ਕਸ਼ਮੀਰੀ ਲੇਖਕਾ ਅਤੇ ਅਰਥ ਸ਼ਾਸਤਰੀ ਨਿਤਾਸ਼ਾ ਕੌਲ ਅੱਜ ਕੱਲ੍ਹ ਲੰਡਨ ਵੱਸਦੀ ਹੈ ਅਤੇ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿਚ ਸਿਆਸਤ ਤੇ ਕੌਮਾਂਤਰੀ ਮਾਮਲੇ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਕਸ਼ਮੀਰ ਤੋਂ ਬਾਹਰਲੇ ਕਸ਼ਮੀਰੀਆਂ ਬਾਰੇ ਉਹਦਾ ਨਾਵਲ ‘ਰੈਜੀਡਿਊ’ ਖੂਬ ਚਰਚਿਤ ਰਿਹਾ ਹੈ।
ਪਛਾਣ ਦੇ ਮਸਲੇ ਬਾਰੇ ਉਸ ਦੀਆਂ ਲਿਖਤਾਂ ਵਿਚ ਬੜੀ ਜਾਨ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਮਾਮਲਿਆਂ ਬਾਰੇ ਲਗਾਤਾਰ ਲਿਖਦੀ ਰਹਿੰਦੀ ਹੈ। ਹਾਲ ਹੀ ਵਿਚ ਉਹਨੇ ਹਿੰਦੁਸਤਾਨ ਅੰਦਰ ਜਮਹੂਰੀ ਗੁੰਜਾਇਸ਼ ਨੂੰ ਖਤਮ ਕਰ ਰਹੀਆਂ ਹਿੰਦੂਤਵੀ ਤਾਕਤਾਂ ਬਾਰੇ ਟਿੱਪਣੀ ਕੀਤੀ ਹੈ। ਇਸ ਲਿਖਤ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਭੇਜਿਆ ਹੈ। ਨਿਤਾਸ਼ਾ ਕੌਲ ਦੀ ਇਹ ਉਹ ਲਿਖਤ ਹੈ ਜਿਸ ਤੋਂ ਖਫਾ-ਖੂਨ ਹੋਏ ਹਿੰਦੂਤਵਵਾਦੀਆਂ ਨੇ ਹਰ ਸੀਮਾ ਪਾਰ ਕਰ ਦਿੱਤੀ। ਉਸ ਨੂੰ ਰੱਜ ਕੇ ਤੰਗ-ਪ੍ਰੇਸ਼ਾਨ ਕੀਤਾ ਗਿਆ, ਇਥੋਂ ਤੱਕ ਕਿ ਉਸ ਨਾਲ ਗਾਲ੍ਹ-ਮੰਦਾ ਵੀ ਕੀਤਾ ਗਿਆ। -ਸੰਪਾਦਕ
ਨਿਤਾਸ਼ਾ ਕੌਲ
ਅਨੁਵਾਦ ਤੇ ਪੇਸ਼ਕਸ਼: ਬੂਟਾ ਸਿੰਘ
ਹਾਲ ਹੀ ਵਿਚ ਮੈਂ ਅਲ-ਜਜ਼ੀਰਾ ਦੇ ‘ਹੈੱਡ ਟੂ ਹੈੱਡ’ ਪ੍ਰੋਗਰਾਮ ਵਿਚ ਸ਼ਾਮਲ ਹੋਈ ਜਿਥੇ ਮੈਂ ਮਹਿਦੀ ਹਸਨ ਦੀ ਭਾਜਪਾ/ਆਰæਐੱਸ਼ਐੱਸ਼ ਦੇ ਤਜਰਬੇਕਾਰ ਆਗੂ ਰਾਮ ਮਾਧਵ ਨਾਲ ਵਾਰਤਾਲਾਪ ਵਿਚ ਪੈਨਲਿਸਟ ਸੀ। ਚਰਚਾ ਕੀਤੇ ਗਏ ਮੁੱਦਿਆਂ (ਭਾਜਪਾ/ਆਰæਐੱਸ਼ਐੱਸ਼ ਦੀ ਹਿੰਦੂਤਵ ਦੀ ਵਿਚਾਰਧਾਰਾ ਨਾਲ ਜੁੜੇ) ਵਿਚ ਕਸ਼ਮੀਰ ਦਾ ਮੁੱਦਾ ਵੀ ਸ਼ਾਮਲ ਸੀ। ਮੈਂ ਇਕ ਕਸ਼ਮੀਰੀ ਔਰਤ, ਨਾਰੀਵਾਦੀ, ‘ਰੈਜਿਡੂ’ (ਕਸ਼ਮੀਰ ਤੋਂ ਬਾਹਰਲੇ ਕਸ਼ਮੀਰੀਆਂ ਬਾਰੇ) ਨਾਂ ਦੇ ਨਾਵਲ ਦੀ ਲੇਖਕਾ ਅਤੇ ਅਕਾਦਮੀਸ਼ੀਅਨ ਹਾਂ ਜਿਸ ਨੇ ਡੇਢ ਦਹਾਕੇ ਤੋਂ ਪਛਾਣ, ਸਿਆਸੀ ਆਰਥਿਕਤਾ, ਕਸ਼ਮੀਰ ਅਤੇ ਭੁਟਾਨ ਦੇ ਮੁੱਦਿਆਂ ਉੱਪਰ ਕੰਮ ਕੀਤਾ ਹੈ।
ਲਿਹਾਜ਼ਾ, ਇਥੇ ਮੇਰਾ ਸਵਾਲ ਹੈ- ਸਮਕਾਲੀ ਹਿੰਦੁਸਤਾਨੀ ਪ੍ਰਵਚਨ ਵਿਚ, ਕਸ਼ਮੀਰੀ ਔਰਤ ਦੇ ਕਸ਼ਮੀਰ ਦੇ ਇਤਿਹਾਸ ਅਤੇ ਸਿਆਸਤ ਬਾਬਤ ਗ਼ੈਰ-ਫਿਰਕੂ ਰੂਪ ‘ਚ ਬੋਲਣ ਦੇ ਮਾਅਨੇ ਕੀ ਹਨ? ਉਸ ਮਸ਼ਹੂਰ ਮਲਿਆਲਮ ਆਲੋਚਕ ਵਾਂਗ ਜਿਸ ਨੇ ਰਮਾਇਣ ਬਾਰੇ ਇਸ ਕਰ ਕੇ ਲਿਖਣਾ ਛੱਡ ਦਿੱਤਾ, ਕਿਉਂਕਿ ਉਸ ਨੂੰ ‘ਨਿਰਾ ਇਕ ਮੁਸਲਮਾਨ’ ਤਕ ਪਿਚਕਾ ਦਿੱਤਾ ਗਿਆ ਸੀ; ਇਸ ਦੇ ਮਾਅਨੇ ਹਨ, ਫਿਰਕਾਪ੍ਰਸਤੀ ਦੇ ਮਾਹੌਲ ਵਿਚ, ਮੈਂ ਸਿਰਫ਼ ‘ਕਸ਼ਮੀਰੀ ਪੰਡਿਤ’ ਦੇ ਮਾਅਨਿਆਂ ‘ਚ ਕੇæਪੀæ ਹੋ ਸਕਦੀ ਹਾਂ, ਪਰ ਕਸ਼ਮੀਰੀ ਐਂਡ ਪਰਾਊਡ, ਜਾਂ ਕਸ਼ਮੀਰੀ ਜਾਂ ਪ੍ਰੋਗਰੈਸਿਵ ਮਾਅਨਿਆਂ ‘ਚ ਨਹੀਂ।
ਜਿਉਂ ਹੀ ਮੈਂ ਕੌਮਾਂਤਰੀ ਪੱਧਰ ‘ਤੇ ਸੁਚਾਰੂ ਤੌਰ ‘ਤੇ ਕਲਮਬੰਦ ਕੀਤੇ ਗਏ ਕਸ਼ਮੀਰ ਵਿਚ ਨਿਆਂ ਦੇ ਮਜ਼ਾਕ ਦਾ ਜ਼ਿਕਰ ਕੀਤਾ (ਫ਼ੌਜੀਕਰਨ, ਗ਼ੈਰ-ਅਦਾਲਤੀ ਕਤਲ, ਜਬਰ-ਜਨਾਹ, ਲਾਪਤਾ ਕੀਤੇ ਲੋਕ, ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ ਜਾਂ ਅਫਸਪਾ ਵਰਗੇ ਜ਼ਾਲਮ ਕਾਨੂੰਨ ਵਗੈਰਾ), ਸ਼ੋਅ ਵਿਚ ਮੌਜੂਦ ਮੇਰੇ ਨਾਲ ਦੇ ਪੈਨਲਿਸਟ- ਅਕਾਦਮੀਸ਼ੀਅਨ ਗੌਤਮ ਸੇਨ ਜੋ ‘ਭਾਜਪਾ ਦੇ ਵਿਦੇਸ਼ੀ ਮਿੱਤਰ’ ਸੰਸਥਾ ਦਾ ਸਾਬਕਾ ਤਰਜਮਾਨ ਹੈ, ਨੇ ਮੇਰੇ ਉਪਰ ‘ਪਾਕਿਸਤਾਨੀ ਸਫ਼ਾਰਤਖ਼ਾਨੇ ਦੀ ਨੁਮਾਇੰਦਾ’ ਹੋਣ ਦਾ ਇਲਜ਼ਾਮ ਲਾ ਦਿੱਤਾ। ਇਸ ਤੌਹੀਨ ਕਰਨ ਵਾਲੇ ਬੋਲ ਲਈ ਉਸ ਨੇ ਮੁਆਫ਼ੀ ਮੰਗਣ ਤੋਂ ਵੀ ਨਾਂਹ ਕਰ ਦਿੱਤੀ। ਮੈਂ ਇਸ ਵੱਲ ਧਿਆਨ ਦਿਵਾਉਂਦੇ ਹੋਏ ਇਤਰਾਜ਼ ਕੀਤਾ ਕਿ ਇਹ ਮਨੁੱਖੀ ਹੱਕਾਂ ਦਾ ਸਵਾਲ ਹੈ ਅਤੇ ਜੇ ਅਸੀਂ ਪਾਕਿਸਤਾਨ ਬਾਰੇ ਚਰਚਾ ਕਰ ਰਹੇ ਹੁੰਦੇ ਤਾਂ ਉਸ ਨੂੰ ਬਲੋਚਿਸਤਾਨ ਬਾਰੇ ਮੇਰਾ ਸਟੈਂਡ ਸੁਣਨ ਨੂੰ ਮਿਲਦਾ। ਮੈਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਦਿੱਤੇ ਜਾਣ ਤੋਂ ਪਹਿਲਾਂ ਹੀ ਰਾਮ ਮਾਧਵ ਨੇ ਕਿਹਾ ਕਿ ਉਸ ਨੂੰ ਮੈਥੋਂ ਕਸ਼ਮੀਰੀ ਹਿੰਦੂਆਂ ਉਪਰ ਕੇਂਦਰਤ ਕਰਨ ਦੀ ਉਮੀਦ ਸੀ, ਜਿਸ ਦੇ ਜਵਾਬ ਵਿਚ ਮੈਂ ਕਿਹਾ ਕਿ ਉਨ੍ਹਾਂ ਦਾ ਮਜ਼ਹਬ ਕੋਈ ਵੀ ਸੀ, ਸੰਤਾਪ ਸਾਰੇ ਕਸ਼ਮੀਰੀਆਂ ਨੇ ਝੱਲਿਆ ਹੈ।
ਇਹ ਵਾਦ-ਵਿਵਾਦ ਅੰਤਿਮ ਪ੍ਰੋਗਰਾਮ ਵਿਚ ਸ਼ਾਮਲ ਨਹੀਂ, ਪਰ ਜਿਨ੍ਹਾਂ ਨੇ ਕਸ਼ਮੀਰ ਬਾਰੇ ਮੇਰੇ ਵਿਚਾਰ ਸੁਣੇ ਹਨ, ਜਾਂ ਮੇਰੀਆਂ ਲਿਖਤਾਂ ਪੜ੍ਹੀਆਂ ਹਨ, ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕਸ਼ਮੀਰੀਅਤ ਦੀ ਹਮਾਇਤੀ ਹਾਂ ਅਤੇ ਕਸ਼ਮੀਰੀ ਪਛਾਣ ਦੇ ਫਿਰਕੂਕਰਨ ਦੇ ਖ਼ਿਲਾਫ਼ ਹਾਂ। ਜਿਵੇਂ ਮੈਂ ਪ੍ਰੋਗਰਾਮ ਦੇ ਅਖ਼ੀਰ ਵਿਚ ਕਿਹਾ: ਕਸ਼ਮੀਰ ਹਿੰਦੁਸਤਾਨ ਜਾਂ ਪਾਕਿਸਤਾਨ ਦੀ ‘ਜਗੀਰ’ ਨਹੀਂ; ਜਦਕਿ, ਇਨ੍ਹਾਂ ਦੋਵਾਂ ਉਤਰ-ਬਸਤੀਵਾਦੀ ਰਾਸ਼ਟਰਾਂ ਦੀ ਕਸ਼ਮੀਰ ਦੇ ਖੇਤਰ ਵਿਚ ਤਾਂ ਰੁਚੀ ਹੈ, ਪਰ ਕਸ਼ਮੀਰੀਆਂ ਵਿਚ ਨਹੀਂ ਜਿਨ੍ਹਾਂ ਨੂੰ ਦੁਵੱਲੇ ਤਾਕਤ-ਤੇਵਰਾਂ ਦੇ ਮੋਹਰੇ ਬਣਾ ਦਿੱਤਾ ਗਿਆ ਹੈ।
ਪ੍ਰੋਗਰਾਮ ਪ੍ਰਸਾਰਿਤ ਹੋਣ ਦੇ ਸਮੇਂ ਤੋਂ ਹੀ, ਮੈਂ ਈ-ਮੇਲ, ਟਵਿੱਟਰ, ਫੇਸਬੁੱਕ ਅਤੇ ਫ਼ੋਨ ਉਪਰ ਗਾਲ੍ਹਾਂ ਦੀ ਮਾਰ ਹੇਠ ਹਾਂ। ਮੇਰੇ ਉਪਰ ਤਰ੍ਹਾਂ-ਤਰ੍ਹਾਂ ਦੀ ਚਿੱਕੜ-ਉਛਾਲੀ ਕੀਤੀ ਗਈ (ਜਹਾਦ ਪੱਖੀ, ਆਈæਐੱਸ਼ਆਈæਐੱਸ਼ ਦੀ ਹਮਾਇਤੀ, ਹਿੰਦੂਵਾਦ ਉਪਰ ਕਲੰਕ ਵਗੈਰਾ), ਰਾਤ ਨੂੰ ਦੋ ਵਜੇ ਮੈਨੂੰ ਫ਼ੋਨ ਕਰ ਕੇ ਜਾਂ ਟੈਕਸਟ ਸੁਨੇਹੇ ਭੇਜ ਕੇ ਤੰਗ ਕੀਤਾ ਗਿਆ, ਮੌਤ ਅਤੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਮਿਲੀਆਂ, ਪੱਛਮ/ ਆਈæਐੱਸ਼ਆਈæਐੱਸ/ ਸੋਨੀਆ ਗਾਂਧੀ/ ਪਾਕਿਸਤਾਨ/ ਅਰਬ ਮੁਲਕਾਂ ਵਲੋਂ ਫੰਡ ਲੈਣ ਵਾਲੀ ਦੇ ਇਲਜ਼ਾਮ ਲੱਗੇ, ਤੇ ਹੋਰ ਜ਼ਹਿਰੀਲੀ ਮੁਹਿੰਮ ਲਈ ਤਿਆਰ ਰਹਿਣ ਦੀਆਂ ਚੇਤਾਵਨੀਆਂ ਮਿਲੀਆਂ। ਇਸ ਤੋਂ ਬਿਨਾਂ, ਮੈਨੂੰ ਔਰਤ ਦੋਖੀ ਅਤੇ ਲਿੰਗ ਭੇਦਭਾਵ ਦੇ ਖ਼ਾਸ ਉਪ-ਮਹਾਂਦੀਪੀ ਰੂਪ ਦਾ ਸਾਹਮਣਾ ਕਰਨਾ ਪਿਆ ਜੋ ਜਨਤਕ ਖੇਤਰ ਵਿਚ ਆਲੋਚਕ ਔਰਤ ਲੇਖਕਾਂ ਲਈ ਰਾਖਵਾਂ ਹੈ (ਮੈਨੂੰ ਵੇਸਵਾ, ਚਗਲ ਜ਼ਨਾਨੀ, ਕੁੱਤੀ ਦੀ ਤੁਖ਼ਮ, ਲਵ-ਜਹਾਦ ਦੇ ਢਹੇ ਚੜ੍ਹੀ ਵਗੈਰਾ ਕਿਹਾ ਗਿਆ)।
ਹਿੰਦੁਸਤਾਨੀ ਸਮਾਜ ਅਤੇ ਸਿਆਸਤ ਵਿਚ ਧੌਂਸ ਕੋਈ ਨਵੀਂ ਗੱਲ ਨਹੀਂ। ਕਾਫ਼ੀ ਚਿਰ ਹੋਇਆ, ਦਿੱਲੀ ਯੂਨੀਵਰਸਿਟੀ ਵਿਖੇ ਜਦੋਂ ਮੈਂ ਕਾਲਜ ਦੀਆਂ ਚੋਣਾਂ ਵਿਚ ਸ੍ਰੀਰਾਮ ਕਾਲਜ ਆਫ ਕਾਮਰਸ ਵਿਖੇ ਇਕਨਾਮਿਕਸ ਸੁਸਾਇਟੀ ਦੀ ਪ੍ਰਧਾਨਗੀ ਲਈ ਖੜ੍ਹੀ ਹੋਈ, ਮੈਨੂੰ ਫ਼ੋਨ ‘ਤੇ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਜੇ ਜਬਰ-ਜਨਾਹ ਜਾਂ ਜਿਸਮਾਨੀ ਹਮਲੇ ਤੋਂ ਬਚਣਾ ਹੈ, ਤਾਂ ਆਪਣਾ ਨਾਂ ਵਾਪਸ ਲੈ ਲਵਾਂ, ਪਰ ਇਹ ਕਸ਼ਮੀਰ ਬਾਰੇ ਮੇਰੇ ਮੌਖਿਕ ਅਤੇ ਲਿਖਤੀ ਕੰਮ ਕਰ ਕੇ ਹੀ ਮੇਰਾ (ਕਸ਼ਮੀਰੀ) ਹਿੰਦੂ ਸੱਜੇਪੱਖੀ ਕੱਟੜਪੰਥੀਆਂ ਨਾਲ ਵਾਹ ਪਿਆ ਹੈ ਜੋ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ, ਇਲਜ਼ਾਮ ਅਤੇ ਗਾਲ੍ਹ-ਮੰਦੇ ਵਾਲੇ ਸੁਨੇਹੇ ਮੈਨੂੰ, ਤੇ ਖ਼ਾਸ ਤੌਰ ‘ਤੇ ਮੇਰੇ ਪਰਿਵਾਰ ਨੂੰ ਭੇਜ ਰਹੇ ਹਨ। ਉਨ੍ਹਾਂ ਦੀ ਜ਼ਹਿਰ ਦਾ ਨਿਚੋੜ ਇਹ ਹੈ ਕਿ ਕਸ਼ਮੀਰੀ ਮੁਸਲਮਾਨਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣ ਦੀ ਲੋੜ ਹੈ।
ਟਰੌਲ ਅਤੇ ਸੁਪਰ ਦੇਸ਼ ਭਗਤ
ਇਨ੍ਹਾਂ ਟਰੌਲਾਂ, ਭਗਤਾਂ, ਵਧਦੀ ਜਾ ਰਹੀ ਅਸਹਿਣਸ਼ੀਲਤਾ ਦੇ ਇਨ੍ਹਾਂ ਆਪੇ ਸਜੇ ‘ਸੁਪਰ ਦੇਸ਼ ਭਗਤਾਂ’ ਦੇ ਕਸ਼ਮੀਰੀ ਹਿੰਦੂਆਂ ਵਿਚ ਖ਼ਾਸ ਸਰੋਤੇ ਹਨ ਜਿਨ੍ਹਾਂ ਨੂੰ ਪਿਛਲੇ ਦੋ ਦਹਾਕਿਆਂ ਤੋਂ ਹਿੰਦੂਤਵੀ ਤਾਕਤਾਂ ਨੇ ਭੜਕਾਊ ਬਣਾ ਦਿੱਤਾ ਹੈ, ਕਿਉਂਕਿ ਕਸ਼ਮੀਰੀ ਖਾੜਕੂਆਂ ਦੇ ਕਤਲਾਂ ਅਤੇ ਧਮਕੀਆਂ ਦੇ ਸਿਲਸਿਲੇ ਦੇ ਖੌਫ਼ ਨੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਕੈਂਪਾਂ ਵਿਚ ਕਸ਼ਮੀਰੀ ਪੰਡਤ ਸਦਮੇ, ਗ਼ਰੀਬੀ, ਜਬਰੀ ਜਲਾਵਤਨੀ ਅਤੇ ਮੌਤਾਂ ਦਾ ਸ਼ਿਕਾਰ ਹੋਏ; ਪਰ ਕੀ ਇਸ ਨਾਲ ਉਹ ਇਹ ਸਮਝਣੋਂ ਵੀ ਆਰੀ ਹੋ ਗਏ ਕਿ ਹਿੰਦੁਸਤਾਨੀ ਸਟੇਟ ਨੇ ਕਸ਼ਮੀਰੀ ਮੁਸਲਮਾਨਾਂ ਨਾਲ ਕੀ ਸਲੂਕ ਕੀਤਾ ਹੈ?
ਬੁਰੀ ਤਰ੍ਹਾਂ ਵੰਡੇ ਹੋਏ ਕਸ਼ਮੀਰੀ ਪੰਡਤਾਂ ਅਤੇ ਮੁਸਲਮਾਨਾਂ ਨੂੰ ਆਪਣੀ ਇਤਿਹਾਸਕ ਕਸ਼ਮੀਰੀ ਪਛਾਣ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ (ਸਾਰੇ ਮਜ਼੍ਹਬਾਂ ਅਤੇ ਖੇਤਰਾਂ ਦੇ ਕਸ਼ਮੀਰੀਆਂ ਸਮੇਤ) ਜਿਸ ਨੂੰ ਉਤਰ-ਬਸਤੀਵਾਦੀ ਸਟੇਟਾਂ ਨੇ, ਆਜ਼ਾਦੀ ਤੋਂ ਬਾਅਦ ਦੇ ਬਰਤਾਨਵੀ ਹਿੰਦੁਸਤਾਨ ਵਿਚ ਵੱਖੋ-ਵੱਖਰੇ ਸਮਿਆਂ ‘ਤੇ, ਆਪਣੇ ਤਾਨਾਸ਼ਾਹ-ਪਿਤਰੀ/ ਕਮਿਊਨਿਸਟ ਵਿਰੋਧੀ/ ਫਿਰਕੂ/ ਜੰਗਬਾਜ਼/ ਭਾੜੇ ਦੀਆਂ ਤਾਕਤਾਂ ਦੇ ਏਜੰਡਿਆਂ ਦੀ ਹੋੜ ਵਿਚ ਘੱਟੇ ਰੋਲ ਦਿੱਤਾ ਹੈ। ਕਸ਼ਮੀਰੀ ਪੰਡਤਾਂ ਦੇ ਮੁੱਦੇ ਨੂੰ ਹਿੰਦੂਤਵੀ ਸਿਧਾਂਤ ਘਾੜਿਆਂ ਵਲੋਂ ਮੁਸਲਮਾਨਾਂ (ਕਸ਼ਮੀਰੀ) ਨੂੰ ਭੰਡਣ ਅਤੇ ਉਨ੍ਹਾਂ ਨੂੰ ਦੈਂਤ ਬਣਾ ਕੇ ਪੇਸ਼ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਆਖ਼ਿਰਕਾਰ ਮੁਸਲਮਾਨ ਹੋਣਾ, ਜਿਸ ਨੂੰ ਹਿੰਦੂਤਵੀ ਤਾਕਤਾਂ ਕਸ਼ਮੀਰੀ ਮੁਸਲਮਾਨਾਂ ਦੀ ਜਮਾਂਦਰੂ ਗ਼ੱਦਾਰ ਫ਼ਿਤਰਤ ਵਜੋਂ ਲੈਂਦੀਆਂ ਹਨ, ਉਨ੍ਹਾਂ ਲਈ ਮੁਸਲਿਮ ਬਹੁਲਤਾ ਵਾਲੀ ਰਿਆਸਤ (ਜਿਵੇਂ ਜ਼ਾਹਰਾ ਤੌਰ ‘ਤੇ ‘ਇਸਲਾਮੀ’ ਗਣਰਾਜ ਪਾਕਿਸਤਾਨ ਹੈ) ਤੋਂ ਵੀ ਜ਼ਿਆਦਾ ਸਮੱਸਿਆ ਦੀ ਜੜ੍ਹ ਹੈ। ਹਿੰਦੂਤਵੀ ਤਾਕਤਾਂ ਧੁੱਖ ਰਹੇ ਟਕਰਾਅ ਦਾ ਲਾਹਾ ਲੈਣ ਲਈ ਕਸ਼ਮੀਰੀਆਂ ਦੀ ਇਸ ਫਿਰਕੂ ਵੰਡ ਦਾ ਬਾਖ਼ੂਬੀ ਇਸਤੇਮਾਲ ਕਰ ਰਹੀਆਂ ਹਨ। ਸ਼ਾਇਦ ਇਸੇ ਲਈ ਨਰੇਂਦਰ ਮੋਦੀ ਨੇ ਪਠਾਨਕੋਟ ਵਿਚ ਹੋਏ ਜੈਸ਼-ਏ-ਮੁਹੰਮਦ ਦੇ ਹਮਲਿਆਂ ਨੂੰ ‘ਇਨਸਾਨੀਅਤ ਦੇ ਦੁਸ਼ਮਣ’ ਕਰਾਰ ਦਿੱਤਾ ਹੈ (ਹਾਲਾਂਕਿ ਇਕ ਕੇਂਦਰੀ ਮੰਤਰੀ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਯੋਜਨਾ ਪਾਕਿਸਤਾਨ ਵਿਚ ਬਣਾਈ ਗਈ), ਪਰ ਕਸ਼ਮੀਰ ਵਿਚ ਇਸੇ ਤਰ੍ਹਾਂ ਦੇ ਹਮਲਿਆਂ ਨੂੰ ਪਾਕਿਸਤਾਨੀ ਦਹਿਸ਼ਤਗਰਦਾਂ ਦਾ ਕੰਮ ਦੱਸਿਆ ਜਾਂਦਾ ਹੈ ਜੋ ਜ਼ਾਲਮ ਕਾਨੂੰਨਾਂ ਨੂੰ ਵਾਜਬੀਅਤ ਮੁਹੱਈਆ ਕਰਦਾ ਹੈ ਅਤੇ ਇਸ ਦਾ ਸ਼ਾਂਤੀ-ਵਾਰਤਾਵਾਂ ‘ਤੇ ਅਸਰ ਪੈਂਦਾ ਹੈ।
ਇਤਿਹਾਸ ਦੇ ਮਨਪਸੰਦ ਅਰਥ ਲੈਣ ਤੋਂ ਇਲਾਵਾ (ਜਿਸ ਵਿਚ 1947 ਦੇ ਜੰਮੂ ਕਤਲੇਆਮ ਜਾਂ 1987 ਦੀਆਂ ਚੋਣਾਂ ਵਰਗੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ), ਇਕਸਾਰ ਨੀਤੀ ਅਖ਼ਤਿਆਰ ਨਾ ਕਰਨ ਵਾਲਾ ਅਤੇ ਵਕਤ ਨਾਲ ਹੋਂਦ ਵਿਚ ਆਏ ਵੰਨ-ਸੁਵੰਨੇ ਸੌੜੇ ਹਿੱਤਾਂ ਦੇ ਸਿਲਸਿਲੇ ਨੂੰ ਚੁਣੌਤੀ ਦੇਣ ‘ਚ ਨਾਕਾਮ ਹਿੰਦੂਤਵੀ ਪੈਂਤੜਾ ਪੁਆੜੇ-ਪਾਊ ਨੀਤੀਆਂ ਤਜਵੀਜ਼ ਕਰਨ (ਵਾਪਸ ਪਰਤਣ ਵਾਲੇ ਕਸ਼ਮੀਰੀ ਪੰਡਤਾਂ ਲਈ ਵੱਖਰੀਆਂ ਬਸਤੀਆਂ ਬਣਾਉਣ) ਅਤੇ ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਸੰਵਿਧਾਨਕ ਦਰਜੇ (ਧਾਰਾ 370, ਜਿਸ ਦੀਆਂ ਮੱਦਾਂ ਨੂੰ ਲਗਾਤਾਰ ਖ਼ੋਰਾ ਲਾਇਆ ਗਿਆ ਹੈ) ਨੂੰ ਮੁਸਲਮਾਨਾਂ ਨੂੰ ਖ਼ੁਸ਼ ਕਰਨ ਦੀ ਨੀਤੀ ਦੱਸਣ ਦਾ ਰਿਹਾ ਹੈ।
ਸਹੂਲਤ ਦੀ ਸਿਆਸਤ
ਇਸ ਵਕਤ ਸੱਤਾਧਾਰੀ ਪੀæਡੀæਪੀæ-ਭਾਜਪਾ ਗੱਠਜੋੜ ਦੀ ਸਹੂਲਤ ਦੀ ਸਿਆਸਤ ਜੰਮੂ ਕਸ਼ਮੀਰ ਵਿਚ ਹਿੰਦੂਤਵੀ ਤਾਕਤਾਂ ਦੀ ਘੁਸਪੈਠ ਨੂੰ ਸਹਿਲ ਬਣਾਉਣ ਦੀ ਮੈਕਿਆਵਲੀ ਅਦਾਨ-ਪ੍ਰਦਾਨ ਦੇ ਸਿਲਸਿਲੇ ਦਾ ਤਾਜ਼ਾ ਦਾਅਪੇਚ ਹੈ। ਇਸ ਸਾਲ ਸ੍ਰੀਨਗਰ ਵਿਚ ਇਕ ਵਾਰ ਫਿਰ ਮੁਹੱਰਮ ਦੇ ਜਲੂਸ ਉਪਰ ਪਾਬੰਦੀ ਲਾਈ ਗਈ ਜਦਕਿ ਆਰæਐੱਸ਼ਐੱਸ਼ ਨੇ ਜੰਮੂ ਵਿਚ ਹਥਿਆਰ ਲੈ ਕੇ ਜਲੂਸ ਕੱਢਿਆ। ਜਿਵੇਂ ਹਸੀਬ ਡਰਾਬੂ ਜਿਸ ਨੇ ਰਾਮ ਮਾਧਵ ਨਾਲ ਮਿਲ ਕੇ ਪੀæਡੀæਪੀæ-ਭਾਜਪਾ ਗੱਠਜੋੜ ਨੂੰ ਹੋਂਦ ਵਿਚ ਲਿਆਂਦਾ, ਨੇ ਕਿਹਾ ਹੈ, “ਆਰæਐੱਸ਼ਐੱਸ਼ ਨੂੰ ਜੰਮੂ ਕਸ਼ਮੀਰ ਵਿਚ ਆਉਣ ਤੋਂ ਕੁਝ ਨਹੀਂ ਡੱਕ ਸਕਦਾ।” ਆਰæਐੱਸ਼ਐੱਸ਼ ਦਾ ਮੁਸਲਿਮ ਰਾਸ਼ਟਰੀ ਮੰਚ (ਐੱਮæਆਰæਐੱਮæ) ਮਈ 2016 ਵਿਚ ਸ੍ਰੀਨਗਰ ਵਿਚ ਵੱਡੀ ਕਨਵੈਨਸ਼ਨ ਕਰਨ ਦੀ ਵਿਉਂਤ ਬਣਾਈ ਬੈਠਾ ਹੈ। ਕਸ਼ਮੀਰੀਆਂ ਨੂੰ ਜੋ ਭਿਆਨਕ ਵਕਤ ਦੇਖਣੇ ਪਏ, ਉਨ੍ਹਾਂ ਅੱਗੇ ਭਵਿੱਖ ਵਿਚ ਹੋਰ ਵੀ ਘਿਨਾਉਣੀ ਸਿਆਸਤ ਮੂੰਹ ਅੱਡੀ ਖੜ੍ਹੀ ਹੈ।
ਕਸ਼ਮੀਰ ਬਾਰੇ ਤੱਥਾਂ ਦਾ ਸਾਹਮਣਾ ਕਰਨ ਦੀ ਹਿੰਦੁਸਤਾਨੀ ਹਕੂਮਤ ਦੀ ਨਾਕਾਬਲੀਅਤ ਅਤੇ ਇੱਛਾ ਦੀ ਅਣਹੋਂਦ ਰਾਮ ਮਾਧਵ ਦੇ ਇਸ ਬਿਆਨ ਤੋਂ ਜ਼ਾਹਰ ਸੀ ਕਿ ਉਸ ਲਈ ਮੁੱਖ ਮੁੱਦਾ ਪਾਕਿਸਤਾਨੀ ਦੇ ਕਬਜ਼ੇ ਹੇਠਲੇ ਕਸ਼ਮੀਰ ਦਾ ਮਕਬੂਜ਼ਾ ਦਰਜਾ ਹੈ। ਇਹ ਹਿੰਦੁਸਤਾਨ ਦੇ ਨਕਸ਼ੇ ਵਿਚ ਜਿਥੇ ਜੰਮੂ ਕਸ਼ਮੀਰ ਨੂੰ ਗਿਲਗਿਟ-ਬਾਲਟਿਸਤਾਨ (ਤੇ ਚੀਨੀ ਕੰਟਰੋਲ ਵਾਲੇ ਇਲਾਕਿਆਂ) ਸਮੇਤ, ਕੰਟਰੋਲ ਰੇਖਾ ਦਾ ਕੋਈ ਹਵਾਲਾ ਦਿੱਤੇ ਬਗ਼ੈਰ, ਦਿਖਾਇਆ ਗਿਆ ਹੈ; ਇਹ ਦੋ ਦਹਾਕਿਆਂ ਬਾਅਦ ਵੀ ਐਮਰਜੈਂਸੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਕੋਰੇ ਇਨਕਾਰ ਵਿਚ; ਤੇ ਇਹ ਮੰਨਣ ਤੋਂ ਇਨਕਾਰੀ ਹੋਣ ਵਿਚ ਵੀ ਨਜ਼ਰ ਆਉਂਦਾ ਹੈ ਕਿ ਪਾਕਿਸਤਾਨੀ ਘੁਸਪੈਠ ਵਾਲੇ ਖਾੜਕੂ ਵਰਤਾਰੇ ਤੋਂ ਇਲਾਵਾ ਇਹ ਆਜ਼ਾਦੀ ਦੀ ਮੂਲ ਮੰਗ ਹੈ ਜੋ ਮਿਲੀਟੈਂਸੀ ਨੂੰ ਦਬਾਏ ਜਾਣ ਅਤੇ ਵਿਕਾਸ ਦੇ ਵਾਅਦਿਆਂ ਦੇ ਬਾਵਜੂਦ ਜਿਉਂਦੀ ਹੈ। ਜਦੋਂ ਜ਼ਮੀਨੀ ਹਕੀਕਤਾਂ ਨੂੰ ਪਛਾਣਿਆ-ਪ੍ਰਵਾਨਿਆ ਹੀ ਨਹੀਂ ਜਾ ਰਿਹਾ, ਫਿਰ ਗੱਲਬਾਤ ਜ਼ਰੀਏ ਮੁੱਦੇ ਦਾ ਸਿਆਸੀ ਹੱਲ ਕਿਵੇਂ ਸੰਭਵ ਹੈ?
ਜਿਉਂ-ਜਿਉਂ ਹਿੰਦੂ ਬਹੁਗਿਣਤੀਵਾਦੀ, ਬਦਲਾਖ਼ੋਰ ਰਵੱਈਆ ਜੜ੍ਹਾਂ ਲਾਉਂਦਾ ਜਾ ਰਿਹਾ ਹੈ, ਹਿੰਦੁਸਤਾਨ ਦੇ ਜਮਹੂਰੀ ਅਵਾਮੀ ਖੇਤਰ ਅੰਦਰ ਸਨਮਾਨਯੋਗ ਜਮਹੂਰੀ ਵੱਖਰੇ ਵਿਚਾਰਾਂ ਦੀ ਗੁੰਜਾਇਸ਼ ਹਜ਼ਾਰਾਂ ਤਰੀਕਿਆਂ ਨਾਲ ਖ਼ਤਮ ਕੀਤੀ ਜਾ ਰਹੀ ਹੈ। ਭਾਜਪਾ ਅਤੇ ਸੰਘ ਨਾਲ ਜੁੜੀਆਂ ਹੋਰ ਸੰਸਥਾਵਾਂ ਦੀ ਸੱਜੇਪੱਖੀ ਭਰਮਾਊ ਸਿਆਸਤ ਨੇ ਹਿੰਦੂਆਂ ਨੂੰ ‘ਲੋਕ’ ਬਣਾ ਕੇ ਪੇਸ਼ ਕਰਨ ਲਈ ਘੱਟਗਿਣਤੀਆਂ ਵਿਰੋਧੀ ਰੋਹ ਸਿਰਜ ਦਿੱਤਾ ਹੈ ਅਤੇ ਇਸ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ; ਇਕ ਧਰਮਾਤਮਾ, ਇਕਹਿਰੀ ਹੋਂਦ ਜੋ ਉਸ ਅਖੌਤੀ ਸਥਾਪਤੀ ਵਿਰੁੱਧ ਕੰਮ ਕਰ ਰਹੀ ਹੈ ਅਤੇ ਜਿਸ ਨੂੰ ਜਮਹੂਰੀ ਕਾਰਵਿਹਾਰ ਦੀ ਹਕੀਕਤ ਪ੍ਰਤੀ ਖ਼ਾਸ ਜਾਇਜ਼ ਘ੍ਰਿਣਾ ਕਿਹਾ ਜਾ ਰਿਹਾ ਹੈ। ਕਈ ਪੱਖਾਂ ਤੋਂ ਹਿੰਦੂਤਵ ਦੀ ਸਿਆਸੀ ਸਮਝ ਬਾਰਸੂਖ਼ ਜਰਮਨ ਨਾਜ਼ੀ ਕਾਨੂੰਨਦਾਨ ਅਤੇ ਸਿਧਾਂਤ ਘਾੜੇ ਕਾਰਲ ਸ਼ਮਿਟ ਵਾਲੀ ਹੈ ਜੋ ਸਿਆਸੀ ਤਾਨਾਸ਼ਾਹੀ ਦਾ ਹਮਾਇਤੀ ਸੀ। ਉਸ ਅਨੁਸਾਰ ਮਿੱਤਰ-ਦੁਸ਼ਮਣ ਦੇ ਨਿਖੇੜੇ ਦੇ ਰੂਪ ‘ਚ ਵੈਰ-ਭਾਵ ਹੀ ਸਿਆਸਤ ਦਾ ਸਾਰ ਸੀ। ਹੋਰਨਾਂ ਦੇ ਖ਼ਿਲਾਫ਼ ਇਸ ਜਾਅਲੀ ਵੈਰ-ਭਾਵ (ਅਸੀਂ ਬਨਾਮ ਉਹ) ਦੀਆਂ ਲਕੀਰਾਂ ਉਘੜਵੇਂ ਰੂਪ ‘ਚ ਕਸ਼ਮੀਰ ਵਿਚ ਖਿੱਚੀਆਂ ਜਾ ਸਕਦੀਆਂ ਹਨ ਜਿਥੇ ਮੁਸਲਮਾਨਾਂ ਨੂੰ ਹਮਲਾਵਰ/ ਖ਼ਤਰੇ/ ਪਾਕਿਸਤਾਨ ਪੱਖੀ ਨਾਲ ਜੋੜ ਦਿੱਤਾ ਜਾਂਦਾ ਹੈ।
ਜਦੋਂ ਜਥੇਬੰਦ ਸਟੇਟ-ਢਾਂਚਾ ਅਵਾਮ ਵਿਚ ਫਿਰਕੂ ਪਾਲਾਬੰਦੀ ਕਰਨ, ਉਨ੍ਹਾਂ ਨੂੰ ਕੁਚਲਣ ਵਿਚ ਮਸਰੂਫ਼ ਹੈ ਅਤੇ ਅਵਾਮ ਦੀਆਂ ਜਮਹੂਰੀ ਰੀਝਾਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੈ, ਤਾਂ ਇਹ ਕਹਿਣਾ ਜਾਰੀ ਰੱਖਣ ਦੀ ਜ਼ਿੰਮੇਦਾਰੀ ਕਸ਼ਮੀਰੀਆਂ ਜਿਨ੍ਹਾਂ ਦੇ ਨਾਂ ‘ਤੇ ਜ਼ਹਿਰੀਲਾ ਹਿੰਦੂਤਵੀ ਏਜੰਡਾ ਹਰਕਤ ਵਿਚ ਹੈ, ਅਤੇ ਸਾਰੇ ਜਾਗਰੂਕ ਹਿੰਦੁਸਤਾਨੀਆਂ ਸਿਰ ਆਉਂਦੀ ਹੈ ਕਿ ਇਹ ‘ਸਾਡੇ ਨਾਂ ‘ਤੇ ਨਹੀਂ ਹੋਣਾ ਚਾਹੀਦਾ’।