ਟੈਕਸੀਨਾਮਾ-18
ਹਵਾ ਆਉਣ ਦੇ
ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਐਤਕੀਂ ਟੈਕਸੀ ਸਨਅਤ ਅਤੇ ਡਰਾਈਵਰਾਂ ਨਾਲ ਜੁੜੀਆਂ ਉਹ ਸਾਧਾਰਨ ਗੱਲਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਜ਼ਿੰਦਗੀ ਦੀਆਂ ਵੱਡੀਆਂ ਸੱਚਾਈਆਂ ਸਮੋਈਆਂ ਹੋਈਆਂ ਹਨ। ਇਨ੍ਹਾਂ ਗੱਲਾਂ ਤੋਂ ਇਨ੍ਹਾਂ ਲੋਕਾਂ ਨਾਲ ਹੁੰਦੀਆਂ ਤੱਦੀਆਂ ਅਤੇ ਮਨ ਅੰਦਰਲੇ ਤੌਖਲਿਆਂ ਬਾਰੇ ਕਨਸੋਅ ਪੈਂਦੀ ਹੈ।
ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। ਅਗਲੀ ਵਾਰ ਇਸ ਲੰਮੀ ਲੇਖ ਲੜੀ ਦੀ ਆਖਰੀ ਕਿਸ਼ਤ ਪੇਸ਼ ਕੀਤੀ ਜਾਵੇਗੀ। -ਸੰਪਾਦਕ
“ਬਾਈ, ਬਾਈ ਕੀ ਯਾਰ। ਤੂੰ ਰਿਕਾਰਡ ਕਰ ਕੇ ਡੰਡੀ ਪਏਂਗਾ ਤੇ ਕੱਲ੍ਹ ਨੂੰ ਗੌਰਮਿੰਟ ਦਾ ਕੋਈ ਇੰਸਪੈਕਟਰ ਐਥੇ ਆਜੂ।”
000
“ਤੂੰ ਭਾਵੇਂ ਨਾਂ ਲਿਖਦੀਂ, ਮੇਰੀ ਕੀ ਕੋਈ ਲੱਤ ਭੰਨ ਦੇਊ। ਮੈਂ ਕਿਸੇ ਦੀ ਢੂਈ ਨੀ ਮਾਰਦਾ। ਮੇਰੇ ਦੋਨੋਂ ਜੁਆਕ ਯੂਨੀਵਰਸਟੀ ਪੜ੍ਹਗੇ ਆ। ਆਵਦੇ ਕੰਮਾਂ ‘ਤੇ ਲੱਗੇ ਵੇ ਆ। ਜਿਹੜੇ ਵਿਚਾਰਿਆਂ ਦੀਆਂ ਪੇਮੈਂਟਾਂ ਪਈਐਂ ਦੇਣ ਆਲੀਆਂ। ਕਿੰਨਿਆਂ ਦੇ ਢਿੱਡ ‘ਚ ਲੱਤ ਵੱਜੂ।”
000
“ਭਾਵੇਂ ਨਹੀਂ ਗਲਤ ਕੰਮ ਕਰਦੇ, ਪਰ ਗੌਰਮਿੰਟ ਦਾ ਲਾਅ ਐ, ਬਈ ਵੀਕ ਦੇ ਸੱਠ ਘੰਟਿਆਂ ਤੋਂ ਵੱਧ ਨੀ ਕੰਮ ਕਰ ਸਕਦੇ। ਸੱਠ ਘੰਟਿਆਂ ਨਾਲ ਤਾਂ ਟੈਕਸੀ ਦਾ ਖਰਚਾ ਈ ਮਸਾਂ ਪੂਰਾ ਹੁੰਦਾ। ਘਰੇ ਬੰਦਾ ਵੰਝ ਲਜਾਊ। ਐਥੇ ਕਈ ਬੰਦੇ ਸੌ-ਸੌ ਘੰਟਾ ਕੰਮ ਕਰਦੇ ਆ ਵੀਕ ਦਾ। ਲੈ ਐਥੇ ਦੋ ਘੰਟੇ ਹੋਗੇ ਬੈਠੇ ਨੂੰ ਟ੍ਰਿੱਪ ਦੀ ‘ਡੀਕ ‘ਚ, ਹਾਲੇ ਹੁਣ ਆਹ ਮੇਰੇ ਆਲੀ ਲੈਨ ਚੱਲੀ ਆ। ਮਸਾਂ ਦੌ ਸੌ ਡਾਲਾ ਬਣੂੰ। ਟੈਕਸੀ ਦਾ ਖਰਚਾ ਅੱਧਿਓਂ ਵੱਧ ਹੋ ਜਾਣੈ। ਤੇਰਾ ਕੀ ਜਾਊ?”
000
“ਕੀ ਸਮਝਾਂ ਯਾਰ। ਤੈਨੂੰ ਮੈਂ ਨਿਆਣਾ ਲੱਗਦੈਂ। ਸਤਾਈ ਸਾਲ ਹੋਗੇ ਟੈਕਸੀ ਚਲਾਉਂਦੇ ਨੂੰ। ਨਾਲੇ ਚਲਾਈ ਸਾਰੀ ਉਮਰ ਏਅਰਪੋਰਟ ‘ਤੇ ਆ, ਜਿਥੇ ਭਾਂਤ-ਭਾਂਤ ਦੇ ਮੁਲਕਾਂ ਦੇ ਲੋਕਾਂ ਨਾਲ ਵਾਹ ਪੈਂਦਾ। ਮੀਡੀਏ ਆਲਿਆਂ ਨੂੰ ਤਾਂ ਕੋਈ ਗੱਲ ਚਾਹੀਦੀ ਆ। ਐਵੇਂ ਮਗਰ ਪੈ ਜਾਂਦੇ ਆ। ਪਿਛੇ ਜਿਹੇ ਸੀæਟੀæਵੀæ ਵਾਲੇ ਮਗਰ ਪਏ ਸੀ, ਅਖੇ ਹੋਰ ਟੈਕਸੀਆਂ ਚਾਹੀਦੀਐਂ ਵੈਨਕੂਵਰ ਨੂੰ। ਪਹਿਲੀਆਂ ਨੂੰ ਤਾਂ ਟ੍ਰਿੱਪ ਨੀ ਮਿਲਦੇ ਤੇ ਨਵੀਆਂ ਨੂੰ ਕਿੱਥੋਂ ਦਿਓਂਗੇ। ਥੋਡੀ ਤਾਂ ਇਕ ਦਿਨ ਦੀ ਖਬਰ ਹੁੰਦੀ ਆ, ਤੇ ਸਾਡਾ ਘਾਣ ਹੋ ਜਾਂਦੈ।”
000
“ਤੂੰ ਮੀਡੀਏ ਆਲਾ ਨਹੀਂ, ਤਾਂ ਫਿਰ ਕਿਤਾਬ ਕਾਹਦੇ ਆਸਤੇ ਲਿਖਦੈਂ। ਨਾਲੇ ਮੈਨੂੰ ਦੱਸ ਵਿਚੋਂ ਕੀ ਮਿਲੂ? ਵਾਧੂ ਦਾ ਤੂੰ ਸਾਡਾ ਨੁਕਸਾਨ ਕਰੇਂਗਾ। ਇਹ ਕੋਈ ਸੌਖਾ ਕੰਮ ਨੀਂ ਜੇ ਤੂੰ ਸਮਝਦਾ ਹੋਵੇਂ, ਬਈ ਸਾਰਾ ਦਿਨ ਬੈਠੇ ਰਹਿੰਦੇ ਆ, ਇਨ੍ਹਾਂ ਨੂੰ ਫਸਾਓ। ਸਰੀਰ ਮੇਰਾ ਕਹਿੰਦੈ, ਬਈ ਬਾਹਰ ਨਿਕਲ ਕੇ ਗੈਸ ਵੀ ਨਾ ਪਾ। ਥੋੜ੍ਹੀ ਜੀ ਠੰਢ ਪਈ ਨੀ, ਤੇ ਹੱਡਾਂ ‘ਚ ਚੀਸਾਂ ਪਈਆਂ ਨੀ। ਸਾਨੂੰ ਕਿਹੜਾ ਕੰਪਨਸੇਸ਼ਨ ਆਲਿਆਂ ਨੇ ਕਵਰ ਕਰਨੈ। ਉਹ ਕਵਰ ਕਰਾਉਣ ਲਈ ਪਤਾ ਕਿੰਨੀ ਫੀਸ ਮੰਗਦੇ ਆ। ਕਿੱਥੋਂ ਦੇਈਏ? ਨਾ ਸਾਨੂੰ ਕੰਮ ਦੀ ਪੈਨਸ਼ਨ ਮਿਲਣੀ ਆ। ਮੇਰਾ ਅਕਾਊਂਟੈਂਟ ਕਹਿੰਦਾ, ਅਖੇ ਤੁਸੀਂ ਪੂਰਾ ਟੈਕਸ ਨੀ ਕਟਾਉਂਦੇ, ਥੋਨੂੰ ਪੈਨਸ਼ਨ ਕਿਵੇਂ ਲੱਗੂ। ਮੈਂ ਉਹਨੂੰ ਪੁੱਛਿਆ, ਬਈ ਅੱਠਾਂ ਘੰਟਿਆਂ ਬਾਅਦ ਥੋਨੂੰ ਕਿੰਨੇ ਗੁਣਾ ਮਿਲਦੇ ਆ, ਕਹਿੰਦਾ ਡੂਢ ਗੁਣਾ। ਮੈਂ ਪੁੱਛਿਆ, ਬਈ ਦਸਾਂ ਬਾਅਦ? ਕਹਿੰਦਾ, ਦੁੱਗਣੇ। ਮੈਂ ਕਿਹਾ, ਸਾਡੇ ਜਦੋਂ ਦਸ ਘੰਟੇ ਪੂਰੇ ਹੁੰਦੇ ਆ, ਫੇਰ ‘ਨ੍ਹੇਰਾ ਹੋ ਜਾਂਦੈ ਤੇ ਸਾਨੂੰ ਮਿਲਦੀਐਂ ਗਾਲ੍ਹਾਂ, ਜਾਂ ਕਈ ਆਰੀ ਹੂਰੇ। ਕਿੱਥੋਂ ਟੈਕਸ ਕਟਾਈਏ। ਤਿੰਨ ਮ੍ਹੀਨੇ ਮੰਜੇ ‘ਤੇ ਪਿਆ ਰਿਹੈਂ। ਅਗਲੇ ਹੱਡ ਭੰਨਗੇ ਨਾਲੇ ਜੇਬ ‘ਚੋਂ ਕੱਢਲਗੇ ਸਾਰਾ ਕੁਛ।”
000
“ਕਮਾਲ ਦਾ ਬੰਦੈਂ ਯਾਰ ਤੂੰ। ਅਗਲੀਆਂ ਜਨਰੇਸ਼ਨਾਂ ਤਾਂ ਸਾਡੇ ਬਾਰੇ ਤਾਂ ਜਾਣਨਗੀਆਂ ਜੇ ਪੰਜਾਬੀ ਪੜ੍ਹਨਗੀਆਂ। ਨਾ ਉਨ੍ਹਾਂ ਨੇ ਤੇਰੀ ਇਹ ਪੰਜਾਬੀ ਪੜ੍ਹਨੀ ਐ ਤੇ ਨਾ ਟੈਕਸੀ ਚਲਾਉਣੀ ਆ। ਕਿਉਂ ਚਲਾਉਣ ਬਈ ਉਹ। ਸਾਨੂੰ ਸੁੱਖਿਐ, ਬਈ ਅਸੀਂ ਦੁਨੀਆਂ ਨੂੰ ਢੋਂਦੇ ਫਿਰੀਏ। ਸਾਡੀ ਤਾਂ ਮਜਬੂਰੀ ਐ। ਪਹਿਲੀ ਜਨਰੇਸ਼ਨ ਨੂੰ ਤਾਂ ਹੱਡ ਭੰਨਾਉਣੇ ਈ ਪੈਂਦੇ ਆ। ਹੁਣ ਸਾਲੀ ਆਦਤ ਬਣਗੀ। ਮੇਰਾ ਮੁੰਡਾ ਐ। ਉਦੋਂ ਪੜ੍ਹਦਾ ਹੁੰਦਾ ਸੀ। ਮੈਂ ਉਹਨੂੰ ਕਹਿਣਾ, ਬਈ ਘਰੇ ਖੜ੍ਹੀ ਐ, ਮੇਰੇ ਸੁੱਤੇ ਸੁੱਤੇ ਆਵਦੀ ਜੇਬ ਖਰਚ ਜੋਗੇ ਬਣਾ ਲਿਆ। ਸ਼ੋਫਰ ਪਰਮਟ ਵੀ ਲੈ ਆਇਆ। ਇਕ ਦਿਨ ਲੈ ਵੀ ਗਿਆ। ਦੂਏ ਦਿਨ ਨੀ ਗਿਆ। ਕਹਿੰਦਾ ਵਰਥ ਈ ਨੀ ਕਰਦੀ। ਅਸੀਂ ਮਰਜਾਂਗੇ ਤਾਂ ਇਨ੍ਹਾਂ ਮੈਕਸੀਕੇ ਸੱਦ ਲੈਣੇ ਆ ਟੈਕਸੀਆਂ ਚਲਾਉਣ ਨੂੰ। ਗੋਰੇ ਕਿਉਂ ਨੀ ਚਲਾਉਂਦੇ। ਫਤਾ, ਬਈ ਵਰਥ ਨੀ ਕਰਦੀ। ਐਨੇ ਘੰਟੇ ਕੌਣ ਬਹਿ ਸਕਦੈ ਚਿੱਤੜਾਂ ‘ਤੇ।”
000
“ਸਾਡੀਆਂ ਸਮੱਸਿਆਵਾਂ ਕੀ ਦੱਸੇਂਗਾ ਯਾਰ ਤੂੰ ਲੋਕਾਂ ਨੂੰ। ਤੇਰਾ ਖਿਆਲ ਐ ਗੌਰਮਿੰਟਾਂ ਨੂੰ ਪਤਾ ਨੀ ਕੁਛ। ਸਭ ਪਤਾ ਐ ਉਨ੍ਹਾਂ ਨੂੰ, ਪਰ ਫੇਰ ਵੀ ਰਗੜੇ ‘ਤੇ ਰਗੜਾ ਚਾੜ੍ਹੀ ਜਾਂਦੇ ਆ। ਸ਼ੋਫਰ ਪਰਮਟ ਪਹਿਲਾਂ ਫਰੀ ਰਨਿਊ ਕਰਦੇ ਸੀ। ਹੁਣ ਸੱਠ ਡਾਲੇ ਲੈਣ ਲੱਗਗੇ; ਅਖੇ, ਪੁਲਿਸ ਰਿਪੋਰਟ ਲਿਆਓ ਹਰ ਸਾਲ। ਏਅਰ ਪੋਰਟ ਆਲੇ ਤਾਂ ਹਰ ਸਾਲ ਫੀਸ ਚੱਕ ਦਿੰਦੇ। ਆਈ ਸੀ ਬੀ ਸੀ ਆਲੇ ਤਾਂ ਇੰਨਸੋæਰੈਂਸ ਆਏ ਸਾਲ ਵਧਾ ਦਿੰਦੇ ਐ। ਗੈਸ ‘ਸਮਾਨੀ ਜਾ ਚੜ੍ਹੀ ਐ। ਇਕ ਸਾਕ ਦੇਣਿਆਂ ਨੇ ਸਕਾਈ ਟ੍ਰੇਨ ਲਾਤੀ ਆਹ ਨਵੀਂ ਏਅਰਪੋਰਟ ਨੂੰ। ਤੇਰੀ ਕਿਤਾਬ ਨੇ ਕੁਛ ਨੀ ਸਵਾਰਨਾ ਕਿਸੇ ਦਾ। ਵਾਰੀ ਮੇਰੀ ਆਗੀ ਐ ਟਰਮੀਨਲ ‘ਤੇ ਜਾਣ ਦੀ। ਹਾਲੇ ਉਥੇ ਪਤਾ ਨੀ ਕਿੰਨਾ ਚਿਰ ਹੋਰ ‘ਡੀਕਣਾ ਪਵੇ। ਉਥੋਂ ਕਿਹੜਾ ਸਵਾਰੀ ਨੇ ਜਾਣ ਸਾਰ ਵਿਚ ਬਹਿ ਜਾਣੈ। ਹਵਾ ਆਉਣ ਦੇ ਹੁਣ, ਨਹੀਂ ਤਾਂ ਮੈਨੂੰ ਤੁਰਦਾ ਨਾ ਦੇਖ ਪਿਛਲੀਆਂ ਟੈਕਸੀਆਂ ਨੇ ਮੂਹਰੇ ਜਾ ਲੱਗਣੈ। ਇੰਟਰਵੂਅ ਦਾ ਖਹਿੜਾ ਛੱਡ, ਤੇ ਕੰਮ ਕਰ ਜਾ ਕੇ ਆਵਦਾ, ਨਾਲੇ ਸਾਨੂੰ ਕਰਨ ਦੇ।”