ਬੰਗਲਾ ਫਿਲਮਸਾਜ਼ ਅਤੇ ਅਦਾਕਾਰਾ ਅਪਰਨਾ ਸੇਨ ਦੀ ਧੀ ਕੋਂਕਨਾ ਸੇਨ ਸ਼ਰਮਾ ਨੇ ਫਿਲਮੀ ਦੁਨੀਆਂ ਵਿਚ ਸ਼ੁਰੂਆਤ ਬਾਲ ਕਲਾਕਾਰ ਵਜੋਂ 1983 ਵਿਚ ਹੀ ਕਰ ਲਈ ਸੀ। ਬਾਅਦ ਵਿਚ ਉਸ ਨੇ ਕੁਝ ਬੰਗਲਾ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ ਅਤੇ ਨਾਮ ਕਮਾਇਆ। ਫਿਰ 2005 ਵਿਚ ਹਿੰਦੀ ਫਿਲਮ ‘ਪੇਜ 3’ ਨਾਲ ਹਿੰਦੀ ਫਿਲਮ ਜਗਤ ਵਿਚ ਖੂਬ ਧੁੰਮਾਂ ਪਾਈਆਂ।
ਬਾਅਦ ਵਿਚ ਉਸ ਨੇ ਆਮ ਨਾਲੋਂ ਹਟ ਕੇ ਫਿਲਮਾਂ ਕੀਤੀਆਂ। ਅਸਲ ਵਿਚ ਉਸ ਦੀ ਕਲਾ ਅਤੇ ਜੀਵਨ, ਸਭ ਕੁਝ ਆਮ ਨਾਲੋਂ ਹਟ ਕੇ ਹੀ ਹੈ। ਹੁਣ ਪਤੀ ਨਾਲ ਸਬੰਧਾਂ ਦਾ ਹੀ ਮਾਮਲਾ ਲੈ ਲਓ, ਸਪਸ਼ਟ ਹੋ ਜਾਵੇਗਾ ਕਿ ਕੋਂਕਨਾ ਕਿਸ ਮਿੱਟੀ ਦੀ ਬਣੀ ਹੋਈ ਹੈ ਅਤੇ ਕੀ ਕੁਝ ਕਰਨਾ ਚਾਹੁੰਦੀ ਹੈ। ਉਹਦਾ ਵਿਆਹ 2010 ਵਿਚ ਅਦਾਕਾਰ ਰਣਵੀਰ ਸ਼ੋਰੀ ਨਾਲ ਹੋਇਆ। ਅਗਲੇ ਹੀ ਸਾਲ ਉਨ੍ਹਾਂ ਦੇ ਘਰ ਪੁੱਤਰ ਹਾਰੂਨ ਜੰਮ ਪਿਆ, ਪਰ ਪਿਛਲੇ ਸਾਲ ਦੋਵੇਂ ਮੀਆਂ-ਬੀਵੀ ਨੇ ਟਵਿੱਟਰ ਰਾਹੀਂ ਵੱਖਰੇ ਹੋਣ ਦਾ ਐਲਾਨ ਕਰ ਦਿੱਤਾ। ਹੁਣ ਜਦੋਂ ਕੋਂਕਨਾ ਨੇ ਬਤੌਰ ਡਾਇਰੈਕਟਰ ਆਪਣੀ ਪਹਿਲੀ ਫਿਲਮ ‘ਏ ਡੈੱਥ ਆਫ ਦਿ ਗੰਜ’ ਆਰੰਭ ਕੀਤੀ ਤਾਂ ਪਤਾ ਲੱਗਿਆ ਕਿ ਇਸ ਫਿਲਮ ਵਿਚ ਰਣਵੀਰ ਸ਼ੋਰੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਬਾਰੇ ਕੋਂਕਨਾ ਦਾ ਕਹਿਣਾ ਹੈ ਕਿ ਰਣਵੀਰ ਬਹੁਤ ਅੱਛਾ ਅਦਾਕਾਰ ਹੈ; ਜਦੋਂ ਉਸ ਦੇ ਜ਼ਿਹਨ ਵਿਚ ਫਿਲਮ ਦਾ ਖਿਆਲ ਆਇਆ ਤਾਂ ਰਣਵੀਰ ਇਸ ਪ੍ਰੋਜੈਕਟ ਦਾ ਹਿੱਸਾ ਹੋਣਾ ਹੀ ਸੀ। ਇਸ ਬਾਬਤ ਰਣਵੀਰ ਸ਼ੋਰੀ ਦਾ ਆਖਣਾ ਹੈ ਕਿ ਕੋਂਕਨਾ ਉਸ ਦੇ ਪੁੱਤਰ ਹਾਰੂਨ ਦੀ ਮਾਂ ਹੈ, ਉਹ ਉਸ ਨੂੰ ਭਲਾ ਇਨਕਾਰ ਕਿਵੇਂ ਕਰ ਸਕਦਾ ਸੀ!
ਵਿਆਹ ਬਾਰੇ ਦੋਹਾਂ ਦਾ ਇਹੀ ਆਖਣਾ ਹੈ ਕਿ ਬੱਸ਼ææ ਨਿਭ ਨਹੀਂ ਸਕੀ, ਪਰ ਫਿਲਮੀ ਪਰਦੇ ਉਤੇ ਦੋਹਾਂ ਦੀ ਖੂਬ ਨਿਭਦੀ ਹੈ। ਇਹ ਗੱਲ ਹੈ ਵੀ ਠੀਕ। ਦੋਵੇਂ ਉਮਦਾ ਅਦਾਕਾਰ ਹਨ ਅਤੇ ਇਕ-ਦੂਜੇ ਦੇ ਕੰਮ ਦੀ ਕਦਰ ਵੀ ਕਰਦੇ ਹਨ। ਅਸਲ ਵਿਚ ਕਲਾ, ਇਨ੍ਹਾਂ ਦੋਹਾਂ ਜੀਆਂ ਵਿਚਕਾਰ ਇਕ ਖਾਸ ਕੜੀ ਹੈ ਜਿਸ ਨੇ ਇਨ੍ਹਾਂ ਵਿਚਕਾਰ ਪਨਪੇ ਰਿਸ਼ਤਿਆਂ ਨੂੰ ਇਕ ਨਵੀਂ ਪ੍ਰੀਭਾਸ਼ਾ ਵਿਚ ਬੰਨ੍ਹਿਆ ਹੈ। ਦੋਹਾਂ ਨੇ ਹੀ ਆਪਣੀ ਵਿਅਕਤੀਗਤ ਜ਼ਿੰਦਗੀ ਨੂੰ ਕਸਬ ਨਾਲ ਰਲਗੱਡ ਨਹੀਂ ਹੋਣ ਦਿੱਤਾ। -ਰੌਸ਼ਨੀ ਖੇਤਲ