ਵੱਡੀ ਤਬਾਹੀ ਦੇ ਇਰਾਦੇ ਨਾਲ ਆਏ ਸਨ ਦਹਿਸ਼ਤਗਰਦ

ਗੁਰਦਾਸਪੁਰ: ਪਠਾਨਕੋਟ ਵਿਚ ਫੌਜ ਦੇ ਏਅਰ ਬੇਸ ‘ਤੇ ਹਮਲਾ ਕਰਨ ਵਾਲੇ ਅਤਿਵਾਦੀ ਪੰਜਾਬ ਵਿਚ ਵੱਡੀ ਤਬਾਹੀ ਦੇ ਇਰਾਦੇ ਨਾਲ ਆਏ ਸਨ। ਉਨ੍ਹਾਂ ਦੀ ਯੋਜਨਾ ਨਵੇਂ ਸਾਲ ਦੇ ਪਹਿਲੇ ਦਿਨ ਹਮਲਾ ਕਰ ਦੀ ਸੀ, ਪਰ ਉਹ ਸਫਲ ਨਾ ਹੋ ਸਕੇ। ਖੁਫੀਆ ਏਜੰਸੀਆਂ ਵੱਲੋਂ ਟਰੇਸ ਕੀਤੀ ਫੋਨ ਕਾਲ ਵਿਚ ਵੀ ਇਹ ਅਤਿਵਾਦੀ ਤੈਅ ਯੋਜਨਾ ਮੁਤਾਬਕ ਹਮਲਾ ਨਾ ਕਰ ਸਕਣ ਦੀ ਗੱਲ ਆਖ ਰਹੇ ਹਨ।

ਸੂਤਰਾਂ ਮੁਤਾਬਕ ਅਤਿਵਾਦੀਆਂ ਵੱਲੋਂ ਅਗਵਾ ਕੀਤੀ ਇਨੋਵਾ ਗੱਡੀ ਖਰਾਬ ਹੋਣ ਤੇ ਡਰਾਈਵਰ ਦੇ ਕਤਲ ਦੇ ਬਾਅਦ ਐਸ਼ਪੀæ ਦੀ ਗੱਡੀ ਅਗਵਾ ਕਰਨ ਵਿਚ ਕਾਫੀ ਸਮਾਂ ਖਰਾਬ ਹੋ ਗਿਆ। ਇਹੀ ਕਾਰਨ ਸੀ ਕਿ ਹਮਲਾ ਇਕ ਦਿਨ ਲਈ ਟਾਲ ਦਿੱਤਾ ਗਿਆ। ਪੂਰਾ ਇਕ ਦਿਨ ਲੁਕੇ ਪਹਿਣ ਤੋਂ ਬਾਅਦ ਅਗਲੇ ਦਿਨ ਮੁੜ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਦਿੱਲੀ ਸਮੇਤ ਉੱਤਰੀ ਭਾਰਤ ਦੇ ਪ੍ਰਮੁੱਖ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਪਿਛਲੇ ਸਾਲ ਪਹਿਲੀ ਅਗਸਤ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਨਵਾਂ ਸ਼ਹਿਰ ਦੇ ਪਿੰਡ ਕਰਨਾਣਾ ਤੋਂ ਪਾਬੰਦੀਸ਼ੁਦਾ ਥੁਰਾਇਆ ਸੈਟੇਲਾਈਟ ਫੋਨ ਦਾ ਸੰਦੇਸ਼ ਫੜੇ ਜਾਣ ਤੋਂ ਬਾਅਦ ਪੰਜਾਬ ਵਿਚ ਹਲਵਾਰਾ, ਆਦਮਪੁਰ ਅਤੇ ਪਠਾਨਕੋਟ ਸਮੇਤ ਹਵਾਈ ਸੈਨਾ ਦੇ ਕਈ ਟਿਕਾਣਿਆਂ ਲਾਗਿਓਂ ਫੋਨ ਚਾਲੂ ਹੋਣ ਦਾ ਪਤਾ ਲਾਇਆ ਸੀ।
ਸੂਤਰਾਂ ਨੇ ਹਾਲ ਹੀ ਵਿਚ 26 ਦਸੰਬਰ ਨੂੰ ਹੁਸਿਆਰਪੁਰ ਨੇੜਿਓਂ ਅਜਿਹਾ ਸੰਦੇਸ਼ ਫੜਿਆ ਸੀ ਜਦੋਂ ਦਹਿਸ਼ਤਪਸੰਦਾਂ ਦੀ ਆਦਮਪੁਰ ਹਵਾਈ ਅੱਡੇ ਸਬੰਧੀ ਕੋਈ ਅਹਿਮ ਜਾਣਕਾਰੀ ਦੇਣ ਲਈ ਆਪਣੇ ‘ਹੈਂਡਲਰਾਂ’ ਨਾਲ ਗੱਲ ਹੋਈ ਸੀ। ਏਜੰਸੀਆਂ ਨੂੰ ਕੌਮੀ ਸੁਰੱਖਿਆ ਦੇ ਇਕ ਬੇਹੱਦ ਅਹਿਮ ਟਿਕਾਣੇ ਦੇ ਨੇੜੇ ਸ਼ੱਕੀ ਦਹਿਸ਼ਤਗਰਦ ਹਰਕਤ ਹੋਣ ਦਾ ਪਤਾ ਚੱਲਿਆ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ ਚੌਕਸੀ ਦੇ ਹੁਕਮ ਜਾਰੀ ਕੀਤੇ ਗਏ ਸਨ ਤੇ ਸੁਰੱਖਿਆ ਏਜੰਸੀਆਂ ਨੂੰ ਆਪੋ-ਆਪਣੇ ਖੇਤਰਾਂ ਵਿਚ ਪੈਂਦੇ ਅਹਿਮ ਟਿਕਾਣਿਆਂ ਦੀ ਸੁਰੱਖਿਆ ਕਰਨ ਲਈ ਕਿਹਾ ਗਿਆ ਸੀ।
________________________________________________
ਅਗਾਉਂ ਸੂਹ ਦੇ ਬਾਵਜੂਦ ਨਾਕਾਮੀ
ਚੰਡੀਗੜ੍ਹ: ਪਠਾਨਕੋਟ ਵਿਚ ਭਾਰਤੀ ਹਵਾਈ ਸੈਨਾ ਦੇ ਟਿਕਾਣੇ ‘ਤੇ ਹੋਏ ਅਤਿਵਾਦੀ ਹਮਲੇ ਤੋਂ ਠੀਕ 24 ਘੰਟੇ ਪਹਿਲਾਂ ਅਤਿਵਾਦੀਆਂ ਨੇ ਉਸੇ ਇਲਾਕੇ ਵਿਚ ਐਸ਼ਪੀæ ਨੂੰ ਅਗਵਾ ਕੀਤਾ ਸੀ, ਪਰ ਸੁਰੱਖਿਆ ਏਜੰਸੀਆਂ ਹਮਲਾ ਹੋਣ ਤੱਕ ਅਤਿਵਾਦੀਆਂ ਦਾ ਪਤਾ ਨਹੀਂ ਲਗਾ ਸਕੀਆਂ। ਖੁਫੀਆ ਰਿਪੋਰਟਾਂ ਅਨੁਸਾਰ 15 ਅਤਿਵਾਦੀਆਂ ਦੇ 30-31 ਦਸੰਬਰ ਨੂੰ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਬਾਰੇ ਜਾਣਕਾਰੀ ਦੇ ਦਿੱਤੀ ਸੀ, ਇਸ ਤੋਂ ਬਾਅਦ ਪੰਜਾਬ ਦੇ ਸਾਰੇ ਸੁਰੱਖਿਆ ਟਿਕਾਣਿਆਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਚਾਰ ਅਤਿਵਾਦੀਆਂ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਐਸ਼ਪੀæ ਸਲਵਿੰਦਰ ਸਿੰਘ ਨੂੰ ਅਗਵਾ ਕਰ ਲਿਆ ਸੀ, ਪਰ 24 ਘੰਟੇ ਬਾਅਦ ਵੀ ਸੁਰੱਖਿਆ ਏਜੰਸੀਆਂ ਇਨ੍ਹਾਂ ਅਤਿਵਾਦੀਆਂ ਨੂੰ ਲੱਭਣ ਵਿਚ ਨਾਕਾਮ ਰਹੀਆਂ। ਅਗਵਾ ਹੋਏ ਐਸ਼ਪੀæ ਨੇ ਦੱਸਿਆ ਕਿ ਅਤਿਵਾਦੀ ਸੈਨਾ ਦੀ ਵਰਦੀ ਵਿਚ ਸੀ ਤੇ ਬਿਨਾ ਕਿਸੇ ਡਰ ਤੋਂ ਇਲਾਕੇ ਵਿਚ ਘੁੰਮ ਰਹੇ ਸਨ। ਸਲਵਿੰਦਰ ਨੇ ਦਾਅਵਾ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਵੀਰਵਾਰ ਨੂੰ ਆਪਣੀ ਗੱਡੀ ਵਿਚ ਜਾ ਰਹੇ ਸਨ, ਇਸੇ ਦੌਰਾਨ ਚਾਰ ਅਤਿਵਾਦੀਆਂ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ ਵਿਚੋਂ ਇਕ ਗੱਡੀ ਚਲਾਉਣ ਲੱਗਾ ਤੇ ਹੌਲੀ ਹੌਲੀ ਸਾਨੂੰ ਸਾਰਿਆਂ ਨੂੰ ਥੋੜੀ ਥੋੜੀ ਦੂਰੀ ‘ਤੇ ਗੱਡੀ ਵਿਚੋਂ ਬਾਹਰ ਸੁੱਟ ਦਿੱਤਾ। ਉਨ੍ਹਾਂ ਦੇ ਇਕ ਸਾਥੀ ਰਾਜੇਸ਼ ਕੁਮਾਰ ਦਾ ਅਤਿਵਾਦੀਆਂ ਨੇ ਗਲਾ ਵੱਢ ਦਿੱਤਾ। ਸੀਨੀਅਰ ਅਧਿਕਾਰੀ ਵੱਲੋਂ ਅਗਵਾ ਕਰਨ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਪਹਿਲੀ ਜਨਵਰੀ ਨੂੰ ਸਾਰਾ ਦਿਨ ਪੁਲਿਸ ਪੂਰੀ ਮੁਸ਼ਤੈਦੀ ਦਿਖਾਉਣ ਦੀ ਬਜਾਏ ਇਸ ਮਾਮਲੇ ਨੂੰ ਵੱਖ-ਵੱਖ ਪਹਿਲੂਆਂ ‘ਤੇ ਹੀ ਦੇਖਦੀ ਰਹੀ। ਜਿਸ ਸਥਾਨ ਤੋਂ ਅਤਿਵਾਦੀਆਂ ਨੇ ਏਅਰ ਫੋਰਸ ਸਟੇਸ਼ਨ ਵਿਚ ਘੁਸਪੈਠ ਕੀਤੀ ਹੈ, ਉਸ ਤੋਂ ਤਕਰੀਬਨ ਇਕ ਕਿੱਲੋਮੀਟਰ ਦੀ ਦੂਰੀ ‘ਤੇ ਹੀ ਐਸ਼ਪੀæ ਤੋਂ ਖੋਹੀ ਗੱਡੀ ਛੱਡੀ ਸੀ, ਪਰ ਸਥਾਨਕ ਲੋਕਾਂ ਦੇ ਦੱਸਣ ਅਨੁਸਾਰ ਸ਼ਾਮ ਤੱਕ ਪੁਲਿਸ ਨੇ ਸਿਰਫ ਇਸ ਗੱਡੀ ਦੇ ਆਲੇ-ਦੁਆਲੇ ਵਾਲੀਆਂ ਝਾੜੀਆਂ ਤੇ ਕੁਝ ਥਾਵਾਂ ਦੀ ਤਲਾਸ਼ੀ ਹੀ ਲਈ, ਜਦੋਂ ਕਿ ਬਾਕੀ ਸਮੁੱਚੇ ਇਲਾਕੇ ਵਿਚ ਇਨ੍ਹਾਂ ਅਤਿਵਾਦੀਆਂ ਨੂੰ ਲੱਭਣ ਲਈ ਕੋਈ ਵੱਡੀ ਮੁਹਿੰਮ ਨਹੀਂ ਵਿੱਢੀ ਜਾ ਸਕੀ। ਇਹ ਅਤਿਵਾਦੀ ਤਕਰੀਬਨ 24 ਘੰਟੇ ਇਸੇ ਇਲਾਕੇ ਵਿਚ ਲੁਕੇ ਰਹਿਣ ਉਪਰੰਤ ਆਪਣੇ ਮਨਸੂਬੇ ਨੂੰ ਅੰਜਾਮ ਦੇਣ ਲਈ ਏਅਰ ਫੋਰਸ ਸਟੇਸ਼ਨ ਵਿਚ ਦਾਖਲ ਹੋ ਗਏ।