ ਸਨ। ਜਦੋਂ ਅੱਧਾ ਘੰਟਾ ਹੋਰ ਬੀਤ ਗਿਆ ਤਾਂ ਜਾਵੇਦ, ਤਾਰਿਕ ਦੇ ਨੇੜੇ ਆਇਆ ਤੇ ਬੋਲਿਆ, “ਹੁਣ ਐਕਸ਼ਨ ਦਾ ਅਗਲਾ ਹਿੱਸਾ ਸ਼ੁਰੂ ਕਰ।” ਉਸ ਦੀ ਗੱਲ ਸੁਣ ਕੇ ਤਾਰਿਕ ਸੋਚਣ ਲੱਗਾ ਤਾਂ ਜਾਵੇਦ ਬੋਲਿਆ, “ਤੈਨੂੰ ਯਾਦ ਐ ਕਿ ਬਾਗਦਾਨ ਕੈਂਪ ‘ਚ ਉਸਤਾਦ ਯਕੂਬ ਨੇ ਕੀ ਸਿੱਖਾਇਆ ਸੀ? ਉਸ ਨੇ ਸਿੱਖਾਇਆ ਸੀ ਕਿ ਕਿਸੇ ਬੇਕਸੂਰ ਨੂੰ ਕਿਵੇਂ ਮਾਰਨਾ ਐਂ। ਹੁਣ ਤੂੰ ਉਹ ਕੰਮ ਸ਼ੁਰੂ ਕਰ।”
ਤਾਰਿਕ ਨੇ ਪਿਸਤੌਲ ਜਾਵੇਦ ਨੂੰ ਫੜਾਇਆ ਤੇ ਬੈਗ ‘ਚੋਂ ਚਾਕੂ ਚੁੱਕ ਲਿਆ। ਫਿਰ ਉਸ ਨੇ ਕੋਲ ਬੈਠੇ ਇਕ ਨਵ ਵਿਆਹੇ ਜੋੜੇ ‘ਚੋਂ ਜਵਾਨ ਮੁੰਡੇ ਨੂੰ ਉਠਣ ਨੂੰ ਕਿਹਾ। ਮੁੰਡਾ ਡਰਦਾ ਜਿਹਾ ਉਠਿਆ ਤਾਂ ਤਾਰਿਕ ਇਕਦਮ ਉਸ ਦੇ ਢਿੱਡ ‘ਚ ਚਾਕੂ ਮਾਰਨ ਲੱਗਾ। ਉਥੇ ਲਹੂ ਹੀ ਲਹੂ ਹੋ ਗਿਆ ਤੇ ਮੁੰਡਾਂ ਪਲਾਂ ‘ਚ ਬੇਹੋਸ਼ ਹੋ ਕੇ ਆਪਣੀ ਨਵੀਂ ਨਵੇਲੀ ਦੁਲਹਨ ਦੀ ਝੋਲੀ ‘ਚ ਡਿੱਗ ਪਿਆ। ਕੁੜੀ ਰੋਣ ਲੱਗੀ ਤਾਂ ਤਾਰਿਕ ਨੇ ਚਾਕੂ ਉਸ ਵੱਲ ਸਿੰਨ ਲਿਆ। ਕੁੜੀ ਨੇ ਆਪਣੀਆਂ ਭੁੱਬਾਂ ਅੰਦਰੇ ਦਬਾਅ ਲਈਆਂ ਤੇ ਤੜਪ ਤੜਪ ਕੇ ਮਰ ਰਹੇ ਘਰਵਾਲੇ ਨੂੰ ਨਾਲ ਦੀ ਸੀਟ ‘ਤੇ ਪਾ ਲਿਆ। ਮਾਰਾ ਮਰਾਈ ਵੇਖ ਕੇ ਕੈਪਟਨ ਫਿਰ ਛੇਤੀ ਦੇਣੇ ਰੇਡੀਓ ‘ਤੇ ਬੋਲਿਆ, “ਉਨ੍ਹਾਂ ਨੇ ਮੁਸਾਫਿਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਐ। ਪਲੀਜ਼ ਛੇਤੀ ਕੁਛ ਕਰੋ।” ਅੱਗੋਂ ਫਿਰ ਉਹੀ ਜੁਆਬ ਆਇਆ ਕਿ ਤੇਲ ਪਹੁੰਚਣ ਹੀ ਵਾਲਾ ਹੈ। ਇਸ ਦਰਮਿਆਨ ਅੰਦਰ ਕੁਝ ਛੋਟੇ ਬੱਚੇ ਚੀਕਣ ਲੱਗੇ ਤਾਂ ਚਾਕੂ ਵਿਖਾਉਂਦਿਆਂ ਤਾਰਿਕ ਨੇ ਮਾਪਿਆਂ ਨੂੰ ਧਮਕਾਇਆ ਤੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਹਦਾਇਤ ਕੀਤੀ। ਦਸ ਮਿੰਟ ਹੋਰ ਗੁਜ਼ਰ ਗਏ। ਕੈਪਟਨ ਮਿੰਨਤਾਂ ਕਰਦਾ ਹੰਭ ਚੁੱਕਿਆ ਸੀ ਪਰ ਉਸ ਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਉਸ ਨੇ ਫਿਰ ਬੇਨਤੀ ਕੀਤੀ, “ਸਾਰੇ ਮੁਸਾਫਿਰਾਂ ਦੀ ਜਾਨ ਨੂੰ ਖਤਰੈ, ਤੁਸੀਂ ਕਿਉਂ ਨ੍ਹੀਂ ਮੇਰੀ ਗੱਲ ਸੁਣ ਰਹੇ। ਉਹ ਬਹੁਤ ਗੁੱਸੇ ‘ਚ ਭਰਦੇ ਜਾ ਰਹੇ ਨੇ। ਪਤਾ ਨ੍ਹੀਂ ਹੋਰ ਕਿੰਨਿਆਂ ਨੂੰ ਮਾਰਨਗੇ।” ਅੱਗੋਂ ਪਹਿਲਾਂ ਵਾਲਾ ਰਟਿਆ ਰਟਾਇਆ ਜੁਆਬ ਆਇਆ ਤਾਂ ਕੈਪਟਨ ਨੇ ਸਿਰ ਸੁੱਟ ਲਿਆ। ਕੁਝ ਮਿੰਟ ਹੋਰ ਬੀਤ ਗਏ ਤਾਂ ਤਾਰਿਕ ਨੇ ਕੈਪਟਨ ਨੂੰ ਕਿਹਾ ਕਿ ਉਹ ਆਖਰੀ ਵਾਰ ਗੱਲ ਕਰੇ ਤੇ ਉਸ ਪਿੱਛੋਂ ਜਿਵੇਂ ਵੀ ਹੈ ਜਹਾਜ਼ ਨੂੰ ਉਡਾਵੇ। ਥੱਕਿਆ ਹਾਰਿਆ ਕੈਪਟਨ ਫਿਰ ਤੋਂ ਰੇਡੀਓ ਚੁੱਕਦਿਆਂ ਬੋਲਣ ਲੱਗਾ, “ਇਨ੍ਹਾਂ ਨੇ ਮੈਨੂੰ ਆਖਰੀ ਵਾਰ ਤੇਲ ਭਰਵਾਉਣ ਦੀ ਬੇਨਤੀ ਕਰਨ ਨੂੰ ਕਿਹਾ ਐ। ਮੈਂ ਮਿੰਨਤਾਂ ਕਰਦਾ ਹੰਭ ਚੁੱਕਾਂ ਹਾਂ। ਜਾਪਦਾ ਐ ਕਿ ਕਿਸੇ ਨੂੰ ਮੇਰੀ ਜਾਂ ਮੁਸਾਫਰਾਂ ਦੀ ਪ੍ਰਵਾਹ ਈ ਨ੍ਹੀਂ। ਸੋ ਇਹ ਆਖਰੀ ਬੇਨਤੀ ਐ। ਇਸ ਪਿੱਛੋਂ ਮੈਨੂੰ ਮਜ਼ਬੂਰਨ ਜਹਾਜ਼ ਉਡਾਉਣਾ ਪਵੇਗਾ ਫਿਰ ਭਾਵੇਂ ਉਹ ਉਡਣ ਸਾਰ ਕਰੈਸ਼ ਹੋ ਜਾਵੇ।” ਇੰਨਾ ਕਹਿੰਦਿਆਂ ਉਸ ਨੇ ਰੇਡੀਓ ਦਾ ਮਾਊਥ ਪੀਸ ਪਾਸੇ ਰੱਖ ਦਿਤਾ। ਉਸ ਨੇ ਵੇਖਿਆ ਕਿ ਟਰਮੀਨਲ ਵੱਲੋਂ ਇਕ ਤੇਲ ਟੈਂਕਰ ਆ ਰਿਹੈ। ਉਸ ਦਾ ਸਾਹ ‘ਚ ਸਾਹ ਆਇਆ। ਤਾਰਿਕ ਹੱਥ ‘ਚ ਪਿਸਤੌਲ ਫੜ੍ਹੀ ਉਸ ਦੇ ਕੋਲ ਹੀ ਬੈਠਾ ਸੀ। ਦੋਨੋਂ ਤੇਲ ਵਾਲੇ ਟੈਂਕਰ ਵੱਲ ਵੇਖ ਰਹੇ ਸਨ। ਪਰ ਜਿਸ ਗੱਲ ਨੇ ਤਾਰਿਕ ਨੂੰ ਪਰੇਸ਼ਾਨ ਕੀਤਾ ਉਹ ਇਹ ਸੀ ਕਿ ਤੇਲ ਟੈਂਕਰ ਬਹੁਤ ਤੇਜ਼ ਭੱਜ ਰਿਹਾ ਸੀ। ਉਸ ਨੂੰ ਜ਼ਰਾ ਕੁ ਸ਼ੱਕ ਵੀ ਹੋਇਆ ਪਰ ਉਹ ਉਵੇਂ ਹੀ ਨੀਝ ਲਾ ਕੇ ਟਰੱਕ ਵੱਲ ਵੇਖਦਾ ਰਿਹਾ। ਫਿਰ ਉਨ੍ਹਾਂ ਵੱਲ ਆਉਂਦਾ ਟਰੱਕ, ਜਹਾਜ਼ ਤੋਂ ਪਿੱਛੇ ਹੀ ਇਕਦਮ ਰੁਕ ਗਿਆ।
ਅਸਲ ‘ਚ ਹੋਇਆ ਇਹ ਸੀ ਕਿ ਜਦੋਂ ਅੰਮ੍ਰਿਤਸਰ ਅਥਾਰਟੀ ਨੂੰ ਇਹ ਅਹਿਸਾਸ ਹੋਇਆ ਕਿ ਹੁਣ ਆਖਰ ਆ ਚੁੱਕੀ ਹੈ ਤੇ ਜੇਕਰ ਕੋਈ ਫੈਸਲਾ ਨਾ ਲਿਆ ਤਾਂ ਜਹਾਜ਼ ਉਡ ਜਾਣ ਦੀ ਸੂਰਤ ‘ਚ ਮੁਸਾਫਿਰਾਂ ਦੀ ਜਾਨ ਖਤਰੇ ‘ਚ ਪੈ ਜਾਵੇਗੀ ਤਾਂ ਉਨ੍ਹਾਂ ਆਪਣੇ ਤੌਰ ‘ਤੇ ਹੀ ਜਹਾਜ਼ ਨੂੰ ਬਲਾਕ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਤੇਲ ਦਾ ਟੈਂਕਰ ਇਹ ਸੋਚ ਕੇ ਜਹਾਜ਼ ਵੱਲ ਭੇਜਿਆ ਕਿ ਅਗਵਾਕਾਰ ਇਹ ਸਮਝਣਗੇ ਬਈ ਤੇਲ ਆ ਰਿਹਾ ਹੈ, ਜਦੋਂ ਕਿ ਅਸਲ ‘ਚ ਇਹ ਟੈਂਕਰ ਜਾ ਕੇ ਜਹਾਜ਼ ਦੇ ਅੱਗੇ ਖੜ੍ਹੋ ਕੇ ਉਸ ਦਾ ਰਸਤਾ ਬੰਦ ਕਰ ਦੇਵੇਗਾ ਤੇ ਉਦੋਂ ਨੂੰ ਸ਼ਾਇਦ ਦਿੱਲੀ ਤੋਂ ਕਮਾਂਡੋ ਆ ਜਾਣਗੇ। ਖੈਰ ਉਨ੍ਹਾਂ ਤੇਲ ਟੈਂਕਰ ਦੇ ਡਰਾਈਵਰ ਨੂੰ ਜਹਾਜ਼ ਵੱਲ ਜਾਣ ਦੀ ਹਦਾਇਤ ਕੀਤੀ ਤਾਂ ਉਹ ਪੂਰੀ ਸਪੀਡ ‘ਤੇ ਟੈਂਕਰ ਭਜਾਉਂਦਾ ਉਧਰ ਨੂੰ ਜਾਣ ਲੱਗਾ। ਉਦੋਂ ਹੀ ਪਿੱਛੋਂ ਉਸ ਨੂੰ ਵਾਕੀ ਟਾਕੀ ‘ਤੇ ਹੁਕਮ ਹੋਇਆ ਕਿ ਉਹ ਟਰੱਕ ਹੌਲੀ ਚਲਾਵੇ। ਡਰਾਈਵਰ ਵਾਕੀ ਟਾਕੀ ‘ਤੇ ਆਏ ਹੁਕਮ ਨੂੰ ਗਲਤ ਸਮਝ ਗਿਆ। ਉਹ ਸਮਝਿਆ ਕਿ ਉਸ ਨੂੰ ਖੜੋਣ ਲਈ ਕਿਹਾ ਗਿਆ ਹੈ ਤੇ ਉਸ ਨੇ ਇਕਦਮ ਬਰੇਕ ਮਾਰੀ ਤੇ ਤੇਲ ਟੈਂਕਰ ਖੜ੍ਹਾ ਕਰ ਦਿੱਤਾ। ਟਰੱਕ ਦੇ ਇਕ ਦਮ ਰੁਕ ਜਾਣ ਨਾਲ ਤਾਰਿਕ ਦਾ ਚੁਸਤ ਦਿਮਾਗ ਹਰਕਤ ‘ਚ ਆ ਗਿਆ। ਉਸ ਨੂੰ ਲੱਗਿਆ ਕਿ ਇਹ ਕਮਾਂਡੋਂ ਹਮਲਾ ਹੋ ਰਿਹਾ ਹੈ ਅਤੇ ਉਸ ਟੈਂਕਰ ਵਿਚ ਕਮਾਂਡੋ ਭਰੇ ਹੋਏ ਹਨ। ਉਸ ਨੇ ਕੋਲ ਬੈਠੇ ਜਾਵੇਦ ਵੱਲ ਵੇਖਿਆ। ਜਾਵੇਦ ਨੇ ਤਾਰਿਕ ਨੂੰ ਕਿਹਾ ਕਿ ਇੱਥੋਂ ਤੁਰੰਤ ਚੱਲਿਆ ਜਾਵੇ। ਤਾਰਿਕ ਨੇ ਕੈਪਟਨ ਦੇ ਸਿਰ ਨਾਲ ਪਿਸਤੌਲ ਲਾ ਲਿਆ ਤੇ ਖਰਵੀ ਆਵਾਜ਼ ‘ਚ ਕਿਹਾ, “ਤੁਸੀਂ ਕਾਫਰ ਸਭ ਝੂਠੇ ਹੋ। ਤੇਲ ਪਾਉਣ ਦੇ ਬਹਾਨੇ ਸਾਨੂੰ ਕਾਬੂ ਕਰਨ ਦੀ ਸਕੀਮ ਬਣਾ ਰਹੇ ਓ। ਹੁਣ ਤੂੰ ਇਕਦਮ ਜਹਾਜ਼ ਭਜਾ ਲੈ ਨਹੀਂ ਤਾਂ ਤੇਰਾ ਸਿਰ ਛੱਲਣੀ ਕਰ ਦਿਆਂਗੇ ਤੇ ਜਹਾਜ਼ ਗਰਨੇਡ ਨਾਲ ਉਡਾ ਦਿਆਂਗੇ।”
“ਪਰ ਤੇਲ ਤੋਂ ਬਿਨਾਂ ਜਹਾਜ਼ ਕਿਵੇਂ ਉਡੂਗਾæææ?”
ਕੈਪਟਨ ਦੀ ਆਵਾਜ਼ ਵਿਚਕਾਰੋਂ ਟੋਕਦਿਆਂ ਤਾਰਿਕ ਬੋਲਿਆ, “ਇਸ ਦਾ ਜੁਆਬ ਤੈਨੂੰ ਮੈਂ ਦਿੰਦਾ ਆਂ, ਲੈ ਵੇਖ।” ਇੰਨਾ ਕਹਿੰਦਿਆਂ ਤਾਰਿਕ ਨੇ ਸਾਹਮਣੀ ਸੀਟ ‘ਤੇ ਬੈਠੇ ਇਕ ਸਰਦਾਰ ਨੂੰ ਘੜੀਸ ਲਿਆ ਤੇ ਉਸਦੇ ਸਰੀਰ ‘ਤੇ ਚਾਕੂ ਦੇ ਵਾਰ ਕਰਨ ਲੱਗਾ। ਕੁਝ ਸੈਕਿੰਡਾਂ ‘ਚ ਹੀ ਸਰਦਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੇਠਾਂ ਡਿੱਗ ਪਿਆ। ਤਾਰਿਕ ਨੇ ਇਕ ਛੋਟੇ ਬੱਚੇ ਨੂੰ ਖੜ੍ਹਾ ਕਰ ਲਿਆ। ਪਰ ਉਸ ਦੇ ਚਾਕੂ ਮਾਰਨ ਤੋਂ ਪਹਿਲਾਂ ਉਹ ਕੈਪਟਨ ਨੂੰ ਮੁਖਾਤਬ ਹੋਇਆ, “ਹੁਣ ਤੂੰ ਜਹਾਜ਼ ਉਡਾਉਦੈਂ ਕਿ ਤੈਨੂੰ ਹੋਰ ਤਮਾਸ਼ਾ ਵਿਖਾਵਾਂ?”
ਕੈਪਟਨ ਤੁਰੰਤ ਹਰਕਤ ‘ਚ ਆ ਗਿਆ ਤੇ ਉਸ ਨੇ ਉਸੇ ਵੇਲੇ ਇੰਜਣ ਦੀ ਪੂਰੀ ਰੇਸ ਕਰ ਦਿਤੀ ਤੇ ਫਿਰ ਇਕ ਦਮ ਜਹਾਜ਼ ਭਜਾਇਆ। ਪੂਰੀ ਸਪੀਡ ‘ਤੇ ਪਹੁੰਚ ਜਾਣ ਤੋਂ ਪਹਿਲਾਂ ਹੀ ਉਸ ਨੂੰ ਜਹਾਜ਼ ਉਤਾਂਹ ਚੁੱਕਣਾ ਪਿਆ ਕਿਉਂਕਿ ਸਾਹਮਣੇ ਤੇਲ ਵਾਲਾ ਟੈਂਕਰ ਖੜ੍ਹਾ ਸੀ। ਪੂਰਾ ਜ਼ੋਰ ਲਾਉਂਦਾ ਜਹਾਜ਼ ਉਪਰ ਉਠ ਤਾਂ ਖੜੋਤਾ ਪਰ ਹੇਠਾਂ ਖੜ੍ਹੇ ਤੇਲ ਟੈਂਕਰ ਦੇ ਨਾਲ ਖਹਿ ਕੇ ਲੰਘਿਆ। ਕੈਪਟਨ ਨੇ ਜਹਾਜ਼ ਨੂੰ ਕਾਬੂ ‘ਚ ਕੀਤਾ। ਉਹ ਜ਼ਿਆਦਾ ਉਚਾਈ ‘ਤੇ ਨਹੀਂ ਲਿਜਾਣਾ ਚਾਹੁੰਦਾ ਸੀ। ਕਿਉਂਕਿ ਸਾਹਮਣੇ ਦਿਸਦੀ ਤੇਲ ਦੀ ਲਾਲ ਸੂਈ ਉਸ ਦੇ ਕਾਲਜੇ ‘ਚ ਸੂਈ ਦੀ ਤਰ੍ਹਾਂ ਖੁੱਬ ਰਹੀ ਸੀ। ਨੀਵਾਂ ਉਡਾਉਂਦਿਆਂ ਤੇ ਭਾਰਤ ਦੀ ਸਰਹੱਦ ਪਾਰ ਕਰਦਿਆਂ, ਜਹਾਜ਼ ਨੂੰ ਉਹ ਪਾਕਿਸਤਾਨ ਵਾਲੇ ਪਾਸੇ ਲੈ ਗਿਆ। ਉਦੋਂ ਹੀ ਉਸ ਨੇ ਲਾਹੌਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਉਥੇ ਉਤਰਨ ਦਿੱਤਾ ਜਾਵੇ ਕਿਉਂਕਿ ਉਸ ਕੋਲ ਤੇਲ ਬਿਲਕੁਲ ਹੀ ਨਹੀਂ ਹੈ। ਪਰ ਲਾਹੌਰ ਏਅਰਪੋਰਟ ਅਥਾਰਟੀ ਨੇ ਉਸ ਨੂੰ ਪਹਿਲਾਂ ਦੀ ਤਰ੍ਹਾਂ ਜੁਆਬ ਦਿਤਾ ਕਿ ਉਹ ਇੱਥੋਂ ਵਾਪਸ ਚਲਾ ਜਾਵੇ। ਨਾਲ ਹੀ ਉਨ੍ਹਾਂ ਨੇ ਏਅਰਪੋਰਟ ਦੀਆਂ ਬੱਤੀਆਂ ਬੁਝਾ ਦਿੱਤੀਆਂ। ਇਸ ਨਾਲ ਰਨ ਵੇਅ ‘ਤੇ ਹਨੇਰਾ ਹੋ ਗਿਆ। ਪਰ ਕੈਪਟਨ ਮਜ਼ਬੂਰ ਸੀ ਤੇ ਉਹ ਜਹਾਜ਼ ਨੀਵਾਂ ਕਰਕੇ ਹੇਠਾਂ ਲੈ ਆਇਆ। ਹੇਠਾਂ ਹਨੇਰੇ ‘ਚ ਅੱਖਾਂ ਪਾੜ ਪਾੜ ਕੇ ਵੇਖਦਾ ਉਹ ਰਨ ਵੇਅ ਲੱਭ ਰਿਹਾ ਸੀ। ਫਿਰ ਉਸ ਨੂੰ ਲੱਗਿਆ ਕਿ ਰਨ ਵੇਅ ਆ ਗਿਆ ਹੈ ਤੇ ਉਸ ਨੇ ਜਹਾਜ਼ ਹੇਠਾਂ ਲਾਹੁਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਰ ਜ਼ਰਾ ਕੁ ਹੋਰ ਹੇਠਾਂ ਆਉਂਦਿਆਂ ਹੀ ਕੈਪਟਨ ਨੂੰ ਅੰਦਾਜ਼ਾ ਹੋਇਆ ਕਿ ਹੇਠਾਂ ਰਨ ਵੇਅ ਨਹੀਂ ਬਲਕਿ ਕੋਈ ਸੜਕ ਹੈ। ਉਸ ਨੇ ਉਸੇ ਵੇਲੇ ਜਹਾਜ਼ ਉਤਾਂਹ ਚੁੱਕਿਆ। ਕੈਪਟਨ ਵਾਪਸ ਰਨ ਵੇਅ ਵੱਲ ਆਉਣ ਲਈ ਉਪਰ ਗੋਲ ਘੇਰੇ ‘ਚ ਗੇੜਾ ਕੱਢਣ ਚਲਾ ਗਿਆ। ਉਦੋਂ ਹੀ ਉਸ ਨੇ ਲਾਹੌਰ ਏਅਰਪਰਟ ਅਥਾਰਟੀ ਨੂੰ ਦਿਲ ਵਿੰਨਵੀ ਬੇਨਤੀ ਕੀਤੀ, “ਪਲੀਜ਼ ਮੇਰੀ ਗੱਲ ਸੁਣੋ। ਮੇਰੇ ਕੋਲ ਇਸ ਵੇਲੇ ਪੌਣੇਂ ਦੋ ਸੌ ਮੁਸਾਫਿਰ ਨੇ। ਇਨ੍ਹਾਂ ‘ਚ ਬੱਚੇ ਬੁੱਢੇ ਤੇ ਔਰਤਾਂ ਸ਼ਾਮਲ ਨੇ। ਇਨ੍ਹਾਂ ਵਿਚਾਰਿਆਂ ਦਾ ਕੀ ਦੋਸ਼ ਐ। ਮੇਰਾ ਜਹਾਜ਼ ਹੁਣ ਕਿਸੇ ਵੇਲੇ ਵੀ ਕਰੈਸ਼ ਹੋ ਸਕਦਾ ਐ। ਇਹ ਸਭ ਨਿਰਦੋਸ਼ ਮੁਸਾਫਿਰ ਮਾਰੇ ਜਾਣਗੇ। ਖੁਦਾ ਦੇ ਵਾਸਤੇ ਮੇਰੀ ਮੱਦਦ ਕਰੋ। ਤੁਹਾਨੂੰ ਅੱਲਾ ਦਾ ਵਾਸਤਾ, ਪਵਿੱਤਰ ਕੁਰਾਨ ਦਾ ਵਾਸਤਾ, ਮੈਨੂੰ ਉਤਰਨ ਦੀ ਇਜਾਜ਼ਤ ਦਿਉ।” ਇੰਨਾ ਕਹਿੰਦਿਆਂ ਉਸ ਨੇ ਰੇਡੀਓ ਪਾਸੇ ਰੱਖਿਆ ਹੀ ਸੀ ਕਿ ਲਾਹੌਰ ਏਅਰਪੋਰਟ ਜਗਮਗਾਉਣ ਲੱਗਾ। ਉਪਰੋਂ ਕੈਪਟਨ ਨੇ ਵੇਖਿਆ ਕਿ ਜਿਨ੍ਹਾਂ ਗਡੀਆਂ ਨਾਲ ਰਨ ਵੇਅ ਬਲਾਕ ਕੀਤਾ ਹੋਇਆ ਸੀ, ਉਹ ਪਾਸੇ ਹਟ ਰਹੀਆਂ ਸਨ। ਉਸ ਨੇ ਜਹਾਜ਼ ਰਨ ਵੇਅ ‘ਤੇ ਉਤਾਰ ਦਿੱਤਾ। ਜਹਾਜ਼ ਹੌਲੀ ਚੱਲਦਾ ਇਕ ਪਾਸੇ ਜਾਣ ਹੀ ਲੱਗਿਆ ਸੀ ਕਿ ਉਸ ਦਾ ਇੰਜਨ ਬੰਦ ਹੋ ਗਿਆ। ਕੈਪਟਨ ਨੇ ਵੇਖਿਆ ਤੇਲ ਮੁੱਕ ਚੁੱਕਿਆ ਸੀ। ਜਹਾਜ਼ ਜਿੱਥੇ ਖੜ੍ਹਾ ਸੀ ਉਥੇ ਹੀ ਫੌਜ ਨੇ ਇਸ ਨੂੰ ਘੇਰ ਲਿਆ। ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਜਹਾਜ਼ ਨੂੰ ਇੱਥੋਂ ਉਡਣ ਨਾ ਦਿੱਤਾ ਜਾਵੇ। ਪਰ ਉਨ੍ਹਾਂ ਪ੍ਰਵਾਹ ਨਾ ਕੀਤੀ। ਕਿਉਂਕਿ ਉਦੋਂ ਤਾਜ਼ੀ ਤਾਜ਼ੀ ਕਾਰਗਿਲ ਜੰਗ ਹੋ ਕੇ ਹਟੀ ਸੀ ਤੇ ਦੋਨਾਂ ਮੁਲਕਾਂ ਵਿਚ ਸਬੰਧ ਬੜੇ ਕੌੜੇ ਸਨ। ਖੈਰ, ਕੈਪਟਨ ਦੀ ਤੇਲ ਭਰਨ ਦੀ ਬੇਨਤੀ ਮੰਨ ਲਈ ਗਈ। ਇੱਥੇ ਕੈਪਟਨ ਨੇ ਤਾਰਿਕ ਨੂੰ ਕਿਹਾ ਕਿ ਕਿਰਪਾ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਛੱਡ ਦਿਉ। ਤਾਰਿਕ ਨੇ ਜਾਵੇਦ ਨਾਲ ਸਲਾਹ ਕੀਤੀ ਤਾਂ ਜਾਵੇਦ ਬੋਲਿਆ, “ਇੰਜ ਭਾਰਤ ਨੂੰ ਲੱਗੂਗਾ ਕਿ ਆਪਾਂ ਨਰਮ ਹੋ ਗਏ ਆਂ। ਇਹ ਠੀਕ ਨ੍ਹੀਂ ਐ।” ਉਸ ਦੀ ਗੱਲ ਸੁਣ ਕੇ ਕੈਪਟਨ ਦੀ ਬੇਨਤੀ ਠੁਕਰਾ ਦਿੱਤੀ ਤੇ ਜਹਾਜ਼ ਉਡਾਉਣ ਦਾ ਹੁਕਮ ਦਿੱਤਾ। ਤਕਰੀਬਨ ਢਾਈ ਘੰਟੇ ਲਾਹੌਰ ਰੁਕ ਕੇ ਜਹਾਜ਼ ਫਿਰ ਉਡ ਗਿਆ। ਹੁਣ ਤਾਰਿਕ ਨੇ ਜਹਾਜ਼ ਨੂੰ ਕਾਬਲ ਵੱਲ ਮੁੜਵਾ ਲਿਆ। ਪਰ ਨੇੜੇ ਪਹੁੰਚ ਕੇ ਪਤਾ ਲੱਗਿਆ ਕਿ ਕਾਬਲ ਏਅਰਪੋਰਟ ‘ਤੇ ਰਾਤ ਵੇਲੇ ਜਹਾਜ਼ ਉਤਾਰਨ ਦਾ ਪ੍ਰਬੰਧ ਨਹੀਂ ਹੈ। ਇਸ ‘ਤੇ ਜਾਵੇਦ ਨੇ ਕਿਹਾ ਕਿ ਜਹਾਜ਼ ਡੁਬਈ ਲੈ ਚੱਲੋ। ਕੈਪਟਨ ਨੇ ਜਹਾਜ਼ ਡੁਬਈ ਵੱਲ ਮੋੜ ਲਿਆ। ਪਹਿਲਾਂ ਤਾਂ ਡੁਬਈ ਵਾਲਿਆਂ ਨੇ ਵੀ ਜਹਾਜ਼ ਦੇ ਉਤਰਨ ਤੋਂ ਇਨਕਾਰ ਕਰ ਦਿਤਾ ਪਰ ਫਿਰ ਭਾਰਤ ਨੇ ਜ਼ੋਰ ਪਾਇਆ ਤਾਂ ਉਹ ਮੰਨ ਗਏ। ਉਹ ਵੀ ਸਿਰਫ ਤੇਲ ਭਰਨ ਲਈ। ਪਰ ਇੱਥੇ ਡੁਬਈ ਵਾਲਿਆਂ ਨੇ ਥੋੜੀ ਚੁਸਤੀ ਖੇਡੀ। ਉਨ੍ਹਾਂ ਕਿਹਾ ਕਿ ਜੇਕਰ ਤੇਲ ਭਰਵਾਉਣਾ ਹੈ ਤਾਂ ਬੱਚੇ ਔਰਤਾਂ ਅਤੇ ਬੁੱਢਿਆਂ ਨੂੰ ਛੱਡਿਆ ਜਾਵੇ। ਇਸ ਤਰ੍ਹਾਂ ਉਥੇ ਸਤਾਈ ਮੁਸਾਫਰ ਉਤਾਰ ਲਏ ਗਏ ਜਿਨ੍ਹਾਂ ਵਿੱਚ ਇਕ ਨਵੇਂ ਵਿਆਹੇ ਮੁੰਡੇ ਦੀ ਲਾਸ਼ ਵੀ ਸੀ। ਤੇਲ ਭਰਵਾ ਕੇ ਇੱਥੋਂ ਜਹਾਜ਼ ਫਿਰ ਉਡ ਗਿਆ ਤੇ ਸਵੇਰੇ ਸਵੱਖਤੇ ਹੀ ਕੰਧਾਰ ਜਾ ਉਤਰਿਆ। ਹੁਣ ਤਾਰਿਕ ਦੀ ਟੀਮ ਬੇਹੱਦ ਖੁਸ਼ ਸੀ। ਜਹਾਜ਼ ਉਨ੍ਹਾਂ ਦੇ ਘਰ ਆ ਚੁੱਕਿਆ ਸੀ।
ਭਾਰਤ ਸਰਕਾਰ ਨੂੰ ਪਤਾ ਸੀ ਕਿ ਹੁਣ ਜਹਾਜ਼ ਪੱਕਾ ਕੰਧਾਰ ਹੀ ਰੁਕੇਗਾ। ਪਰ ਭਾਰਤ ਲਈ ਮਜ਼ਬੂਰੀ ਇਹ ਸੀ ਕਿ ਉਹ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਸਿੱਧੀ ਗੱਲਬਾਤ ਨਹੀਂ ਸਨ ਕਰ ਸਕਦੇ ਕਿਉਂਕਿ ਭਾਰਤ ਦਾ ਤਾਲਿਬਾਨ ਨਾਲ ਕੋਈ ਵੀ ਸਬੰਧ ਨਹੀਂ ਸੀ। ਖੈਰ, ਉਨ੍ਹਾਂ ਅਗਵਾਕਾਰਾਂ ਨਾਲ ਗੱਲ ਚਲਾਉਣ ਲਈ ਪਾਕਿਸਤਾਨ ਰਸਤੇ ਆਪਣੀ ਟੀਮ ਭੇਜਣ ਦੀ ਤਿਆਰੀ ਕਰ ਦਿੱਤੀ। ਇਸ ਨੂੰ ਟਾਈਮ ਲੱਗਣਾ ਸੀ। ਇਸ ਦਰਮਿਆਨ ਜਹਾਜ਼ ਅੰਦਰ ਮੁਸਾਫਿਰਾਂ ਦਾ ਬੁਰਾ ਹਾਲ ਸੀ। ਉਹ ਪਿਛਲੇ ਦਿਨ ਦੇ ਭੁੱਖੇ ਪਿਆਸੇ ਸਨ। ਜਹਾਜ਼ ਅਮਲੇ ਕੋਲ ਜੋ ਕੁਝ ਮਾੜਾ ਮੋਟਾ ਸੀ ਬੱਸ ਉਸੇ ਨਾਲ ਕੰਮ ਚੱਲ ਰਿਹਾ ਸੀ। ਮੁਸਾਫਿਰ ਵਾਰ ਵਾਰ ਮਿੰਨਤਾਂ ਕਰ ਰਹੇ ਸਨ ਕਿ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ। ਪਰ ਤਾਰਿਕ ਹਰ ਵਾਰ ਡਾਂਟ ਕੇ ਸਭ ਨੂੰ ਚੁੱਪ ਕਰਵਾ ਦਿੰਦਾ। ਸ਼ਾਮ ਤੱਕ ਟੀਮ ਪਹੁੰਚੀ, ਜਿਸ ਵਿਚ ਪਾਕਿਸਤਾਨੀ ਅਧਿਕਾਰੀ ਵੀ ਸਨ। ਆਉਂਦਿਆਂ ਸਾਰ ਉਨ੍ਹਾਂ ਪਹਿਲੀ ਸ਼ਰਤ ਇਹ ਰੱਖੀ ਕਿ ਅਸੀਂ ਕੋਈ ਗੱਲ ਤਾਂ ਹੀ ਕਰਾਂਗੇ ਜੇਕਰ ਅਗਵਾਕਾਰ ਮੁਸਾਫਿਰਾਂ ਦੇ ਖਾਣ-ਪੀਣ ਦਾ ਸਮਾਨ ਅੰਦਰ ਜਾਣ ਦੇਣਗੇ। ਖੈਰ! ਤਾਰਿਕ ਹੋਰੀਂ ਇਹ ਸ਼ਰਤ ਮੰਨ ਗਏ, ਪਰ ਤਾਰਿਕ ਨੇ ਅਗਲੀ ਸਵੇਰ ਤੱਕ ਕੋਈ ਵਾਰਤਾਲਾਪ ਕਰਨ ਤੋਂ ਇਨਕਾਰ ਕਰ ਦਿੱਤਾ। ਰਾਤ ਵੇਲੇ ਤਾਰਿਕ ਹੋਰਾਂ ਦੀ ਟੀਮ ਵਾਲੇ ਬਦਲ ਬਦਲ ਕੇ ਪਹਿਰਾ ਦਿੰਦੇ ਰਹੇ ਤੇ ਨਾਲ ਹੀ ਸੌਂਦੇ ਵੀ ਰਹੇ। ਅਗਲੇ ਦਿਨ ਸਵੇਰ ਵੇਲੇ ਸਾਰਿਆਂ ਨੇ ਕਿਹਾ ਕਿ ਜਹਾਜ਼ ਨੂੰ ਸਫਾਈ ਦੀ ਲੋੜ ਹੈ। ਪਰ ਜਾਵੇਦ ਇਹ ਗੱਲ ਮੰਨ ਨਹੀਂ ਰਿਹਾ ਸੀ। ਉਸ ਨੂੰ ਡਰ ਸੀ ਕਿ ਸਫਾਈ ਕਰਨ ਦੇ ਬਹਾਨੇ ਕਮਾਂਡੋਂ ਹਮਲਾ ਨਾ ਹੋ ਜਾਵੇ। ਆਖਰ ਉਨ੍ਹਾਂ ਸਾਰੇ ਮੁਸਾਫਿਰਾਂ ਨੂੰ ਜਹਾਜ਼ ਦੇ ਅਗਲੇ ਪਾਸੇ ਇਕੱਠੇ ਕਰ ਕੇ ਉਨਾ ਚਿਰ ਉਨ੍ਹਾਂ ਦੇ ਸਿਰਾਂ ‘ਤੇ ਪਿਸਤੌਲਾਂ ਅਤੇ ਗਰਨੇਡ ਤਾਣੀਂ ਰੱਖੇ ਜਿੰਨਾ ਚਿਰ ਸਫਾਈ ਵਾਲੇ ਚਲੇ ਨਾ ਗਏ। ਤਾਰਿਕ ਨੇ ਇਕ ਬਕਸਾ ਖੋਲ੍ਹਿਆ ਜੋ ਸਫਾਈ ਵਾਲੇ ਉਨ੍ਹਾਂ ਲਈ ਛੱਡ ਗਏ ਸਨ। ਬਕਸਾ ਵਿਖਾਉਂਦਾ ਤਾਰਿਕ ਜਾਵੇਦ ਨੂੰ ਬੋਲਿਆ, “ਆਪਾਂ ਤਾਂ ਐਵੇਂ ਈ ਡਰ ਰਹੇ ਸੀ, ਉਹ ਤਾਂ ਸਗੋਂ ਆਪਾਂ ਨੂੰ ਤੋਹਫਾ ਦੇ ਕੇ ਗਏ ਨੇ।” ਜਾਵੇਦ ਨੇ ਬਕਸੇ ਅੰਦਰ ਝਾਤ ਮਾਰੀ। ਅੰਦਰ ਦੋ ਏæ ਕੇæ ਸੰਤਾਲੀæ ਰਾਈਫਲਾਂ, ਤਿੰਨ ਗਰਨੇਡ ਤੇ ਨਾਲ ਹੀ ਵਾਕੀ ਟਾਕੀ ਪਈ ਸੀ। ਉਹ ਸਮਝ ਗਏ ਕਿ ਵਾਕੀ ਟਾਕੀ ਇਸ ਲਈ ਭੇਜੀ ਗਈ ਹੈ ਕਿ ਉਹ ਸਿੱਧੇ ਕਿਸੇ ਤਾਲਿਬਾਨ ਅਫਸਰ ਨਾਲ ਗੱਲ ਕਰ ਸਕਣ। ਇਸ ਪਿੱਛੋਂ ਉਨ੍ਹਾਂ ਪਿਸਤੌਲਾਂ ਰੱਖ ਦਿੱਤੀਆਂ ਤੇ ਰਾਈਫਲਾਂ ਚੁੱਕ ਲਈਆਂ। ਮੁਸਾਫਿਰ ਪਹਿਲਾਂ ਨਾਲੋਂ ਵੀ ਭੈਭੀਤ ਹੋ ਗਏ। ਉਧਰ ਏਅਰਪੋਰਟ ‘ਤੇ ਭਾਰਤੀ ਵਾਰਤਲਾਪ ਟੀਮ ਫਿਰ ਜੁੜ ਬੈਠੀ ਸੀ। ਉਨ੍ਹਾਂ ਤਾਲਿਬਾਨ ਦੇ ਵਿਦੇਸ਼ ਮੰਤਰੀ ਅਤੇ ਹੋਰ ਅਹਿਲਕਾਰਾਂ ਨੂੰ ਵੀ ਇਸ ਵਾਰਤਲਾਪ ਵਿੱਚ ਸ਼ਾਮਲ ਕਰ ਲਿਆ। ਅਗਵਾਕਾਰਾਂ ਤੋਂ ਉਨ੍ਹਾਂ ਦੀ ਮੰਗ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਸੌ ਮੁਜਾਹਿਦੀਨਾਂ ਨੂੰ ਰਿਹਾ ਕੀਤਾ ਜਾਵੇ। ਭਾਰਤੀਆਂ ਮੁਤਾਬਕ ਇਹ ਮੰਗ ਬਹੁਤ ਵੱਡੀ ਸੀ। ਉਨ੍ਹਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਸਾਰਾ ਦਿਨ ਗੱਲਬਾਤ ਚੱਲੀ ਪਰ ਗੱਲ ਕਿਸੇ ਸਿਰੇ ਨਾ ਲੱਗੀ। ਬਿਨਾਂ ਕਿਸੇ ਫੈਸਲੇ ਦੇ ਵਾਰਤਾਲਾਪ ਅਗਲੇ ਤਿੰਨ ਦਿਨ ਚੱਲਦੀ ਰਹੀ ਪਰ ਕੋਈ ਸਹਿਮਤੀ ਨਾ ਹੋ ਸਕੀ ਕਿਉਂਕਿ ਤਾਰਿਕ ਆਪਣੀ ਮੰਗ ਨਹੀਂ ਬਦਲ ਰਿਹਾ ਸੀ। ਫਿਰ ਉਸ ਰਾਤ ਤਾਰਿਕ ਨੇ ਜਾਵੇਦ ਨਾਲ ਸਲਾਹ ਕੀਤੀ, “ਇਹ ਗਿਣਤੀ ਬਹੁਤ ਵੱਡੀ ਐ।” ਜਾਵੇਦ ਨੇ ਉਤਰ ਦਿੱਤਾ।
“ਇਹ ਤਾਂ ਉਨ੍ਹਾਂ ‘ਤੇ ਸਿਰਫ ਦਬਾਅ ਪਾਉਣ ਲਈ ਸੀ। ਆਪਾਂ ਗਿਣਤੀ ਘਟਾ ਦਿੰਨੇ ਆਂ।”
“ਕਿੰਨੀ ਕਰ ਦੇਈਏ?” ਤਾਰਿਕ ਨੇ ਪੁੱਛਿਆ ਤਾਂ ਜਾਵੇਦ ਨੇ ਕਿਹਾ ਕਿ ਅਜੇ ਵੀ ਆਪਾਂ ਗਿਣਤੀ ਕੁਝ ਵਧਾ ਕੇ ਹੀ ਦੱਸੀਏ। ਇਸ ਪਿੱਛੋਂ ਉਨ੍ਹਾਂ ਨੇ ਸੁਨੇਹਾ ਭੇਜਿਆ ਕਿ ਸਾਡੇ ਸਿਰਫ ਪੰਝੀ ਮੁਜਾਹਿਦੀਨ ਛੱਡੇ ਜਾਣ। ਇਸ ਨਾਲ ਭਾਰਤ ਸਰਕਾਰ ਨੂੰ ਬਹੁਤ ਰਾਹਤ ਮਿਲੀ। ਪਰ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਸੀ। ਦੋ ਦਿਨ ਹੋਰ ਗੱਲ ਚੱਲਦੀ ਰਹੀ। ਇਸ ਵਿਚਕਾਰ ਦਿਲੀ ਸਰਕਾਰ ‘ਤੇ ਲੋਕਾਂ ਦਾ ਦਬਾਅ ਬਹੁਤ ਵਧ ਗਿਆ ਸੀ ਕਿਉਂਕਿ ਤਕਰਬੀਨ ਹਫਤਾ ਹੋ ਚੱਲਿਆ ਸੀ ਮੁਸਾਫਿਰਾਂ ਨੂੰ ਬੰਦੀ ਬਣਾਇਆਂ। ਉਨ੍ਹਾਂ ਦੇ ਰਿਸ਼ਤੇਦਾਰ ਪਰੇਸ਼ਾਨ ਹੋ ਰਹੇ ਸਨ। ਇੱਧਰ ਤਾਰਿਕ ਹੋਰਾਂ ਦੀ ਟੋਲੀ ਵੀ ਥੱਕ ਗਈ ਜਾਪਦੀ ਸੀ। ਉਦੋਂ ਹੀ ਉਨ੍ਹਾਂ ਨੂੰ ਗੁਪਤ ਵਾਕੀ ਟਾਕੀ ਤੇ ਸੁਨੇਹਾ ਆਇਆ, “ਵੇਖੋ ਅੱਗੇ ਧਿਆਨ ਨਾਲ ਖੇਡ ਖੇਡੋ ਕਿਉਂਕਿ ਤਾਲਿਬਾਨ ਸਰਕਾਰ ਨੇ ਫੈਸਲਾ ਕਰ ਲਿਐ ਕਿ ਉਹ ਪਰਸੋਂ ਤੁਹਾਨੂੰ ਇੱਥੋਂ ਉਡ ਜਾਣ ਲਈ ਮਜ਼ਬੂਰ ਕਰ ਦੇਣਗੇ। ਨਵੀਂ ਸਦੀ ਦੇ ਚੜ੍ਹਦਿਆਂ ਉਹ ਆਪਣੇ ਸਿਰ ਕੋਈ ਇਲਜ਼ਾਮ ਨ੍ਹੀਂ ਲੈਣਾਂ ਚਾਹੁੰਦੇ।” ਇਹ ਗੱਲ ਸੁਣ ਕੇ ਤਾਰਿਕ ਨੂੰ ਖਿਆਲ ਆਇਆ ਕਿ ਦੋ ਦਿਨਾਂ ਨੂੰ ਨਿਊ ਮਿਲੇਨੀਅਮ ਚੜ੍ਹ ਰਿਹਾ ਹੈ, ਇਕੀਵੀਂ ਸਦੀ ਸ਼ੁਰੂ ਹੋ ਰਹੀ ਹੈ। ਉਸ ਜਾਵੇਦ ਨਾਲ ਵਿਚਾਰ-ਵਟਾਂਦਰਾ ਕੀਤਾ ਤਾਂ ਜਾਵੇਦ ਬੋਲਿਆ,”ਡਰਾਮਾ ਬਹੁਤ ਲੰਬਾ ਹੋ ਚੱਲਿਐ। ਹੁਣ ਇਸ ਨੂੰ ਖਤਮ ਕਰ ਦੇਣਾ ਚਾਹੀਦੈ, ਨ੍ਹੀਂ ਤਾਂ ਗੱਲ ਆਪਣੇ ਉਲਟ ਵੀ ਜਾ ਸਕਦੀ ਐ।”
“ਆਪਣੇ ਉਲਟ ਕਿਵੇਂ?” ਤਾਰਿਕ ਨੇ ਹੈਰਾਨੀ ‘ਚ ਪੁੱਛਿਆ।
“ਉਹ ਇਸ ਤਰ੍ਹਾਂ ਕਿ ਸਰਕਾਰੀ ਏਜੰਸੀਆਂ ਦਾ ਵੀ ਕੰਮ ਕਰਨ ਦਾ ਆਪਣਾ ਢੰਗ ਹੁੰਦੈ। ਅਜਿਹੇ ਵੇਲੇ ਉਹ ਡਰਾਮੇ ਨੂੰ ਲੰਬਾ ਖਿੱਚਦੇ ਰਹਿੰਦੇ ਨੇ ਤਾਂ ਕਿ ਅਗਵਾਕਾਰ ਸਰੀਰਕ ਅਤੇ ਮਾਨਸਿਕ, ਦੋਵੇਂ ਤਰ੍ਹਾਂ ਥੱਕ ਜਾਣ। ਇਸ ਪਿੱਛੋਂ ਉਹ ਅਚਾਨਕ ਹਮਲਾ ਕਰ ਦਿੰਦੇ ਨੇ ਤੇ ਤੈਨੂੰ ਪਤਾ ਈ ਐ ਕਿ ਥੱਕਿਆ ਟੁੱਟਿਆ ਸਿਪਾਹੀ ਕੀ ਲੜਾਈ ਲੜ੍ਹ ਸਕਦੈ।”
“ਗੱਲ ਤਾਂ ਤੇਰੀ ਬਿਲਕੁਲ ਠੀਕ ਐ। ਦੱਸ ਫਿਰ ਅੱਗੇ ਕੀ ਹੁਕਮ ਐਂ?”
“ਤੂੰ ਇਉਂ ਕਰ। ਬਾਕੀ ਸਭ ਨੂੰ ਛੱਡ ਤੇ ਜਿਹੜੇ ਆਪਣੇ ਤਿੰਨ ਮੁੱਖ ਮੁਜਾਹਿਦੀਨ ਨੇ ਉਨ੍ਹਾਂ ਦੇ ਨਾਂ ਭੇਜ ਦੇਹ। ਹੁਣ ਹੋਰ ਵਕਤ ਨ੍ਹੀਂ ਐ।”
ਜਦੋਂ ਫਿਰ ਵਾਰਤਲਾਪ ਸ਼ੁਰੂ ਹੋਈ ਤਾਂ ਤਾਰਿਕ ਬੋਲਿਆ, “ਤੁਸੀਂ ਪਿਛਲੀਆਂ ਲਿਸਟਾਂ ਭੁੱਲ ਜਾਉ। ਸਿਰਫ ਸਾਡੇ ਤਿੰਨ ਬੰਦੇ ਰਿਹਾ ਕਰ ਦਿਓ। ਦੋ ਘੰਟਿਆਂ ‘ਚ ਸਾਨੂੰ ਜਵਾਬ ਦਿਓ। ਜੇ ਜੁਆਬ ਨਾ ਆਇਆ ਤਾਂ ਅਸੀਂ ਤੁਰੰਤ ਜਹਾਜ਼ ਉਡਾ ਦਿਆਂਗੇ। ਇਹ ਸਾਡੀ ਆਖਰੀ ਚਿਤਾਵਨੀ ਐਂ।”
“ਵੇਖੋ ਲੱਗਦਾ ਐ ਕਿ ਆਪਣੀ ਇਹ ਗੱਲ ਬਣ ਜਾਵੇਗੀ। ਅਸੀਂ ਹੁਣ ਦਿੱਲੀ ਨਾਲ ਸੰਪਰਕ ਕਰ ਰਹੇ ਆਂ। ਭਰੋਸਾ ਰੱਖੋ, ਆਪਣੀ ਗੱਲਬਾਤ ਸਫਲ ਹੋਵੇਗੀ।” ਇੰਨਾ ਕਹਿੰਦਿਆਂ ਭਾਰਤੀ ਟੀਮ ਨੇ ਦਿੱਲੀ ਨਾਲ ਰਾਬਤਾ ਕਾਇਮ ਕੀਤਾ ਤੇ ਇਹ ਤਿੰਨ ਬੰਦੇ ਛੱਡਣ ਦੀ ਮਨਜ਼ੂਰੀ ਲੈ ਲਈ। ਇਹ ਤਿੰਨ ਬੰਦੇ ਜੰਮੂ ਕਸ਼ਮੀਰ ਦੀ ਕਿਸੇ ਜੇਲ੍ਹ ਵਿੱਚ ਬੰਦ ਸਨ। ਇਸ ਕਰਕੇ ਸਰਕਾਰ ਨੇ ਕੁਝ ਸਮਾਂ ਮੰਗਿਆ ਤੇ ਕਿਹਾ ਕਿ ਕੱਲ੍ਹ ਤੱਕ ਬੰਦੇ ਕੰਧਾਰ ਪਹੁੰਚਾ ਦਿੱਤੇ ਜਾਣਗੇ। ਇਹੀ ਗੱਲ ਭਾਰਤੀ ਟੀਮ ਨੇ ਤਾਰਿਕ ਤੱਕ ਪਹੁੰਚਾਈ ਤੇ ਉਸ ਨੇ ਆਪਣੇ ਬੰਦਿਆਂ ਨੂੰ ਦੱਸੀ। ਸੁਣਦਿਆਂ ਹੀ ਮੁਸਾਫਿਰਾਂ ਦੇ ਚਿਹਰਿਆਂ ਤੇ ਵੀ ਜ਼ਰਾ ਰੌਣਕ ਆ ਗਈ। ਉਨ੍ਹਾਂ ਨੂੰ ਹਫਤੇ ਭਰ ਪਿੱਛੋਂ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੀ ਸੀ। ਗੱਲਬਾਤ ਮੁੱਕ ਗਈ ਤੇ ਹੁਣ ਉਡੀਕ ਸੀ ਬੰਦੇ ਆਉਣ ਦੀ। ਅਗਲੇ ਦਿਨ ਸਵੇਰ ਦੇ ਦਸ ਵਜੇ ਏਅਰ ਇੰਡੀਆ ਦਾ ਇਕ ਹੋਰ ਜਹਾਜ਼, ਕੰਧਾਰ ਏਅਰਪੋਰਟ ‘ਤੇ ਉਤਰਿਆ। ਜਾਵੇਦ ਨੇ ਇਹ ਵੇਖਦਿਆਂ ਆਪਣੀ ਟੀਮ ਨੂੰ ਤਿਆਰ ਬਰ ਤਿਆਰ ਹੋ ਜਾਣ ਨੂੰ ਕਿਹਾ ਕਿ ਇਹ ਕਮਾਂਡੋ ਹਮਲਾ ਵੀ ਹੋ ਸਕਦਾ ਹੈ। ਨਵੇਂ ਆਏ ਜਹਾਜ਼ ਨੂੰ ਤਾਲਿਬਾਨ ਪੁਲੀਸ ਨੇ ਘੇਰ ਲਿਆ। ਪਰ ਉਦੋਂ ਨੂੰ ਏਅਰਪੋਰਟ ਵੱਲੋਂ ਅਫਗਾਨ ਅਧਿਕਾਰੀ ਅਤੇ ਭਾਰਤੀ ਟੀਮ, ਜਹਾਜ਼ ਵੱਲ ਆਏ। ਨਵੇਂ ਆਏ ਜਹਾਜ਼ ‘ਚੋਂ ਤਿੰਨ ਬੰਦੇ, ਜੋ ਕਿ ਹੁਣ ਤੱਕ ਭਾਰਤੀ ਜੇਲ੍ਹ ‘ਚ ਬੰਦ ਸਨ, ਬਾਹਰ ਕੱਢ ਕੇ ਅਫਗਾਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਗਏ। ਅਫਗਾਨ ਅਧਿਕਾਰੀਆਂ ਨੇ ਜਹਾਜ਼ ਅੰਦਰ ਸੁਨੇਹਾ ਭੇਜਿਆ ਕਿ ਉਨ੍ਹਾਂ ਦੇ ਬੰਦੇ ਆ ਗਏ ਹਨ। ਤਾਰਿਕ ਨੇ ਕਿਹਾ ਕਿ ਉਹ ਆਪੋ ਆਪਣੇ ਨਾਂ ਆਪ ਬੋਲਣ। ਫਿਰ ਤਾਰਿਕ ਨੂੰ ਤਿੰਨਾਂ ਨੇ ਆਪੋ ਆਪਣੀ ਪਹਿਚਾਣ ਕਰਵਾਉਂਦਿਆਂ ਆਪਣੇ ਨਾਂ ਦੱਸੇ। ਇਕ ਬੋਲਿਆ ਕਿ ਉਹ ਮੌਲਾਨਾ ਮਸੂਦ ਅਜਹਰ ਹੈ, ਦੂਸਰੇ ਨੇ ਕਿਹਾ ਕਿ ਉਹ ਅਹਿਮਦ ਉਮਰ ਸਈਅਦ ਸ਼ੇਖ ਹੈ ਤੇ ਤੀਸਰੇ ਨੇ ਆਪਣਾ ਨਾਂ ਮੁਸ਼ਤਾਕ ਅਹਿਮਦ ਜ਼ਰਗਰ ਦੱਸਿਆ। ਇਸ ਪਿੱਛੋਂ ਤਾਰਿਕ ਨੇ ਗੁਪਤ ਵਾਕੀ ਟਾਕੀ ‘ਤੇ ਰਾਬਤਾ ਕਾਇਮ ਕੀਤਾ ਤਾਂ ਉਧਰੋਂ ਉਸ ਨੂੰ ਕਿਹਾ ਗਿਆ ਕਿ ਸਭ ਕੁਝ ਠੀਕ ਹੈ ਤੇ ਉਹ ਬਾਹਰ ਆ ਜਾਣ। ਬਾਹਰ ਜਹਾਜ਼ ਦੇ ਨਾਲ ਉਤਰਨ ਵਾਲੀ ਪੌੜੀ ਲਾਈ ਜਾ ਚੁੱਕੀ ਸੀ। ਫਿਰ ਤਾਰਿਕ, ਜਾਵੇਦ ਅਤੇ ਬਾਕੀ ਤਿੰਨੋਂ ਛਾਲਾਂ ਮਾਰਦੇ ਹੇਠਾਂ ਉਤਰੇ ਤੇ ਦੂਸਰਿਆਂ ਵੱਲ ਚੱਲ ਪਏ। ਅਗਾਂਹ ਨਵੇਂ ਆਏ ਬੰਦੇ ਉਨ੍ਹਾਂ ਨੂੰ ਮਿਲਦੇ ਹੋਏ ਨਾਅਰੇ ਲਾਉਣ ਲੱਗੇ,
“ਤਕਬੀਰ! ਅੱਲਾ ਹੂ ਅਕਬੂਰ।”
“ਤਕਬੀਰ! ਅੱਲਾ ਹੂ ਅਕਬਰ।”
ਇਧਰੋਂ ਨਾਅਰੇ ਬੰਦ ਹੋਏ ਤਾਂ ਪਿਛਲੀਆਂ ਪਹਾੜੀਆਂ ਤੋਂ ਫਾਇਰ ਹੋਣ ਲੱਗੇ। ਇੰਨੇ ਫਾਇਰ ਕਿ ਅਸਮਾਨ ਧੂਆਂ ਰੋਲ ਹੋ ਗਿਆ। ਤਾਰਿਕ ਸਮਝ ਗਿਆ ਕਿ ਉਨ੍ਹਾਂ ਦੇ ਸਫਲ ਮਿਸ਼ਨ ਦੀ ਖ਼ਬਰ ਕੈਂਪਾਂ ਵਿਚ ਪਹੁੰਚ ਚੁੱਕੀ ਹੈ ਤੇ ਇਸੇ ਲਈ ਹਰ ਪਾਸੇ ਜਸ਼ਨ ਮਨਾਇਆ ਜਾ ਰਿਹਾ ਹੈ। ਉਧਰ ਥੱਕੇ ਟੁੱਟੇ ਮੁਸਾਫਰ ਅਗਵਾ ਹੋਏ ਜਹਾਜ਼ ‘ਚੋਂ ਉਤਰ ਕੇ ਨਵੇਂ ਆਏ ਜਹਾਜ਼ ਵੱਲ ਜਾ ਰਹੇ ਸਨ। ਕਈ ਸੱਟਾਂ ਦੇ ਭੰਨੇ ਹੋਏ ਸਨ, ਕਈ ਅਗਵਾਕਾਰਾਂ ਦੁਆਰਾ ਜ਼ਖ਼ਮੀ ਕਰ ਦਿੱਤੇ ਗਏ ਸਨ ਜੋ ਕਿ ਨਾਲ ਦਿਆਂ ਦੇ ਆਸਰੇ ਮਸਾਂ ਤੁਰ ਰਹੇ ਸਨ ਤੇ ਸਭ ਤੋਂ ਆਖਰ ‘ਤੇ ਜਹਾਜ਼ ਦਾ ਕੈਪਟਨ ਦੇਵੀ ਸ਼ਰਨ ਸੀ। ਹੌਲੀ ਹੌਲੀ ਉਹ ਨਵੇਂ ਆਏ ਜਹਾਜ਼ ਵਿਚ ਸਵਾਰ ਹੋਏ ਤੇ ਜਹਾਜ਼ ਉਨ੍ਹਾਂ ਨੂੰ ਲੈ ਕੇ ਭਾਰਤ ਵੱਲ ਉਡ ਗਿਆ। ਜਾਵੇਦ ਅਤੇ ਤਾਰਿਕ ਨੂੰ ਬਾਹਰ ਹੀ ਇਕ ਪਿਕ ਅੱਪ ਟਰੱਕ ਉਡੀਕ ਰਿਹਾ ਸੀ। ਉਹ ਟਰੱਕ ‘ਚ ਬੈਠੇ ਤੇ ਆਪਣੇ ਕੈਂਪ ਵੱਲ ਨੂੰ ਚੱਲ ਪਏ।
ਸਮਾਪਤ