ਹਿੰਦ-ਪਾਕਿਸਤਾਨ ਦੋਸਤੀ ਨੂੰ ਮੁੜ ਵੰਗਾਰਾਂ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪਾਕਿਸਤਾਨ ਤੋਂ ਆਏ ਅਤਿਵਾਦੀਆਂ ਵੱਲੋਂ ਪੰਜਾਬ ‘ਚ ਪਠਾਨਕੋਟ ਵਿਚ ਭਾਰਤੀ ਹਵਾਈ ਫੌਜ ਦੇ ਸਟੇਸ਼ਨ ਉਤੇ ਕੀਤੇ ਹਮਲੇ ਨਾਲ ਇਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਸਬੰਧ ਨਾਜ਼ੁਕ ਮੋੜ ਉਤੇ ਆਣ ਖੜ੍ਹੇ ਹਨ। ਹਮਲੇ ਨਾਲ ਇਹ ਧਾਰਨਾ ਪੱਕੀ ਹੋਈ ਹੈ ਕਿ ਜਦੋਂ ਵੀ ਦੋਵਾਂ ਦੇਸ਼ਾਂ ਵਿਚ ਚੰਗੇ ਸਬੰਧ ਬਣਨ ਦੀ ਉਮੀਦ ਬੱਝਦੀ ਹੈ, ਇਸ ਨੂੰ ਲੀਹੋਂ ਲਾਹੁਣ ਲਈ ਸਰਗਰਮੀ ਵਧ ਜਾਂਦੀ ਹੈ।

ਕੁਝ ਦਿਨ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਫ਼ਗਾਨਿਸਤਾਨ ਤੋਂ ਪਰਤਦੇ ਹੋਏ ਅਚਾਨਕ ਲਾਹੌਰ ਪਹੁੰਚ ਗਏ ਸਨ, ਜਿਥੇ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਬੜੀ ਹੀ ਨਿੱਘੀ ਮਿਲਣੀ ਕੀਤੀ। ਪਾਕਿਸਤਾਨ ਅਤੇ ਭਾਰਤ ਵਿਚ ਵੀ ਬਹੁਤੇ ਲੋਕਾਂ ਤੇ ਸਿਆਸੀ ਪਾਰਟੀਆਂ ਨੇ ਇਸ ਦਾ ਸਵਾਗਤ ਕੀਤਾ ਸੀ। ਬਾਅਦ ਵਿਚ ਨਵਾਜ਼ ਸ਼ਰੀਫ਼ ਨੇ ਇਸ ਫੇਰੀ ਲਈ ਸ੍ਰੀ ਮੋਦੀ ਦਾ ਧੰਨਵਾਦ ਵੀ ਕੀਤਾ ਸੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਇਸੇ ਮਹੀਨੇ ਇਸਲਾਮਾਬਾਦ ਵਿਚ ਗੱਲਬਾਤ ਹੋਣੀ ਹੈ। ਇਹ ਆਸ ਸੀ ਕਿ ਵਿਦੇਸ਼ ਸਕੱਤਰਾਂ ਦੀ ਮੀਟਿੰਗ ਦੇ ਸਾਰਥਕ ਸਿੱਟੇ ਨਿਕਲਣਗੇ, ਪਰ ਹੁਣ ਪਠਾਨਕੋਟ ਵਿਚ ਪਾਕਿਸਤਾਨੀ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਨੇ ਆਸਾਂ ‘ਤੇ ਪਾਣੀ ਫੇਰ ਦਿੱਤਾ ਜਾਪਦਾ ਹੈ। ਇਸ ਹਮਲੇ ਵਿਚ ਸੱਤ ਜਵਾਨ ਮਾਰੇ ਗਏ ਹਨ। ਮੁਕਾਬਲੇ ਵਿਚ ਫੌਜ ਨੇ ਛੇ ਅਤਿਵਾਦੀਆਂ ਨੂੰ ਵੀ ਮੁਕਾਇਆ। ਹੁਣ ਦੋਵਾਂ ਦੇਸ਼ਾਂ ਲਈ ਇਹ ਕਾਰਵਾਈ ਚੁਣੌਤੀ ਬਣ ਗਈ ਹੈ।
ਇਸ ਤੋਂ ਪਹਿਲਾਂ ਵੀ ਦੋਵਾਂ ਦੇਸ਼ਾਂ ਦੇ ਨਿੱਘੇ ਸਬੰਧਾਂ ਵਿਚ ਅਤਿਵਾਦ ਰੋੜਾ ਬਣਦਾ ਆਇਆ ਹੈ ਤੇ ਐਨ ਮੌਕੇ ‘ਤੇ ਬਣਦੀ ਗੱਲ ਵਿਗੜੀ ਹੈ। ਪਾਕਿਸਤਾਨ ਲਈ ਇਹ ਗੱਲ ਹਮੇਸ਼ਾ ਨਾਮੋਸ਼ੀ ਬਣਦੀ ਆਈ ਹੈ ਕਿ ਇਕ ਪਾਸੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਦੋਸਤੀ ਦਾ ਹੱਥ ਅੱਗੇ ਵਧਾਏ ਤੇ ਦੂਜੇ ਪਾਸੇ ਉਸ ਦੇ ਆਪਣੇ ਹੀ ਦੇਸ਼ ਵਿਚ ਪਲਦੇ ਅਤਿਵਾਦੀ ਸੰਗਠਨ ਇਨ੍ਹਾਂ ਹੱਥਾਂ ਨੂੰ ਵੱਢਣ ਦਾ ਯਤਨ ਕਰਨ।
ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਬੱਸ ਰਾਹੀਂ ਦੋਸਤੀ ਦਾ ਪੈਗ਼ਾਮ ਲੈ ਕੇ ਲਾਹੌਰ ਪੁੱਜੇ ਸਨ। ਉਸ ਸਮੇਂ ਵੀ ਨਵਾਜ਼ ਸ਼ਰੀਫ਼ ਹੀ ਪ੍ਰਧਾਨ ਮੰਤਰੀ ਸਨ। ਇਕ ਪਾਸੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਦਭਾਵਨਾ, ਮਿਲਵਰਤਣ ਤੇ ਦੋਸਤੀ ਦੀਆਂ ਗੱਲਾਂ ਕਰ ਰਹੇ ਸਨ, ਦੂਜੇ ਪਾਸੇ ਪਾਕਿਸਤਾਨੀ ਫ਼ੌਜ ਦਾ ਮੁਖੀ ਹੀ ਇਕ ਸਾਜ਼ਿਸ਼ ਤਹਿਤ ਭਾਰਤੀ ਇਲਾਕੇ ‘ਤੇ ਕਬਜ਼ਾ ਕਰਨ ਦੀ ਕਾਰਵਾਈ ਕਰ ਰਿਹਾ ਸੀ। ਜਦੋਂ ਵੀ ਦੋਵਾਂ ਦੇਸ਼ਾਂ ਵਿਚ ਨੇੜਤਾ ਹੋਣ ਲੱਗਦੀ ਹੈ, ਅਤਿਵਾਦੀ ਸੰਗਠਨ ਅਜਿਹਾ ਕਾਰਾ ਕਰਦੇ ਹਨ। ਪਾਕਿਸਤਾਨ ਸਰਕਾਰ ਅੱਜ ‘ਵਿਚਾਰੀ’ ਵਾਲੀ ਅਵਸਥਾ ਵਿਚ ਹੀ ਵਿਚਰ ਰਹੀ ਹੈ। ਉਸ ਦੇ ਹੱਥ ਦੇਸ਼ ਦੀ ਕਮਾਨ ਨਹੀਂ ਹੈ; ਸਗੋਂ ਉਥੇ ਫ਼ੌਜ, ਖੁਫ਼ੀਆ ਏਜੰਸੀਆਂ ਤੇ ਅਤਿਵਾਦੀ ਸੰਗਠਨਾਂ ਦੇ ਤਾਕਤ ਦੇ ਤਕੜੇ ਕੇਂਦਰ ਬਣੇ ਹੋਏ ਹਨ। ਉਥੇ ਬਹੁਤੇ ਅਤਿਵਾਦੀ ਸੰਗਠਨ ਸਰਕਾਰ ਵਿਰੁੱਧ ਹਨ। ਆਪਣੀਆਂ ਤੈਅਸ਼ੁਦਾ ਨੀਤੀਆਂ ਕਰ ਕੇ ਉਹ ਉਥੋਂ ਦੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਨਿੱਤ ਦਿਨ ਉਨ੍ਹਾਂ ਦਾ ਲਹੂ ਡੋਲ੍ਹ ਰਹੇ ਹਨ। ਪਾਕਿਸਤਾਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਉਥੋਂ ਦੇ 30,000 ਤੋਂ ਵੀ ਵਧੇਰੇ ਨਾਗਰਿਕ ਅਤਿਵਾਦੀ ਕਾਰਵਾਈਆਂ ਦੀ ਭੇਟ ਚੜ੍ਹ ਚੁੱਕੇ ਹਨ। ਹੁਣ ਇਹ ਉਥੋਂ ਦੀ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ। ਪਾਕਿਸਤਾਨ ਦੇ ਬਹੁਤੇ ਸਿਆਸਤਦਾਨ ਭਾਰਤ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ ਪਰ ਦੇਸ਼ ਵਿਚ ਬੈਠੇ ਅਤਿਵਾਦੀ ਨਿੱਤ ਦਿਨ ਭਾਰਤ ਵਿਰੁੱਧ ਗੋਂਦਾਂ ਗੁੰਦਦੇ ਰਹਿੰਦੇ ਹਨ। ਅਜਿਹੀ ਸੂਰਤ ਵਿਚ ਭਾਰਤ ਨੂੰ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਗਏ ਵਿਸ਼ਵਾਸਾਂ ‘ਤੇ ਪਾਣੀ ਫਿਰ ਜਾਂਦਾ ਹੈ।
ਪਾਕਿਸਤਾਨ ਸਰਕਾਰ ਹੁਣ ਇਹ ਸਮਝ ਚੁੱਕੀ ਹੈ। ਸਰਗਰਮ ਅਤਿਵਾਦ ਨੇ ਮੁਲਕ ਦੇ ਅੰਦਰੂਨੀ ਨੁਕਸਾਨ ਦੇ ਨਾਲ ਨਾਲ ਕੌਮਾਂਤਰੀ ਤੌਰ ‘ਤੇ ਪਾਕਿਸਤਾਨ ਦੇ ਅਕਸ ਨੂੰ ਧੁੰਦਲਾ ਬਣਾ ਦਿੱਤਾ ਹੈ। ਇਹ ਦੇਸ਼ ਅੱਜ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਦਿਖਾਈ ਦੇਣ ਲੱਗਾ ਹੈ। ਪਾਕਿਸਤਾਨ ਆਪਸੀ ਸਬੰਧਾਂ ਵਿਚ ਮੁੱਖ ਮੁੱਦਾ ਕਸ਼ਮੀਰ ਨੂੰ ਬਣਾਉਂਦਾ ਹੈ।
____________________________________
ਪਾਕਿਸਤਾਨ ਵੱਲੋਂ ਨਰਮਾਈ
ਇਸਲਾਮਾਬਾਦ: ਪਾਕਿਸਤਾਨ ਨੇ ਪਠਾਨਕੋਟ ਉਤੇ ਹੋਏ ਅਤਿਵਾਦੀ ਹਮਲੇ ਬਾਰੇ ਭਾਰਤ ਵੱਲੋਂ ਦਿੱਤੇ ਸਬੂਤਾਂ ‘ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਭਾਰਤ ਲਈ ਇਸ ਔਖੀ ਘੜੀ ਵਿਚ ਸ਼ਰੀਕ ਹੁੰਦਿਆਂ ਹਮਲੇ ਦੀ ਨਿੰਦਾ ਵੀ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਸੌਖਿਆਂ ਹੀ ਮੰਨ ਗਿਆ ਹੈ ਕਿ ਇਹ ਅਤਿਵਾਦੀ ਕਾਰਵਾਈ ਉਸ ਦੀ ਜ਼ਮੀਨ ਤੋਂ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਦੀਨਾਨਗਰ ਤੇ ਮੁੰਬਈ ਹਮਲਿਆਂ ਬਾਰੇ ਪੁਖਤਾ ਸਬੂਤ ਦੇਣ ਦੇ ਬਾਵਜੂਦ ਪਾਕਿਸਤਾਨ ਇਹ ਮੰਨਣ ਨੂੰ ਤਿਆਰ ਨਹੀਂ ਹੋਇਆ ਸੀ ਕਿ ਇਹ ਕਾਰਵਾਈ ਉਨ੍ਹਾਂ ਦੀ ਜ਼ਮੀਨ ਤੋਂ ਹੋਈ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਮੁਲਕ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ਵਿਚ ਹੈ। ਉਸ ਨੇ ਅਤਿਵਾਦ ਨੂੰ ਜੜ੍ਹੋਂ ਮੁਕਾਉਣ ਤੇ ਇਸ ਦੇ ਟਾਕਰੇ ਲਈ ਵਚਨਬੱਧਤਾ ਦੁਹਰਾਈ ਹੈ।
___________________________________
ਮੋਦੀ ਲਈ ਪਰਖ ਦੀ ਘੜੀ
ਨਵੀਂ ਦਿੱਲੀ: ਪਠਾਨਕੋਟ ਦਹਿਸ਼ਤੀ ਹਮਲਾ ਨਰੇਂਦਰ ਮੋਦੀ ਲਈ ਉਨ੍ਹਾਂ ਔਕੜਾਂ ਦੀ ਵਾਪਸੀ ਦਾ ਪ੍ਰਤੀਕ ਹੈ ਜੋ ਡਾæ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਪ੍ਰਤੀ ਆਪਣੀ ਨੀਤੀ ਨੂੰ ਲੈ ਕੇ ਭੋਗੀਆਂ ਸਨ। ਡਾæ ਮਨਮੋਹਨ ਸਿੰਘ ਨੇ 2004 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਸੁਧਾਰ ਲਈ ਕਈ ਕਦਮ ਚੁੱਕੇ ਸਨ ਤੇ ਅਸਿੱਧੇ ਸਫ਼ਾਰਤੀ ਯਤਨਾਂ (ਬੈਕ ਚੈਨਲ ਡਿਪਲੋਮੇਸੀ) ਰਾਹ ਸਬੰਧਾਂ ਨੂੰ ਸੁਖਾਵੀਂ ਲੀਹ ‘ਤੇ ਲਿਆਉਣ ਦਾ ਯਤਨ ਕੀਤਾ ਸੀ। ਇਨ੍ਹਾਂ ਯਤਨਾਂ ਨੂੰ ਕਾਮਯਾਬੀ ਵੀ ਮਿਲੀ। ਅਜਿਹੀ ਡਿਪਲੋਮੇਸੀ 2007 ਤੱਕ ਚੱਲਦੀ ਰਹੀ ਪਰ 2006 ਵਿਚ ਮੁੰਬਈ ਵਿਚ ਹੋਏ ਬੰਬ ਧਮਾਕਿਆਂ ਨੇ ਮਾਹੌਲ ਵਿਗਾੜ ਦਿੱਤਾ ਤੇ ਪਾਕਿਸਤਾਨ ਨਾਲ ਗੱਲਬਾਤ ਦਾ ਅਮਲ ਮੱਠਾ ਪਾ ਦਿੱਤਾ। ਇਸ ਮਗਰੋਂ ਅਸਿੱਧੀ ਗੱਲਬਾਤ ਤਾਂ ਜਾਰੀ ਰਹੀ, ਪਰ ਨਾ ਤਾਂ ਡਾæ ਮਨਮੋਹਨ ਸਿੰਘ ਪਾਕਿਸਤਾਨ ਜਾਣ ਦੀ ਜੁਰਅੱਤ ਕਰ ਸਕੇ ਅਤੇ ਨਾ ਹੀ ਸਬੰਧਾਂ ਵਿਚ ਆਈ ਕਸੈਲੀ ਖੜੋਤ ਤੋੜਨ ਦਾ ਕੋਈ ਸੰਜੀਦਾ ਯਤਨ ਕੀਤਾ ਗਿਆ।