ਖਾਹਿਸ਼ਾਂ ਤੇ ਹਕੀਕਤਾਂ ਵਿਚਲੀਆਂ ਵਿੱਥਾਂ ਦੀ ਝਾਕੀ ‘ਹਜ਼ਾਰੋਂ ਖਵਾਹਿਸ਼ੇ ਐਸੀ’

ਕੁਲਦੀਪ ਕੌਰ
ਹਜ਼ਾਰੋਂ ਖਵਾਹਿਸ਼ੇ ਐਸੀ ਕਿ ਹਰ ਖਵਾਹਿਸ਼ ਪੇ ਦਮ ਨਿਕਲੇ॥
ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਭੀ ਕਮ ਨਿਕਲੇ॥ -ਮਿਰਜ਼ਾ ਗਾਲਿਬ
ਫਿਲਮਸਾਜ਼ ਸੁਧੀਰ ਮਿਸ਼ਰਾ ਦੀ ਫਿਲਮ ‘ਹਜ਼ਾਰੋਂ ਖਵਾਹਿਸ਼ੇ ਐਸੀ’ ਫਿਲਮ ਦੀ ਨਾਇਕਾ ਚਿਤਰਾਂਗਧਾ ਸਿੰਘ ਦੀ ਫਿਲਮ ਹੈ। ਉਸ ਦੇ ਚਿਹਰੇ ਦੀ ਧੁੱਪ-ਛਾਂ ਅਤੇ ਕਿਰਦਾਰ, ਖਾਸਾ ਲੰਮੇ ਸਮੇਂ ਤੱਕ ਚੇਤਿਆਂ ਦਾ ਹਿੱਸਾ ਬਣਿਆ ਰਹਿੰਦਾ ਹੈ।

ਇਹ ਫਿਲਮ ਸੱਠਵਿਆਂ ਦੇ ਦੌਰ ਬਾਰੇ ਹੈ। ਸੁਧੀਰ ਮਿਸ਼ਰਾ ਦੀਆਂ ਫਿਲਮਾਂ ਸਮਾਜ ਅਤੇ ਸਿਆਸਤ ਦੀਆਂ ਪੇਚੀਦਗੀਆਂ ਨੂੰ ਪਰਦਾਪੇਸ਼ ਕਰਦੀਆਂ ਹਨ। ਇਸ ਫਿਲਮ ਦੀ ਸਾਰਥਿਕਤਾ ਦੋ ਮੁੱਖ ਕਾਰਨਾਂ ‘ਤੇ ਟਿਕੀ ਹੋਈ ਹੈ। ਪਹਿਲਾ, ਭਾਰਤੀ ਸਿਨੇਮਾ ਵਿਚ ਅਜਿਹੀਆਂ ਫਿਲਮਾਂ ਦੀ ਗਿਣਤੀ ਉਂਗਲਾਂ ‘ਤੇ ਗਿਣਨ ਜੋਗੀ ਹੈ। ਦੂਜਾ, ਭਾਰਤੀ ਫਿਲਮਾਂ ਵਿਚ ਅਜਿਹੇ ਫਿਲਮ ਨਿਰਦੇਸ਼ਕਾਂ ਦੀ ਗਿਣਤੀ ਵੀ ਆਟੇ ਵਿਚ ਲੂਣ ਵਾਂਗ ਹੈ ਜਿਨ੍ਹਾਂ ਨੇ ਅਜਿਹੇ ਵਿਸ਼ਿਆਂ ਦੇ ਨਿਭਾਅ ਨਾਲ ਇਨਸਾਫ ਕੀਤਾ ਹੈ। ਸੁਧੀਰ ਮਿਸ਼ਰਾ ਦੀ ਖਾਸੀਅਤ ਬੀਤੇ ਅਤੇ ਆਉਣ ਵਾਲੇ ਸਮੇਂ ਵਿਚਕਾਰ ਸੰਵਾਦ ਦੇ ਨਵੇਂ ਪੁਲ ਬਣਾਉਣਾ ਹੈ।
ਇਹ ਫਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ, ਪਰ ਅਸਲ ਵਿਚ ਇਹ ਮੁੱਖ ਧਾਰਾ ਦੀ ਸਿਆਸਤ, ਬਦਲਵੀਂ ਸਿਆਸਤ ਅਤੇ ਸਿਆਸਤ ਦੇ ਨਾਮ ‘ਤੇ ਕੀਤੀ ਜਾਂਦੀ ਗੁੰਡਾਗਰਦੀ ਦੀ ਕਹਾਣੀ ਹੈ। ਫਿਲਮ ਦਾ ਪਹਿਲਾ ਪਾਤਰ ਵਿਕਰਮ (ਸ਼ਾਇਨੀ ਆਹੂਜਾ) ਅਜਿਹੇ ਗਾਂਧੀਵਾਦੀ ਸ਼ਖਸ ਦਾ ਮੁੰਡਾ ਹੈ ਜਿਹੜਾ ਆਦਰਸ਼ਵਾਦ ਦਾ ਘੋਰ ਵਿਰੋਧੀ ਹੈ। ਆਪਣੀਆਂ ਮੌਕਾਪ੍ਰਸਤੀਆਂ ਅਤੇ ਬੇਈਮਾਨੀਆਂ ਨਾਲ ਉਹ ਦਿੱਲੀ ਵਿਚ ਅਜਿਹੀ ਮਹਤੱਵਪੂਰਨ ਲਾਬੀ ਦਾ ਪੁਰਜ਼ਾ ਬਣ ਜਾਂਦਾ ਹੈ ਜਿਹੜੀ ਕਿਸੇ ਵੀ ਸਰਕਾਰ ਨੂੰ ਗਿਰਾ ਜਾਂ ਬਣਾ ਸਕਦੀ ਹੈ। ਦਿੱਲੀ ਦੇ ਸਟੀਫਨ ਕਾਲਜ ਵਿਚ ਉਸ ਨਾਲ ਪੜ੍ਹਦਾ ਉਸ ਦਾ ਦੋਸਤ ਸਿਥਾਰਥ (ਕੇæਕੇæ ਮੈਨਨ) ਚਾਰੂ ਮਜੂਮਦਾਰ ਦੁਆਰਾ ਦਿੱਤੇ ਨਕਸਲਵਾੜੀ ਦੇ ਹੋਕੇ ਨੂੰ ਸਮੇਂ ਦੀ ਮੰਗ ਮੰਨਦਿਆਂ ਗਲੇ-ਸੜੇ ਪ੍ਰਬੰਧ ਨੂੰ ਬਦਲਣ ਲਈ ਉਤਾਵਲਾ ਹੈ। ਉਸ ਸਮੇਂ ਕਾਲਜ ਤੇ ਯੂਨੀਵਰਸਿਟੀਆਂ ਵਿਚ ਸਿਆਸੀ ਵਿਚਾਰਾਂ ਅਤੇ ਟਕਰਾਵਾਂ ਦਾ ਮਾਹੌਲ ਪਹਿਲਾਂ ਹੀ ਸਿਖਰ ‘ਤੇ ਹੈ। ਨੌਜਵਾਨ ਮੁੰਡੇ- ਕੁੜੀਆਂ ਲਈ ਇਹ ‘ਕਰੋ ਜਾਂ ਮਰੋ’ ਦਾ ਮਸਲਾ ਬਣ ਚੁੱਕਿਆ ਹੈ। ਵਿਕਰਮ ਅਤੇ ਸਿਥਾਰਥ ਵਿਚਲੀ ਸਾਂਝੀ ਕੜੀ ਹੈ ਉਨ੍ਹਾਂ ਦੀ ਦੋਸਤ ਗੀਤਾ (ਚਿਤਰਾਂਗਧਾ ਸਿੰਘ) ਜਿਸ ਨਾਲ ਦੋਵੇਂ ਪਿਆਰ ਕਰਦੇ ਹਨ। ਗੀਤਾ ਨੂੰ ਸਿਥਾਰਥ ਦਾ ਫਲਸਫਾ ਖਿੱਚਦਾ ਤਾਂ ਹੈ, ਪਰ ਜਦੋਂ ਪਿੰਡਾਂ ਵਿਚ ਜਾ ਕੇ ਕੰਮ ਕਰਨ ਦਾ ਸਮਾਂ ਆਉਂਦਾ ਹੈ, ਉਹ ਪੈਰ ਪਿਛਾਂਹ ਖਿੱਚ ਲੈਂਦੀ ਹੈ। ਉਹ ਜ਼ਿੰਦਗੀ ਵਿਚ ਨਾਮ ਅਤੇ ਜਸ ਕਮਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਦੌਰ ਵਿਚ ਰਾਜਤੰਤਰ ਦੀ ਨਾਰਾਜ਼ਗੀ ਸਹੇੜ ਕੇ ਕਮਾਉਣੀ ਸੰਭਵ ਨਹੀਂ। ਸਿਥਾਰਥ ਬਿਹਾਰ ਦੇ ਕਿਸੇ ਸੁੱਤੇ ਜਿਹੇ ਪਿੰਡ ਭੋਜਪੁਰ ਵਿਚ ਜਾ ਕੇ ਅਲਖ ਜਗਾਉਂਦਾ ਹੈ। ਜਦੋਂ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਜ਼ਿੰਦਗੀ ਦੀ ਹਰ ਸਹੂਲਤ ਭੋਗਦੇ ਅਮੀਰ ਘਰਾਂ ਦੇ ਮੁੰਡੇ-ਕੁੜੀਆਂ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਦੇਖਦੇ ਹਨ, ਤਾਂ ਉਨ੍ਹਾਂ ਦਾ ਤਰਾਹ ਨਿਕਲ ਜਾਂਦਾ ਹੈ। ਜਾਣ ਤੋਂ ਪਹਿਲਾ ਆਪਣੇ ਪਿਤਾ ਨਾਲ ਬਹਿਸ ਕਰਦਿਆਂ ਸਿਥਾਰਥ ਆਖਦਾ ਹੈ- ਮੈਨੂੰ ਇਸ ਸਾਰੀ ‘ਸਮਝਦਾਰ’ ਜਮਾਤ ਨਾਲ ਨਫਰਤ ਹੈ ਜਿਹੜੀ ਅੰਕੜਿਆਂ ਅਤੇ ਸ਼ਬਦਾਂ ਦੀ ਜਾਦੂਗਰੀ ਨਾਲ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਦੀ ਹੈ ਤੇ ਦੂਜੇ ਪਾਸੇ ਇਸ ਦੀ ‘ਸਮਝਦਾਰੀ’ ਨਾਲ ਸਿਰਜਿਆ ਸਿਸਟਮ ਹਰ ਰੋਜ਼ ਬੇਵਸ ਗਰੀਬਾਂ ਦਾ ਕਤਲ ਕਰਦਾ ਹੈ।
ਫਿਲਮ ਬਹੁਤ ਖੂਬਸੂਰਤੀ ਨਾਲ ਰਾਜਤੰਤਰ ਦੇ ਮੂਲ ਖਾਸੇ ਵਿਚ ਪਈ ਹਿੰਸਾ ਦੀ ਵਿਆਖਿਆ ਕਰਦੀ ਹੈ। ਕੀ ਇਹ ਹਿੰਸਾ ਸੰਵਾਦ ਅਤੇ ਸਹਿਮਤੀ ਦੀ ਭਾਸ਼ਾ ਸਮਝਦੀ ਹੈ? ਕੀ ਇਸ ਹਿੰਸਾ ਵਿਚ ਕਿਸੇ ਤਰ੍ਹਾਂ ਦੇ ਤਰਕ, ਦਲੀਲ ਤੇ ਵਿਰੋਧ ਨੂੰ ਝੱਲਣ ਦਾ ਜੇਰਾ ਹੁੰਦਾ ਹੈ? ਜੇ ਨਹੀਂ, ਤਾਂ ਇਸ ਅੱਗੇ ਆਤਮ-ਸਮਰਪਣ ਕਰਨਾ ਕਿੰਨਾ ਕੁ ਨੈਤਿਕ ਹੈ? ਅਜਿਹੇ ਔਖੇ ਸਵਾਲਾਂ ਦਾ ਜਵਾਬ ਨਾ ਤਾਂ ਸਿਸਟਮ ਕੋਲ ਹੈ ਅਤੇ ਨਾ ਹੀ ਸਿਥਾਰਥ ਦੇ ਪਿਤਾ ਕੋਲ।
ਸਿਥਾਰਥ ਅਤੇ ਸਾਥੀਆਂ ਲਈ ਭੋਜਪੁਰ ਕਰਮ-ਭੂਮੀ ਬਣ ਜਾਂਦਾ ਹੈ। ਦੁਸ਼ਵਾਰੀਆਂ ਅਤੇ ਔਕੜਾਂ ਅੱਗੇ ਉਨ੍ਹਾਂ ਦੇ ਇਰਾਦੇ ਹੋਰ ਮਜ਼ਬੂਤ ਹੋ ਜਾਂਦੇ ਹਨ। ਉਹ ਇਸ ਸਾਰੀ ਪ੍ਰਕਿਰਿਆ ਦੌਰਾਨ ਆਪਣੀ ਜਮਾਤ ਦੁਆਰਾ ਦਿੱਤੀ ਸਮਝ ਨੂੰ ਹੌਲੀ-ਹੌਲੀ ਜ਼ਿੰਦਗੀ ਵਿਚੋਂ ਮਨਫੀ ਕਰਦੇ ਜਾਂਦੇ ਹਨ। ਸਿਥਾਰਥ ਆਪਣੀ ਨਵੀਂ ਸਮਝ ਨੂੰ ਲਗਾਤਾਰ ਚਿੱਠੀਆਂ ਦੇ ਜ਼ਰੀਏ ਗੀਤਾ ਤੱਕ ਪਹੁੰਚਾAਂਦਾ ਰਹਿੰਦਾ ਹੈ। ਗੀਤਾ ਦਾ ਵਿਆਹ ਇਕ ਆਈæਏæਐਸ਼ ਅਫਸਰ ਨਾਲ ਹੋ ਚੁੱਕਾ ਹੈ, ਪਰ ਸਿਥਾਰਥ ਅਤੇ ਗੀਤਾ ਦਾ ਆਪਸੀ ਰਿਸ਼ਤਾ ਦੁਬਾਰਾ ਜਾਗ ਪੈਂਦਾ ਹੈ। ਉਹ ਚੋਰੀ-ਚੋਰੀ ਮਿਲਣ ਲਗਦੇ ਹਨ। ਆਖਰਕਾਰ ਇਹ ਭੇਤ ਖੁੱਲ੍ਹ ਜਾਂਦਾ ਹੈ। ਗੀਤਾ ਨੂੰ ਮਿਲਣ ਦੌਰਾਨ ਹੀ ਸੁੱਤੇ-ਸਿਧ ਹੀ ਆਪਣੀਆਂ ਕਈ ਕਾਰਵਾਈਆਂ ਦੇ ਭੇਤ ਸਿਥਾਰਥ ਦੇ ਮੂੰਹੋਂ ਨਿਕਲ ਜਾਂਦੇ ਹਨ ਜਿਹੜੇ ਉਸ ਦੀ ਜੱਥੇਬੰਦੀ ਲਈ ਕਦੇ ਵੀ ਨੁਕਸਾਨਦਾਇਕ ਹੋ ਸਕਦੇ ਹਨ।
ਇਹ ਮੁੰਡੇ ਹੌਲੀ-ਹੌਲੀ ਪਿੰਡ ਵਾਲਿਆਂ ਦੀ ਢਾਲ ਬਣ ਜਾਂਦੇ ਹਨ, ਪਰ ਯਥਾਰਥ ਕਈ ਗੁਣਾ ਜ਼ਿਆਦਾ ਬੇਕਿਰਕ ਨਿਕਲਦਾ ਹੈ। ਪਿੰਡ ਵਿਚ ਇਕ ਦਲਿਤ ਕੁੜੀ ਦੇ ਬਲਾਤਕਾਰੀ ਨੂੰ ਸਜ਼ਾ ਦੇਣ ਲਈ ਉਹ ਪਿੰਡ ਵਾਲਿਆਂ ਨਾਲ ਮਿਲ ਕੇ ਜਦੋਂ ਜਾਗੀਰਦਾਰ ਦੇ ਘਰ ਨੂੰ ਘੇਰਾ ਪਾਉਂਦੇ ਹਨ ਤਾਂ ਜਾਗੀਰਦਾਰ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਉਹੀ ਪਿੰਡ ਵਾਲੇ ਜਿਹੜੇ ਪਹਿਲਾਂ ਜਾਗੀਰਦਾਰ ਨੂੰ ਮਾਰਨ ਲਈ ਤਾਹੂ ਹੋਏ ਹੁੰਦੇ ਹਨ, ਉਹ ਝੱਟ ਜਾਗੀਰਦਾਰ ਦੀ ਮਿਜ਼ਾਜਪੁਰਸ਼ੀ ਕਰਨ ਲਗਦੇ ਹਨ। ਇਸ ਘਟਨਾ ਨਾਲ ਮੁੰਡਿਆਂ ਨੂੰ ਆਪਣੀਆਂ ਕਚਿਆਈਆਂ ਵੀ ਸਮਝ ਵਿਚ ਆ ਜਾਂਦੀਆਂ ਹਨ ਅਤੇ ਸਾਮੰਤੀ ਪ੍ਰਬੰਧ ਦੇ ਮੱਕੜਜਾਲ ਦੀ ਮਜ਼ਬੂਤੀ ਵੀ ਜ਼ਾਹਿਰ ਹੋ ਜਾਂਦੀ ਹੈ। ਉਹ ਇਕੱਲੇ ਅਤੇ ਲੁੱਟਿਆ-ਪੁੱਟਿਆ ਮਹਿਸੂਸ ਕਰਦੇ ਹਨ। ਦੂਜੇ ਪਾਸੇ ਮੁਲਕ ਵਿਚ ਐਮਰਜੈਂਸੀ ਲੱਗ ਜਾਂਦੀ ਹੈ। ਫਿਲਮਸਾਜ਼ ਵਿਕਰਮ ਦੇ ਕਿਰਦਾਰ ਰਾਹੀਂ ਦਲਾਲਾਂ, ਚਾਪਲੂਸਾਂ ਅਤੇ ਮੌਕਾਪ੍ਰਸਤਾਂ ਦੀ ਅਜਿਹੀ ਫੌਜ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜੀ ਐਮਰਜੈਂਸੀ ਦੇ ਨਾਲ ਹੀ ਪੈਦਾ ਹੋਈ ਅਤੇ ਜਿਸ ਨੇ ਮੁਲਕ ਨੂੰ ਕੁਝ ਹੀ ਦਿਨਾਂ ਵਿਚ ਖੋਖਲਾ ਕਰ ਦਿੱਤਾ। ਤਰਾਸਦੀ ਦੇਖੋ ਕਿ ਅੰਤ ਵਿਚ ਵਿਕਰਮ ਹੀ ਗੀਤਾ ਅਤੇ ਸਿਥਾਰਥ ਦੀ ਜਾਨ ਬਖਸ਼ਣ ਦਾ ਸਬੱਬ ਬਣਦਾ ਹੈ। ਸਿਥਾਰਥ ਇਸ ਜੰਗ ਵਿਚ ਆਪਣੇ ਆਪ ਤੋਂ ਹਾਰ ਜਾਂਦਾ ਹੈ। ਸੱਟ ਵਿਕਰਮ ਨੂੰ ਵੀ ਲੱਗਦੀ ਹੈ। ਗੀਤਾ ਵਿਚਕਾਰਲਾ ਰਸਤਾ ਚੁਣਦੀ ਹੈ ਜਿਸ ਵਿਚ ਉਹ ਹਜ਼ਾਰਾਂ ਐਨæਜੀæਓæ ਸੰਸਥਾਵਾਂ ਵਾਂਗ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਤਬਦੀਲੀ ਦਾ ਰਸਤਾ ਦਿਖਾਉਣ ਦਾ ਯਤਨ ਕਰਦੀ ਹੈ। ਅੰਦਰੋਂ ਉਹ ਵੀ ਜਾਣਦੀ ਹੈ ਕਿ ਇਸ ਨਾਲ ਕਿਤੇ ਕੁਝ ਨਹੀਂ ਬਦਲੇਗਾ। ਹਾਂ, ਇਸ ਨਾਲ ਰਾਜਤੰਤਰ ਨੂੰ ਤੁਹਾਥੋਂ ਕੋਈ ਖਤਰਾ ਨਹੀਂ ਰਹਿੰਦਾ ਤੇ ਤੁਹਾਡੀ ਜਾਨ ਵੀ ਸਲਾਮਤ ਰਹਿੰਦੀ ਹੈ। ਇਹ ਫਿਲਮ ਸਿਆਸਤ ਦੀਆਂ ਬਹੁਤ ਸਾਰੀਆਂ ਰਮਜ਼ਾਂ ਦਰਸ਼ਕਾਂ ਦੀ ਸਮਝ ‘ਤੇ ਛੱਡ ਦਿੰਦੀ ਹੈ। ਆਖਿਰ ਉਹ ਖਾਹਿਸ਼ ਹੀ ਕੀ ਜਿਹੜੀ ਫਿਲਮਸਾਜ਼ ਦੇ ਨਾਲ-ਨਾਲ ਦਰਸ਼ਕ ਦਾ ਵੀ ਦਮ ਨਾ ਕੱਢੇ!