ਮਾਣ-ਤਾਣ

ਕਹਾਣੀਕਾਰ ਮੋਹਨ ਲਾਲ ਫਿਲੌਰੀਆ ਨੇ ਆਪਣੀਆਂ ਕਹਾਣੀਆਂ ਵਿਚ ਦਲਿਤ ਸਮਾਜ ਦਾ ਸੱਚ ਪੇਸ਼ ਕੀਤਾ ਹੈ। ਇਸ ਬਿਰਤਾਂਤ ਵਿਚ ਤਾਂਘ ਅਤੇ ਬੇਵਸੀ ਨਾਲੋ-ਨਾਲ ਚਲਦੀਆਂ ਹਨ। ਇਸ ਖਹਿਸਰਨ ਵਿਚੋਂ ਨਿਕਲਣ ਵਾਲੇ ਸੇਕ ਨੂੰ ਫਿਲੌਰੀਆ ਖੂਬ ਫੜਦਾ ਹੈ ਅਤੇ ਇਸ ਨੂੰ ਆਪਣੀਆਂ ਰਚਨਾਵਾਂ ਵਿਚ ਜੜਦਾ ਚਲਿਆ ਜਾਂਦਾ ਹੈ।

‘ਮਾਣ-ਤਾਣ’ ਵਿਚ ਉਸ ਨੇ ਬਜ਼ੁਰਗ ਦੇ ਬਹਾਨੇ ਇਸ ਸਮਾਜ ਦੀਆਂ ਕਈ ਪਰਤਾਂ ਫਰੋਲੀਆਂ ਹਨ। ਉਹ ਸਾਧਾਰਨ ਜਿਹੀ ਗੱਲ ਨੂੰ ਆਪਣੇ ਹੀ ਢੰਗ ਨਾਲ ਬਿਆਨ ਕਰ ਕੇ ਖਾਸ ਬਣਾ ਦਿੰਦਾ ਹੈ ਅਤੇ ਪਾਠਕ ਨੂੰ ਦੇਖੀਆਂ-ਸੁਣੀਆਂ ਗੱਲਾਂ ਦੇ ਮਤਲਬ ਸਮਝ ਪੈਣ ਲਗਦੇ ਹਨ। -ਸੰਪਾਦਕ

ਮੋਹਨ ਲਾਲ ਫਿਲੌਰੀਆ
“ਬੰਦਾ ਜਦੋਂ ਸੌ ਸਾਲ ਤੋਂ ਉੱਪਰ ਟੱਪ ਜਾਊ, ਉਹ ਗੱਲਾਂ ਤਾਂ ਸੱਚੀਆਂ ਕਰੂ, ਪਰ ਘਰਦੇ ਉਹਨੂੰ ਪਾਗਲ ਸਮਝਣ ਲੱਗ ਪੈਂਦੇ ਨੇ। ਮੈਂ ਤਾਂ ਕਹਿੰਨਾ, ਬੰਦੇ ਨੂੰ ਸੌ ਸਾਲ ਤੋਂ ਉੱਪਰ ਨਹੀਂ ਜੀਣਾ ਚਾਹੀਦਾ। ਬੰਦਾ ਔਲਾਦ ਦਾ ਸੁਆਰੂਗਾ ਹੀ, ਵਿਗਾੜੂਗਾ ਨਹੀਂ। ਸਬਰ ਵੀ ਨਹੀਂ ਹੁੰਦਾ। ਰਿਹਾ ਵੀ ਨਹੀਂ ਜਾਂਦਾ ਅੱਖੀਂ ਦੇਖ ਕੇ। ਬੰਦੇ ਦੀ ਸੌ ਸਾਲ ‘ਤੇ ਮੁਕਤੀ ਹੋ ਜਾਣੀ ਚਾਹੀਦੀ ਹੈ। ਲੰਮੀ ਉਮਰ ਚੰਗੀ ਨਹੀਂ। ਆਹ ਦੇਖ ਬੁੜ੍ਹੇ ਕਿੱਦਾਂ ਰੁਲਦੇ ਨੇ। ਔਲਾਦ ਪੁੱਛਦੀ ਨਹੀਂ। ਆਹ ਜਿਹੜਾ ਤੇਹੁ ਤੁਹਾਨੂੰ ਹੈ, ਉਹ ਤੁਹਾਡੇ ਨਿਆਣਿਆਂ ਨੂੰ ਕਿੱਥੇ। ਮੈਨੂੰ ਇਕ ਪਾਂਡਾ ਇਕ ਵਾਰ ਟੱਕਰਿਆ ਸੀ, ਉਹ ਕਹਿੰਦਾ ਸੀ, ਬਾਬਾ ਤੇਰੀ ਉਮਰ ਇਕ ਸੌ ਤੇ ਦਸਾਂ ਸਾਲਾਂ ਦੀ ਹੈ। ਲੈ ਦੇਖ ਤਾਂ ਭਲਾ ਤੈਨੂੰ ਹੱਥ ਦੇਖਣਾ ਆਉਂਦਾæææ।” ਮੇਰੇ ਬਾਪ ਨੇ ਆਪਣਾ ਹੱਥ ਮੇਰੇ ਵੱਲ ਵਧਾਇਆ।
“ਪਾਂਡਾ ਠੀਕ ਹੀ ਕਹਿੰਦਾ ਹੋਊ, ਪਰ ਮੈਨੂੰ ਹੱਥ ਨਹੀਂ ਦੇਖਣਾ ਆਉਂਦਾ। ਉਮਰ ਤਾਂ ਰੱਬ ਲਿਖਦੈ, ਕਿਸੇ ਦਾ ਮਰਨ ਨੂੰ ਭਲਾ ਜੀਅ ਕਰਦੈ।”
“ਇਹ ਵੀ ਤੇਰੀ ਗੱਲ ਠੀਕ ਹੈ।” ਉਸ ਨੇ ਆਖਿਆ।
ਬਾਪੂ ਬੜੀਆਂ ਚੰਗੀਆਂ ਗੱਲਾਂ ਕਰਦਾ ਜਦ ਕਦੀ ਚੰਗੇ ਰੌਂਅ ਵਿਚ ਹੁੰਦਾ, ਪਰ ਜਦ ਕਦੀ ਉਹਨੂੰ ਭਮਕ ਚੜ੍ਹਦਾ, ਤਾਂ ਫਿਰ ਸਾਹਮਣੇ ਵਾਲਾ ਹੈ ਨਹੀਂ। ਬੱਸ ਉਹਦੀ ਸ਼ਾਮਤ ਆ ਜਾਂਦੀ। ਉਹ ਕਿਸੇ ਨੂੰ ਵੀ ਨਾ ਬਖਸ਼ਦਾ। ਜਦ ਉਹਦਾ ਬੋਲਿਆ ਹੋਇਆ ਦੂਸਰਿਆਂ ਨੂੰ ਚੰਗਾ ਨਾ ਲੱਗਦਾ ਤਾਂ ਕਹਿਣ ਲੱਗਦਾ, “ਇਹ ਬੁਢਾਪਾ ਬਹੁਤ ਔਤਰੀ ਚੀਜ਼ ਹੈ। ਬੁਢਾਪੇ ‘ਚ ਬੰਦਾ ਨਿਆਣਿਆਂ ਵਾਂਗ ਕਰਨ ਲੱਗ ਪੈਂਦਾ ਹੈ। ਨਿਆਣੇ ਵੀ ਗੱਲ ਸੱਚੀ ਕਰਦੇ ਤੇ ਬੁੜ੍ਹੇ ਵੀ ਦਿਖਾਵਾ ਨਹੀਂ ਕਰਦੇ।” ਵੱਡੀ ਭੈਣ ਵੀ ਦੋਹਤਿਆਂ ਪੋਤਿਆਂ ਵਾਲੀ ਸੱਤਰਾਂ ਪਝੱਤਰਾਂ ਨੂੰ ਟੱਪੀ। ਇਕ ਦਿਨ ਸਾਡੇ ਭਣੋਈਏ ਦੇ ਮੰਜੇ ‘ਤੇ ਸੱਜੇ ਹੱਥ ਬੈਠ ਗਈ। ਚੰਗਾ ਭਲਾ ਮਾਹੌਲ। ਘਰ ਗ੍ਰਹਿਸਥੀ ਦੀਆਂ ਗੱਲਾਂ ਹੋ ਰਹੀਆਂ ਸਨ। ਬਾਪੂ ਨੇ ਭੈਣ ਨੂੰ ਡਾਂਟ ਦਿੱਤਾ, “ਤੈਨੂੰ ਅਕਲ ਨਹੀਂ ਘਰਵਾਲੇ ਦੇ ਸੱਜੇ ਪਾਸੇ ਮੰਜੇ ‘ਤੇ ਬਰਾਬਰ ਕਿੱਦਾਂ ਬੈਠ ਗਈ।”
ਮਾਂ ਕਿਹੜਾ ਘੱਟ ਸੀ, ਉਹ ਵੀ ਸੈਂਕੜੇ ਤੋਂ ਦੋ-ਚਾਰ ਹੀ ਘੱਟ ਹੋਵੇਗੀ, ਪਰ ਥੋੜ੍ਹਾ ਘੱਟ ਬੋਲਦੀ ਸੀ। ਬਾਪੂ ਤੋਂ ਪੂਰਾ ਕੋੜਮਾ ਡਰਦਾ ਸੀ। ਦੋਵਾਂ ਨੂੰ ਮੈਂ ਕਦੀ ਸਲਾਹ-ਮਸ਼ਵਰਾ ਕਰਦੇ ਨਹੀਂ ਸੀ ਦੇਖਿਆ। ਹਮੇਸ਼ਾ ਕਿਸੇ ਨਾ ਕਿਸੇ ਉਲਝਣ ਵਿਚ ਹੀ ਰਹਿੰਦੇ। ਕਿਸੇ ਗੱਲ ‘ਤੇ ਸਹਿਮਤੀ ਨਾ ਬਣਦੀ। ਇਕ ਦੂਜੇ ਦੀ ਨਿੰਦਿਆ ਕਰਦੇ ਮਿਹਣੇ ਮਾਰਦੇ ਤੇ ਝੱਸ ਪੂਰਾ ਕਰਦੇ। ਫਿਰ ਉਹ ਕਈ-ਕਈ ਦਿਨ ਆਪਸ ਵਿਚ ਨਾ ਬੋਲਦੇ।
ਅਸਲ ਵਿਚ ਬਾਪੂ ਦਾ ਏਨਾ ਕਸੂਰ ਵੀ ਨਹੀਂ ਸੀ। ਉਹ ਮਿਹਨਤੀ ਸੁਭਾਅ ਦਾ ਸੀ। ਬਹੁਤ ਹੱਡ ਭੰਨਵੀਂ ਮਿਹਨਤ ਕਰਦਾ ਰਿਹਾ ਤੇ ਉਹ ਚਾਹੁੰਦਾ ਸੀ, ਸਾਰੇ ਉਹਦੀ ਤਰ੍ਹਾਂ ਮਿਹਨਤ ਕਰਨ। ਜੇ ਕੋਈ ਨਹੀਂ ਸੀ ਕੰਮ ਕਰਦਾ, ਉਹਨੂੰ ਉਹ ਬੁਰਾ ਸਮਝਦਾ ਸੀ। ਬੱਸ ਏਸੇ ਗੱਲ ਨਾਲ ਹੀ ਤਣਾਅ ਰਹਿੰਦਾ ਘਰ ਵਿਚ, ਸ਼ਾਂਤੀ ਨਾ ਹੁੰਦੀ। ਮੈਨੂੰ ਉਹ ਪਹਿਲਾਂ ਕੁਝ ਨਹੀਂ ਸੀ ਕਹਿੰਦਾ। ਫਿਰ ਹੌਲੀ-ਹੌਲੀ ਮੌਕਾ ਦੇਖ ਕੇ ਮੇਰੇ ‘ਤੇ ਵੀ ਵਰ੍ਹਨ ਲੱਗ ਪਿਆ ਸੀ। ਬੜੀ ਦੇਰ ਬਾਅਦ ਜਦ ਮੈਂ ਇਸ ਦਾ ਕਾਰਨ ਲੱਭਿਆ ਤਾਂ ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਮੈਂ ਉਸ ਨੂੰ ਗੱਲ-ਗੱਲ ‘ਤੇ ਟੋਕਣ ਲੱਗ ਪਿਆ ਸੀ। ਮੇਰੀ ਟੋਕਾ-ਟਾਕੀ ਪਹਿਲਾਂ ਤਾਂ ਉਸ ਨੂੰ ਬਰਦਾਸ਼ਤ ਹੁੰਦੀ ਰਹੀ, ਫਿਰ ਉਹ ਮੇਰੀ ਟੋਕਾ-ਟਾਕੀ ‘ਤੇ ਆਪਣੀ ਹੱਤਕ ਸਮਝਣ ਲੱਗ ਪਿਆ।
ਉਦਣ ਤਾਂ ਉਹ ਬਹੁਤ ਭਮਕ ਗਿਆ ਸੀ। ਚੰਡੀਗੜ੍ਹ ਸਾਡੇ ਕੋਲ ਇਕ ਕਮਰੇ ਦਾ ਮਕਾਨ ਸੀ। ਉਸੇ ਵਿਚ ਰੋਟੀ-ਟੁੱਕ ਕਰਨਾ ਤੇ ਸੌਣਾ। ਥੋੜ੍ਹੀ ਜਿਹੀ ਜਗ੍ਹਾ। ਇਕ-ਇਕ ਕਮਰੇ ਵਿਚ ਹੋਰ ਵੀ ਗੁਆਂਢੀ ਸਨ। ਬਜ਼ੁਰਗ ਨੂੰ ਸੁਭਾਅ ਅਨੁਸਾਰ ਉੱਚੀ ਬੋਲਣ ਦੀ ਆਦਤ ਸੀ। ਆਵਾਜ਼ ਬਾਹਰ ਦੂਜਿਆਂ ਕੋਲ ਨਾ ਜਾਵੇ, ਮੈਂ ਕਹਿ ਬੈਠਾ- “ਹੌਲੀ ਬੋਲ।” ਉਹ ਥੋੜ੍ਹੀ ਦੇਰ ਲਈ ਚੁੱਪ ਕਰ ਗਿਆ। ਉਹ ਗੱਲਾਂ ਕਰਦਿਆਂ-ਕਰਦਿਆਂ ਗਾਲ੍ਹਾਂ ਵੀ ਕੱਢਦਾ। ਉਸ ਦਾ ਤਕੀਆ ਕਲਾਮ ਸੀ ‘ਮਾਂ ਚੋ, ਭੈਣ-ਚੋ, ਛੋਕਰੀæææ।’ ਮੈਂ ਟੋਕਿਆਂ, “ਗਾਲ੍ਹਾਂ ਕਿਉਂ ਕੱਢੀ ਜਾਨੈ”, ਉਹ ਫਿਰ ਚੁੱਪ ਕਰ ਗਿਆ।
ਫਿਰ ਉਹ ਬੀੜੀ ਕੱਢ ਕੇ ਪੀਣ ਲੱਗਿਆ। ਮੈਨੂੰ ਬੀੜੀ ਦਾ ਧੂੰਆ ਭੈੜਾ ਲੱਗਿਆ। ਮੈਂ ਨੱਕ ‘ਤੇ ਰੁਮਾਲ ਰੱਖ ਲਿਆ। ਮੇਰੇ ਨੱਕ ‘ਤੇ ਰੁਮਾਲ ਰੱਖਿਆ ਦੇਖ ਕੇ ਉਹ ਬੋਲਿਆ- “ਵਾਹ ਓਏ ਬਾਹਮਣਾ”।
“ਮੈਨੂੰ ਲੱਗਦੈ, ਹੁਣ ਸਾਥੋਂ ਕਾਣਤ ਆਉਣ ਲੱਗ ਪਈ ਹੈ।” ਉਸ ਆਖਿਆæææ ਉਸ ਮਹਿਸੂਸ ਕੀਤਾæææ ਦੇਖਿਆ ਬੜਾ ਤਿਰਛਾ ਜਿਹਾ, ਫਿਰ ਉਸ ਬੀੜੀ ਬੁਝਾ ਦਿੱਤੀ। ਬੁਝੀ ਹੋਈ ਬੀੜੀ ਫਰਸ਼ ‘ਤੇ ਰਗੜ ਦਿੱਤੀ। ਫਰਸ਼ ਗੰਦਾ ਹੋ ਗਿਆ।
“ਆਹ ਕੀ ਕੀਤਾ ਭਲਾ ਫਰਸ਼ ‘ਤੇ ਗੰਦ ਪੈ ਗਿਆ।” ਮੇਰੇ ਏਨਾ ਕਹਿਣ ਦੀ ਦੇਰ ਸੀ, ਉਸ ਗੁੱਸੇ ‘ਚ ਦੇਖਿਆ, ਬੋਲਿਆ, “ਹੈ ਤਾਂ ਕਿਰਾਏਦਾਰ ਨਾ, ਸੁਆਦ ਤਾਂ ਸੀæææ ਆਹ ਕੋਠੀ ਖਰੀਦ ਲੈਂਦਾ। ਬਣ ਕੇ ਮਾਲਕ ਐਨੀ ਗੱਲ ਕਹਿੰਦਾ। ਤੇਰਾ ਦਿਮਾਗ ਫਿਰ ਗਿਐ ਲੱਗਦੈ।” ਮੈਂ ਚੁੱਪ ਰਿਹਾ, ਉਹ ਕਿਤੇ ਹੋਰ ਅਹੁਰਾ ਨਾ ਬੋਲੇ।
“ਪਿੰਡੋਂ ਆਉਣਾ ਸੀ ਤਾਂ ਕਪੜੇ ਤਾਂ ਧੁਆ ਲੈਣੇ ਸੀ।” ਮੈਂ ਕਿਹਾ।
“ਉਏ ਆਹ ਕਪੜੇ ਬੜੇ ਸੋਹਣੇ ਨੇ, ਕੀ ਲੱਗਿਆ, ਚਿੱਟੇ ਨੇ।”
ਸਿਆਲ ਦਾ ਮਹੀਨਾ ਗਰਮ ਕਪੜਾ ਕੋਈ ਨਹੀਂ ਸੀ ਤੇ ਉਹ ਠੁਰ-ਠੁਰ ਕਰ ਰਿਹਾ ਸੀ। ਮੈਂ ਆਪਣਾ ਪੁਰਾਣਾ ਕੋਟ ਕੱਢ ਕੇ ਦੇ ਦਿੱਤਾ ਜਿਹੜਾ ਚਾਰ-ਪੰਜ ਸਾਲ ਪੁਰਾਣਾ ਸੀ।
“ਆਹ ਲਓ, ਇਹ ਕੋਟ ਪਾ ਲਓ, ਠੰਢ ਐ।”
ਉਸ ਨੇ ਕੋਟ ਨੂੰ ਉਲਟਾ ਕਰ ਕੇ ਤਿੰਨ-ਚਾਰ ਵਾਰ ਦੇਖਿਆ। ਉਸ ਨੂੰ ਗੁੱਸਾ ਪਹਿਲਾਂ ਹੀ ਚੜ੍ਹਿਆ ਹੋਇਆ ਸੀ, ਮੇਰੀ ਟੋਕਾ-ਟਾਕੀ ਨਾਲ ਪਰੇਸ਼ਾਨ ਸੀ। ਫਿਰ ਉਸ ਨੇ ਕੋਟ ਚੁੱਕ ਕੇ ਦੂਰ ਜ਼ੋਰ ਦੀ ਮਾਰਿਆ।
“ਸਾਲਿਆæææ ਤੁਹਾਡਾ ਉਤਾਰ ਪਾਉਣ ਨੂੰ ਮੈਂ ਹੀ ਰਹਿ ਗਿਆ। ਸਾਰੀ ਉਮਰ ਬਥੇਰਾ ਜੱਟਾਂ ਦਾ ਉਤਾਰ ਪਾਇਆ। ਉਤਾਰ ਪਾਉਂਦਿਆਂ-ਪਾਉਂਦਿਆਂ ਅਹਿ ਦਿਨ ਆ ਗਏ। ਹੁਣ ਤਾਂ ਤੁਸੀਂ ਕਮਾਉਂਦੇ ਹੋ, ਤੁਹਾਡਾ ਵੀ ਉਤਾਰ ਪਾਵਾਂ। ਕੱਪੜਾ ਲੈ ਕੇ ਦੇਣਾ ਤਾਂ ਨਵਾਂ ਲੈ ਕੇ ਦਿਓ। ਇਸ ਕੰਮ ਲਈ ਤੁਹਾਨੂੰ ਪੜ੍ਹਾਇਆ ਕਿ ਫਿਰ ਤੁਹਾਡਾ ਉਤਾਰ ਪਾਵਾਂ। ਲੋਕੀ ਕਹਿੰਦੇ, ਬੰਤੇ ਚਮਾਰ ਦਾ ਮੁੰਡਾ ਪੰਦਰਾਂ ਹਜ਼ਾਰ ਰੁਪਈਆ ਲੈਂਦਾ ਮਹੀਨੇ ਦਾ। ਇਹ ਤਾਂ ਕਾਕਾ ਮਾਣ-ਤਾਣ ਹੁੰਦਾ ਸਿਆਣੇ ਦਾ। ਮੈਤੋਂ ਕਿਤੇ ਭੁੱਲਿਆ ਸਭ ਕੁਝ। ਅਹਿ ਦੇਖ ਹੱਥ, ਇਨ੍ਹਾਂ ਹੱਥਾਂ ਨੇ ਮਿਹਨਤ ਕੀਤੀ ਹੈ ਤੇ ਮਿਹਨਤ ਕਰਨੀ ਸਿੱਖੀ ਹੈ।”
ਉਹ ਜਿਵੇਂ ਵਲੂੰਧਰਿਆ ਗਿਆ ਸੀ।
“ਦੇਹ’ਤਾਂæææ ਦੇਹ’ਤਾਂ! ਕਿੱਦਾਂ ਛਪਾਕ ਚੜ੍ਹਿਆ ਫਿਰਦਾ। ਕੀ ਹੋਇਆ ਭਲਾ ਕੋਟ ਨੂੰæææ ਲੈ ਤਾਂæææ ਪਾ ਲਾ ਠੰਢ ਤੋਂæææ ਜੱਟਾਂ ਦੇ ਉਤਾਰ ਤੇਰੇ ਤੋਂ ਪਾ ਹੋ ਗਏ ਸਾਰੀ ਉਮਰ, ਹੁਣ ਪੁੱਤ ਦਾ ਉਤਾਰ ਨਹੀਂ ਪਾਇਆ ਜਾਂਦਾæææ।” ਮਾਂ ਵੀ ਭੁੱਬ ਮਾਰ ਕੇ ਪੂਰੇ ਜਲੌਅ ਵਿਚ ਬੋਲ ਪਈ ਸੀ।
“ਪਰ੍ਹੇ ਹੋ ਜਾ ਕੁੱਤੀਏ ਮੇਰੇ ਸਾਹਮਣੇ ਤੋਂ। ਇਹ ਮੇਰੀ ਕਿਸਮਤ ਵਿਚ ਉਤਾਰ ਪਾਉਣਾ ਹੀ ਲਿਖਿਆ ਰਹਿ ਗਿਆ। ਨਵਾਂ ਕੱਪੜਾ ਕਿਹੜੇ ਜਨਮ ‘ਚ ਮਿਲੂæææ ਇਸ ਮੂਰਖ ਨੂੰ ਸਮਝਾ, ਉਤਾਰ ਮੇਰੇ ਸਾਹਮਣੇ ਸੁੱਟੀ ਜਾਂਦਾ।”
“ਦੇਹ’ਤਾਂ ਕਿੱਦਾਂ ਭੌਂਕਦਾæææ ਠੁਰ-ਠੁਰ ਕਰੀ ਜਾਨੈਂ। ਮੁੰਡੇ ਨੇ ਕੋਟ ਦਿੱਤਾ, ਪਾ ਲੈ। ਕੀ ਵੱਢ ਪੈਂਦੀ ਤੈਨੂੰæææ।”
“ਭੌਂਕ ਨਾ ਬਹੁਤਾ, ਇਨ੍ਹਾਂ ਨੂੰ ਕਦੋਂ ਚੱਜ ਆਉਣਾ? ਨਵਾਂ ਲੀੜਾ ਨਹੀਂ ਲੈ ਕੇ ਦੇ ਸਕਦੇ ਕਿ ਸਾਡੀ ਕਿਸਮਤ ਵਿਚ ਉਤਾਰ ਹੀ ਲਿਖੇ ਹਨ। ਤੂੰ ਆਪ ਤਾਂ ਪਾਈ ਜਾਨੀ ਬਦਲ-ਬਦਲ ਕੇæææ ਮੈਂ ਤੈਨੂੰ ਕਿਹਾ ਨਾ, ਮੇਰੇ ਸਾਹਮਣੇ ਜੁæਬਾਨ ਨਾ ਚਲਾਇਆ ਕਰ, ਪਰ ਤੇਰੀ ਜ਼ੁਬਾਨ ਸਾਰੀ ਉਮਰ ਕੈਂਚੀ ਵਾਗੂੰ ਚਲਦੀ ਰਹੀ। ਬੰਦੇ ਦੀ ਇੱਜ਼ਤ ਕਰਨਾ ਵੀ ਸਿੱਖ ਲੈ, ਹੁਣ ਤਾਂ ਤੇਰੀਆਂ ਕਬਰਾਂ ‘ਚ ਲੱਤਾਂ ਨੇ।”
ਮਾਮਲਾ ਵਧ ਰਿਹਾ ਸੀ। ਮੇਰੀ ਵਲੋਂ ਹਟ ਕੇ ਬਜ਼ੁਰਗ ਬੁੱਢੀ ਮਾਂ ਵੱਲ ਹੋ ਤੁਰਿਆ ਸੀ।
“ਪਹਿਲਾਂ ਤੇ ਅਜੇ ਕੁਝ ਸ਼ਰਮ ਕਰਦਾ ਸੀ, ਪਰ ਹੁਣ ਖਰਿਆ ਕੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਜਿੱਦਾਂ-ਜਿੱਦਾਂ ਸਿਆਣਾ ਹੋਈ ਜਾਂਦਾ, ਮੌਤ ਉਖੜੀ ਜਾਂਦੀ। ਇਹ ਮਰਦਾ ਵੀ ਨਹੀਂ ਵਿਚੋਂ।” ਮਾਂ ਬੋਲੀ।
ਜਿਸ ਕੋਠੀ ਵਿਚ ਅਸੀਂ ਰਹਿੰਦੇ ਸੀ, ਉਸ ਵਿਚ ਬੜੀ ਘੁਟਣ ਸੀ, ਸਾਹ ਲੈਣਾ ਮੁਸ਼ਕਿਲ ਸੀ ਤੇ ਉਤੋਂ ਬੁੜ੍ਹੇ-ਬੁੜ੍ਹੀ ਦਾ ਝਗੜਾ। ਅਸੀਂ ਆਪਣੀ ਜਾਤ ਨੂੰ ਵੀ ਲਕੋਣ ਦੇ ਯਤਨ ਵਿਚ ਲੱਗੇ ਰਹਿੰਦੇ ਸੀ। ਉਂਜ ਕੋਈ ਪੁੱਛਦਾ ਨਹੀਂ ਸੀ। ਪਹਿਲਾਂ ਵੀ ਆਉਂਦਾ ਤਾਂ ਬਾਹਰ ਨਿਕਲ ਜਾਂਦਾ। ਉਸ ਦਿਨ ਵੀ ਉਹ ਬਾਹਰ ਚਲਾ ਗਿਆ। ਉਹ ਇਕ ਮੋਚੀ ਕੋਲ ਬਹਿ ਕੇ ਹੁੱਕਾ ਪੀਣ ਲੱਗ ਪਿਆ ਸੀ। ਸਾਡੇ ਇਕ ਗੁਆਂਢੀ ਨੇ ਉਸ ਨੂੰ ਦੇਖ ਲਿਆ ਸੀ। ਮੈਨੂੰ ਆਣ ਦੱਸਿਆ। ਮੈਂ ਆਉਂਦੇ ਨੂੰ ਫੇਰ ਟੋਕ ਦਿੱਤਾ ਸੀ- “ਤੂੰ ਚੰਗੀ ਮੇਰੀ ਇੱਜ਼ਤ ਬਣਾਉਨੈæææ ਮੋਚੀਆਂ ਨਾਲ ਬੈਠ ਕੇ ਹੁੱਕਾ ਪੀਨਾਂ।” ਬੱਸ ਮੇਰੇ ਏਨਾ ਕਹਿਣ ਦੀ ਦੇਰ ਸੀ, ਉਹ ਭਮਕ ਗਿਆ ਸੀ।
“ਸਾਲਿਓ, ਤੁਸੀਂ ਆਪਣੀ ਔਕਾਤ ਭੁੱਲ ਗਏ ਹੋ। ਮੈਂ ਅਨਪੜ੍ਹ ਹੋ ਕੇ ਨਹੀਂ ਡਰਦਾ, ਤੁਸੀਂ ਪੜ੍ਹ-ਲਿਖ ਕੇ ਡਰੀ ਜਾਨੇ ਓ। ਤੁਹਾਡੀ ਤਾਂ ਮੱਤ ਖਰਿਆ ਕਿਥੇ ਗਹਿਣੇ ਪੈ ਗਈ ਹੈ। ਮੈਂ ਵੀ ਮੋਚੀ ਹਾਂ ਤੇ ਜੇ ਮੋਚੀ ਨਾਲ ਬਹਿ ਕੇ ਹੁੱਕਾ ਪੀ ਲਿਆ, ਤਾਂ ਕੀ ਲੋਹੜਾ ਆ ਗਿਆ। ਉਹ ਵੀ ਤਾਂ ਆਦਮੀ ਹੈ। ਤੁਹਾਡੇ ਨਾਲੋਂ ਤਾਂ ਮੋਚੀ ਚੰਗਾ ਜਿਹੜਾ ਚੌਕ ਵਿਚ ਬਹਿ ਕੇ ਕੰਮ ਕਰਦਾ, ਛਾਤੀ ਚੌੜੀ ਕਰ ਕੇ ਬੈਠਾ ਸਾਰਾ ਦਿਨ ਕੰਮ ਕਰਦਾ। ਕਿਸੇ ਤੋਂ ਨਹੀਂ ਡਰਦਾ। ਤੁਸੀਂ ਅੰਦਰੀਂ ਵੜ ਕੇ ਡਰੀ ਜਾਨੇ।” ਉਹ ਪਤਾ ਨਹੀਂ ਫਿਰ ਆਪੇ ਚੁੱਪ ਕਰ ਗਿਆ ਸੀ। ਅਸੀਂ ਸਾਰੇ ਵੀ ਚੁੱਪ ਕਰ ਗਏ ਸੀ। ਫਿਰ ਪਤਾ ਨਹੀਂ ਕਿਧਰੋਂ ਸਾਡਾ ਮੁੰਡਾ ਉਦੋਂ ਕਿਸੇ ਪਾਸੇ ਤੋਂ ਆਇਆ, ਕਹਿੰਦਾ, “ਬਾਬਾ, ਇਕ ਗੱਲ ਹੋਰ ਪੁੱਛਾਂ?”
“ਪੁੱਛੋ।”
“ਇਹ ਭੈਣ ਚੋ’ ਕੀ ਹੁੰਦਾ?”
ਬਾਪੂ ਚੁੱਪ ਕਰ ਗਿਆ ਸੀ- “ਤੂੰ ਅਜੇ ਨਿਆਣਾ ਏਂ, ਜਦ ਸਿਆਣਾ ਹੋ ਜਾਵੇਂਗਾ, ਪਤਾ ਲੱਗ ਜਾਵੇਗਾ। ਕਾਕਾ ਤੈਨੂੰ ਕੀ ਦੱਸੀਏ, ਸਾਨੂੰ ਪਿੰਡਾਂ ਵਾਲਿਆਂ ਨੂੰ ਗਾਲ੍ਹ ਕੱਢਣ ਦੀ ਆਦਤ ਪਈ ਹੋਈ ਏ।” ਫਿਰ ਕਹਿੰਦਾ- “ਅੱਛਾ ਤੂੰ ਐਂ ਕਰ, ਤੁਹਾਡੇ ਦੁਆਈ ਹੈਗੀ।”
“ਦੁਆਈ ਹੈਗੀ।”
“ਲੈ ਆ ਫਿਰ, ਠੰਢ ਆ।”
ਮੈਂ ਸਮਝ ਗਿਆ ਸੀ। ਰੰਮ ਦੀ ਬੋਤਲ। ਬਾਪੂ ਨੂੰ ਠੰਢ ਕਰ ਕੇ ਉਹਦੇ ਵਾਸਤੇ ਲਿਆਂਦੀ ਸੀ, ਉਹਨੂੰ ਫੜਾ ਦਿੱਤੀ ਸੀ। ਉਹ ਦੋ ਪੈੱਗ ਲਾ ਕੇ ਸਰੂਰ ਵਿਚ ਆਇਆ ਸੀ। ਮੈਂ ਮੰਜੇ ‘ਤੇ ਲੇਟਿਆ ਹੋਇਆ ਸੀ।
“ਲੈ ਬਈ ਤੈਨੂੰ ਇਕ ਗੱਲ ਦੱਸਾਂ।” ਉਹ ਬੋਲਿਆ।
“ਦੱਸੋ ਜੀ।” ਮੈਂ ਕੰਨ ਉਹਦੇ ਵੱਲ ਕੀਤਾ।
“ਗੁੱਸਾ ਤਾਂ ਨਹੀਂ ਕਰੇਂਗਾ।”
“ਨਾ ਗੁੱਸੇ ਵਾਲੀ ਕਿਹੜੀ ਗੱਲ?”
“ਨਾ ਓਦਾਂ ਗੱਲ ਕਰਦਾ ਪਿਆਂ, ਫਿਰ ਕਹੇਂਗਾ ਤੇਰੀ ਮਾਂ ਦੀ ਮੈਂ ਬਦਖੋਹੀ ਕਰਦਾਂ। ਓਦਾਂ ਏਹਨੇ ਕੰਮ ਬਹੁਤ ਕੀਤਾ ਸਾਰੀ ਉਮਰ, ਪਰ ਆਹ ਨਿਆਣੇ ਸੱਤਾਂ ‘ਚੋਂ ਤੁਸੀਂ ਮੇਰੇ ਪੰਜ ਈ ਓ।”
“ਬਾਕੀ।” ਮੈਂ ਮੁਸਕਰਾਉਂਦੇ ਹੋਏ ਕਿਹਾ।
“ਉਏ ਬਾਕੀæææ ਬਾਕੀ ਤੈਨੂੰ ਕੀ ਦੱਸਾਂ, ਤੂੰ ਪੜ੍ਹਿਆ-ਲਿਖਿਆਂæææ ਇਹਨੂੰ ਮੈਂ ਕਿਤੇ ਰੱਖਦਾ ਸੀ, ਪੇਕੀਂ ਰਹਿੰਦੀ ਸੀ ਜਾ ਕੇ। ਸਾਰੀ ਉਮਰ ਬਹੁਤ ਬੋਲਦੀ ਰਹੀ ਹੈ।”
ਆਪਣੀ ਮਾਂ ਬਾਰੇ ਪਿਉ ਦੀ ਗੱਲ ਸੁਣ ਕੇ ਮੇਰੇ ਤਾਂ ਖਾਨਿਓਂ ਗਈ। ਹੁਣ ਕੀ ਕਹਾਂ ਮੈਂ, ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਸੀ।
“ਓਏ ਜਾਹ ਢਕਿਆ ਰਹਿ ਕੰਜਰਾ, ਘਰੋਂ ਬਾਹਰ ਆ ਕੇ ਤਾਂ ਕੋਈ ਚੱਜ ਦੀ ਗੱਲ ਕਰ ਲਿਆ ਕਰ। ਆਹ ਸੱਤਾਂ ‘ਚੋਂ ਪੰਜ ਤਾਂ ਤੇਰੇ, ਬਾਕੀ ਜਦ ਹੋਏ, ਉਦੋਂ ਤੂੰ ਕਿਥੇ ਗਿਆ ਸੀ। ਮੈਂ ਕਹਿੰਨੀ, ਕੀ ਕਹਿਣਾ ਐਥੇ ਮੁੰਡੇ ਦਾ ਆਂਢ-ਗੁਆਂਢ ਕੀ ਸੁਣੂਗਾ। ਇਹ ਮੈਂ ਹੀ ਸੀ ਜਿਹਦੀ ਇਹਦੇ ਨਾਲ ਕੱਟ ਗਈ ਕਾਕਾ। ਸੁਣਦੇ ਹੋ, ਮੈਨੂੰ ਕੋਈ ਖੂਹ-ਖਾਤਾ ਨਹੀਂ ਲੱਭਦਾ ਡੁੱਬ ਕੇ ਮਰ ਜਾਵਾਂ।”
“ਉਏ ਇਹ ਮੈਂ ਹੀ ਸੀ ਜਿਹੜਾ ਇਹਨੂੰ ਰੱਖ ਗਿਆਂ, ਦੇਖ ਜ਼ਬਾਨ ਕਿੱਦਾਂ ਚਲਦੀ।”
“ਤੇਰੀ ਘੱਟ ਚਲਦੀ ਆ, ਐਡੇ ਵੱਡੇ-ਵੱਡੇ ਕੁਫਰ ਤੋਲਦਾਂ, ਤੇਰੇ ਕੀੜੇ ਪੈਣੇ। ਛੇਤਾæææ ਜਦ ਮੇਰੇ ਪੇਕੀਂ ਕੁੜੀਆਂ ਨੇ ਫੜ ਕੇ ਕੁੱਟਿਆ ਸੀ ਤੈਨੂੰ। ਉਦੋਂ ਮਿੰਨਤਾਂ ਕਰਦਾ ਸੀ, ਮੈਨੂੰ ਛਡਵਾ ਦੇ, ਕੋਈ ਮੰਦਾ-ਚੰਗਾ ਨਹੀਂ ਬੋਲੂੰਗਾ।”
“ਉਹ ਸਾਲੀਆ ਬਦਮਾਸ਼ਾਂ ਸੀ, ਮੇਰੇ ਮੂੰਹੋਂ ਕੁਝ ਸੁਣਦੀ ਏਂ।” ਨਿਆਣੇ ਤੇ ਅਸੀਂ ਸਾਰੇ ਬੁੱਢੇ-ਬੁੱਢੀ ਦਾ ਵਾਰਤਾਲਾਪ ਸੁਣ ਰਹੇ ਸੀ। ਫਿਰ ਪਤਾ ਨਹੀਂ ਕਿਸ ਸਮੇਂ ਕਿਸੇ ਬੱਚੇ ਨੇ ਮਾਂ ਦੇ ਹੱਥ ਵਿਚ ਥਾਪੀ ਲਿਆ ਕੇ ਫੜਾ ਦਿੱਤੀ ਸੀ- “ਲੈ ਮਾਰ ਮਾਂ ਬਾਬੇ ਦੇ, ਇਹ ਗਾਲ੍ਹਾਂ ਕੱਢੀ ਜਾਂਦਾ।”
ਮਾਂ ਨੇ ਥਾਪੀ ਫੜ ਲਈ ਸੀ, ਤੇ ਪਹਿਲਾਂ ਮੁਸਕਰਾਈ, ਫਿਰ ਗੁੱਸੇ ਵਿਚ ਆਈ। ਬਾਪੂ ਡਰ ਜਿਹਾ ਗਿਆ, “ਫੜ ਲੈ ਓਹ ਭਰਾਵਾ, ਇਹਦਾ ਪਤਾ ਨਹੀਂ ਮਾਰ ਹੀ ਨਾ ਦੇਵੇæææ।”
ਮਾਂ ਦੇ ਹੱਥੋਂ ਥਾਪੀ ਡਿੱਗ ਪਈ ਤੇ ਉਹ ਰੋਣ ਲੱਗ ਪਈ ਸੀ। ਥਾਪੀ ਮਾਰਨ ਦੀ ਉਹਦੀ ਹਿੰਮਤ ਨਾ ਪਈ।
“ਕੀ ਹੋਇਆæææ।” ਮੈਂ ਪੁੱਛਿਆ।
“ਹੋਣਾ ਕੀ ਸਿਰ ਸੁਆਹ, ਤੇਰੇ ਸਾਹਮਣੇ ਧੌਲਾ ਝਾਟਾ। ਉਦਾਂ ਕਹਿੰਦਾ, ਮੈਂ ਸੌ ਸਾਲ ਦਾ ਹੋ ਗਿਆਂ। ਲੋਕਾਂ ਨੂੰ ਮੱਤਾਂ ਦਿੰਦਾ ਬਹੁਤ ਸਿਆਣਾ ਬਣਦਾ। ਆਹ ਜਿਹੜੀਆਂ ਊਜਾਂ ਲਾਉਂਦਾæææ ਕਹਿੰਦਾ, ਨਿਆਣੇ ਪੰਜ ਈ ਆ ਬਾਕੀ ਅਸਮਾਨੋਂ ਆਏ। ਤੈਨੂੰ ਪੈ ਜਾਏ ਫੇਟਾæææ ਮੇਰਾ ਕੋਈ ਜੀਣ ਆ। ਮਰਨ ਨੂੰ ਥਾਂ ਨਹੀਂ ਲੱਭਦੀ। ਏਹ ਬੰਦਾ ਰੱਬ ਦਾ, ਅੱਛਾ ਰੱਬ ਲੇਖਾ ਤੇਰੇ ਤੋਂæææ।” ਮਾਂ ਰੋਂਦੀ-ਰੋਂਦੀ ਬਾਹਰ ਚਲੀ ਗਈ ਸੀ। ਉਹ ਰੋਂਦੀ-ਰੋਂਦੀ ਝੱਈਆਂ ਲੈ ਕੇ ਪੈਂਦੀ ਰਹੀ ਸੀ। ਰੋ-ਰੋ ਕੇ ਪਹਿਲਾਂ ਵੀ ਚੁੱਪ ਕਰ ਜਾਂਦੀ ਸੀ।
“ਅੱਛਾ ਮਾਤਾ ਏਧਰ ਆ ਮੇਰੇ ਕੋਲ ਬੈਠ ਜਾ। ਇਸ ਬੰਦੇ ਬਾਰੇ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀ। ਕਚਹਿਰੀ ਜਾ ਕੇ ਛੱਡ-ਛਡੱਈਆ ਕਿਉਂ ਨਾ ਕਰ ਲਿਆ। ਐਸ ਊਜ ਨਾਲ ਤੇ ਡਾਈਵੋਰਸ ਹੋ ਜਾਣਾ ਸੀ। ਕੀ ਖੜ੍ਹਾ ਸੀ। ਜ਼ਿੰਦਗੀ ਬਰਬਾਦ ਕਰ ਲਈ ਸਾਰੀ ਇਹਦੇ ਨਾਲ਼ææ।”
“ਉਨ੍ਹਾਂ ਸਮਿਆਂ ‘ਚ ਛੱਡ-ਛਡੱਈਆ ਕਿਥੇ ਹੁੰਦਾ ਸੀ। ਮਾਪੇ ਇਕੋ ਮੱਤ ਦਿੰਦੇ ਸੀ ਧੀਆਂ ਨੂੰæææ ਦੇਖਿਆ, ਕਿਤੇ ਪਿਉ ਦੀ ਪੱਗ ਨੂੰ ਦਾਗ ਨਾ ਲੱਗੇ। ਨਹੀਂ ਤਾਂ ਏਦਾਂ ਦੇ ਬੰਦੇ ਨੂੰ ਤਾਰੇ ਦਿਖਾਉਂਦੇ। ਇੱਜ਼ਤ ਨਾ ਰੁਲੇ, ਮੇਰਾ ਬਾਪ ਤਾਂ ਇਕੋ ਮੱਤ ਦਿੰਦਾ- ਹਊæææ ਬੋਲਦਾ ਤਾਂ ਬੋਲੀ ਜਾਣ ਦੇ। ਤੇਰਾ ਬਾਬਾ ਸਾਈਂ ਲੋਕ ਸੀ। ਇਹੋ ਹੀ ਪਤਾ ਨਹੀਂ ਕਿਹੜੇ ਗੰਦੇ ਟੈਪ ਦਾ ਜੰਮਿਆ। ਦੇਖਦਾ ਹੀ ਨਹੀਂ ਬੋਲਣ ਲੱਗੇ। ਉਦਣ ਮੇਰੇ ਦੋਹਤਿਆਂ ਸਾਹਮਣੇ ਵੀ ਕਹਿੰਦਾ, ਮੇਰੇ ਤਾਂ ਪੰਜ ਨਿਆਣੇæææ ਦੱਸ ਦੋਹਤੇ ਵਰ੍ਹੇ ਵਿਆਹੇ।”
“ਮਾਤਾ ਮੇਰੀ ਇਕ ਗੱਲ ਮੰਨੇਗੀ।”
“ਦੱਸ, ਮੰਨੂਗੀ।”
“ਗੱਲ ਇਹ ਹੈ ਕਿ ਇਹ ਸੌ ਸਾਲ ਦਾ ਤਾਂ ਹੋ ਗਿਆ”, ਮੇਰੀ ਗੱਲ ਪੂਰੀ ਨਹੀਂ ਸੀ ਹੋਈ, ਬਾਪੂ ਨੂੰ ਫਿਰ ਭਮਕ ਚੜ੍ਹ ਗਿਆ ਸੀ।
“ਤੂੰ ਕੁੱਤੀਏ ਮੈਨੂੰ ਵਲੈਤ ਨਹੀਂ ਜਾਣ ਦਿੱਤਾ।”
“ਮੈਂ ਤੈਨੂੰ ਰੋਕਿਆ ਸੀ, ਚਲੇ ਜਾਂਦਾ। ਆਹ ਜਿਹੜਾ ਚੌਣਾ ਜੰਮ ਲਿਆ ਸੀ, ਇਹਦਾ ਕੀ ਹੁੰਦਾ। ਗਲ-ਗਲ ਕਬੀਲਦਾਰੀ। ਤਿੰਨ ਜੁਆਨ ਧੀਆਂ, ਏਹਨਾਂ ਦੀ ਰਾਖੀ ਮੈਂ ਕਿਵੇਂ ਕਰਦੀ।”
“ਏਹਨੇ ਕਿਵੇਂ ਰੋਕ ਲਿਆ, ਜਾਣਾ ਸੀ ਤਾਂ ਚਲੇ ਜਾਂਦਾ।” ਮੈਂ ਟੋਕਿਆ।
“ਓਏ ਚਲਾ ਕਿਵੇਂ ਜਾਂਦਾ। ਪਾਸ ਬਣਿਆ ਪਿਆ, ਏਜੰਟ ਨੂੰ ਪੈਸੇ ਦਿੱਤੇ ਹੋਏ, ਕਹੇ ਮੈਂ ਨਾ ਜਾਣ ਦਿੰਦੀ। ਰੱਸਾ ਚੁੱਕ ਲਿਆæææ ਫਾਹਾ ਲੈ ਕੇ ਮਰਜੂੰæææ ਅਖੇ, ਜਾਹ ਤਾਂ ਕਿੱਦਾਂ ਜਾਨਾਂ। ਸਾਰੇ ਜੱਟਾਂ ਨੇ ਮੇਰੇ ਤੋਂ ਪੈਸੇ ਲੈ ਕੇ ਤਾਰੇ ਤੇ ਵਲੈਤ ਜਾ ਵੜੇ। ਅੱਜ ਭਾਵੇਂ ਕੋਈ ਕਿੱਦਾਂ ਗੱਲਾਂ ਕਰੇæææ।”
“ਕਿਉਂ ਮਾਂæææ?”
“ਉਦਾਂ ਗੱਲ ਤਾਂ ਠੀਕ ਹੈ ਇਹਦੀ, ਨਿਆਣੇæææ ਜੁਆਨ ਕੁੜੀਆਂ। ਐਥੇ ਕਿਹੜਾ ਅਸੀਂ ਵਲੈਤ ਤੋਂ ਘੱਟ ਰਹੇ ਹਾਂ। ਕਬੀਲਦਾਰੀ ਨਜਿੱਠ ਲਈ। ਇਹਨੂੰ ਵੀ ਪਤਾ ਈ ਆ। ਜੱਟ ਜਾ ਵੜੇ ਵਲੈਤੀਂ, ਉਧਰ ਜਾ ਕੇ ਉਨ੍ਹੀਂ ਮੇਮਾਂ ਕਰ ਲਈਆਂ। ਇਧਰ ਜੱਟੀਆਂ ਨੇ ਦੇਰ-ਜੇਠ ਸਾਂਭ ਲਏ। ਬਚਦੀਆਂ ਹਮਾਂ-ਤੁਮਾਂ ਦੇ ਮੁੰਡਿਆਂ ਵੱਲ ਝਾਕਣ ਲੱਗੀਆਂ। ਅੱਗ ਲਾਉਣੀ ਇਹੋ ਜਿਹੀ ਵਲੈਤ ਨੂੰ। ਚੁੱਪ ਕਰ ਤੂੰ ਵੀ, ਜੱਟੀਆਂ ਦੇ ਪਾਸ ਬਣਨ ਲੱਗੇ ਤੇ ਇਹਨੂੰ ਕਿਸੇ ਨਾ ਕਿਸੇ ਬਹਾਨੇ ਕਚਿਹਰੀਆਂ ‘ਚ ਲੈ ਕੇ ਜਾਣ ਲੱਗ ਪਈਆਂ। ਇਹ ਕਿਹੜਾ ਘੱਟ ਸੀ, ਇਹ ਤਾਂ ਮੈਂ ਬੰਨ੍ਹ ਕੇ ਰੱਖਿਆ। ਜਾਹ, ਬਹਿ ਜਾ ਰਾਮ ਨਾਲ, ਧੌਲੀ ਦਾੜ੍ਹੀæææ ਕਿਉਂ ਆਪਣੇ ਪਰਦੇ ਫਲਾਉਨਾ। ਤੂੰ ਮਰ ਕਿਉਂ ਨਹੀਂ ਜਾਂਦਾ, ਮੇਰੇ ‘ਤੇ ਤੋਹਮਤਾਂ ਲਾਉਂਦੇ ਨੂੰ। ਸ਼ਰਮ ਕਰ ਲੈ ਥੋੜ੍ਹੀ ਘਣੀæææ।”
ਮਾਂ ਏਨਾ ਬਖਿਆਨ ਕਰ ਕੇ ਪਿੱਟਣ ਲੱਗ ਪਈ ਸੀ- “ਕਿੱਥੇ ਮੇਰੇ ਜਣਦੇ ਤੇਰੇ ਲੜ ਲਾ ਗਏ ਮੈਨੂੰ, ਮਰ ਜਾ ਪਰੇæææ ਕੀ ਖੜ੍ਹੈ ਤੇਰੇ ਖੁਣੋਂ।”
ਬਾਪੂ ਨੂੰ ਕੁਝ ਅਹੁੜ ਨਹੀਂ ਸੀ ਰਿਹਾ, ਤੇ ਮਾਂ ਬੋਲ-ਬੂਲ ਕੇ ਹਲਕੀ ਹੋ ਗਈ ਸੀ।
“ਮਾਂ, ਤੂੰ ਮੇਰੀ ਗੱਲ ਨੋਟ ਕਰ ਲੈ, ਇਹ ਬੰਦਾ ਆਪਣੇ ਆਖਰੀ ਸਾਹ ਗਿਣਦਾ ਪਿਆ। ਦਿਮਾਗ ਦਾ ਤਵਾਜ਼ਨ ਵੀ ਸਹੀ ਨਹੀਂ। ਮਰ ਇਹਨੇ ਜਾਣਾ, ਪਰ ਇਕ ਗੱਲ ਯਾਦ ਰੱਖ, ਜੇ ਇਹ ਤੇਰੇ ਤੋਂ ਪਹਿਲਾਂ ਮਰ ਗਿਆ, ਤਾਂ ਤੂੰ ਏਹਦੇ ਮਰੇ ‘ਤੇ ਰੋਣਾ ਨਹੀਂæææ।” ਮਾਂ ਥੋੜ੍ਹੀ ਦੇਰ ਚੁੱਪ ਰਹੀ ਤੇ ਫਿਰ ਬੋਲੀ, “ਲੈ ਇਹ ਕਿੱਦਾਂ ਹੋਊ। ਲੋਕ ਲਾਜ ਤਾਂ ਰੱਖਣੀ ਹੀ ਪਊæææ।” ਮਾਂ ਫਟਾਫਟ ਬੋਲੀ।
“ਫਿਰ ਇਹ ਤਮਾਸ਼ਾ ਜਿਹਾ ਸਵੇਰੇ ਸ਼ਾਮ ਇਉਂ ਕਰਦੇ ਰਹਿੰਦੇ। ਕਿਤੇ ਰੱਬ ਦਾ ਨਾਂ ਵੀ ਲੈ ਲਿਆ ਕਰੋ। ਆਹ ਭਲਾ ਕਿਹੜੀ ਰਮਾਇਣ ਹੋਈ ਜਿਹਦਾ ਜਾਪ ਕਰਦੈ। ਨਿਆਣਿਆਂ ਸਾਹਮਣੇ ਮਾਂ ਚੋ, ਭੈਣ ਚੋæææ ਸਾਰੀ ਉਮਰ ਜਿਸ ਆਦਮੀ ਨਾਲ ਬਣੀ ਨਹੀਂ, ਫਿਰ ਮਰੇ ‘ਤੇ ਇਕ-ਦੂਜੇ ‘ਤੇ ਰੋਣਾ ਕੀਰਨੇ ਪਾਉਣੇ। ਲੋਕ ਲਾਜ। ਕਿਹੜੀ ਜ਼ਿੰਦਗੀ ਜੀਅ ਰਹੇ ਹੋ। ਜਾਓ ਪਿੰਡ ਚਲੇ ਜਾਓ। ਆਹ ਮੁਜਰੇ ਉਥੇ ਕਰੋ ਜਾ ਕੇ। ਜ਼ਮਾਨਾ ਬਦਲ ਗਿਆ, ਤੁਸੀਂ ਵੀ ਬਦਲ ਜਾਓ। ਸਾਨੂੰ ਕੁਝ ਸੋਚਣ ਦਾ ਮੌਕਾ ਦਿਓæææ।”
“ਆਹੋ ਯਾਰ, ਗੱਲ ਤੇਰੀ ਠੀਕ ਐ, ਸਾਨੂੰ ਸੋਚਣਾ ਚਾਹੀਦਾ। ਅਸਲ ਵਿਚ ਅਸੀਂ ਕੱਟੀ ਦੋਹਰੀ ਗੁਲਾਮੀæææ ਆਹ ਜੱਟ, ਬ੍ਰਾਹਮਣ, ਬਾਣੀਏ ਤੇ ਉੱਚੀਆਂ ਜਾਤਾਂ ਵਾਲਿਆਂ ਸਾਨੂੰ ਰੱਖਿਆ ਗੁਲਾਮ। ਅੱਗਿਉਂ ਇਹ ਅੰਗਰੇਜ਼ਾਂ ਦੇ ਗੁਲਾਮ ਸੀ। ਸਾਨੂੰ ਕੁਝ ਸੋਚਣ ਦਾ ਮੌਕਾ ਹੀ ਨਹੀਂ ਬਣਿਆ। ਜ਼ਮੀਨਾਂ-ਜਾਇਦਾਦਾਂ ਹਿਨਾਂ ਕੋਲ ਸੀ। ਸਾਡੇ ਤੋਂ ਵਗਾਰ ਲੈਂਦੇ ਰਹੇ। ਆਹ ਤਾਂ ਕੁਝ ਸਮਾਂ ਬਦਲਿਆ ਸੰਤਾਲੀ ਤੋਂ ਬਾਅਦ। ਤੁਸੀਂ ਕਿਤੇ ਪੜ੍ਹ-ਲਿਖ ਕੇ ਨੌਕਰੀਆਂ ‘ਚ ਆਏ, ਤਾਂ ਕਿਸੇ-ਕਿਸੇ ਚਿਹਰੇ ‘ਤੇ ਮੈਂ ਦੇਖਦਾਂ ਰੌਣਕ। ਮੈਨੂੰ ਤਾਂ ਹੋਰ ਲੱਗਦਾ, ਭਾਵੇਂ ਤੂੰ ਸੰਤਾਲੀ ਤੋਂ ਬਾਅਦ ਜੰਮਿਆ, ਪਰ ਲੱਗਦੈ, ਤੁਸੀਂ ਵੀ ਦਫਤਰਾਂ ‘ਚ ਗੁਲਾਮੀ ਦਾ ਜੀਵਨ ਬਤੀਤ ਕਰ ਰਹੇ ਹੋ। ਤੁਹਾਡੇ ‘ਚ ਉਹ ਦਮ ਨਹੀਂ ਜਿਹੜਾ ਜੱਟਾਂ-ਜ਼ਿੰਮੀਦਾਰਾਂ ਦੇ ਮੁੰਡਿਆਂ ‘ਚ ਹੈਗਾ। ਹੋਵੇ ਵੀ ਕਿੱਦਾਂ, ਇਹ ਕੌਮ ਜ਼ਮੀਨ ਦੇ ਸਿਰ ‘ਤੇ ਹੀ ਕਈ-ਕਈ ਕਤਲ ਕਰ ਦਿੰਦੀ। ਚਲੋ ਬਦਲਿਆ ਜ਼ਮਾਨਾ ਆਊ ਹੌਲੀ-ਹੌਲੀ ਹੋਰ ਬਦਲਾਅ ਆਊਗਾ। ਆਹ ਕਿਤੇ ਐਦਾਂ ਦੀਆਂ ਕੋਠੀਆਂ ‘ਚ ਰਹਿਣ ਦਾ ਹੁਕਮ ਸੀਗਾ। ਅੱਗੇ ਕਿਸਮਤ ਵਾਲੇ ਹੋ, ਫਿਰ ਵੀ ਪਿੰਡ ਅਜੇ ਵੀ ਤੇਰੇ ਨਾਲ ਦੇ ਮੁੰਡੇ ਦਿਹਾੜੀਆਂ ਨਹੀਂ ਕਰਦੇ। ਕੋਸ਼ਿਸ਼ ਕਰੋ ਗੁਲਾਮੀ ‘ਚੋਂ ਨਿਕਲਣ ਦੀ, ਹਿੰਮਤ ਚਾਹੀਦੀ ਹੈ। ਇਹ ਤਾਂ ਮਾਣ-ਤਾਣ ਦੀ ਗੱਲ ਹੁੰਦੀ ਐ। ਆਪਣਾ ਮਾਣ-ਤਾਣ ਹੈ ਨਹੀਂ ਕਿਤੇ ਵੀ। ਨਾ ਘਰਾਂ ‘ਚ, ਨਾ ਬਾਹਰ। ਨਾ ਪਿੰਡਾਂ ‘ਚ, ਨਾ ਸ਼ਹਿਰਾਂ ‘ਚ। ਗੁਲਾਮੀ ਹੈ, ਕਿਤੇ ਵੀ ਕਰੀ ਜਾਓ। ਆਹ ਤੇਰੀ ਮਾਂ ਉਦਾਂ ਤਾਂ ਨਹੀਂ ਮਾੜੀ, ਬੋਲਣ ਦੀ ਨੀ ਅਕਲ। ਘਰ ‘ਚ ਕਮਾਊ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ ਕਿ ਨਹੀਂ? ਖਰਿਆ ਕਿਥੋਂ ਗੰਦੀ ਜ਼ਬਾਨ ਲੈ ਕੇ ਆਈ, ਓਦਾਂ ਤਾਂ ਨੀ ਮਾੜੀ। ਕੰਮ ਬੜਾ ਕੀਤਾ ਸਾਰੀ ਉਮਰ। ਘਰ ਏਹਨੇ ਹੀ ਬੰਨ੍ਹਿਆ। ਉਏ ਕੰਜਰੋæææ ਤੁਹਾਨੂੰ ਤਾਂ ਹੁਣ ਬਰਾਬਰੀ ਦਾ ਅਧਿਕਾਰ ਹੈਗਾ, ਐਵੇਂ ਡਰੀ ਜਾਨੇ ਓਂ। ਕਰੋ ਕੁਝæææ ਜੇ ਏਥੇ ਇਸ ਕਮਰੀ ਜਿਹੀ ਵਿਚ ਘੁਟਣ ਮਹਿਸੂਸ ਹੁੰਦੀ ਤਾਂ ਏਥੋਂ ਘਰ ਬਦਲ ਲੈ। ਆਹ ਚੰਡੀਗੜ੍ਹ ਦੇ ਨੇੜੇ ਕਿਸੇ ਪਿੰਡ ‘ਚ ਆਪਣੀ ਬਰਾਦਰੀ ‘ਚ ਲੈ ਲੈ ਮਕਾਨ। ਨਾਲੇ ਸਸਤਾ ਮਿਲੂ। ਖੁੱਲ੍ਹਾ ਸਾਹ ਤਾਂ ਲਵੇਂਗਾ। ਏਥੇ ਤਾਂ ਇਹੋ ਜਿਹੀ ਜਗ੍ਹਾ ‘ਚ ਰਹਿ ਕੇ ਤੈਂ ਹੋਰ ਡਰਪੋਕ ਬਣ ਜਾਣਾ। ਤੇਰੀ ਤਾਂ ਆਵਾਜ਼ ਹੀ ਨੀ ਨਿਕਲਦੀ। ‘ਗਾਂਹ ਤੇਰੀ ਔਲਾਦ ਵੀ ਡਰਪੋਕ ਬਣੂ। ਮੈਂ ਪਿੰਡ ਰਹਿ ਕੇ ਕਦੀ ਨਹੀਂ ਡਰਿਆ। ਜੱਟਾਂ ਨਾਲ ਵੀ ਆਹਡੇ ਲਏ, ਜੱਟਾਂ ‘ਤੇ ਗਵਾਹੀਆਂ ਵੀ ਦਿੱਤੀਆਂ। ਤੂੰ ਡਰਨਾ ਛੱਡ ਦੇ ਓਏ ਮੁੰਡਿਆ। ਇਹ ਡਰ ਬਹੁਤ ਮਾੜੀ ਚੀਜ਼ ਹੈ। ਡਰ ਨਹੀਂ ਚੰਗਾ ਹੁੰਦਾ। ਨਾਲੇ ਆਹ ਗੱਲ ਸੁਣ, ਆਹ ਜਿਹੜੀਆਂ ਤੂੰ ਆਪਣੇ ਕਮਰਿਆਂ ‘ਚ ਮੂਰਤੀਆਂ ਲਾਈਆਂ ਦੇਵੀਆਂ ਦੇਵਤਿਆਂ ਦੀਆਂ, ਇਹ ਵੀ ਲਾਹ ਦੇ। ਜਦ ਉਹ ਆਪਾਂ ਨੂੰ ਆਪਣੇ ਮੰਦਰਾਂ ‘ਚ ਨਹੀਂ ਵੜਨ ਦਿੰਦੇ, ਤਾਂ ਫਿਰ ਇਹ ਮੂਰਤਾਂ ਆਪਾਂ ਘਰਾਂ ‘ਚ ਕਿਉਂ ਲਾਈਏ। ਉਦਾਂ ਇਨ੍ਹਾਂ ਵਿਚਾਰਿਆਂ ਦੇਵਤਿਆਂ ਦਾ ਕਸੂਰ ਨਹੀਂ। ਆਹ ਜਿਹੜੇ ਇਨ੍ਹਾਂ ਦੇ ਪਾਲਕ ਬਣ ਬੈਠੇ, ਗੋਲੀ ਇਹਨਾਂ ਦੇ ਮਾਰਨ ਵਾਲੀ ਹੈ। ਵੱਡੇ ਧਰਮ ਦੇ ਠੇਕੇਦਾਰ। ਤੂੰ ਫੋਟੋ ਲਾਉਣੀ ਹੈ ਤਾਂ ਆਪਣੇ ਗੁਰੂ ਦੀ ਫੋਟੋ ਲਾ ਲੈ। ਆਪਣੇ ਘਰ ਦੀ ਦੀਵਾਰ ‘ਤੇ ਉਹ ਫੋਟੋ ਲਾਵੀਂ ਜਿਥੇ ਉਹ ਜੁੱਤੀਆਂ ਬੈਠਾ ਗੰਢ ਰਿਹਾ ਜਾਂ ਸਿਉ ਰਿਹਾ। ਉਸ ਫੋਟੋ ਤੋਂ ਦੋ ਸਿੱਖਿਆ ਮਿਲਦੀਆਂ ਜੋ ਮੈਨੂੰ ਸਮਝ ਆਉਂਦੀ ਹੈ। ਪਹਿਲੀ ਤਾਂ ਬਈ ਕਿਰਤ ਕਰੋ, ਕੰਮ ਕਰੋ ਅਤੇ ਮਿਹਨਤ। ਇਹ ਗੱਲ ਸਾਰੇ ਧਰਮ ਹੀ ਕਹਿੰਦੇ ਨੇ। ਦੂਜੀ, ਬਈ ਜਦ ਤੁਹਾਡੀ ਮਿਹਨਤ ਦਾ ਮੁੱਲ ਨਾ ਮਿਲੇ, ਫਿਰ ਅਹੁ ਜਿਹੜਾ ਉਹਦੇ ਹੱਥ ‘ਚ ਜੁੱਤੀਆਂ ਨੂੰ ਤੋਪੇ ਲਾਉਣ ਵਾਲਾ ਟਾਕਣਾ ਫੜਿਆ ਹੋਇਆ, ਉਹਨੂੰ ਸਿੱਧਾ ਕਰ ਲਓ, ਫਿਰ ਅਗਲੇ ਨੂੰ ਨਾ ਛੱਡੋ। ਜਦੋਂ ਇਹ ਗੱਲ ਤੇਰੀ ਸਮਝ ਵਿਚ ਆ ਗਈ, ਬੱਸ ਬਣ ਗਈ ਗੱਲ। ਇਸੇ ਮਾਣ-ਤਾਣ ਨੂੰ ਤਾਂ ਅਜ਼ਾਦੀ ਕਹਿੰਦੇ ਨੇæææ ਅਜ਼ਾਦੀ ਕੋਈ ਐਸੀ ਚੀਜ਼ ਤਾਂ ਹੈ ਨਹੀਂ, ਬਈ ਕੰਮ ਨਾ ਕਰੋæææ ਵਿਹਲੇ ਸਮੇਂ ਲੁੱਟ-ਖਸੁੱਟ ਕਰੋ। ਅਜ਼ਾਦੀ ਬੱਸ ਮਾਣ-ਤਾਣ ਦੀ ਗੱਲ ਹੈ। ਗੁਲਾਮੀ ਨਹੀਂ, ਮਾਲਕੀ ਦੀ ਗੱਲ ਹੈ। ਬਰਾਬਰੀ ਦੀ ਗੱਲ ਹੈ। ਲੈ ਆਹ ਤੂੰ ਮੈਨੂੰ ਗੱਲ-ਗੱਲ ‘ਤੇ ਟੋਕਾ-ਟਾਕੀ ਕਰੀ ਜਾਨਾਂ, ਮੈਂ ਏਨਾ ਮਾੜਾ ਨਹੀਂ। ਦੁਨੀਆਂ ਮੈਂ ਵੀ ਦੇਖੀ ਹੋਈ ਐ। ਮਾੜੇ ਵੇਲਿਆਂ ‘ਚ ਜੰਮੇ ਤਾਂ ਸਾਡਾ ਕੀ ਕਸੂਰ। ਉਏ ਸਮਾਂ ਹੀ ਏਦਾਂ ਦਾ ਸੀæææ।”
ਉਸ ਦਾ ਗਲਾ ਭਰ ਆਇਆ ਸੀ। ਉਹ ਹੋਰ ਕੁਝ ਨਾ ਬੋਲ ਸਕਿਆ। ਉਹ ਫਿਰ ਸੰਭਲਿਆ, ਬੋਲਿਆ- “ਫੋਟੋ ਲਾਉਣੀ ਤਾਂ ਇਕ ਹੋਰ ਗੁਰੂ ਹੋਇਆ, ਉਹਦੀ ਫੋਟੋ ਲਾਓ, ਜਿਨ੍ਹੇ ਰਮਾਇਣ ਲਿਖੀ ਹੈ, ਅਸਲੀ ਰਮਾਇਣ। ਉਹਤੋਂ ਸਿੱਖੋ ਹੱਥ ‘ਚ ਕਲਮ ਕਿੱਦਾਂ ਫੜਨੀ ਹੈ। ਕਲਮ ਉਹ ਫੜੋ, ਜਿਹੜਾ ਕਲਪ ਵੀ ਕਰ ਦਏ। ਫੋਟੋ ਲਾਉਣੀ ਹੈ, ਤੇ ਉਸ ਗੁਰੂ ਦੀ ਫੋਟੋ ਵੀ ਲਾਓ ਜਿਸ ਨੇ ਗ੍ਰੰਥ ਲਿਖਿਆ। ਜਿਹਨੂੰ ਤੁਸੀਂ ਕਾਨੂੰਨ ਦੀ ਕਿਤਾਬ ਕਹਿੰਦੇ। ਜਿਹੜੀ ਕਹਿੰਦੀ, ਭਾਈ ਤੁਸੀਂ ਸਾਰੇ ਬਰਾਬਰ ਹੋ। ਜਿਹੜਾ ਪੜ੍ਹਨ-ਜੁੜਨ ਤੇ ਲੜਨ ਦੀ ਸਿੱਖਿਆ ਦਿੰਦਾæææ ਮੈਂ ਏਨਾ ਪਾਗਲ ਨਹੀਂ ਓਏ ਜਿਹੜਾ ਤੂੰ ਮੈਨੂੰ ਪੈਰ-ਪੈਰ ‘ਤੇ ਟੋਕਾ-ਟਾਕੀ ਕਰਦਾਂ। ਮੈਂ ਨਹੀਂ ਉਥੇ ਰਹਿਣਾ ਚਾਹੁੰਦਾ ਜਿਥੇ ਘੁਟਣ ਹੋਵੇ। ਮੈਂ ਚਾਹੁੰਨਾ ਮੈਂ ਵੀ ਤਾਜ਼ੀ ਹਵਾ ਖਾਵਾਂ। ਮੈਂ ਚਾਹੁੰਨਾ, ਮੈਂ ਕਿਸੇ ਦਾ ਉਤਾਰ ਨਾ ਪਾਵਾਂ। ਬਹੁਤੀ ਏਦਾਂ ਹੀ ਗੁਜ਼ਰੀ, ਉਤਾਰ ਪਾ ਕੇ ਮੇਰੇ ਜ਼ਖਮਾਂ ਨੂੰ ਹੋਰ ਨਾ ਛਿੱਲ ਓਏæææ।”
“ਕਿਥੇ ਹੈ ਮੇਰਾ ਮਾਣ-ਤਾਣ, ਜਦੋਂ ਮੇਰੇ ਪੁੱਤ ਕਮਾਊ ਹੋਣæææ ਤੇ ਮੈਂ ਉਤਾਰ ਪਾਵਾਂ, ਜੂਠ ਖਾਵਾਂ, ਤੇ ਘੁੱਟਣ ‘ਚ ਰਹਾਂæææ। ਇਹ ਨਹੀਂ ਹੋ ਸਕਦਾ।”
“ਓਏ ਮੈਂ ਸੌ ਸਾਲ ਦਾ ਹੋ ਗਿਆਂæææ ਮੈਨੂੰ ਪਤਾæææ ਉਏ ਮੇਰੀ ਦੋਹਤੀ ਅੱਗੇ ਪੋਤੀ ਵਾਲੀ ਹੋ ਗਈ, ਤੇ ਇੰਜ ਮੈਂ ਪੰਜ ਪੀੜ੍ਹੀਆਂ ਦਾ ਪੈਂਡਾ ਤੈਅ ਕਰ ਲਿਆ ਉਏ। ਹੁਣ ਮੈਂ ਮਰ ਜਾਣਾ। ਸੌ ਸਾਲ ਦਾ ਹੋ ਕੇ ਮਰਿਆ, ਪਰ ਮੈਂ ਕਹਿੰਨਾ, ਐਹੋ ਜਿਹੀ ਲੰਮੀ ਉਮਰ ਨੂੰ ਕੀ ਕਰਨਾ। ਇਹ ਸਾਲੀ ਗੁਲਾਮੀ ਦੀ ਉਮਰ। ਇਸ ਉਮਰ ਵਿਚ ਉਤਾਰ ਹੀ ਮਿਲਿਆ ਪਾਉਣ ਨੂੰ। ਜੂਠ ਹੀ ਮਿਲੀ ਖਾਣ ਨੂੰ, ਤੇ ਘੁਟਣ ਮਿਲੀ ਸਾਹ ਲੈਣ ਨੂੰæææ।”
“ਕਾਹਨੂੰ ਦੇਣੀ ਸੀ ਪੀਣ ਨੂੰ, ਹੁਣ ਦੇਖ ਲੈ ਕਿੱਦਾਂ ਰੌਲਾ ਪਾਈ ਜਾਂਦਾ।” ਮਾਂ ਫਿਕਰ ‘ਚ ਬੋਲੀ।
ਬਾਪੂ ਉਸ ਦਿਨ ਬਹੁਤ ਦੇਰ ਤੱਕ ਉੱਚੀ-ਉੱਚੀ ਬੋਲਦਾ ਰਿਹਾ ਸੀ। ਫਿਰ ਪਤਾ ਨਹੀਂ ਕਿਹੜੇ ਵੇਲੇ ਉਹ ਸੌਂ ਗਿਆ। ਘੂਕ ਸੁੱਤਾ ਸੀ ਜਿਵੇਂ ਅੰਦਰਲਾ ਗੁੱਭ-ਗਲਾਹਟ ਕੱਢਿਆ ਹੋਵੇ। ਅਗਲੀ ਸਵੇਰ ਉਹ ਉੱਠਿਆ ਤਾਂ ਆਪਣਾ ਹੱਥ ਦੇਖ ਰਿਹਾ ਸੀ ਕੁਝ ਢਿੱਲਾ ਜਿਹਾ- “ਲੈ ਬਈ ਦੇਖ ਤਾਂ ਆਰਜ਼ਾ ਬਾਕੀ ਕਿੰਨਾ ਹੈ, ਹੁਣ ਤਾਂ ਮੋਕਸ਼ ਹੋਣਾ ਚਾਹੀਏ। ਜਾਣੀ-ਮੁਕਤੀæææ।”
“ਮੁਕਤੀ ਚਾਹੀਏ।” ਮੈਂ ਪੁੱਛਿਆ।
“ਹਾਂ।” ਉਹ ਬੋਲਿਆ।
“ਅੱਜ ਤੋਂ ਬਾਅਦ ਕਿਸੇ ਨੂੰ ਮੰਦਾ-ਚੰਗਾ ਨਾ ਬੋਲ। ਜੋ ਪਹਿਲਾਂ ਬੋਲਿਆ, ਉਸ ਲਈ ਖਿਮਾ-ਜਾਚਨਾ ਕਰੋ, ਤੇ ਪਸ਼ਚਾਤਾਪæææ ਮੁਕਤੀ ਹੋ ਜਾਵੇਗੀ।”
“ਗੱਲ ਤੇਰੀ ਠੀਕ ਹੈ।” ਏਨਾ ਕਹਿ ਕੇ ਉਹ ਪਿੰਡ ਚਲਾ ਗਿਆ ਤੇ ਕੁਝ ਦਿਨਾਂ ਬਾਅਦ ਖਬਰ ਮਿਲੀ ਕਿ ਉਸ ਦੇ ਸਵਾਸ ਪੂਰੇ ਹੋ ਗਏ ਹਨ। ਉਸ ਵੇਲੇ ਉਸ ਦੀ ਉਮਰ ਇਕ ਸੌ ਤਿੰਨ ਸਾਲਾਂ ਦੀ ਸੀ। ਉਸ ਦੀ ਲਾਸ਼ ਜ਼ਮੀਨ ‘ਤੇ ਪਈ ਹੈ। ਅੰਤਮ ਵੇਲੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਾਰੇ ਵਾਰੋ-ਵਾਰੀ ਮੂੰਹ ਦੇਖ ਰਹੇ ਹਨ। ਮਾਤਾ ਨੂੰ ਵੀ ਫੜ ਕੇ ਬਾਹੋਂ ਲਿਆਇਆ ਜਾ ਰਿਹਾ ਹੈ।æææ ਮਾਤਾ ਨੇ ਉਸ ਦੇ ਪੈਰ ਫੜੇ ਹਨ- “ਦੇਖਿਆ, ਤੂੰ ਪਹਿਲਾਂ ਤੁਰ ਚੱਲਿਆæææ ਚੰਗਾ! ਭੋਲਿਆ-ਚੱਲਿਆ ਮਾਫ ਕਰੀਂæææ ਤੂੰ ਤਾਂ ਕਹਿੰਦਾ ਸੀ, ਪਹਿਲਾਂ ਮੈਂ ਮਰਨਾæææ ਹੁਣ ਮੈਂ ਕਿਹਦੇ ਨਾਲ ਕੱਟਾਂਗੀ ਆਪਣੀ ਉਮਰæææ ਵਾ ਮੇਰੇ ਸਿਰ ਦਿਆ ਸਾਂਈਆਂ। ਵੇ ਮੁੜਿਆ ਕਿਤੋਂ, ਮੈਂ ਹੁਣ ਨਾ ਵੱਧ-ਘੱਟ ਬੋਲੂੰਗੀ। ਤੇਰਾ ਪੂਰਾ ਮਾਣ-ਤਾਣ ਕਰੂੰਗੀ। ਅਜੇ ਟੈਮ ਨਾ ਸੀ ਜਾਣ ਦਾ। ‘ਕੱਠੇ ਚੱਲਾਂਗੇ। ਜਦ ਲਾਵਾਂ ‘ਕੱਠੀਆਂ ਲਈਆਂæææ ਤੂੰ ਤਾਂ ਕਹਿੰਦਾ ਸੀæææ ਗੰਦੀਆਂ ਔਰਤਾਂ ਪਹਿਲਾਂ ਮਰਨਗੀਆਂ। ਤੂੰ ਸਾਫ-ਸੁਥਰਾ ਪਹਿਲਾਂ ਕਿਉਂ ਮਰ ਗਿਆ। ਵੇ ਤੂੰ ਤਾਂ ਘਰ ਦਾ ਬੰਨ੍ਹ ਸੀ। ਹੁਣ ਇਸ ਘਰ ਦਾ ਚੌਕੀਦਾਰਾ ਕੌਣ ਵੇ ਕਰੂæææ।” ਮਾਤਾ ਕੀਰਨੇ ਪਾਈ ਜਾ ਰਹੀ ਸੀ।
ਬਾਪੂ ਦਾ ਹਸੂੰ-ਹਸੂੰ ਕਰਦਾ ਚਿਹਰਾ ਖੁਸ਼ ਦਿਖਾਈ ਦੇ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ, ਮੈਂ ਆਪਣੀ ਮਰਜ਼ੀ ਨਾਲ ਹੀ ਜਾ ਰਿਹਾਂ।æææ ਕੀ ਕਿਹਾ ਮਰਜ਼ੀ ਨਾਲ਼ææ ਤੇਰੇ ਵਾਂਗ ਕੁੱਬ ਨਹੀਂ ਨਿਕਲਿਆ।æææ
ਮਾਤਾ ਨੇ ਫਿਰ ਜਿਵੇਂ ਜਵਾਬ ਦੇਣਾ ਚਾਹਿਆ- “ਇਹ ਕੁੱਬ ਤੇਰੇ ਨਾਲ ਮਿਹਨਤ ਕਰਦੀ ਦਾ ਹੀ ਨਿਕਲਿਆ। ਐਵੇਂ ਨਹੀਂ ਤੇਰਾ ਪੂਰਾ ਸਾਥ ਦਿੱਤਾ ਵੇ ਕਰਮਾਂ ਵਾਲਿਆæææ।”
ਫੜੋ ਬੁੜ੍ਹੀ ਨੂੰ ਫਵੋ, ਦੂਰ ਕਰੋ, ਟਾਇਮ ਹੋ ਗਿਆ। ਆਹ ਭੂੰਬੜੇ-ਗਬਾਰੇ ਲਿਆਂਦੇ, ਬੰਨ੍ਹ ਲਓ। ਆਹ ਝੰਡੀਆਂ ਵੀ ਲਾਓ। ਛੁਆਰੇ ਫੁੱਲੀਆਂæææ ਪੈਸੇ ਭਾਨ ਪਾ ਲਓæææ ਫੜ ਲਓ ਸੁੱਟਣ ਨੂੰæææ ਸੌ ਤੋਂ ਉੱਪਰ ਹੋ ਕੇ ਮਰਿਆæææ ਬੜਾ ਕਰਮਾਂ ਵਾਲਾ ਬਈ ਏਹਨੂੰ ਮਾਣ-ਤਾਣ ਨਾਲ ਲੈ ਕੇ ਚੱਲਿਆ ਜੇ। ਕੋਈ-ਕੋਈ ਪਹੁੰਚਦਾ ਇਸ ਉਮਰ ਨੂੰæææ।
ਆਵਾਜ਼ਾਂ ਆ ਰਹੀਆਂ ਸਨ। ਚਲੋ ਬਈ, ਚੁੱਕੋ ਬਈæææ ਬੜਾ ਭਾਗਾਂ ਵਾਲਾ। ਏਨੀ ਉਮਰæææ ਬੜਾ ਭਾਗਾਂ ਵਾਲਾ ਜਿਵੇਂ ਗੁਲਾਮੀ ਤੋਂ ਮੁਕਤæææ ਹੋ ਕੇæææ ਵਿਦਾ ਲੈ ਰਿਹਾ ਹੋਵੇæææ ਜਾਂਦੀ ਵਾਰ ਜਿਹੜੇ ਬਸਤਰ ਉਸ ਨੂੰ ਮਿਲੇ ਸਨ, ਉਹ ਨਵੇਂ ਤੇ ਕੋਰੇ ਸਨæææ ਉਤਾਰ ਨਹੀਂ ਸਨ ਤੇ ਨਾ ਹੀ ਜੂਠ ਦਿੱਤੀ ਗਈ ਸੀæææ।