ਕਾਲੇ ਪਾਣੀ ਦੀ ਚਸ਼ਮਦੀਦ ਗਵਾਹੀ-4
ਸ਼ਬਦਾਂ ਅਤੇ ਵਿਚਾਰਾਂ ਦੀਆਂ ਲੜੀਆਂ ਜੋੜਨ ਦੇ ਧਨੀ, ਪੰਜਾਬੀ ਦੇ ਨਾਮੀ ਲੇਖਕ ਵਰਿਆਮ ਸਿੰਘ ਸੰਧੂ ਨੇ ਗ਼ਦਰੀ ਬਾਬਿਆਂ ਬਾਰੇ ਲਿਖੀ ਇਸ ਲੇਖ ਲੜੀ ਵਿਚ ਕਾਲੇ ਪਾਣੀਆਂ ਦੀ ਦਾਸਤਾਨ ਬਿਆਨ ਕੀਤੀ ਹੈ। ਕਾਲੇ ਪਾਣੀਆਂ ਦਾ ਇਹ ਬਿਆਨ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਦੇਸ਼ ਭਗਤ ਗ਼ਦਰੀਆਂ ਨੇ ਜਿਸ ਤਰ੍ਹਾਂ ਨਿਰਭੈ ਹੋ ਕੇ ਆਜ਼ਾਦੀ ਦੀ ਲੜਾਈ ਵਿਚ ਭਰਪੂਰ ਯੋਗਦਾਨ ਪਾਇਆ, ਉਹ ਬੇਮਿਸਾਲ ਹੈ। ਉਂਜ, ਇਹ ਵਕਤ ਦੀ ਸਿਤਮਜ਼ਰੀਫੀ ਹੀ ਹੈ ਕਿ ਗ਼ਦਰੀਆਂ ਨੂੰ ਪਹਿਲਾਂ ਪਹਿਲ ਕਮਿਊਨਿਸਟਾਂ ਨਾਲ ਜੋੜ ਕੇ ਦੇਖਿਆ ਗਿਆ ਅਤੇ ਹੁਣ ਕੁਝ ਧਿਰਾਂ ਵੱਲੋਂ ਸਿੱਖ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗ਼ਦਰੀਆਂ ਵਿਚੋਂ ਬਹੁਤੇ ਭਾਵੇਂ ਪਿਛੋਂ ਕਮਿਊਨਿਸਟ ਵਿਚਾਰਧਾਰਾ ਨਾਲ ਹੀ ਜੁੜੇ ਅਤੇ ਉਨ੍ਹਾਂ ਨੇ ਸਿਆਸੀ ਖੇਤਰ ਵਿਚ ਚੋਖੀ ਸਰਗਰਮੀ ਵੀ ਕੀਤੀ, ਪਰ ਉਹ ਉਦੋਂ ਕੌਮਾਂਤਰੀ ਪੱਧਰ ‘ਤੇ ਮੁਕੰਮਲ ਇਨਕਲਾਬ ਦੇ ਨਜ਼ਰੀਏ ਤੋਂ ਸਾਰੀ ਸਰਗਰਮੀ ਕਰ ਰਹੇ ਸਨ, ਤੇ ਮੁਕੰਮਲ ਇਨਕਲਾਬ ਦੀ ਅਗਵਾਈ ਉਦੋਂ ਕਮਿਊਨਿਸਟ ਕਰ ਰਹੇ ਸਨ। ਗ਼ਦਰੀਆਂ ਨੇ ਤਾਂ ਸਗੋਂ ਆਪਣੇ ਮੁਕੰਮਲ ਗ਼ਦਰ ਲਈ ਹਰ ਧਿਰ ਅਤੇ ਧਾਰਾ ਨਾਲ ਰਾਬਤਾ ਬਣਾਉਣ ਦਾ ਯਤਨ ਕੀਤਾ। ਗ਼ਦਰੀਆਂ ਦੀ ਸੁੱਚੀ ਲੜਾਈ ਦੀ ਤਹਿ ਤੱਕ ਪੁੱਜਣ ਲਈ ਸਾਨੂੰ ਇਹ ਨੁਕਤਾ ਧਿਆਨ ਵਿਚ ਰੱਖਣਾ ਪਵੇਗਾ। ਸੱਚ ਤਾਂ ਇਹ ਹੈ ਕਿ ਗ਼ਦਰੀ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਮੁਕੰਮਲ ਗ਼ਦਰ ਦੇ ਵੱਡੇ ਸੁਪਨਸਾਜ਼ ਸਨ। ਉਨ੍ਹਾਂ ਨੂੰ ਅਜਿਹੇ ਸੌੜੇ ਖਾਨਿਆਂ ਵਿਚ ਕੈਦ ਕਰਨਾ ਉਨ੍ਹਾਂ ਵੱਲੋਂ ਉਸ ਵੇਲੇ ਲੜੀ ਸੱਚ ਦੀ ਲੜਾਈ ਨਾਲ ਵਧੀਕੀ ਹੈ। ਲੇਖਕ ਵਰਿਆਮ ਸਿੰਘ ਸੰਧੂ ਦੀ ਇਸ ਲੇਖ ਲੜੀ ਵਿਚ ਜਿਸ ਤਰ੍ਹਾਂ ਗ਼ਦਰੀਆਂ ਦਾ ਜ਼ਿਕਰ ਆਇਆ ਹੈ, ਉਸ ਤੋਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਨ੍ਹਾਂ ਗ਼ਦਰੀਆਂ ਦਾ ਦਾਈਆ ਸਚਮੁੱਚ ਸਰਬੱਤ ਦੇ ਭਲੇ ਵਾਲਾ ਸੀ ਅਤੇ ਉਨ੍ਹਾਂ ਨੇ ਇਸ ਰਾਹ ਉਤੇ ਤੁਰਦਿਆਂ ਆਪਣੀ ਜਿੰਦੜੀਆਂ ਵਾਰ ਦਿੱਤੀਆਂ। ਗ਼ਦਰ ਲਹਿਰ ਦੀ ਸ਼ਤਾਬਦੀ ਮੌਕੇ ਅਸੀਂ ਅਜਿਹੀਆਂ ਲਿਖਤਾਂ ਰਾਹੀਂ ਆਪਣੇ ਇਨ੍ਹਾਂ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਸਲਾਮੀ ਦੇ ਰਹੇ ਹਾਂ। ਇਸ ਲੇਖ ਵਿਚ ਅੰਗਰੇਜ਼ਾਂ ਵੱਲੋਂ ਦੇਸ਼ ਭਗਤਾਂ ਉਤੇ ਢਾਹੇ ਜਾ ਰਹੇ ਜ਼ੁਲਮਾਂ ਅਤੇ ਦੇਸ਼ ਭਗਤਾਂ ਵੱਲੋਂ ਔਖੇ ਹਾਲਾਤ ਦੇ ਬਾਵਜੂਦ ਕਾਇਮ ਰਹਿਣ ਦਾ ਵਰਣਨ ਕੀਤਾ ਗਿਆ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਭਾਈ ਭਾਨ ਸਿੰਘ, ਪੰਡਿਤ ਰਾਮ ਰੱਖਾ ਮੱਲ, ਭਾਈ ਰੁਲੀਆ ਸਿੰਘ, ਨੰਦ ਸਿੰਘ, ਕਿਹਰ ਸਿੰਘ ਮਰਹਾਣਾ, ਭਾਈ ਬੁੱਢਾ ਸਿੰਘ ਅਤੇ ਭਾਈ ਰੋਡਾ ਸਿੰਘ, ਸੱਤ ਗ਼ਦਰੀ ਸੂਰਬੀਰ ਜੇਲ੍ਹ ਦੀਆਂ ਸਖ਼ਤੀਆਂ ਤੇ ਜ਼ੁਲਮ ਦਾ ਸ਼ਿਕਾਰ ਹੋ ਕੇ ਸ਼ਹੀਦੀਆਂ ਪਾ ਗਏ। ਜਤੀਸ਼ ਚੰਦਰ ਪਾਲ ਪਾਗ਼ਲ ਹੋ ਗਏ। ਇਹ ਜਾਣ ਕੇ ਕੋਈ ਭਾਈ ਪਰਮਾਨੰਦ ਦੇ ਇਸ ਕਥਨ ਨਾਲ ਸਹਿਮਤ ਹੋ ਸਕਦਾ ਹੈ ਕਿ ਗ਼ਦਰੀ ਦੇਸ਼ ਭਗਤ ਐਵੇਂ ਰਾਹ ਜਾਂਦੀ ਲੜਾਈ ਗਲ ਪਾ ਲੈਂਦੇ ਸਨ! ਉਹ ਤਾਂ ਸਿਰੋਂ ਪਾਣੀ ਲੰਘਦਾ ਵੇਖਦੇ ਹੀ ਮੈਦਾਨ ਵਿਚ ਨਿੱਤਰਦੇ ਸਨ ਤੇ ਫਿਰ ਮੈਦਾਨ ਵਿਚ ਜੂਝਦਿਆਂ ਸਿਰ ਦੇਣਾ ਵੀ ਪਵੇ ਤਾਂ ਝਿਜਕਦੇ ਨਹੀਂ ਸਨ। ਨਾ ਹੀ ਭਾਈ ਪਰਮਾਨੰਦ ਵਰਗੇ ਸਵੈ-ਹਿਤੈਸ਼ੀ ਸਨ ਕਿ ਕੇਵਲ ਆਪਣੇ ਇਕੱਲਿਆਂ ਲਈ ਕੋਈ ਰਿਆਇਤ ਲੈਣ ਲਈ ਲੜਦੇ ਹੋਣ। ਜਦੋਂ ਭਾਈ ਪਰਮਾਨੰਦ ਦੀਆਂ ਘਰ ਭੇਜੀਆਂ ਕੁਝ ਚਿੱਠੀਆਂ ਲਾਹੌਰ ਦੇ ‘ਦਾ ਟ੍ਰਿਬਿਊਨ’ ਅਖ਼ਬਾਰ ਵਿਚ ਛਪ ਗਈਆਂ ਤਾਂ ਨਾਰਾਜ਼ ਹੋ ਕੇ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਹੁਣ ਜਦੋਂ ਆਪਣੇ ਸਿਰ ‘ਤੇ ਬਣੀ ਤਾਂ ਭੁੱਖ ਹੜਤਾਲ ਕਰ ਦਿੱਤੀ। ਇਸ ਦੇ ਉਲਟ ਗ਼ਦਰੀ ਆਪਣੇ ਦੁੱਖ ਲਈ ਨਹੀਂ, ਸਾਥੀਆਂ ਦੇ ਸਾਂਝੇ ਦੁੱਖ ਦੂਰ ਕਰਨ ਲਈ ਲੜਦੇ ਸਨ। ਇਸ ਬਾਰੇ ਮਾਸਟਰ ਚਤਰ ਸਿੰਘ ਦਾ ਪ੍ਰਸੰਗ ਵਿਚਾਰਿਆ ਜਾ ਸਕਦਾ ਹੈ।
ਜਦੋਂ ਆਸ਼ੂਤੋਸ਼ ਲਹਿਰੀ ਨੂੰ ਬੈਂਤ ਲੱਗੇ ਸਨ ਤਾਂ ਬੰਗਾਲੀ ਕੈਦੀਆਂ ਦੀ ਫੁੱਟ ਕਾਰਨ ਉਹਦੇ ਹੱਕ ਵਿਚ ਚਾਹੁੰਦੇ ਹੋਏ ਵੀ ਗ਼ਦਰੀ ਜਥੇਬੰਦਕ ਲੜਾਈ ਨਹੀਂ ਸਨ ਲੜ ਸਕੇ। ਉਨ੍ਹਾਂ ਦੇ ਮਨ ਅੰਦਰ ਇਹ ਕੰਡਾ ਅਜੇ ਤੱਕ ਰੜਕਦਾ ਸੀ। ਇਕ ਦਿਨ ਜਦੋਂ ਸੁਪਰਡੈਂਟ ਮੇਜਰ ਮੱਰੇ ਕੈਦੀਆਂ ਦਾ ਵਜ਼ਨ ਕਰਵਾ ਰਿਹਾ ਸੀ ਤਾਂ ਮਾਸਟਰ ਚਤਰ ਸਿੰਘ ਨੇ ਕੰਡੇ ਤੋਂ ਉਤਰਦਿਆਂ ਮਰੇ ਦੇ ਮੂੰਹ ‘ਤੇ ਵੱਟ ਕੇ ਚਪੇੜ ਮਾਰਦਿਆਂ ਕਿਹਾ, “ਬੈਂਤਾਂ ਦੀ ਪੀੜ ਵੀ ਇਸ ਤਰ੍ਹਾਂ ਹੀ ਹੁੰਦੀ ਹੈ।” ਮਾਸਟਰ ਚਤਰ ਸਿੰਘ ਨੂੰ ਇੰਨਾ ਮਾਰਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਉਹਨੂੰ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ। ਰਫ਼ਾ-ਹਾਜ਼ਤ ਲਈ ਵੀ ਬਾਹਰ ਨਾ ਕੱਢਿਆ ਜਾਂਦਾ। ਸਿੱਟਾ ਇਹ ਹੋਇਆ ਕਿ ਉਹਦੀ ਹਾਲਤ ਦਿਨੋ ਦਿਨ ਵਿਗੜਦੀ ਗਈ। ਇਹ ਜ਼ੁਲਮ ਸਹਿੰਦਿਆਂ ਚਾਰ ਸਾਲ ਬੀਤ ਗਏ ਸਨ ਤੇ ਭਾਈ ਚਤਰ ਸਿੰਘ ਦੀ ਸਰੀਰਕ ਹਾਲਤ ਬਹੁਤ ਮਾੜੀ ਹੋ ਗਈ ਸੀ। ਚੌਲਾਂ ਦੀ ਪਿੱਛ ਤੋਂ ਸਿਵਾ ਹੋਰ ਕੋਈ ਚੀਜ਼ ਉਸ ਨੂੰ ਪਚਦੀ ਨਹੀਂ ਸੀ। ਭਾਈ ਚਤਰ ਸਿੰਘ ਲਈ ਲੜੀ ਲੜਾਈ ਦਾ ਬਿਰਤਾਂਤ ਇਸ ਲੜਾਈ ਦੇ ਮੁੱਖ ਜਰਨੈਲ ਬਾਬਾ ਸੋਹਣ ਸਿੰਘ ਭਕਨਾ ਦੀ ਜ਼ਬਾਨੀ ਸੁਣਨਾ ਵਧੇਰੇ ਠੀਕ ਰਹੇਗਾ। ਉਹ ਲਿਖਦੇ ਹਨ,
“ਇਕ ਦਿਨ ਮੈਂ ਮਾਸਟਰ ਚਤਰ ਸਿੰਘ ਨੂੰ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਜੁਆਬ ਦਿੱਤਾ ਕਿ ਹੁਣ ਤਾਂ ਛੇਤੀ ਹੀ ਛੁਟਕਾਰਾ ਹੋਣ ਵਾਲਾ ਹੈ। ਇਹ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਹੁਣ ਮੇਜਰ ਮੱਰੇ ਬਦਲ ਚੁੱਕਿਆ ਸੀ ਤੇ ਉਹਦੀ ਜਗ੍ਹਾ ਮੇਜਰ ਬਾਰਕਰ ਆ ਗਿਆ ਸੀ। ਅਗਲੇ ਦਿਨ ਕੈਦੀਆਂ ਦੀ ਪਰੇਡ ਸੀ। ਮੈਂ ਮੇਜਰ ਬਾਰਕਰ ਨੂੰ ਕਿਹਾ, ‘ਚਤਰ ਸਿੰਘ ਦੀ ਸਿਹਤ ਬਹੁਤ ਵਿਗੜ ਚੁੱਕੀ ਹੈ ਤੇ ਸਜ਼ਾ ਦੀ ਵੀ ਕੋਈ ਹੱਦ ਹੁੰਦੀ ਹੈ। ਦੂਜਾ ਮੇਜਰ ਮੱਰੇ ਬਦਲ ਚੁੱਕੇ ਹਨ। ਤੁਹਾਨੂੰ ਉਸ ਤੋਂ ਕੋਈ ਡਰ ਨਹੀਂ ਹੋ ਸਕਦਾ। ਮਿਹਰਬਾਨੀ ਕਰ ਕੇ ਤੁਸੀਂ ਚਤਰ ਸਿੰਘ ਨੂੰ ਪਿੰਜਰੇ ਤੋਂ ਹੁਣ ਬਾਹਰ ਕੱਢ ਦਿਉ।’ ਮੇਜਰ ਬਾਰਕਰ ਬਗੈਰ ਕੋਈ ਜੁਆਬ ਦਿੱਤੇ ਮੁਸਕਰਾ ਕੇ ਅੱਗੇ ਚਲਾ ਗਿਆ। ਮੈਂ ਸਮਝ ਗਿਆ ਕਿ ਇਸ ਦੀ ਕੋਈ ਨੀਅਤ ਨਹੀਂ। ਅਜੇ ਉਹ ਥੋੜ੍ਹੀ ਦੂਰ ਹੀ ਗਿਆ ਹੋਵੇਗਾ ਕਿ ਮੈਂ ਉਚੀ ਆਵਾਜ਼ ਨਾਲ ਕਿਹਾ, ‘ਮੇਜਰ ਬਾਰਕਰ ਮੇਰੀ ਹੁਣ ਤੋਂ ਭੁੱਖ ਹੜਤਾਲ ਹੈ। ਜੇ ਚਤਰ ਸਿੰਘ ਦੀ ਲਾਸ਼ ਪਿੰਜਰੇ ਵਿਚੋਂ ਨਿਕਲੇਗੀ ਤਾਂ ਮੇਰੀ ਲਾਸ਼ ਵੀ ਉਸ ਦੇ ਪਿੱਛੇ ਹੋਵੇਗੀ।’ ਇਸ ਤਰ੍ਹਾਂ ਨੋਟਿਸ ਦੇ ਕੇ ਮੈਂ ਲੋਹੇ ਦੇ ਬਰਤਨ ਜੋ ਪਰੇਡ ਵਿਚ ਕੈਦੀ ਰੱਖਦਾ ਹੈ, ਉਲਟੇ ਕਰ ਦਿੱਤੇ। ਭੁੱਖ ਹੜਤਾਲ ਨੂੰ ਜਦ ਦੋ ਮਹੀਨੇ ਹੋ ਗਏ ਤੇ ਮੇਜਰ ਬਾਰਕਰ ਨੇ ਵੀ ਭੁੱਖ ਹੜਤਾਲ ਤੁੜਾਉਣ ਲਈ ਪੂਰਾ ਜ਼ੋਰ ਲਾ ਲਿਆ ਤਾਂ ਫਿਰ ਪਰੇਡ ਦੇ ਦਿਨ ਭਾਈ ਕੇਸਰ ਸਿੰਘ ਤੇ ਦੂਜੇ ਸਾਥੀਆਂ ਨੇ ਬਾਰਕਰ ਨੂੰ ਨੋਟਿਸ ਦਿੱਤਾ ਕਿ ਜੇ ਤੂੰ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਨਹੀਂ ਕੱਢੇਂਗਾ ਤਾਂ ਅਸੀਂ ਵੀ ਸੋਹਣ ਸਿੰਘ ਨਾਲ ਭੁੱਖ ਹੜਤਾਲ ਵਿਚ ਸ਼ਾਮਲ ਹੋ ਜਾਵਾਂਗੇ। ‘ਜਮਾਤ ਕਰਾਮਾਤ’ ਮੇਜਰ ਬਾਰਕਰ ਨੇ ਜਦ ਸਾਥੀਆਂ ਦੀ ਏਕਤਾ ਦੇਖੀ ਤਾਂ ਉਹ ਝੁਕ ਗਿਆ ਤੇ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਕੱਢ ਦਿੱਤਾ।”
ਇੰਜ ਹੀ ਇਕ ਵਾਰ ਇਕ ਗੋਰੇ ਸਿਪਾਹੀ ਨੇ ਸਾਰੀ ਹਿੰਦੁਸਤਾਨੀ ਕੌਮ ਨੂੰ ਗਾਲ ਕੱਢੀ ਤਾਂ ਮਾਰਸ਼ਲ ਲਾਅ ਦੇ ਕੈਦੀ ਗੁਜਰਾਤੀ ਮੱਲ ਨੇ ਵੀ ਮੋੜਵੀਂ ਸੁਣਾਈ। ਉਹਨੂੰ ਜਦੋਂ ਛੇ ਮਹੀਨੇ ਕੋਠੀ ਬੰਦ ਤੇ ਬੇੜੀ ਦੀ ਸਜ਼ਾ ਦਿੱਤੀ ਗਈ ਤਾਂ ਛੇ ਨੰਬਰ ਬੈਰਕ ਦੇ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਤੇ ਕਾਰਨ ਪੁੱਛੇ ਜਾਣ ‘ਤੇ ਕੇਸਰ ਸਿੰਘ ਠਠਗੜ੍ਹ ਨੇ ਕਿਹਾ, “ਤੁਹਾਨੂੰ ਬੰਦੂਕਾਂ ਦਾ ਘੁਮੰਡ ਹੈ ਪਰ ਅਸੀਂ ਸਾਫ਼ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਕੌਮੀ ਬੇਇਜ਼ਤੀ ਬਰਦਾਸ਼ਤ ਨਹੀਂ ਕਰਾਂਗੇ।” ਫਲ਼ਸਰੂਪ ਅਗਲੇ ਦਿਨ ਹੀ ਗੁਜਰਾਤੀ ਮੱਲ ਦੀ ਸਜ਼ਾ ਵਾਪਸ ਲੈ ਲਈ ਗਈ ਤੇ ਗੋਰੇ ਨੂੰ ਬਦਲ ਦਿੱਤਾ।
ਸੰਘਰਸ਼ਸ਼ੀਲ ਸਿਰੜੀ ਸੂਰਮਿਆਂ ਦੇ ਦਲੇਰਾਨਾ ਤੇ ਪਰਉਪਕਾਰੀ ਸੁਭਾਅ ਨੂੰ ਵੇਖ ਕੇ ਇਖ਼ਲਾਕੀ ਕੈਦੀਆਂ ਦੇ ਮਨਾਂ ਵਿਚ ਵੀ ਰਾਜਸੀ ਕੈਦੀਆਂ ਲਈ ਸ਼ੁਭ-ਭਾਵਨਾ ਪੈਦਾ ਹੋਣੀ ਸ਼ੁਰੂ ਹੋ ਗਈ। ਰਾਜਸੀ ਕੈਦੀਆਂ ਦੀਆਂ ਆਪਣੀਆਂ ਲਿਖਤਾਂ ਵਿਚੋਂ ਇਖ਼ਲਾਕੀ ਕੈਦੀਆਂ ਦੀ ਅਜਿਹੀ ਸੁਹਿਰਦਤਾ ਦਾ ਸਹਿਜ ਪ੍ਰਗਟਾਵਾ ਹੋਇਆ ਹੈ। ਪੰਜਾਬ ਅਤੇ ਅਹਿਮਦਾਬਾਦ ਤੋਂ ਮਾਰਸ਼ਲ ਲਾਅ ਵਾਲੇ ਨਵੇਂ ਕੈਦੀਆਂ ਨੂੰ ਜਦੋਂ ਕੋਹਲੂ ਪੀੜਨ ਲਈ ਕਿਹਾ ਗਿਆ ਤਾਂ ਉਹ ਇਨਕਾਰੀ ਹੋ ਕੇ ਕੋਹਲੂ ਘਰ ਵਿਚ ਲੇਟ ਗਏ। ਉਨ੍ਹਾਂ ਦੀਆਂ ਮਸ਼ਕਾਂ ਕੱਸ ਕੇ ਕੋਹਲੂ ਦੇ ਡੰਡੇ ਨਾਲ ਜੂੜ ਦਿੱਤਾ। ਫਿਰ ਹੋਰਨਾਂ ਤੋਂ ਕੋਹਲੂ ਚਲਵਾ ਕੇ ਸਤਿਆਗ੍ਰਹੀਆਂ ਨੂੰ ਕੋਹਲੂ ਦੇ ਚਾਰੇ ਪਾਸੇ ਧੂਹਿਆ ਗਿਆ। ਇਸ ਨਾਲ ਉਨ੍ਹਾਂ ਦੇ ਜਿਸਮ ਦਾ ਮਾਸ ਉਡ ਗਿਆ। ਇਹ ਖ਼ਬਰ ਦੂਜੇ ਇਨਕਲਾਬੀਆਂ ਤੱਕ ਪਹੁੰਚਦਿਆਂ ਹੀ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੜਬੜੀ ਦਾ ਡਰ ਵੇਖ ਕੇ ਜੇਲ੍ਹ ਵਾਲਿਆਂ ਨੂੰ ਉਨ੍ਹਾਂ ਨੂੰ ਖੋਲ੍ਹਣਾ ਪੈ ਗਿਆ।
ਇਸ ਤੋਂ ਅਗਲਾ ਹਵਾਲ ਤ੍ਰਿਲੋਕੀ ਨਾਥ ਚੱਕ੍ਰਵਰਤੀ ਦੀ ਲਿਖਤ ਵਿਚ ਇਸ ਤਰ੍ਹਾਂ ਦਰਜ ਹੈ, “(ਇਸ ਘਟਨਾ ਤੋਂ) ਅਗਲੇ ਦਿਨ ਸੁਪਰਡੈਂਟ ਦੇ ਆਉਣ ‘ਤੇ ਮੈਂ ਸਲਾਮ ਕੀਤਾ। ਉਹ ਕੋਠੜੀ ਦੇ ਸਾਹਮਣੇ ਖੜ੍ਹਾ ਹੋਇਆ। ਮੈਂ ਪਿਛਲੇ ਦਿਨ ਦੀ ਘਟਨਾ ਬਾਰੇ ਕਿਹਾ। ਉਹ ਬੋਲਿਆ, ‘ਜੇਲ੍ਹ ਦੇ ਸੁਪਰਡੈਂਟ ਤੁਸੀਂ ਹੋ ਜਾਂ ਮੈਂ?’ ਮੈਂ ਕਿਹਾ, ‘ਜੇਲ੍ਹ ਦੇ ਸੁਪਰਡੈਂਟ ਆਪ ਹੋ, ਇਸੇ ਲਈ ਪੁੱਛ ਰਿਹਾ ਹਾਂ ਕਿ ‘ਮਾਰਸ਼ਲ ਲਾਅ’ ਦੇ ਕੈਦੀਆਂ ‘ਤੇ ਅਜਿਹਾ ਅੱਤਿਆਚਾਰ ਕਿਉਂ ਕੀਤਾ ਗਿਆ?’ ਮੈਨੂੰ ਝਿੜਕਦੇ ਹੋਏ ਉਹਨੇ ਕਿਹਾ, ‘ਤੂੰ ਚੁੱਪ ਰਹਿ ਕੁੱਤੀ ਦਾ ਪੁੱਤ ਨਾ ਹੋਵੇ ਤਾਂ!’ ਇਸ ਤੋਂ ਬਾਅਦ ਮੇਰੇ ਮੂੰਹ ਤੋਂ ਲਗਾਤਾਰ ਹਿੰਦੀ ਅਤੇ ਪੰਜਾਬੀ ਗਾਲਾਂ ਨਿਕਲਣ ਲੱਗੀਆਂ। ਸੁਪਰਡੈਂਟ ਦਾ ਕੋਈ ਸਬੰਧੀ ਇਨ੍ਹਾਂ ਗਾਲ੍ਹਾਂ ਤੋਂ ਨਹੀਂ ਬਚਿਆ। ਸੁਪਰਡੈਂਟ ਉਥੋਂ ਰਫ਼ੂਚੱਕਰ ਹੋ ਗਿਆ। ਬਾਅਦ ਵਿਚ ਪਤਾ ਲੱਗਿਆ ਕਿ ਅੱਜ ਦੇ ਅਪਰਾਧ ਲਈ ਮੈਨੂੰ ਚਾਰ ਦਿਨ ਖਾਣੇ ਦੀ ਥਾਂ ਚੌਲਾਂ ਦੀ ਪਿੱਛ ਮਿਲੇਗੀ। ਇਸ ਦਾ ਮਤਲਬ ਇਹ ਹੋਇਆ ਕਿ ਮੈਨੂੰ ਦੋਵੇਂ ਵਕਤ ਮਿਲਾ ਕੇ ਸਿਰਫ਼ ਇੱਕ ਪੌਂਡ (ਸਾਢੇ ਸੱਤ ਛਟਾਂਕ) ਚੌਲਾਂ ਦੀ ਪਿੱਛ ਮਿਲੇਗੀ। ਦੂਜਾ ਕੋਈ ਖਾਣਾ ਨਹੀਂ ਮਿਲੇਗਾ। ਮੈਂ ਸੁਪਰਡੈਂਟ ਨੂੰ ਗਾਲਾਂ ਕੱਢੀਆਂ ਹਨ, ਇਹ ਖ਼ਬਰ ਥੋੜ੍ਹੀ ਦੇਰ ਵਿਚ ਸਾਰੀ ਜੇਲ੍ਹ ਵਿਚ ਫੈਲ ਗਈ। ਖਾਣੇ ਦੇ ਵਕਤ ਰਸੋਈਏ ਨੇ ਮੈਨੂੰ ਪੁੱਛਿਆ, ‘ਕੀ ਖਾਣਾ ਚਾਹੁੰਦੇ ਹੋ? ਚੌਲ ਜਾਂ ਰੋਟੀ?’ ਮੈਂ ਕਿਹਾ, ‘ਮੈਨੂੰ ਸਜ਼ਾ ਮਿਲੀ ਹੈ, ਮੈਨੂੰ ਚੌਲਾਂ ਦੀ ਪਿੱਛ ਹੀ ਦੇਹ।’ ਉਸ ਨੇ ਕਿਹਾ, ‘ਤੇਰੀ ਬਹਾਦਰੀ ਦੀ ਗੱਲ ਅਸਾਂ ਲੋਕਾਂ ਨੇ ਸੁਣ ਲਈ ਹੈ, ਅਸਾਂ ਚੌਂਕੇ ਵਿਚ ਤੈਅ ਕੀਤਾ ਹੈ ਕਿ ਅਸੀਂ ਤੁਹਾਨੂੰ ਪਿੱਛ ਨਹੀਂ ਪੀਣ ਦਿਆਂਗੇ। ਤੂੰ ਜੋ ਚਾਹੁੰਦਾ ਹੈ, ਤੈਨੂੰ ਖਾਣ ਲਈ ਉਹੋ ਕੁਝ ਦਿਆਂਗੇ।’ ਮੈਂ ਅੱਗਾ-ਪਿੱਛਾ ਕਰ ਹੀ ਰਿਹਾ ਸੀ ਕਿ ਖਾਣਾ ਲਿਆਉਣ ਵਾਲੇ ਨਾਲ ਜੋ ਪੇਟੀ ਅਫ਼ਸਰ ਆਇਆ ਸੀ, ਉਸ ਨੇ ਪਿੱਛ ਜ਼ਮੀਨ ‘ਤੇ ਸੁੱਟਦੇ ਹੋਏ ਕਿਹਾ, ‘ਬੰਗਾਲੀ ਸ਼ੇਰ ਹੈ, ਇਸ ਨੂੰ ਡਬਲ ਖਾਣਾ ਦਿਓ।’ ਇਸ ਦੇ ਬਾਅਦ ਕਿੰਨੇ ਹੀ ਲੋਕ ਮੇਰੀ ਕੋਠੜੀ ਵਿਚ ਛੁਪਾ ਕੇ ਚਟਣੀ ਅਤੇ ਰੋਟੀ ਵੀ ਭੇਜਣ ਲੱਗੇ। ਇੰਨਾ ਖਾਣਾ ਆਉਣ ਲੱਗ ਪਿਆ ਕਿ ਮੈਂ ਖ਼ੁਦ ਖਾ ਕੇ ਉਸ ਨੂੰ ਵੰਡਣ ਵੀ ਲੱਗ ਪਿਆ। ਮੇਰੇ ਚਾਰ ਦਿਨ ਇਸੇ ਤਰ੍ਹਾਂ ਬੀਤ ਗਏ। ਚੌਲਾਂ ਦੀ ਪਿੱਛ ਇੱਕ ਦਿਨ ਵੀ ਨਾ ਪੀਣੀ ਪਈ।”
ਇੰਜ ਦੀ ਹੀ ਇਕ ਘਟਨਾ ਦਾ ਬਿਆਨ ਬਾਬਾ ਪ੍ਰਿਥਵੀ ਸਿੰਘ ਨੇ ਕੀਤਾ ਹੈ। ਉਸ ਦੇ ਇਲਾਕੇ ਦਾ ਇੱਕ ਡਾਕੂ ਸੀ ਰਹਿਮਤ ਅਲੀ ਖਾਂ; ਸ਼ਾਹਬਾਦ ਕਸਬੇ ਦਾ ਵਸਨੀਕ। ਉਹਨੂੰ ਪਤਾ ਲੱਗਾ ਕਿ ਉਹਦੇ ਇਲਾਕੇ ਦਾ ਚੌਧਰੀ ਕੈਦੀ ਬਣ ਕੇ ਜੇਲ੍ਹ ਵਿਚ ਆਇਆ ਹੈ ਤਾਂ ਉਸ ਨੇ ਬਾਬਾ ਪ੍ਰਿਥਵੀ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਸ ਨੂੰ ਨਾਰੀਅਲ ਵਿਚੋਂ ਰੇਸ਼ਾ ਕੱਢਣ ਦੀ ਮੁਸ਼ੱਕਤ ਕਰਨ ਦੀ ਲੋੜ ਨਹੀਂ। ਉਹ ਹਰ ਰੋਜ਼ ਅੱਧਾ ਸੇਰ ਰੇਸ਼ਾ ਉਹਦੇ ਸੈਲ ਵਿਚ ਪਹੁੰਚਾ ਦਿਆ ਕਰੇਗਾ।
ਬਾਬਾ ਪ੍ਰਿਥਵੀ ਸਿੰਘ ਨੇ ਦਿਲ ਨੂੰ ਛੁਹ ਲੈਣ ਵਾਲਾ ਇਕ ਹੋਰ ਹਵਾਲਾ ਵੀ ਦਿੱਤਾ ਹੈ। ਭਾਈ ਭਾਨ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਬਾਬਾ ਸੋਹਣ ਸਿੰਘ ਭਕਨਾ ਨੇ ਭੁੱਖ ਹੜਤਾਲ ਕੀਤੀ ਤਾਂ ਬਾਬਾ ਪ੍ਰਿਥਵੀ ਸਿੰਘ ਨੇ ਵੀ ਭੁੱਖ ਹੜਤਾਲ ਕਰ ਦਿੱਤੀ। ਹੋਰਨਾਂ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ। ਭੁੱਖ ਹੜਤਾਲ ਖ਼ਤਮ ਹੋਣ ‘ਤੇ ਵੀ ਪ੍ਰਿਥਵੀ ਸਿੰਘ ਨੇ ਭੁੱਖ ਹੜਤਾਲ ਜਾਰੀ ਰੱਖੀ ਤਾਂ ਸਾਥੀਆਂ ਨੂੰ ਫ਼ਿਕਰ ਪੈ ਗਿਆ। ਉਹ ਚਾਹੁੰਦੇ ਸਨ ਕਿ ਪ੍ਰਿਥਵੀ ਸਿੰਘ ਨੂੰ ਭੁੱਖ ਹੜਤਾਲ ਛੱਡਣ ਲਈ ਕਿਸੇ ਤਰ੍ਹਾਂ ਮਨਾਇਆ ਜਾਵੇ। ਉਹ ਲਿਖਦੇ ਹਨ, ‘ਮੈਂ ਫੇਰ ਵੀ ਭੁੱਖ ਹੜਤਾਲ ਕਰਨ ‘ਤੇ ਅੜਿਆ ਰਿਹਾ। ਜਗਤ ਰਾਮ ਤੇ ਬਾਬਾ ਸ਼ੇਰ ਸਿੰਘ ਨੇ ਮੇਰੇ ਨਾਲ ਬਹੁਤ ਹਮਦਰਦੀ ਕੀਤੀ। ਜਗਤ ਰਾਮ ਨੇ ਆਪਣੇ ਲਹੂ ਨਾਲ ਰੁੱਕਾ ਲਿਖ ਕੇ ਭੇਜਿਆ ਜਿਸ ਵਿਚ ਭੁੱਖ ਹੜਤਾਲ ਛੱਡਣ ਦੀ ਸਲਾਹ ਦਿੱਤੀ। ਇਸੇ ਕੰਮ ਲਈ ਬਾਬਾ ਸ਼ੇਰ ਸਿੰਘ ਮੈਨੂੰ ਮਿਲਣਾ ਵੀ ਚਾਹੁੰਦੇ ਸਨ ਪਰ ਮਿਲ ਨਾ ਸਕੇ। ਉਨ੍ਹਾਂ ਕੱਚ ਕੁੱਟ ਕੇ ਪੀ ਲਿਆ। ਨਤੀਜਾ ਇਹ ਹੋਇਆ ਕਿ ਉਲਟੀਆਂ ਸ਼ੁਰੂ ਹੋ ਗਈਆਂ ਤੇ ਟੱਟੀ ਨਾਲ ਲਹੂ ਆਉਣ ਲੱਗ ਪਿਆ। ਉਨ੍ਹਾਂ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਉਨ੍ਹਾਂ ਨੂੰ ਦਵਾ ਦੇ ਕੇ ਵਾਪਸ ਸੈਲ ਵਿਚ ਭੇਜ ਦਿੱਤਾ। ਉਨ੍ਹਾਂ ਮੈਨੂੰ ਦਸਿਆ ਕਿ ਇਹ ਕੁਝ ਮੈਂ ਇਉਂ ਕੀਤਾ ਸੀ ਤਾਂ ਜੁ ਤੈਨੂੰ ਮਿਲ ਕੇ ਭੁੱਖ ਹੜਤਾਲ ਛੱਡਣ ਲਈ ਕਹਾਂ। ਇਸ ਉਤੇ ਮੈਨੂੰ ਰੋਣਾ ਆਇਆ ਕਿ ਉਨ੍ਹਾਂ ਮੇਰੇ ਲਈ ਏਡਾ ਵੱਡਾ ਖਤਰਾ ਸਹੇੜਿਆ ਸੀ।’
ਇਹ ਵੇਰਵਾ ਦੱਸਦਾ ਹੈ ਕਿ ਫ਼ੌਲਾਦੋਂ ਕਰੜੇ ਇਹ ਸੂਰਮੇ ਧੁਰ ਅੰਦਰ ਕਿੰਨੇ ਕੂਲੇ ਤੇ ਸੰਵੇਦਨਸ਼ੀਲ ਸਨ ਅਤੇ ਆਪਣੇ ਸਾਥੀਆਂ ਦੀ ਪੀੜ ਤੇ ਦੁੱਖ ਨੂੰ ਕਿਸ ਕਦਰ ਮਹਿਸੂਸ ਕਰਦੇ ਸਨ!
ਇਸੇ ਭਾਈ ਸ਼ੇਰ ਸਿੰਘ ਨੇ ਇਕ ਵਾਰ ਜਿਸ ਅੰਦਾਜ਼ ਵਿਚ ਸ੍ਰੀ ਤ੍ਰਿਲੋਕੀ ਨਾਥ ਦੀ ਸਹਾਇਤਾ ਕੀਤੀ, ਉਸ ਦਾ ਜ਼ਿਕਰ ਵੀ ਡਾਢਾ ਦਿਲਚਸਪ ਹੈ। ਤ੍ਰਿਲੋਕੀ ਨਾਥ ਨੂੰ ਉਸ ਦੇ ਸਾਥੀ ਫ਼ਣੀ ਬਾਬੂ ਨੇ ਇਕ ਸੇਰ ਤੇਲ ਦਾ ਇੰਤਜ਼ਾਮ ਕਰਨ ਲਈ ਕਿਹਾ। ਤ੍ਰਿਲੋਕੀ ਨਾਥ ਨੇ ਕੋਹਲੂ ਘਰ ਦੇ ਕਿਸੇ ਬੰਦੇ ਤੋਂ ਤੇਲ ਦਾ ਪ੍ਰਬੰਧ ਤਾਂ ਕਰ ਲਿਆ ਪਰ ਰਾਹ ਵਿਚ ਆਉਂਦਿਆਂ ਉਹ ਤੇਲ ਸਮੇਤ ਫੜਿਆ ਗਿਆ। ਇਸੇ ਸਮੇਂ ਭਾਈ ਸ਼ੇਰ ਸਿੰਘ ਆ ਗਿਆ। ਉਹ ਸਮਝ ਗਿਆ ਸੀ ਕਿ ਤ੍ਰਿਲੋਕੀ ਨਾਥ ਨੂੰ ਤੇਲ ਸਮੇਤ ਜੇਲ੍ਹਰ ਕੋਲ ਪੇਸ਼ ਕਰ ਕੇ ਸਜ਼ਾ ਦਿਵਾਈ ਜਾਏਗੀ। ਉਸ ਨੇ ਮੁੱਦਾ ਹੀ ਗ਼ਾਇਬ ਕਰ ਦੇਣ ਦੀ ਠਾਣ ਲਈ। ਬੜੀ ਨਿਮਰਤਾ ਨਾਲ ਟੈਂਡਲ ਨੂੰ ‘ਜੀ ਹਜ਼ੂਰ! ਜਨਾਬ!’ ਆਦਿ ਆਖ ਕੇ ਸਾਰੇ ਮਾਮਲੇ ਬਾਰੇ ਜਾਣਨਾ ਚਾਹਿਆ ਤਾਂ ਟੈਂਡਲ ਨੇ ਤੇਲ ਚੋਰੀ ਕਰਨ ਦੀ ਸਾਰੀ ਕਹਾਣੀ ਦੱਸ ਦਿੱਤੀ। ਭਾਈ ਸ਼ੇਰ ਸਿੰਘ ਕਹਿੰਦਾ, “ਐਸੀ ਗੱਲ ਹੈ। ਵੇਖਾਂ ਕਿੰਨਾ ਕੁ ਤੇਲ ਚੁਰਾਇਆ ਹੈ।” ਇਹ ਕਹਿੰਦਿਆਂ ਟੈਂਡਲ ਦੇ ਹੱਥੋਂ ਤੇਲ ਵਾਲਾ ਬਰਤਨ ਫੜ ਲਿਆ ਤੇ ਇਕੋ ਸਾਹੇ ਸਾਰਾ ਤੇਲ ਪੀ ਕੇ ਬਰਤਨ ਭੁੰਜੇ ਸੁੱਟਦਿਆਂ ਟੈਂਡਲ ਨੂੰ ਕਿਹਾ, “ਲੈ ਸਾਲਿਆ! ਹੁਣ ਇਹਨੂੰ ਲੈ ਜਾ ਜਿੱਥੇ ਲਿਜਾਣਾ ਐ।” ਟੈਂਡਲ ਨੇ ਜਦੋਂ ਵੇਖਿਆ ਕਿ ਸਬੂਤ ਹੀ ਖ਼ਤਮ ਹੋ ਗਿਐ ਤਾਂ ਉਹ ਬੁੜਬੁੜ ਕਰਦਾ ਉਥੋਂ ਚਲਾ ਗਿਆ।
ਅਜਿਹਾ ਕਰ ਕੇ ਭਾਈ ਸ਼ੇਰ ਸਿੰਘ ਨੇ ਤ੍ਰਿਲੋਕੀ ਨਾਥ ਚੱਕ੍ਰਵਰਤੀ ਦੀ ਸਹਾਇਤਾ ਤਾਂ ਕਰ ਦਿੱਤੀ ਪਰ ਪਾਠਕ ਨੂੰ ਪੜ੍ਹਦਿਆਂ ਇਹ ਖ਼ਿਆਲ ਜ਼ਰੂਰ ਆਉਂਦਾ ਹੋਏਗਾ ਕਿ ਕੀ ਭਾਈ ਸ਼ੇਰ ਸਿੰਘ ਇੰਨਾ ਤੇਲ ਪਚਾ ਵੀ ਸਕਿਆ ਹੋਊ ਜਾਂ ਨਹੀਂ? ਜਿੱਥੇ ਬੰਗਾਲੀ ਬਾਬੂ ਪਤਲੇ ਤੇ ਹੌਲੇ ਜਿਸਮਾਂ ਵਾਲੇ ਸਨ, ਉਥੇ ਪੰਜਾਬੀ ਇਨਕਲਾਬੀ ਦਮਦਾਰ ਤੇ ਤਕੜੇ ਜੁੱਸਿਆਂ ਵਾਲੇ ਸਨ। ਉਨ੍ਹਾਂ ਦਾ ਇਕੱਲੇ-ਇਕੱਲੇ ਦਾ ਭਾਰ ਦੋ-ਦੋ, ਢਾਈ-ਢਾਈ ਸੌ ਪੌਂਡ ਸੀ। ਦੱਸਿਆ ਗਿਆ ਹੈ ਕਿ ਉਹ ਤਾਂ ਇੰਨੇ ਤਕੜੇ ਤੇ ਕੱਦਾਵਰ ਸਨ ਕਿ ਕੱਲ੍ਹਾ-ਕੱਲ੍ਹਾ ਪੂਰਾ ਬੱਕਰਾ ਖਾ ਕੇ ਪਚਾ ਸਕਦਾ ਸੀ। ਇਕ ਦਿਨ ਭਾਈ ਸ਼ੇਰ ਸਿੰਘ ਨੂੰ ਬਾਲਟੀ ਦੁੱਧ ਦੀ ਵਿਖਾ ਕੇ ਡਾਕਟਰ ਨੇ ਪੁੱਛਿਆ ਕਿ ਉਹ ਸਾਰਾ ਦੁੱਧ ਪੀ ਸਕਦਾ ਹੈ? ਬਾਲਟੀ ਵਿਚ ਦਸ ਸੇਰ ਦੁੱਧ ਸੀ। ਸ਼ੇਰ ਸਿੰਘ ਨੇ ਉਸੇ ਵੇਲੇ ਬਾਲਟੀ ਚੁੱਕੀ ਤੇ ਸਾਰਾ ਦੁੱਧ ਇੱਕੋ ਝੀਕ ਵਿਚ ਪੀ ਕੇ ਬਾਲਟੀ ਖਾਲੀ ਕਰ ਦਿੱਤੀ। ਇਹੋ ਕਾਰਨ ਸੀ ਕਿ ਜਿੱਥੇ ਡੰਡਾ-ਬੇੜੀ, ਖੜੀ ਹੱਥਕੜੀ ਤੇ ਇਕਾਂਤ ਕੈਦ ਦੀਆਂ ਸਜ਼ਾਵਾਂ ਬੜੀਆਂ ਮਾਰੂ ਸਨ, ਉਥੇ ਇਨ੍ਹਾਂ ਪੰਜਾਬੀਆਂ ਲਈ ‘ਘੱਟ ਖ਼ੁਰਾਕ’ ਦੀ ਸਜ਼ਾ ਵੀ ਘੱਟ ਨਹੀਂ ਸੀ। ਜੇਲ੍ਹ ਵਿਚ ਮਿਲਦੀ ਆਮ ਖ਼ੁਰਾਕ ਨਾਲ ਤਾਂ ਸਰੀਰ ਦੇ ਮਾੜਚੂ ਜਿਹੇ ਬੰਗਾਲੀ ਕੈਦੀਆਂ ਦੀ ਭੁੱਖ ਵੀ ਨਹੀਂ ਸੀ ਮਿਟਦੀ ਤਾਂ ਪੰਜਾਬੀਆਂ ਦਾ ਓਨੀ ਕੁ ਖ਼ੁਰਾਕ ਨਾਲ ਕੀ ਗੁਜ਼ਾਰਾ ਹੁੰਦਾ ਹੋਏਗਾ! ਇਸੇ ਕਰ ਕੇ ਉਹ ਹਾਸੇ ਹਾਸੇ ਵਿਚ ਇਹ ਕਿਹਾ ਕਰਦੇ ਸਨ ਕਿ ਘੱਟ ਖਾ ਕੇ ਅੱਧੇ-ਪੌਣੇ ਭੁੱਖੇ ਰਹਿਣ ਨਾਲੋਂ ਤਾਂ ਭੁੱਖ ਹੜਤਾਲ ਕਰ ਲੈਣੀ ਹੀ ਚੰਗੀ ਹੈ। ਰੋਟੀ ਦੀ ਭੁੱਖ ਕਾਰਨ ਤੇ ਰੋਜ਼ ਦੀਆਂ ਸਜ਼ਾਵਾਂ ਕਾਰਨ ਉਨ੍ਹਾਂ ਦਾ ਭਾਰ ਚਾਲੀ-ਚਾਲੀ, ਪੰਜਾਹ-ਪੰਜਾਹ ਪੌਂਡ ਘਟ ਗਿਆ ਸੀ।
ਇੰਨੀਆਂ ਯਾਤਨਾਵਾਂ ਦੇ ਬਾਵਜੂਦ ਇਨਕਲਾਬੀਆਂ ਦੀ ਜ਼ਿੰਦਾ-ਦਿਲੀ ਕਾਇਮ ਸੀ। ਮਰਨ-ਹਾਰ ਹਾਲਾਤ ਦੇ ਹਨੇਰੇ ਵਿਚ ਵੀ ਉਹ ਜਿਉਣ ਵਾਸਤੇ ਚਾਨਣ ਦੀ ਕੋਈ ਕਾਤਰ ਲੱਭ ਲੈਂਦੇ। ਗ਼ਦਰੀ ਸੂਰਮੇ ਗ਼ਦਰ ਦੀ ਗੂੰਜ ਦੀਆਂ ਕਵਿਤਾਵਾਂ ਵੀ ਪੜ੍ਹਦੇ ਤੇ ਆਪ ਵੀ ਟੋਟਕੇ ਜੋੜ ਜੋੜ ਕੇ ਗਾਉਂਦੇ ਰਹਿੰਦੇ। ਉਹ ਅਕਸਰ ਇੱਕ ਦੂਜੇ ਨਾਲ ਹਾਸਾ-ਠੱਠਾ ਵੀ ਕਰਦੇ ਰਹਿੰਦੇ। ਵੱਡ-ਆਕਾਰੀ ਜਿਸਮਾਂ ਕਰ ਕੇ ਉਨ੍ਹਾਂ ਨੇ ਭਾਈ ਜਵਾਲਾ ਸਿੰਘ ਦਾ ਮਖ਼ੌਲੀਆ ਨਾਂ ‘ਭਾਈ ਢੋਲ’ ਅਤੇ ‘ਭਾਈ ਹਾਥੀ’ ਪਾਇਆ ਹੋਇਆ ਸੀ। ਉਹ ਬੇੜੀਆਂ ਪਹਿਨੇ ਹੋਏ ਵੀ ਆਪਸ ਵਿਚ ਦੌੜਾਂ ਲਾਉਂਦੇ। ਕੰਬਲ ਜਾਂ ਕੁੜਤੇ ਦੀ ਗੇਂਦ ਬਣਾ ਕੇ ਫੁੱਟਬਾਲ ਖੇਡਦੇ। ਨੀਰਸ ਤੇ ਬੇਰੰਗ ਜ਼ਿੰਦਗੀ ਵਿਚ ਰੰਗ ਭਰਨ ਦਾ ਇਸ ਤੋਂ ਵਧੀਆ ਤਰੀਕਾ ਤੇ ਸਲੀਕਾ ਹੋਰ ਕੀ ਹੋ ਸਕਦਾ ਸੀ! ਤ੍ਰਿਲੋਕੀ ਨਾਥ ਚੱਕ੍ਰਵਰਤੀ ‘ਜੇਲ੍ਹ ਵਿਚ ਤੀਹ ਵਰ੍ਹੇ’ ਨਾਂ ਦੀ ਕਿਤਾਬ ਵਿਚ ਲਿਖਦੇ ਹਨ: ਅਸੀਂ ਲੋਕ ਭਾਰਤ ਦੇ ਭਵਿੱਖ ਦੇ ਬਾਰੇ ਵਿਚ ਕਦੇ-ਕਦੇ ਬਹਿਸ ਕਰਦੇ ਸੀ-ਦੇਸ਼ ਆਜ਼ਾਦ ਹੋਣ ‘ਤੇ ਸਰਕਾਰ ਕਿਹੋ ਜਿਹੀ ਬਣੇਗੀ, ਰਾਜਧਾਨੀ ਕਿੱਥੇ ਹੋਵੇਗੀ, ਰਾਸ਼ਟਰ ਭਾਸ਼ਾ ਕਿਹੜੀ ਹੋਵੇਗੀ ਆਦਿ। ਸਾਡੇ ਲੋਕਾਂ ਵਿਚ ਹਿੰਸਾ-ਅਹਿੰਸਾ, ਸ਼ਾਕਾਹਾਰੀ-ਮਾਸਾਹਾਰੀ ਖਾਣੇ ਨੂੰ ਲੈ ਕੇ ਬਹਿਸ ਹੁੰਦੀ ਸੀ। ਮਾਸਾਹਾਰੀ ਭੋਜਨ ਨੂੰ ਲੈ ਕੇ ਕੇਸਰ ਸਿੰਘ ਕਿਹਾ ਕਰਦੇ ਸੀ ਕਿ ਅਸੀਂ ਮਾਸ-ਮੱਛੀ ਕਿਉਂ ਨਾ ਖਾਈਏ? ਇਸ ਨਾਲ ਦੇਸ਼ ਦਾ ਕੀ ਨੁਕਸਾਨ ਹੋ ਰਿਹਾ ਹੈ ਕਿ ਉਸ ਨੂੰ ਨਾ ਖਾਣ ਨਾਲ ਦੇਸ਼ ਦਾ ਉਪਕਾਰ ਹੋਵੇਗਾ। ਬੱਕਰੇ ਦੀ ਅਗਰ ਜੱਜ ਜਾਂ ਮੈਜਿਸਟ੍ਰੇਟ ਬਣਨ ਦੀ ਸੰਭਾਵਨਾ ਹੁੰਦੀ ਜਾਂ ਅਗਰ ਉਹ ਦੇਸ਼ ਭਗਤ ਬਣ ਕੇ ਦੇਸ਼ ਦੀ ਆਜ਼ਾਦੀ ਲਈ ਲੜ ਸਕਦਾ ਤਾਂ ਉਸ ਨੂੰ ਮਾਰ ਕੇ ਪੇਟ ਭਰਨਾ ਅਨਿਆਂ ਹੁੰਦਾ। ਜਦ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਤਾਂ ਉਸ ਨੂੰ ਕਿਉਂ ਨਾ ਖਾਧਾ ਜਾਏ। ਇਹ ਸਾਡੇ ਖਾਣ ਲਈ ਹੀ ਤਾਂ ਬਣਾਏ ਗਏ ਨੇ।”
ਜੇਲ੍ਹਾਂ ਵਿਚਲੇ ਕੈਦੀਆਂ ਬਾਰੇ ਸਮਾਜ ਵਿਗਿਆਨੀਆਂ ਤੇ ਮਨੋਵਿਗਿਆਨੀਆਂ ਦਾ ਆਮ ਮੱਤ ਹੈ ਕਿ ਜੇਲ੍ਹ ਵਿਚ ਜਾ ਕੇ ਆਦਮੀ ਦੇ ਆਪਣੇ ਦੁਆਲੇ ਲਪੇਟੇ ਸਾਰੇ ਸਮਾਜਕ-ਸਭਿਆਚਾਰਕ ਪਰਦੇ ਉਤਰ ਜਾਂਦੇ ਹਨ ਤੇ ਉਹਦਾ ਕਿਰਦਾਰ ਉਹਦੀ ਮੂਲ ਹਸਤੀ ਸਮੇਤ ਉਜਾਗਰ ਹੋ ਜਾਂਦਾ ਹੈ। ਜਿਹੜੀਆਂ ਮਾਨਵੀ ਕਮਜ਼ੋਰੀਆਂ ਲੁਕਾ ਕੇ ਉਹ ਬਾਹਰਲੇ ਸਮਾਜ ਵਿਚ ਵਿਚਰਦਾ ਰਿਹਾ ਹੁੰਦਾ ਹੈ ਤੇ ਆਪਣੇ ‘ਬੀਬੇ-ਰਾਣੇ ਤੇ ਸਿਆਣੇ ਹੋਣ’ ਦਾ ਓਹਲਾ ਸਿਰਜੀ ਰੱਖਦਾ ਹੈ, ਉਹੀ ਕਮਜ਼ੋਰੀਆਂ ਜੇਲ੍ਹ ਵਿਚ ਆ ਕੇ ਆਪਣੀਆਂ ਸਾਰੀਆਂ ਪਰਤਾਂ ਸਮੇਤ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਾਹਰ ‘ਵੱਡਿਆਂ’ ਮਸਲਿਆਂ ਲਈ ਲੜਨ ਵਾਲੇ ‘ਵੱਡੇ’ ਦਿਸਣ ਵਾਲੇ ਬੰਦੇ ਜੇਲ੍ਹ ਵਿਚ ਆ ਕੇ ‘ਛੋਟੇ’ ਬਣ ਜਾਂਦੇ ਹਨ। ਉਨ੍ਹਾਂ ਦੀਆਂ ਕਮਜ਼ੋਰੀਆਂ ਲਿਸ਼ਕ ਉਠਦੀਆਂ ਹਨ ਪਰ ਅਸ਼ਕੇ ਉਨ੍ਹਾਂ ਦੇਸ਼ ਭਗਤਾਂ ਦੇ ਜਿਨ੍ਹਾਂ ਕਾਲੇ ਪਾਣੀਆਂ ਦੀ ਹਨੇਰੀ ਜ਼ਿੰਦਗੀ ਵਿਚ ਹਿੰਮਤ ਤੇ ਹੌਸਲੇ ਦੇ ਚਿਰਾਗ਼ ਬਾਲੀ ਰੱਖੇ। ਜ਼ੁਲਮ-ਜਬਰ ਦੇ ਪਹਾੜੀ ਭਾਰ ਆਪਣੀਆਂ ਛਾਤੀਆਂ ‘ਤੇ ਪੂਰੇ ਦਿਲ-ਗੁਰਦੇ ਨਾਲ ਠੱਲ੍ਹੀ ਰੱਖੇ। ਬਲਦੀਆਂ ਭੱਠੀਆਂ ਵਿਚ ਉਹ ਕੱਖਾਂ-ਕਾਨਾਂ ਵਾਂਗ ਬਲ ਕੇ ਬੁਝ ਜਾਣ ਦੀ ਥਾਂ ਕੁਠਾਲੀ ਵਿਚ ਪਏ ਸੋਨੇ ਵਾਂਗ ਹੋਰ ਵੀ ਕੁੰਦਨ ਹੋ ਕੇ ਨਿਕਲੇ। ਉਨ੍ਹਾਂ ਦੇ ਇਸੇ ਸਿਰੜ, ਸਿਦਕ, ਜੇਰੇ ਅਤੇ ਅਜਿੱਤ ਰਹਿਣ ਦੀ ਤਾਕਤ ਨੇ ਜੇਲ੍ਹ ਅਧਿਕਾਰੀਆਂ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਜੇਲ੍ਹਰ ਬੈਰੀ ਨੇ ਹੱਥ ਖੜ੍ਹੇ ਕਰ ਜਾਣ ਵਾਲੀ ਸਥਿਤੀ ਵਿਚ ਆ ਕੇ ਜੇਲ੍ਹ ਦਾ ਪ੍ਰਬੰਧ ਕਿਸੇ ਹੋਰ ਨੂੰ ਦੇਣ ਦੀ ਬੇਨਤੀ ਕਰ ਕੇ ਛੁੱਟੀ ਪਾ ਲਈ। ਉਸ ਤੋਂ ਪਿੱਛੋਂ ਆਉਣ ਵਾਲੇ ਜੇਲ੍ਹਰ ਮਿਸਟਰ ਡਿਗਨ ਨੇ ਪਹਿਲੇ ਜੇਲ੍ਹਰ ਦੇ ਤਜਰਬੇ ਤੋਂ ਸਿੱਖਦਿਆਂ ਆਪਣੇ ਵਿਹਾਰ ਨੂੰ ਬੈਰੀ ਤੋਂ ਵੱਖਰਾ ਰੱਖ ਕੇ ਤੇ ਕੈਦੀਆਂ ਨਾਲ ਸਹਿਯੋਗ ਨਾਲ ਚੱਲਣ ਦਾ ਫ਼ੈਸਲਾ ਕਰ ਕੇ ਜੇਲ੍ਹ ਦੇ ਵਾਤਾਵਰਣ ਨੂੰ ਸੁਖਾਵਾਂ ਬਣਾ ਲਿਆ।
ਸੈਲੂਲਰ ਜੇਲ੍ਹ ਦੇ ਨਰਕੀ ਹਾਲ-ਹਵਾਲ ਪਹਿਲਾਂ ‘ਰੋਜ਼ਾਨਾ ਬੰਗਾਲੀ’ ਵਿਚ ਛਪਣ ਅਤੇ ਉਸ ਤੋਂ ਬਾਅਦ ‘ਮਾਡਰਨ ਰਿਵਿਊ’ ਵਿਚ ਪ੍ਰਕਾਸ਼ਿਤ ਹੋਣ ਨਾਲ ਸਾਰੇ ਦੇਸ਼ ਵਿਚ ਰੌਲਾ ਪੈ ਗਿਆ। ਮਜਬੂਰ ਹੋ ਕੇ ਸਰਕਾਰ ਨੂੰ ਜੇਲ੍ਹ ਦੇ ਹਾਲਾਤ ਦਾ ਅਧਿਅਨ ਕਰਨ ਲਈ ਕਮਿਸ਼ਨ ਭੇਜਣਾ ਪਿਆ। ਕੈਦੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕਮਿਸ਼ਨ ਨੇ ਜੇਲ੍ਹ ਦੀ ਮਾੜੀ ਹਾਲਤ ਦੀ ਰਿਪੋਰਟ ਕੀਤੀ ਤਾਂ ਸਰਕਾਰ ਨੇ ਜੇਲ੍ਹ ਨੂੰ ਤੋੜਨ ਤੇ ਰਾਜਸੀ ਕੈਦੀਆਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਭੇਜਣ ਦਾ ਐਲਾਨ ਕਰ ਦਿੱਤਾ। ਦੂਜੀ ਜੰਗ ਦੇ ਖ਼ਾਤਮੇ ‘ਤੇ ਸਰਕਾਰ ਨੇ ਬਹੁਤ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਵੀ ਫ਼ੈਸਲਾ ‘ਸ਼ਾਹੀ ਐਲਾਨ’ ਰਾਹੀਂ ਕਰ ਦਿੱਤਾ। ਇੰਜ ਲੰਮੀਆਂ ਕੈਦਾਂ ਵਾਲੇ ਰਾਜਸੀ ਕੈਦੀਆਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਭੇਜ ਦਿੱਤਾ ਜਿੱਥੇ ਉਨ੍ਹਾਂ ਉਸੇ ਹੀ ਮਾਣ ਤੇ ਸ਼ਾਨ ਨਾਲ ਆਪਣੀਆਂ ਕੈਦਾਂ ਭੋਗੀਆਂ। ਇਹ ਵੱਖਰੀ ਗੱਲ ਹੈ ਕਿ ਜੇਲ੍ਹ ਤੋੜਨ ਦੇ ਐਲਾਨ ਤੋਂ ਪਿੱਛੋਂ ਵੀ ਰਾਜਸੀ ਕੈਦੀ ਅੰਡੇਮਾਨ ਭੇਜੇ ਜਾਂਦੇ ਰਹੇ।
ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਵੀ 1919 ਵਿਚ ਹੋਏ ‘ਸ਼ਾਹੀ ਐਲਾਨ’ ਤੋਂ ਬਾਅਦ ਉਮਰ ਕੈਦ ਦੀ ਰਹਿੰਦੀ ਸਜ਼ਾ ਕੱਟਣ ਲਈ ਦੇਸ਼ ਭੇਜ ਦਿੱਤਾ ਗਿਆ ਸੀ ਪਰ ਉਹ ਇਕ ਜੇਲ੍ਹ ਤੋਂ ਦੂਜੀ ਵਿਚ ਤਬਦੀਲ ਕੀਤੇ ਜਾਣ ਸਮੇਂ ਹੱਥਕੜੀਆਂ ਤੇ ਬੇੜੀਆਂ ਸਮੇਤ ਫ਼ਰਾਰ ਹੋ ਗਏ ਸਨ। ਜਦੋਂ ਉਨ੍ਹਾਂ ਨੂੰ 1937 ਵਿਚ ਦੁਬਾਰਾ ਗ੍ਰਿਫ਼ਤਾਰ ਕੀਤਾ ਤਾਂ ਬਣਦੀ ਕੈਦ ਕੱਟਣ ਲਈ ਮੁੜ ਅੰਡੇਮਾਨ ਭੇਜ ਦਿੱਤਾ। ਬਾਬਾ ਜੀ ਅਨੁਸਾਰ, ‘ਸਾਡਾ ਸਾਰਿਆਂ ਦਾ ਖ਼ਿਆਲ ਸੀ ਕਿ ਇਹ ਕਾਲੇ ਪਾਣੀ ਦੀ ਜੇਲ੍ਹ ਅੱਗੇ ਤੋਂ ਰਾਜਸੀ ਕੈਦੀਆਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੀ ਗਈ ਹੈ, ਪਰ ਪਿਛੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਮੈਨੂੰ ਲਾਹੌਰ ਤੋਂ ਪਕੜ ਕੇ ਮੁੜ ਕਾਲੇ ਪਾਣੀ ਹੀ ਭੇਜਿਆ ਗਿਆ। ਉਥੇ ਜਾ ਕੇ ਮੈਂ ਡਿੱਠਾ ਕਿ ਅੰਗਰੇਜ਼ ਨੇ ਕਈ ਦਰਜਨਾਂ ਪੰਜਾਬੀ, ਬੰਗਾਲੀ, ਬਿਹਾਰੀ ਅਤੇ ਯੂæਪੀæ ਦੇ ਸਾਥੀਆਂ ਨੂੰ ਅਜੇ ਵੀ ਉਥੇ ਡੱਕਿਆ ਹੋਇਆ ਸੀ ਪਰ ਪਹਿਲੀ ਕਾਲੇ ਪਾਣੀ ਦੀ ਜੇਲ੍ਹ ਤੋਂ ਹੁਣ ਦੀ ਹਾਲਤ ਦਾ ਨਕਸ਼ਾ ਕਾਫ਼ੀ ਵੱਖਰਾ ਸੀ। ਹੁਣ ਸਾਰੇ ਰਾਜਸੀ ਕੈਦੀ ਆਜ਼ਾਦੀ ਨਾਲ ਇਕ ਦੂਜੇ ਨਾਲ ਮਿਲ ਗਿਲ ਸਕਦੇ ਸਨ, ਉਨ੍ਹਾਂ ਤੋਂ ਕੋਈ ਸਖ਼ਤ ਜਿਸਮਾਨੀ ਮੁਸ਼ੱਕਤ ਵੀ ਨਹੀਂ ਸੀ ਲਈ ਜਾਂਦੀ, ਜੇਲ੍ਹ ਵਿਚ ਰੌਸ਼ਨੀ ਦਾ ਪ੍ਰਬੰਧ ਵੀ ਸੀ ਅਤੇ ਮਿੱਠਾ ਪਾਣੀ ਜੋ ਪਹਿਲਾਂ ਪੀਣ ਵਾਸਤੇ ਤੋਲਵਾਂ ਮਿਲਦਾ ਸੀ, ਹੁਣ ਆਮ ਵਰਤਿਆ ਜਾਂਦਾ ਸੀ। ਇਸ ਦੇ ਬਾਵਜੂਦ ਤਦੋਂ ਦੇ ਰਾਜਸੀ ਕੈਦੀਆਂ ਨੇ ਇਹ ਪ੍ਰਣ ਕਰ ਲਿਆ ਕਿ ਜ਼ਾਰ ਦੇ ਦੋਜਖ਼ੀ ਸਾਇਬੇਰੀਆ ਸਮਾਨ ਅੰਡੇਮਾਨ ਦੀ ਇਸ ਜੇਲ੍ਹ ਨੂੰ ਰਾਜਸੀ ਕੈਦੀਆਂ ਦੀ ਜੇਲ੍ਹ ਦੇ ਤੌਰ ‘ਤੇ ਵਰਤੇ ਜਾਣ ਤੋਂ ਉਹ ਸਦਾ ਲਈ ਬੰਦ ਕਰਾ ਕੇ ਹੀ ਦਮ ਲੈਣਗੇ।’
‘ਉਸ ਸਮੇਂ ਚਿਟਾਗਾਂਗ ਕੇਸ ਦੇ ਬਹਾਦਰ ਬੰਗਾਲੀ, ਭਗਤ ਸਿੰਘ ਕੇਸ ਦੇ ਪੰਜਾਬੀ ਅਤੇ ਹਿੰਦੁਸਤਾਨੀ, ਉਟਾਕਮੰਡ ਡਕੈਤੀ ਕੇਸ ਦੇ ਬਹਾਦਰ ਹਜ਼ਾਰਾ ਸਿੰਘ ਜਿਸ ਨੂੰ ਪਿਛੋਂ ਟਾਟਾ ਨਗਰ ਵਿਚ ਸ਼ ਬਲਦੇਵ ਸਿੰਘ ਦੀ ਕਾਰ ਹੇਠ ਦੇ ਕੇ ਮਾਰ ਦਿੱਤਾ ਗਿਆ ਸੀ-ਆਦਿਕ ਅਜਿਹੇ ਸਾਥੀਆਂ ਨੇ ਸਖ਼ਤ ਜਦੋਜਹਿਦ ਕਰ ਕੇ ਛੇ ਮਹੀਨੇ ਦੇ ਅੰਦਰ-ਅੰਦਰ ਹੀ ਇਹ ਜੇਲ੍ਹ ਬੰਦ ਕਰਵਾ ਦਿੱਤੀ। ਉਸ ਤੋਂ ਪਿਛੋਂ ਅੰਗਰੇਜ਼ੀ ਸਰਕਾਰ ਨੇ ਅੰਡੇਮਾਨ ਵਿਚ ਰਾਜਸੀ ਕੈਦੀਆਂ ਨੂੰ ਭੇਜਣ ਦਾ ਵਿਚਾਰ ਸਦਾ ਲਈ ਤਿਆਗ ਦਿੱਤਾ।’
ਰਾਜਸੀ ਕੈਦੀਆਂ ਨੂੰ ਇਕ ਵਾਰ ਦੇਸ਼ ਦੀਆਂ ਜੇਲ੍ਹਾਂ ਵਿਚ ਭੇਜਣ ਦਾ ਫ਼ੈਸਲਾ ਕਰਨ ਤੋਂ ਬਾਅਦ ਵੀ ਵੱਖ-ਵੱਖ ਇਨਕਲਾਬੀ ਤਹਿਰੀਕਾਂ ਦੇ ਕਾਰਕੁਨਾਂ ਨੂੰ ਅੰਡੇਮਾਨ ਭੇਜਿਆ ਜਾਂਦਾ ਰਿਹਾ। ਇਨ੍ਹਾਂ ਵਿਚ ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਲਹਿਰ, ਕਮਿਊਨਿਸਟ ਲਹਿਰ ਆਦਿ ਨਾਲ ਸਬੰਧਤ ਕੈਦੀਆਂ ਸਮੇਤ ਇਖ਼ਲਾਕੀ ਕੈਦੀਆਂ ਨੂੰ ਅੰਡੇਮਾਨ ਭੇਜਣ ਦੇ ਹਵਾਲੇ ਮਿਲਦੇ ਹਨ।
ਅਸਲ ਵਿਚ ਅੰਗਰੇਜ਼ ਸਰਕਾਰ ਇਸ ਬਸਤੀ ਨੂੰ ਆਬਾਦ ਕਰਨਾ ਚਾਹੁੰਦੀ ਸੀ। ਇਸ ਮਕਸਦ ਲਈ ਉਨ੍ਹਾਂ ਨੂੰ ਇਥੋਂ ਦੇ ਜੰਗਲ ਕੱਟਣ, ਜ਼ਮੀਨਾਂ ਪੱਧਰਾ ਕਰਨ ਤੇ ਸੰਵਾਰਨ ਆਦਿ ਜਿਹੇ ਲੰਮੇ ਤੇ ਮੁਸ਼ਕਿਲਾਂ ਭਰੇ ਕੰਮ ਕਰਨ ਲਈ ਆਦਮੀਆਂ ਦੀ ਜ਼ਰੂਰਤ ਸੀ। ਉਹ ਇਸ ਮਕਸਦ ਲਈ ਕੈਦੀਆਂ ਦੀ ਵਰਤੋਂ ਕਰਨਾ ਚਾਹੁੰਦੇ ਸਨ। ਸਰਕਾਰ ਦਾ ਇਹ ਵੀ ਉਦੇਸ਼ ਸੀ ਕਿ ਇਥੇ ਆਏ ਕੈਦੀ ਇਥੇ ਹੀ ਪਰਿਵਾਰਾਂ ਸਮੇਤ ਵੱਸ ਜਾਣ। ਮਾਰਚ 1927 ਵਿਚ ਤਾਂ ਸਰਕਾਰ ਨੇ ਇਹ ਕਾਨੂੰਨ ਹੀ ਪਾਸ ਕਰ ਦਿੱਤਾ ਕਿ ਕਾਲੇ ਪਾਣੀ ਦੀ ਸਜ਼ਾ-ਯਾਫ਼ਤਾ ਜਿਹੜਾ ਕੈਦੀ ਪੱਕੇ ਤੌਰ ‘ਤੇ ਉਥੇ ਆਬਾਦ ਹੋਣਾ ਚਾਹੁੰਦਾ ਹੈ, ਉਹ ਆਪਣੇ ਪਰਿਵਾਰ ਨੂੰ ਵੀ ਮੰਗਵਾ ਸਕਦਾ ਹੈ। ਸਰਕਾਰ ਨੇ ਇਹ ਵੀ ਛੋਟ ਦਿੱਤੀ ਕਿ ਆਬਾਦ ਹੋਣ ਦਾ ਫ਼ੈਸਲਾ ਕਰਨ ਵਾਲੇ ਕੈਦੀ ਦੀ ਬਾਕੀ ਸਜ਼ਾ ਵੀ ਮੁਆਫ਼ ਕਰ ਦਿੱਤੀ ਜਾਵੇਗੀ ਤੇ ਸਰਕਾਰੀ ਖ਼ਰਚੇ ‘ਤੇ ਉਹਦੀ ਪਤਨੀ ਤੇ ਬਾਲ-ਬੱਚੇ ਵੀ ਅੰਡੇਮਾਨ ਪਹੁੰਚਾ ਦਿੱਤੇ ਜਾਣਗੇ; ਨਾਲ ਹੀ ਨਵਾਂ ਕੰਮ-ਧੰਦਾ ਸ਼ੁਰੂ ਕਰਨ ਵਾਸਤੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ। ਕਈ ਕੈਦੀ ਸਰਕਾਰ ਦੇ ਇਸ ਝਾਂਸੇ ਵਿਚ ਆ ਵੀ ਗਏ ਤੇ ਉਨ੍ਹਾਂ ਨੇ ਆਪਣੇ ਟੱਬਰ ਵੀ ਅੰਡੇਮਾਨ ਬੁਲਾ ਲਏ ਪਰ ਉਥੇ ਆਬਾਦ ਹੋਣ ਵਾਲੇ ਕੈਦੀਆਂ ਦੀ ਹਾਲਤ ਦਾ ਵਰਣਨ ਇਕ ਖ਼ਤ ਵਿਚੋਂ ਭਲੀ-ਭਾਂਤ ਹੋ ਜਾਂਦਾ ਹੈ ਜਿਹੜਾ ਕਿਸੇ ਇਖ਼ਲਾਕੀ ਕੈਦੀ ਨੇ ਲਿਖਿਆ ਸੀ। ਪਹਿਲਾਂ ‘ਕਿਰਪਾਨ ਬਹਾਦਰ’ ਤੇ ਪਿੱਛੋਂ ‘ਕਿਰਤੀ’ ਦੇ ਨਵੰਬਰ 1927 ਦੇ ਪਰਚੇ ਵਿਚ ਛਪੇ ਇਸ ਖ਼ਤ ਦਾ ਹਵਾਲਾ ਸ੍ਰੀ ਚਿਰੰਜੀ ਲਾਲ ਦੀ ਲਿਖਤ ਵਿਚ ਇਸ ਪ੍ਰਕਾਰ ਦਿੱਤਾ ਗਿਆ ਹੈ, “ਅੱਜ ਤੱਕ ਪੰਜਾਬ ਦੇ ਜੇਲ੍ਹਖਾਨਿਆਂ ਵਿਚ ਕਾਲੇ ਪਾਣੀ (ਅੰਡੇਮਾਨ) ਦੇ ਸੋਹਲੇ ਗਾਏ ਜਾਂਦੇ ਹਨ ਕਿ ਇਥੇ ਬੜਾ ਸੁੱਖ ਹੈ। ਇਥੇ ਰਹਿਣ ਵਾਲੇ ਕੈਦੀਆਂ ਨੂੰ ਕਿਸੇ ਕਿਸਮ ਦੀ ਤਕਲੀਫ਼ ਨਹੀਂ। ਇਸੇ ਕਰ ਕੇ ਕਈ ਲੰਮੀਆਂ ਕੈਦਾਂ ਵਾਲੇ ਵੀਰ ਆਪ ਬੋਲ ਬੋਲ ਕਾਲੇ ਪਾਣੀ ਨੂੰ ਆ ਜਾਂਦੇ ਹਨ। ਹੇਠਾਂ ਮੈਂ ਹੁਣ ਕੁਝ ਉਹ ਹਾਲ ਲਿਖਦਾ ਹਾਂ ਜਿਨ੍ਹਾਂ ਤੋਂ ਆਮ ਪਬਲਿਕ ਨੂੰ ਪਤਾ ਲੱਗ ਜਾਊ ਕਿ ਕਾਲੇ ਪਾਣੀ ਸੁੱਖਾਂ ਦਾ ਘਰ ਹੈ ਕਿ ਨਰਕਾਂ ਦਾ ਕੁੰਭ ਹੈ। ਇਥੋਂ ਦੇ ਕੈਦੀਆਂ ਨੂੰ ਸਾਰਾ ਸਾਰਾ ਦਿਨ ਮਜ਼ਦੂਰੀ ਕਰਨ ਬਦਲੇ ਦਸ ਰੁਪਏ ਮਹੀਨਾ ਮਿਲਦੇ ਹਨ। ਇਨ੍ਹਾਂ ਦਸਾਂ ਰੁਪਈਆਂ ਵਿਚ ਉਹ ਰੋਟੀ ਖਾਣ ਜਾਂ ਕੱਪੜੇ ਪਾਣ? ਇਸ ਥਾਂ ਆਟਾ ਚਾਰ ਸੇਰ ਰੁਪਏ ਦਾ ਮਿਲਦਾ ਹੈ, ਇਸੇ ਤਰ੍ਹਾਂ ਚੌਲ ਭੀ ਚਾਰ ਰੁਪਏ ਸੇਰ ਮਿਲਦੇ ਹਨ, ਕੱਪੜਾ ਬਹੁਤ ਮਹਿੰਗਾ ਹੈ। ਇਕ ਕੁੜਤੇ ਦੀ ਸਵਾਈ ਰੁਪਿਆ, ਬਾਰਾਂ ਆਨੇ ਲਗਦੇ ਹਨ। ਹੁਣ ਤੁਸੀਂ ਵਿਚਾਰੋ ਕਿ ਕੈਦੀ ਇਨ੍ਹਾਂ ਦਸਾਂ ਰੁਪਿਆ ਨਾਲ ਕਿਵੇਂ ਗੁਜ਼ਾਰਾ ਕਰਨ? ਜਿਸ ਤੋਂ ਤੰਗ ਆ ਕੇ ਇਹ ਕੈਦੀ ਸ਼ਰਾਬ ਕੱਢਣ ਲੱਗ ਜਾਂਦੇ ਹਨ ਜਿਸ ‘ਤੇ ਹੋਰ ਕੈਦ ਵਧ ਜਾਂਦੀ ਹੈ। ਪਹਿਲੇ ਪਹਿਲੇ ਜਿਨ੍ਹਾਂ ਕੈਦੀਆਂ ਨੇ ਆਪਣੀਆਂ ਔਰਤਾਂ ਮੰਗਵਾਈਆਂ ਹੋਈਆਂ ਸਨ, ਉਨ੍ਹਾਂ ਨੂੰ ਪੰਜ ਰੁਪਏ ਤੇ ਦੋ ਰੁਪਏ ਬੱਚੇ ਪਿਛੇ ਮਿਲਦੇ ਸਨ, ਪਰ ਹੁਣ ਉਹ ਭੀ ਬੰਦ ਕੀਤੇ ਗਏ ਹਨ ਅਤੇ ਕੁਲ ਗਿਆਰਾਂ ਰੁਪਏ ਹੀ ਮਿਲਣਗੇ, ਚਾਹੇ ਕਿੰਨੇ ਬੱਚੇ ਔਰਤ ਨਾਲ ਹੋਣ। ਜੋ ਜੋ ਕੰਮ ਇਨ੍ਹਾਂ ਔਰਤਾਂ ਨੂੰ ਕਰਨੇ ਪੈਂਦੇ, ਉਹ ਇਥੇ ਲਿਖਦਿਆਂ ਮੇਰਾ ਕਾਲਜਾ ਮੂੰਹ ਨੂੰ ਆਉਂਦਾ ਹੈ, ਔਰ ਕਲਮ ਰੁਕਦੀ ਹੈ, ਸੀਨਾ ਫਟਦਾ ਹੈ, ਅੱਖਾਂ ਵਿਚੋਂ ਹੰਝੂ ਵਗਦੇ ਹਨ। ਇਨ੍ਹਾਂ ਭੈਣਾਂ ਪਾਸੋਂ ਉਹ ਉਹ ਕੰਮ ਕਰਵਾਏ ਜਾਂਦੇ ਹਨ ਜਿਨ੍ਹਾਂ ਕੰਮਾਂ ਕਰ ਕੇ ਹਿੰਦੁਸਤਾਨੀਆਂ ਦੀ ਅਣਖ ਮਿੱਟੀ ਵਿਚ ਮਿਲਦੀ ਹੈ। ਇਥੋਂ ਦੇ ਕੈਦੀਆਂ ਲਈ ਇਹ ਭੀ ਹੁਕਮ ਹੈ ਕਿ ਜੇ ਉਹ ਬਾਹਰ ਕੰਮ ਕਰਨਾ ਚਾਹੁਣ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇ ਤਾਂ ਕਿ ਉਹ ਸ਼ਹਿਰ ਵਿਚ ਆਪਣਾ ਕੰਮ ਕਰ ਕੇ ਖਾਣ ਪਰ ਛੁੱਟੀ ਮੰਗਣ ‘ਤੇ ਉਨ੍ਹਾਂ ਨੂੰ ਉਲਟਾ ਜੇਲ੍ਹ ਬੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਤੀਵੀਆਂ ਦੇਸ਼ੋਂ ਆਪਣੇ ਪਤੀਆਂ ਪਾਸ ਆਉਂਦੀਆਂ ਹਨ, ਉਨ੍ਹਾਂ ਔਰਤਾਂ ਦੀ ਡਾਕਟਰੀ ਗੋਰਾ ਡਾਕਟਰ ਕਰਦਾ ਹੈ, ਅਤੇ ਇਹ ਡਾਕਟਰੀ ਅਲਫ਼ ਨੰਗੀਆਂ ਕਰ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜਦੋਂ ਕਿਸੇ ਤੀਵੀਂ ਨੂੰ ਇਧਰ ਗਰਭ ਹੋ ਜਾਵੇ ਜਾਂ ਗਰਭ ਵਿਚ ਨੁਕਸ ਪੈ ਜਾਵੇ, ਉਦੋਂ ਭੀ ਉਨ੍ਹਾਂ ਦਾ ਇਲਾਜ ਗੋਰਾ ਡਾਕਟਰ ਕਰਦਾ ਹੈ ਜਿਸ ਕਾਰਨ ਕਈ ਹਿੰਦੀ ਤੀਵੀਆਂ ਤੜਫ-ਤੜਫ ਕੇ ਮਰ ਜਾਂਦੀਆਂ ਹਨ।” (ਕਿਰਤੀ, ਅੰਮ੍ਰਿਤਸਰ, ਪੰਨਾ 28)
ਇਹ ਵੀ ਠੀਕ ਹੈ ਕਿ ਇਸ ਸਮੇਂ ਜੇਲ੍ਹ ਦਾ ਪ੍ਰਬੰਧ ਭਾਵੇਂ ਪਹਿਲਾਂ ਵਾਂਗ ਮਾੜਾ ਤੇ ਸਖ਼ਤ ਨਹੀਂ ਸੀ, ਤਦ ਵੀ ਇਹ ਬਹੁਤ ਹੱਦ ਤੱਕ ਗ਼ੈਰ-ਇਨਸਾਨੀ ਅਤੇ ਅਪਮਾਨਤ ਕਰਨ ਵਾਲਾ ਸੀ। ਇਸੇ ਲਈ ਗ਼ਦਰੀਆਂ ਤੋਂ ਪਿੱਛੋਂ ਇਥੇ ਆਉਣ ਵਾਲੇ ਇਨਕਲਾਬੀਆਂ ਨੂੰ ਵੀ ਆਪਣਾ ਮਾਣ-ਸਨਮਾਨ ਤੇ ਵੱਕਾਰ ਬਹਾਲ ਰੱਖਣ ਦੇ ਨਾਲ ਨਾਲ ਹੱਕੀ ਮੰਗਾਂ ਲਈ ਲੜਾਈਆਂ ਲੜਨੀਆਂ ਪੈਂਦੀਆਂ ਰਹੀਆਂ। ਬੱਬਰਾਂ ਨੇ 28 ਦਿਨ ਦੀ ਲੰਮੀ ਭੁੱਖ ਹੜਤਾਲ ਕੀਤੀ। ਇਸ ਹੜਤਾਲ ਉਪਰੰਤ ਪ੍ਰਾਪਤ ਸਿੱਟਿਆਂ ਨੂੰ ਜਾਨਣ ਲਈ ਸ੍ਰੀ ਚਿਰੰਜੀ ਲਾਲ ਵੱਲੋਂ ਦਿੱਤਾ ਹਵਾਲਾ ਪੜ੍ਹਨਾ ਯੋਗ ਹੋਵੇਗਾ, ‘ਭਾਈ ਕਰਮ ਸਿੰਘ ਝਿੰਗੜ ਵਾਲੇ ਗਰੁਪ ਦੇ ਪੁੱਜਣ ਬਾਅਦ ਕਾਲੇ ਪਾਣੀ ਜੇਲ੍ਹ ਵਿਚ ਬੱਬਰ ਅਕਾਲੀਆਂ ਨੇ ਮੁਸ਼ੱਕਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਰਾਜਸੀ ਕੈਦੀਆਂ ਵਾਲੀਆਂ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਕਾਲੇ ਪਾਣੀ ਦੀ ਜੇਲ੍ਹ ਵਿਚ ਉਹੋ ਕੈਦੀ ਭੇਜੇ ਜਾਣਗੇ ਜਿਨ੍ਹਾਂ ਨੇ ਇਥੇ ਪੱਕੀ ਰਿਹਾਇਸ਼ ਕਰਨੀ ਹੋਵੇ। ਸੋ, ਤੁਸੀਂ ਸਾਨੂੰ ਵਾਪਸ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਭੇਜ ਦਿਉ, ਕਿਉਂਕਿ ਅਸੀਂ ਇਥੇ ਰਿਹਾਇਸ਼ ਰੱਖਣ ਤੋਂ ਇਨਕਾਰ ਕਰ ਚੁੱਕੇ ਹਾਂ। ਮੰਗ ਰੱਖਣ ਦੇ ਜਵਾਬ ਵਿਚ ਉਲਟਾ ਡੰਡਾ-ਬੇੜੀਆਂ, ਖੜ੍ਹੀਆਂ ਹੱਥ-ਕੜੀਆਂ, ਟਾਟ ਵਰਦੀਆਂ ਆਦਿ ਦੀਆਂ ਸਜ਼ਾਵਾਂ ਬੱਬਰਾਂ ਨੂੰ ਉਸੇ ਵੇਲੇ ਹੀ ਦੇ ਦਿੱਤੀਆਂ ਗਈਆਂ। ਬੱਬਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਮੁਲਤਾਨ ਜੇਲ੍ਹ ਵਾਂਗ ਕਾਲੇ ਪਾਣੀ ਵਿਚ ਵੀ ਪੂਰੇ 28 ਦਿਨ ਭੁੱਖ ਹੜਤਾਲ ਪੂਰੀ ਸ਼ਾਨ ਨਾਲ ਜਾਰੀ ਰਹੀ। ਜੇਲ੍ਹ ਅਧਿਕਾਰੀ ਨਾਲੀਆਂ ਰਾਹੀਂ ਖ਼ੁਰਾਕ ਅੰਦਰ ਧਕਦੇ ਰਹੇ। ਆਖ਼ਰ ਉਥੋਂ ਦਾ ਚੀਫ਼ ਕਮਿਸ਼ਨਰ ਆਪ ਆਉਣ ਲਈ ਮਜਬੂਰ ਹੋ ਗਿਆ। ਬੱਬਰ ਕਰਮ ਸਿੰਘ ਝਿੰਗੜ ਨਾਲ ਉਸ ਦੀਆਂ ਬੜੀਆਂ ਖੁੱਲ੍ਹ ਕੇ ਗੱਲਾਂ ਹੋਈਆਂ। ਨਤੀਜੇ ਵਜੋਂ ਬੱਬਰਾਂ ਨੂੰ ਬਾਹਰ ਜਾ ਕੇ ਮੁਸ਼ੱਕਤ ਕਰਨ ਸਮੇਂ ਆਰਾਮ ਕਰਨ ਲਈ ਮਨਮਰਜ਼ੀ ਦਾ ਕੱਪੜਾ ਨਾਲ ਲਿਜਾਣ ਦੀ ਖੁੱਲ੍ਹ ਹੋ ਗਈ। ਹਫ਼ਤੇ ਪਿਛੋਂ ਨਹਾਉਣ ਅਤੇ ਧੋਣ ਵਾਲੇ ਸਾਬਣ ਦੀ ਇਕ-ਇਕ ਟਿੱਕੀ, ਇਕ ਛਟਾਂਕ ਸਰ੍ਹੋਂ ਦਾ ਤੇਲ ਅਤੇ ਰੋਜ਼ਾਨਾ ਡੇਢ ਛਟਾਂਕ ਗੁੜ ਮਿਲਣ ਲੱਗ ਪਿਆ। ਦੂਜੇ ਸੂਬਿਆਂ ਵਾਲੇ ਕਿਉਂਕਿ ਪੰਜਾਬੀ ਖੁਰਾਕ ਤਿਆਰ ਨਹੀਂ ਸਨ ਕਰ ਸਕਦੇ, ਇਸ ਲਈ ਇਨ੍ਹਾਂ ਦਾ ਲੰਗਰ ਵੀ ਵੱਖਰਾ ਕਰਨ ਦੀ ਮੰਗ ਮੰਨੀ ਗਈ। ਕਮਿਸ਼ਨਰ ਨੇ ਇਹ ਇਕਰਾਰ ਵੀ ਕੀਤਾ ਕਿ ਇਕ ਸਾਲ ਦੇ ਅੰਦਰ-ਅੰਦਰ ਸਭ ਬੱਬਰ ਕੈਦੀ ਵਾਪਸ ਪੰਜਾਬ ਦੀ ਕਿਸੇ ਜੇਲ੍ਹ ਵਿਚ ਘੱਲ ਦਿੱਤੇ ਜਾਣਗੇ। ਸੋ, ਸਾਲ ਦੇ ਅੰਦਰ-ਅੰਦਰ ਸਾਰੇ ਬੱਬਰਾਂ ਨੂੰ ਕਲਕੱਤੇ ਲਿਆ ਕੇ ਅਲੀਪੁਰ ਦੀ ਜੇਲ੍ਹ ਵਿਚ ਡੱਕਿਆ ਗਿਆ। ਹਾਂ, ਦੋ ਬੱਬਰ ਸੁਰੈਣ ਸਿੰਘ ਕੰਗ ਅਤੇ ਮੁਣਸ਼ਾ ਸਿੰਘ ਸਮਰਾਵਾਂ ਮਲੇਰੀਏ ਦਾ ਸ਼ਿਕਾਰ ਹੋ ਕੇ ਉਥੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਟੱਬਰਾਂ ਨੂੰ ਰੋਂਦੇ ਪਿੱਟਦੇ ਵਾਪਸ ਆਉਣਾ ਪਿਆ ਸੀ।’
ਅੰਗਰੇਜ਼ ਹਕੂਮਤ ਵੱਲੋਂ ਅੰਡੇਮਾਨ ਨੂੰ ਦੇਸ਼ ਭਗਤਾਂ ਦੇ ਬੰਦੀਖ਼ਾਨੇ ਵਜੋਂ ਵਰਤਣ ਦਾ ਵਿਚਾਰ ਆਖ਼ਰ ਤਿਆਗਣਾ ਪਿਆ। ਰਾਜਸੀ ਕੈਦੀਆਂ ਦਾ ਲਗਾਤਾਰ ਸੰਘਰਸ਼, ਦੇਸ਼ ਵਿਚੋਂ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਉਠਦੀ ਆਵਾਜ਼, ਬਦਲ ਰਹੇ ਰਾਜਸੀ ਹਾਲਾਤ ਅਤੇ ਜੇਲ੍ਹ ਦੇ ਦੌਰੇ ‘ਤੇ ਜੇਲ੍ਹ ਦੀ ਪੜਤਾਲ ਕਰਨ ਆਏ ਅੰਗਰੇਜ਼ ਅਧਿਕਾਰੀਆਂ ਅੱਗੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨ ਦੇ ਬਹੁਮੁਖੀ ਦਬਾਵਾਂ ਨੇ ਹੀ ਸਰਕਾਰ ਨੂੰ ਇਹ ਫ਼ੈਸਲਾ ਕਰਨ ਲਈ ਮਜਬੂਰ ਕੀਤਾ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਤੱਕ ਇਕ ਤੋਂ ਵੱਧ ਕੈਦੀ ਦਿਮਾਗੀ ਬੋਝ ਕਰ ਕੇ ਦਿਮਾਗੀ ਸੰਤੁਲਨ ਖੋ ਬੈਠੇ ਸਨ। ਕਈਆਂ ਨੂੰ ਤਪਦਿਕ ਅਤੇ ਜੋੜਾਂ ਦੀਆਂ ਬਿਮਾਰੀਆਂ ਲੱਗ ਗਈਆਂ ਸਨ। ਦੇਸ਼ ਪਰਤਣ ਵਾਲੇ ਕੈਦੀਆਂ ਵਿਚ ਅਸਾਮ, ਬਿਹਾਰ, ਮਦਰਾਸ ਅਤੇ ਪੰਜਾਬ ਦੇ ਸਾਰੇ ਕੈਦੀ ਸ਼ਾਮਿਲ ਸਨ ਜਿਹੜੇ ‘ਮਹਾਰਾਜਾ’ ਜਹਾਜ਼ ਉਤੇ ਵਾਪਿਸ ਆਏ।
ਐਸ਼ ਐਨæ ਮਜੂਮਦਾਰ, ਭਗਤ ਸਿੰਘ ਦੇ ਸਾਥੀ ਵਿਜੈ ਕੁਮਾਰ ਸਿਨਹਾ ਤੇ ਚਿਰੰਜੀ ਲਾਲ ਦੀਆਂ ਲਿਖਤਾਂ ਰਾਹੀਂ ਕਮਿਊਨਿਸਟਾਂ ਤੇ ਬੱਬਰਾਂ ਵੱਲੋਂ ਅੰਡੇਮਾਨ ਵਿਚ ਲੜੇ ਸੰਘਰਸ਼ ਦੇ ਹਵਾਲੇ ਮਿਲਦੇ ਹਨ। ਜੇ ਇਸ ਮੌਕੇ ਜੇਲ੍ਹ ਦਾ ਵਾਯੂਮੰਡਲ ਪਹਿਲਾਂ ਨਾਲੋਂ ਬਦਲ ਚੁੱਕਾ ਸੀ ਤੇ ਉਥੇ ਪਹਿਲਾਂ ਵਰਗੀ ਸਖ਼ਤੀ ਤੇ ਮੁਸ਼ੱਕਤ ਨਹੀਂ ਸੀ ਕਰਨੀ ਪੈਂਦੀ ਤਾਂ ਇਸ ਗੁਣਾਤਮਕ ਤਬਦੀਲੀ ਦਾ ਸਿਹਰਾ ਸੂਰਬੀਰ ਗ਼ਦਰੀਆਂ ਤੇ ਦੂਜੇ ਇਨਕਲਾਬੀਆਂ ਦੀਆਂ ਕੁਰਬਾਨੀਆਂ ਤੇ ਸਿਰੜ ਸਿਰ ਹੀ ਬੱਝਦਾ ਹੈ।
Leave a Reply