ਪੰਜਾਬ ਇਕ ਵਾਰ ਫਿਰ ਬਣਿਆ ਦਹਿਸ਼ਤਗਰਦਾਂ ਦਾ ਨਿਸ਼ਾਨਾ

ਪਠਾਨਕੋਟ: ਪਾਕਿਸਤਾਨੀ ਅਤਿਵਾਦੀਆਂ ਨੇ ਮੁੜ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਤੋਂ ਆਏ ਅਤਿਵਾਦੀਆਂ ਨੇ ਪਠਾਨਕੋਟ ਵਿਚ ਹਵਾਈ ਫੌਜ ਦੇ ਅੱਡੇ ਉਤੇ ਹਮਲਾ ਕਰ ਦਿੱਤਾ। ਫੌਜ ਨੇ ਮੁਕਾਬਲੇ ਵਿਚ ਪੰਜ ਅਤਿਵਾਦੀ ਮਾਰ ਮੁਕਾਏ। ਇਸ ਕਾਰਵਾਈ ਦੌਰਾਨ ਸੱਤ ਜਵਾਨ ਵੀ ਸ਼ਹੀਦ ਹੋ ਗਏ।

ਜਿਨ੍ਹਾਂ ਵਿਚ ਇਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਹੈ। ਲੈਫਟੀਨੈਂਟ ਕਰਨਲ ਨਿਰੰਜਨ ਬੀæ ਕੁਮਾਰ ਅਤਿਵਾਦੀ ਦੇ ਸਰੀਰ ਨਾਲ ਬੰਨ੍ਹੇ ਇਕ ਹੱਥ ਗੋਲੇ ਨੂੰ ਕੱਢਣ ਦੀ ਕੋਸ਼ਿਸ਼ ਵੇਲੇ ਹੋਏ ਧਮਾਕੇ ਵਿਚ ਮਾਰੇ ਗਏ। ਇਸ ਕਾਰਵਾਈ ਵਿਚ ਹੁਣ ਤੱਕ 20 ਜਵਾਨ ਜਖਮੀ ਹੋ ਚੁੱਕੇ ਹਨ। ਕੌਮਾਂਤਰੀ ਸਰਹੱਦ ਤੋਂ ਮਹਿਜ਼ 35 ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਹਵਾਈ ਫੌਜ ਦੇ ਇਸ ਟਿਕਾਣੇ ‘ਤੇ ਹਮਲੇ ਦਾ ਮਕਸਦ ਲੜਾਕੂ ਜੈੱਟਾਂ, ਪੈਟਰੋਲ ਵਾਲੇ ਟੈਂਕਾਂ ਤੇ ਉਥੇ ਖੜ੍ਹੇ ਹੈਲੀਕਾਪਟਰਾਂ ਨੂੰ ਤਬਾਹ ਕਰਨਾ ਮੰਨਿਆ ਜਾ ਰਿਹਾ ਹੈ।
ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਅਤਿਵਾਦੀ ਬਾਹਰਵਾਰ ਪੈਂਦੇ ਇਲਾਕੇ ਵਿਚ ਹੀ ਘੇਰ ਲਏ ਗਏ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ। ਭਾਰੀ ਗੋਲੀਬਾਰੀ ਦੌਰਾਨ ਇਕ ਕਮਾਂਡੋ ਅਤੇ ਭਾਰਤੀ ਹਵਾਈ ਫੌਜ ਦੇ ਦੋ ਹੋਰ ਮੁਲਾਜ਼ਮ ਸ਼ਹੀਦ ਹੋ ਗਏ। ਅਤਿਵਾਦੀ ਹਵਾਈ ਫੌਜ ਦੇ ਅੱਡੇ ਦੀ ਇਕ ਇਮਾਰਤ ਵਿਚ ਦਾਖਲ ਹੋ ਗਏ ਸਨ ਤੇ ਉਥੋਂ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰਨ ਲੱਗ ਪਏ। ਹਵਾਈ ਅੱਡੇ ਉਪਰ ਤਾਇਨਾਤ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਫੌਜ, ਪੰਜਾਬ ਪੁਲਿਸ ਦੀ ਸਵੈਟ ਟੀਮ, ਨੈਸ਼ਨਲ ਸਕਿਊਰਿਟੀ ਗਾਰਡ ਦੇ ਕਮਾਂਡੋਜ਼ ਤੇ ਏਅਰ ਫੋਰਸ ਦੇ ਜਵਾਨਾਂ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਫੌਜ ਵੱਲੋਂ ਬੁਲਟ ਪਰੂਫ ਬਖਤਰਬੰਦ ਗੱਡੀਆਂ ਦੀ ਵੀ ਵਰਤੋਂ ਕੀਤੀ ਗਈ। ਹੈਲੀਕਾਪਟਰ ਤੇ ਜਹਾਜ਼ ਹਵਾਈ ਅੱਡੇ ਉਪਰ ਉਡਦੇ ਰਹੇ ਤੇ ਅਤਿਵਾਦੀਆਂ ਉਪਰ ਨਿਗਰਾਨੀ ਰੱਖਦੇ ਰਹੇ। ਅਤਿਵਾਦੀਆਂ ਨੇ ਹੈਲੀਕਾਪਟਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਅਤਿਵਾਦੀ ਹਵਾਈ ਅੱਡੇ ਅੰਦਰ ਪਿਛਲੇ ਪਾਸੇ ਤੋਂ ਨੌਸ਼ਹਿਰਾ ਨਲਬੰਦਾ ਪਿੰਡ ਵਾਲੀ ਸਾਈਡ ਤੋਂ ਦਾਖਲ ਹੋਏ। ਇਹ ਇਲਾਕਾ ਜੰਗਲੀ ਅਤੇ ਬੀਆਬਾਨ ਹੈ।
___________________________________________
ਹਮਲੇ ਦੇ ਮਾਮਲੇ ‘ਤੇ ਕਾਂਗਰਸ ਨੇ ਮੋਦੀ ਨੂੰ ਘੇਰਿਆ
ਨਵੀਂ ਦਿੱਲੀ: ਪਠਾਨਕੋਟ ਵਿਚ ਅਤਿਵਾਦੀ ਹਮਲੇ ਪਿੱਛੋਂ ਕਾਂਗਰਸ ਨੇ ਮੋਦੀ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਨੀਤੀ ਉਤੇ ਸਵਾਲ ਚੁੱਕੇ ਹਨ। ਕੁਲ ਹਿੰਦ ਕਾਂਗਰਸ ਕਮੇਟੀ ਦੇ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਲਾਹੌਰ ਵਿਚ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਦੇ ਸੱਤ ਦਿਨਾਂ ਅੰਦਰ ਹਮਲਾ ਹੋਣਾ ਸੰਜੀਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਦੌਰੇ ਦੇ ਬਾਵਜੂਦ ਆਈæਐਸ਼ਆਈæ ਭਾਰਤ ਖਿਲਾਫ ਅਤਿਵਾਦੀ ਕਾਰਵਾਈਆਂ ਵਿਚ ਜੁਟੀ ਹੋਈ ਹੈ। ਮਕਬੂਜ਼ਾ ਕਸ਼ਮੀਰ ਵਿਚ ਪਾਕਿਸਤਾਨੀ ਅਦਾਰਿਆਂ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਲਈ ਅਤਿਵਾਦੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਸ੍ਰੀ ਸੁਰਜੇਵਾਲਾ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਨਾਲ ਇਨ੍ਹਾਂ ਅਤਿਵਾਦੀ ਹਮਲਿਆਂ ਦਾ ਮਾਮਲਾ ਜ਼ਰੂਰ ਚੁੱਕਣ। ਉਨ੍ਹਾਂ ਮੁਤਾਬਕ ਪੰਜਾਬ ਵਿਚ ਪਿਛਲੇ 20 ਸਾਲਾਂ ਤੋਂ ਸ਼ਾਂਤੀ ਰਹਿਣ ਦੇ ਬਾਅਦ ਅਤਿਵਾਦੀ ਕਾਰਵਾਈਆਂ ਵਿਚ ਅਚਾਨਕ ਵਾਧਾ ਚਿੰਤਾ ਵਾਲੀ ਗੱਲ ਹੈ। ਉਧਰ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੋਸ਼ ਲਾਇਆ ਕਿ ਕਾਂਗਰਸ ਅਤਿਵਾਦੀ ਹਮਲੇ ਦਾ ਸਿਆਸੀਕਰਨ ਕਰ ਰਹੀ ਹੈ।