ਦੋਸਤੀ ਬਨਾਮ ਦਹਿਸ਼ਤ

ਪਠਾਨਕੋਟ ਵਿਚ ਦਹਿਸ਼ਤੀ ਹਮਲੇ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ। ਇਹ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਹਰ ਹਾਲ ਅਮਨ ਗੱਲਬਾਤ ਅਗਾਂਹ ਵਧਾਉਣ ਲਈ ਦ੍ਰਿੜ ਹਨ। ਇਸ ਤਰ੍ਹਾਂ ਦੀ ਦ੍ਰਿੜਤਾ ਪਹਿਲਾਂ ਕਦੀ ਦੋਹਾਂ ਦੇਸ਼ਾਂ ਦੇ ਹੁਕਮਰਾਨਾਂ ਵਿਚ ਘੱਟ ਹੀ ਸਾਹਮਣੇ ਆਈ ਹੈ। ਭਾਰਤ ਵਿਚ ਹਕੂਮਤ ਕਰ ਰਹੀ ਭਾਰਤੀ ਜਨਤਾ ਪਾਰਟੀ ਦੀ ਅੱਧੀ ਸਿਆਸਤ ਤਾਂ ਮਜ਼ਹਬ ਅਤੇ ਪਾਕਿਸਤਾਨ ਨਾਲ ਜੋੜ ਕੇ ਕੀਤੀ ਜਾਂਦੀ ਰਹੀ ਹੈ।

ਚੋਣਾਂ ਜਿੱਤਣ ਖਾਤਰ ਇਹ ਪਾਰਟੀ ਆਵਾਮ ਵਿਚ ਪਾੜਾ ਵਧਾਉਣ ਨੂੰ ਵੀ ਠੀਕ ਹੀ ਮੰਨਦੀ ਆਈ ਹੈ। ਦੂਜੇ ਬੰਨੇ, ਪਾਕਿਸਤਾਨ ਦੀਆਂ ਸਿਆਸੀ ਜਥੇਬੰਦੀਆਂ ਲਈ ਕਸ਼ਮੀਰ ਬੜਾ ਕਾਰਗਰ ਮੁੱਦਾ ਬਣਿਆ ਰਿਹਾ ਹੈ ਅਤੇ ਚੋਖੀ ਸਿਆਸਤ ਇਸ ਮੁੱਦੇ ਉਤੇ ਘੁੰਮਦੀ ਰਹੀ ਹੈ। ਹੁਣ ਵਾਲੀ ਦ੍ਰਿੜਤਾ ਦੀ ਵਿਆਖਿਆ ਬਹੁਤੇ ਸਿਆਸੀ ਵਿਸ਼ਲੇਸ਼ਣਕਾਰਾਂ ਨੇ ਕੌਮਾਂਤਰੀ ਅਤੇ ਖੇਤਰੀ ਮਾਹੌਲ ਨਾਲ ਜੋੜ ਕੇ ਕੀਤੀ ਹੈ। ਇਸ ਦੇ ਇਕ ਨਹੀਂ, ਅਨੇਕ ਪੱਖ ਹਨ ਅਤੇ ਹਰ ਪੱਖ ਨਾਲ ਵੱਖ-ਵੱਖ ਧਿਰਾਂ ਜੁੜੀਆਂ ਹੋਈਆਂ ਹਨ। ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਚ ਅਮਰੀਕਾ ਦੀ ਆਪਣੀ ਪਹੁੰਚ ਹੈ। ਫੌਜੀ ਸਬੰਧਾਂ ਦੇ ਮਾਮਲੇ ਵਿਚ ਪਾਕਿਸਤਾਨ ਦੀ ਨੇੜਤਾ ਪਿਛਲੇ ਕੁਝ ਸਮੇਂ ਤੋਂ ਚੀਨ ਨਾਲ ਕੁਝ ਜ਼ਿਆਦਾ ਹੀ ਵਧ ਰਹੀ ਹੈ। ਇਸੇ ਤਰ੍ਹਾਂ ਕੁਝ ਸਮੇਂ ਤੋਂ ਭਾਰਤ ਅਤੇ ਨੇਪਾਲ ਦੇ ਸਬੰਧਾਂ ਵਿਚ ਵੀ ਕਈ ਨਵੇਂ ਅਧਿਆਏ ਜੁੜ ਗਏ ਹਨ ਅਤੇ ਅੱਜ ਵੀ ਜੁੜਦੇ ਜਾ ਰਹੇ ਹਨ। ਇਸ ਸੂਰਤ ਵਿਚ ਨੇਪਾਲ ਅਤੇ ਚੀਨ ਇਕ ਦੂਜੇ ਦੇ ਵਧੇਰੇ ਨੇੜੇ ਲੱਗ ਰਹੇ ਹਨ। ਇਸ ਤੋਂ ਇਲਾਵਾ ਕੌਮਾਂਤਰੀ ਮੰਡੀ ਵਾਲੇ ਕਾਰੋਬਾਰੀ ਜਿਹੜੇ ਭਾਰਤ ਨੂੰ ਕੱਲ੍ਹ ਦੀ ਵਿਸ਼ਾਲ ਮੰਡੀ ਵਜੋਂ ਚਿਤਵ ਰਹੇ ਹਨ, ਨਹੀਂ ਚਾਹੁੰਦੇ ਕਿ ਕਾਰੋਬਾਰ ਵਾਲੇ ਮਾਹੌਲ ਨੂੰ ਕਿਸੇ ਵੀ ਕਿਸਮ ਦੀ ਕੋਈ ਠੋਕਰ ਲੱਗੇ। ਉਹ ਆਪਣਾ ਰਸਤਾ ਐਨ ਸਾਫ ਚਾਹੁੰਦੇ ਹਨ।
ਪਾਕਿਸਤਾਨ ਭਾਵੇਂ ਲੱਖ ਇਨਕਾਰ ਕਰੇ, ਪਰ ਇਸ ਦਾ ਦਹਿਸ਼ਤਗਰਦੀ ਨਾਲ ਜੋ ਲਾਗਾ-ਦੇਗਾ ਬਣਿਆ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਹ ਸਾਰਾ ਤਾਣਾ-ਬਾਣਾ ਸਰਕਾਰੀ ਸਰਪ੍ਰਸਤੀ ਹੇਠ ਦਹਾਕਿਆਂ ਤੋਂ ਬਣ ਰਿਹਾ ਸੀ ਅਤੇ ਇਸ ਤਾਣੇ-ਬਾਣੇ ਦਾ ਅਰੰਭ ਜਨਰਲ ਜ਼ਿਆ ਉਲ ਹੱਕ ਨੇ ਵੱਡੀ ਪੱਧਰ ‘ਤੇ ਕੀਤਾ ਸੀ। ਉਸ ਦੇ ਰਾਜ ਵਿਚ ਜਹਾਦ ਨੂੰ ਧਿਆਨ ਵਿਚ ਰੱਖ ਕੇ ਜੋ ਨੀਤੀਆਂ-ਰਣਨੀਤੀਆਂ ਬਣਾਈਆਂ ਗਈਆਂ, ਉਨ੍ਹਾਂ ਦੇ ਅਸਰ ਕਰ ਕੇ ਹੀ ਦਹਿਸ਼ਤਪਸੰਦ ਜਥੇਬੰਦੀਆਂ ਇੰਨੀ ਜ਼ਿਆਦਾ ਤਾਕਤ ਹਾਸਲ ਕਰ ਸਕੀਆਂ ਹਨ। ਹੁਣ ਤਾਂ ਇਹ ਤੱਥ ਵੀ ਜੱਗ-ਜ਼ਾਹਿਰ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਫੌਜ ਵੀ ਇਸ ਤਾਣੇ-ਬਾਣੇ ਨਾਲ ਨੇੜਿਓਂ ਜੁੜੀਆਂ ਰਹੀਆਂ ਹਨ। ਤਾਲਿਬਾਨ ਦੀ ਪੈਦਾਇਸ਼ ਅਤੇ ਚੜ੍ਹਤ ਇਸ ਤਾਣੇ-ਬਾਣੇ ਨਾਲ ਜੁੜਨ ਦਾ ਹੀ ਨਤੀਜਾ ਹੈ। ਇਹ ਗੱਲ ਵੱਖਰੀ ਹੈ ਕਿ ਪਾਕਿਸਤਾਨੀ ਆਵਾਮ ਨੂੰ ਵੀ ਹੁਣ ਦਹਿਸ਼ਤਗਰਦੀ ਨੇ ਬੁਰੀ ਤਰ੍ਹਾਂ ਘੇਰਾ ਪਾਇਆ ਹੋਇਆ ਹੈ। ਮੁਲਕ ਵਿਚ ਦਹਿਸ਼ਤਪਸੰਦ ਜਥੇਬੰਦੀਆਂ ਇੰਨੀਆਂ ਜ਼ਿਆਦਾ ਤਾਕਤਵਰ ਹਨ ਕਿ ਕੋਈ ਵੀ ਸਿਆਸੀ ਧਿਰ ਜਾਂ ਸਰਕਾਰ ਇਨ੍ਹਾਂ ਨੂੰ ਹੱਥ ਪਾਉਣ ਤੋਂ ਹਿਚਕਚਾਉਂਦੀ ਹੈ। ਇਸੇ ਦੌਰਾਨ ਜਦੋਂ ਤੋਂ ਭਾਰਤ ਵਿਚ ਸਰਕਾਰ ਦੀ ਕਮਾਨ ਭਾਰਤੀ ਜਨਤਾ ਪਾਰਟੀ ਦੇ ਹੱਥ ਆਈ ਹੈ, ਪਾਕਿਸਤਾਨ ਵਿਚਲੀਆਂ ਇਨ੍ਹਾਂ ਜਥੇਬੰਦੀਆਂ ਨੂੰ ਆਪਣੇ ਜਹਾਦੀ ਦੰਦ ਤਿੱਖੇ ਕਰਨ ਦਾ ਬਹਾਨਾ ਮਿਲ ਗਿਆ ਹੈ। ਇਸ ਮਾਮਲੇ ‘ਤੇ ਭਾਰਤ ਦੀਆਂ ਕੱਟੜ ਜਥੇਬੰਦੀਆਂ ਤੇ ਸੰਸਥਾਵਾਂ ਪਾਕਿਸਤਾਨ ਵਿਚਲੀਆਂ ਇਨ੍ਹਾਂ ਜਥੇਬੰਦੀਆਂ ਦੀਆਂ ਹੀ ਪੂਰਕ ਬਣ ਰਹੀਆਂ ਹਨ। ਦੋਹਾਂ ਪਾਸਿਆਂ ਦੀਆਂ ਇਹ ਧਰਮ ਅਧਾਰਤ ਜਥੇਬੰਦੀਆਂ ਆਵਾਮ ਵਿਚਕਾਰ ਪਾੜਾ ਹੀ ਵਧਾ ਰਹੀਆਂ ਹਨ। ਦੋਹੀਂ ਪਾਸੀਂ ਜੰਗਬਾਜ਼ਾਂ ਦੀ ਤਾਂ ਕਦੀ ਵੀ ਕਮੀ ਨਹੀਂ ਰਹੀ, ਇਸ ਲਈ ਇਹ ਤਕਰੀਬਨ ਤੈਅ ਹੁੰਦਾ ਹੈ ਕਿ ਤਾਲਮੇਲ ਵਾਲੀ ਸਿਆਸਤ ਨੂੰ ਪਛਾੜਨ ਲਈ ਹੀ ਅਜਿਹੇ ਹਮਲੇ ਕੀਤੇ ਅਤੇ ਕਰਵਾਏ ਜਾਂਦੇ ਹਨ।
ਉਂਜ, ਐਤਕੀਂ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵਿਚਕਾਰ ਬਣਿਆ ਹੈ, ਉਸ ਤੋਂ ਜਾਪਦਾ ਹੈ ਕਿ ਗੱਲ ਹੁਣ ਪਹਿਲਾਂ ਵਾਲੀ ਨਹੀਂ ਹੈ। ਮੋਦੀ ਸਰਕਾਰ ਆਪਣੀ ਸੱਤਾ ਦੇ ਡੇਢ ਸਾਲ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਹੈ। ਸੰਸਦ ਢੰਗ ਨਾਲ ਚੱਲ ਨਹੀਂ ਰਹੀ ਅਤੇ ਕਿਸੇ ਨਾ ਕਿਸੇ ਮੁੱਦੇ ਕਾਰਨ ਵਿਰੋਧ ਦੀ ਧਾਰ ਨਿੱਤ ਦਿਨ ਤਿੱਖੀ ਹੋ ਰਹੀ ਹੈ। ਇਸ ਸੂਰਤ ਵਿਚ ਇਸ ਨੂੰ ਕਿਸੇ ਵਡੇਰੀ ਪੁਲਾਂਘ ਦੀ ਤਾਂਘ ਹੈ। ਇਹੀ ਨਹੀਂ, ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕੱਟੜਪੰਥੀ ਸਿਆਸਤ ਦਾ ਜਿੰਨਾ ਸਿਆਸੀ ਤੇ ਚੁਣਾਵੀ ਨੁਕਸਾਨ ਪੁੱਜਾ ਹੈ, ਉਸ ਨੇ ਇਸ ਪਾਰਟੀ ਨੂੰ ਘੱਟੋ-ਘੱਟ ਇਕ ਵਾਰ ਤਾਂ ਰਾਹ ਦਿਖਾਇਆ ਹੀ ਹੈ। ਇਸੇ ਤਰ੍ਹਾਂ ਪਾਕਿਸਤਾਨ ਦੀ ਨਵਾਜ਼ ਸ਼ਰੀਫ ਸਰਕਾਰ ਲਈ ਤਾਂ ਸ਼ਾਇਦ ਕੋਈ ਵੀ ਦਿਨ ਅਜਿਹਾ ਨਹੀਂ ਲੰਘਿਆ ਹੋਵੇਗਾ ਜਦੋਂ ਵੰਗਾਰਾਂ ਨਾ ਪਈਆਂ ਹੋਣ। ਇਸ ਵਾਰ ਵੱਡੀ ਗੱਲ ਜੋ ਪਹਿਲੀ ਵਾਰ ਹੋਈ ਹੈ, ਪਾਕਿਸਤਾਨ ਨੇ ਤਕਰੀਬਨ ਤਸਲੀਮ ਕਰ ਹੀ ਲਿਆ ਹੈ ਕਿ ਪਠਾਨਕੋਟ ਵਾਲਾ ਹਮਲਾ ਪਾਕਿਸਤਾਨ ਅੰਦਰ ਸਰਗਰਮ ਦਹਿਸ਼ਤਪਸੰਦ ਜਥੇਬੰਦੀਆਂ ਦਾ ਹੀ ਕਾਰਾ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਤਾਂ ਤੁਰੰਤ ਅਤੇ ਢੁੱਕਵੀਂ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ। ਇਸ ਲਈ ਸੰਭਵ ਹੈ ਕਿ ਇਨ੍ਹਾਂ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਟਕਰਾਅ ਆਉਣ ਵਾਲੇ ਸਮੇਂ ਵਿਚ ਸਿਖਰ ਵੱਲ ਜਾਣਾ ਹੈ। ਇਸ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਤੇ ਅਮਨ ਗੱਲਬਾਤ ਦੀ ਜ਼ਿੰਮੇਦਾਰੀ ਵੱਧ ਪੈ ਜਾਂਦੀ ਹੈ। ਜ਼ਾਹਿਰ ਹੈ ਕਿ ਪਠਾਨਕੋਟ ਵਾਲਾ ਇਹ ਹਮਲਾ ਅਤੇ ਇਸ ਤੋਂ ਬਾਅਦ ਦੀ ਸਿਆਸਤ ਪਹਿਲਾਂ ਵਾਲੀ ਸਿਆਸਤ ਤੋਂ ਐਨ ਨਿਆਰੀ ਹੋ ਸਕਦੀ ਹੈ। ਇਸ ਘਟਨਾ ਦੀ ਮਾਰ ਦੇਰ ਤੱਕ ਰਹਿਣ ਦੀ ਸੰਭਾਵਨਾ ਹੈ। ਹੁਣ ਜਦੋਂ ਸੰਸਾਰ ਦੇ ਕਈ ਮੁਲਕਾਂ ਵਿਚ ਦਹਿਸ਼ਤੀ ਜਨੂੰਨ ਤਾਂਡਵ ਨਾਚ ਨੱਚ ਰਿਹਾ ਹੈ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਿਹਾ ਹੈ ਤਾਂ ਦੋਹਾਂ ਮੁਲਕਾਂ ਨੂੰ ਮਾੜੇ-ਮੋਟੇ ਵੈਰ-ਵਿਰੋਧ ਤਜ ਕੇ ਅਗਾਂਹ ਵਧਣਾ ਚਾਹੀਦਾ ਹੈ ਅਤੇ ਖਿੱਤੇ ਲਈ ਹੀ ਨਹੀਂ, ਸੰਸਾਰ ਲਈ ਰਾਹ ਦਸੇਰਾ ਬਣਨਾ ਚਾਹੀਦਾ ਹੈ। ਹੁਣ ਦੇਖਣਾ ਇਹ ਹੈ ਕਿ ਦੋਹਾਂ ਪਾਸਿਆਂ ਦੇ ਹੁਕਮਰਾਨ ਇਸ ਵੰਗਾਰ ਨੂੰ ਕਿਸ ਤਰ੍ਹਾਂ ਲੈਂਦੇ ਹਨ।