ਅਤਿਵਾਦ ਖਿਲਾਫ ਜੰਗ: 4 ਸਾਲਾਂ ‘ਚ 235 ਜਵਾਨਾਂ ਦੀਆਂ ਜਾਨਾਂ ਗਈਆਂ

ਬਠਿੰਡਾ: ਦਹਿਸ਼ਤਗਰਦੀ ਖਿਲਾਫ ਲੜਾਈ ਵਿਚ ਪਿਛਲੇ ਚਾਰ ਸਾਲ ਵਿਚ 228 ਫੌਜੀ ਅਫਸਰ ਤੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹ ਅਫਸਰ ਤੇ ਜਵਾਨ ਦਹਿਸ਼ਤਗਰਦਾਂ ਨਾਲ ਮੁਕਾਬਲੇ ਤੇ ਕੌਮਾਂਤਰੀ ਸਰਹੱਦ ‘ਤੇ ਗੋਲੀ ਬਾਰੀ ਵਿਚ ਸ਼ਹੀਦ ਹੋਏ ਹਨ। ਹੁਣ ਪਠਾਨਕੋਟ ਦੇ ਦਹਿਸ਼ਤੀ ਹਮਲੇ ਵਿਚ ਸੱਤ ਜਵਾਨ ਸ਼ਹੀਦ ਹੋ ਗਏ ਹਨ, ਜਿਸ ਨਾਲ ਇਹ ਗਿਣਤੀ 235 ਹੋ ਗਈ ਹੈ।

ਪਹਿਲੀ ਦਸੰਬਰ 2014 ਤੋਂ 27 ਨਵੰਬਰ 2015 ਤੱਕ ਅਤਿਵਾਦ ਖਿਲਾਫ ਲੜਾਈ ਵਿਚ 57 ਫੌਜੀ ਅਫਸਰ ਤੇ ਜਵਾਨ ਸ਼ਹੀਦ ਹੋਏ। ਭਾਵੇਂ ਸ਼ਹੀਦਾਂ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ, ਪਰ ਉਨ੍ਹਾਂ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਮੁਤਾਬਕ ਸਾਲ 2015 ਵਿਚ 57 ਫੌਜੀ ਅਫਸਰ ਤੇ ਜਵਾਨ ਅਤਿਵਾਦ ਖਿਲਾਫ ਜੰਗ ਵਿਚ ਸ਼ਹੀਦ ਹੋਏ। ਜੂਨ ਮਹੀਨੇ ਵਿਚ ਮਨੀਪੁਰ ਵਿਚ ਅਤਿਵਾਦੀ ਹਮਲੇ ਵਿਚ 20 ਫੌਜੀ ਅਫਸਰ ਤੇ ਜਵਾਨ ਸ਼ਹੀਦ ਹੋ ਗਏ ਸਨ। ਸਾਲ 2012 ਵਿਚ 61, 2013 ਵਿਚ 54, 2014 ਵਿਚ 56 ਅਤੇ ਸਾਲ 2015 ਵਿਚ 57 ਫੌਜੀ ਅਫਸਰ ਤੇ ਜਵਾਨ ਸ਼ਹੀਦ ਹੋਏ ਹਨ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਵਿਚੋਂ 180 ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪਠਾਨਕੋਟ ਏਅਰ ਬੇਸ ‘ਤੇ ਹੋਏ ਹਮਲੇ ਵਿਚ ਸ਼ਹੀਦ ਹੋਏ ਦੋ ਫ਼ੌਜੀ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਹਨ। ਪਿਛਲੇ ਚਾਰ ਸਾਲਾਂ ਵਿਚ ਜੰਮੂ ਕਸ਼ਮੀਰ ਵਿਚ ਅਤਿਵਾਦ ਸਬੰਧੀ 798 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਭਾਰਤੀ ਫੌਜ ਦੇ 153 ਅਫਸਰ ਤੇ ਜਵਾਨ ਸ਼ਹੀਦ ਹੋਏ ਹਨ ਜਦਕਿ 340 ਅਤਿਵਾਦੀ ਮਾਰੇ ਗਏ ਹਨ। ਇਨ੍ਹਾਂ ਘਟਨਾਵਾਂ ਵਿਚ 74 ਆਮ ਨਾਗਰਿਕ ਵੀ ਮਾਰੇ ਗਏ। ਸਾਲ 2015 ਦੌਰਾਨ ਜੰਮੂ ਕਸ਼ਮੀਰ ਵਿਚ 91 ਅਤਿਵਾਦੀ ਮਾਰੇ ਗਏ ਤੇ ਇਸ ਸਮੇਂ ਦੌਰਾਨ 16 ਆਮ ਨਾਗਰਿਕ ਵੀ ਮਾਰੇ ਗਏ। ਕੌਮੀ ਜਾਂਚ ਏਜੰਸੀ (ਐਨæਆਈæਏæ) ਨੇ ਇਨ੍ਹਾਂ ਚਾਰ ਸਾਲਾਂ ਦੌਰਾਨ ਦੇਸ਼ ਵਿਚ ਅਤਿਵਾਦੀਆਂ ਤੇ ਹਥਿਆਰਬੰਦ ਦਲਾਂ ਖਿਲਾਫ਼ 76 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿਚੋਂ 22 ਕੇਸਾਂ ਦੀ ਹਾਲੇ ਜਾਂਚ ਚੱਲ ਰਹੀ ਹੈ। ਬਾਕੀ 50 ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਤੇ ਦੋ ਕੇਸਾਂ ਦਾ ਨਿਪਟਾਰਾ ਹੋਇਆ ਹੈ। ਜਿਹੜੇ ਕੇਸ ਰਾਜ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ, ਉਹ ਵੱਖਰੇ ਹਨ।
ਸਾਲ 2015 ਵਿਚ ਅਤਿਵਾਦੀਆਂ ਖਿਲਾਫ਼ 19 ਕੇਸ ਤੇ ਸਾਲ 2014 ਵਿਚ 14 ਕੇਸ ਇਕੱਲੀ ਕੌਮੀ ਜਾਂਚ ਏਜੰਸੀ ਨੇ ਦਰਜ ਕੀਤੇ ਸਨ। ਚਾਰ ਵਰ੍ਹਿਆਂ ਦੌਰਾਨ ਅਦਾਲਤਾਂ ਵਿਚ ਦੋ ਕੇਸਾਂ ਦਾ ਨਿਪਟਾਰਾ ਹੋਇਆ ਹੈ, ਜਿਨ੍ਹਾਂ ਵਿਚ 19 ਮੁਲਜ਼ਮਾਂ ਨੂੰ ਸਜ਼ਾ ਹੋਈ ਹੈ ਜਦਕਿ 9 ਬਰੀ ਹੋਏ ਹਨ। ਦੇਸ਼ ਵਿਚ ਅਤਿਵਾਦੀਆਂ ਨੂੰ ਬੀਤੇ ਅੱਠ ਵਰ੍ਹਿਆਂ ਵਿਚ 80 ਕਰੋੜ ਦੇ ਫੰਡ ਵਿਦੇਸ਼ਾਂ ਤੋਂ ਪ੍ਰਾਪਤ ਹੋਏ ਹਨ। ਕੌਮੀ ਜਾਂਚ ਏਜੰਸੀ ਦੀ ਜਾਂਚ ਵਿਚ ਤੱਥ ਉਜਾਗਰ ਹੋਏ ਹਨ ਕਿ ਹਿਜ਼ਬੁਲ ਮੁਜਾਹਿਦੀਨ ਦੇ ਆਪੂ ਬਣੇ ਕਮਾਂਡਰ ਸਲਾਹੂਦੀਨ ਨੇ ਵੱਖ-ਵੱਖ ਸਰੋਤਾਂ ਰਾਹੀਂ ਪਾਕਿਸਤਾਨ ਤੋਂ ਫੰਡ ਹਾਸਲ ਕੀਤੇ ਹਨ। ਜੰਮੂ ਕਸ਼ਮੀਰ ਪ੍ਰਭਾਵਤੀ ਰਿਲੀਫ ਟਰੱਸਟ, ਜਿਸ ਦਾ ਮੁੱਖ ਦਫਤਰ ਰਾਵਲਪਿੰਡੀ ਤੇ ਬ੍ਰਾਂਚ ਦਫਤਰ ਇਸਲਾਮਾਬਾਦ ਤੇ ਮੁਜ਼ੱਫਰਾਬਾਦ ਵਿਚ ਹੈ, ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਤੇ ਭਾਰਤ ਵਿਚ ਅਤਿਵਾਦੀ ਸੰਗਠਨਾਂ ਨੂੰ ਵੰਡਣ ਵਿਚ ਸ਼ਾਮਲ ਹੈ।
_____________________________________________________
ਪਠਾਨਕੋਟ ਹਮਲਾ ਯੂਨਾਈਟਡ ਜਹਾਦ ਕੌਂਸਲ ਦਾ ਕਾਰਾ
ਨਵੀਂ ਦਿੱਲੀ: ਪਠਾਨਕੋਟ ਹਮਲੇ ਵਿਚ ਸਾਰੇ ਅਤਿਵਾਦੀਆਂ ਦੇ ਮਾਰੇ ਜਾਣ ਦੀ ਖਬਰ ਤੋਂ ਬਾਅਦ ਪਾਕਿਸਤਾਨ ਦੀ ਯੂਨਾਈਟਿਡ ਜਹਾਦ ਕੌਂਸਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਪਾਕਿਸਤਾਨ ਦੀ ਇਕ ਸਥਾਨਕ ਨਿਊਜ਼ ਏਜੰਸੀ ਨੂੰ ਈ-ਮੇਲ ਭੇਜ ਕੇ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਹਮਲੇ ਦਾ ਪਾਕਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੌਰ ਹੋਵੇ ਕਿ ਪਾਕਿਸਤਾਨ ਤੇ ਉਥੋਂ ਦੀ ਖੁਫੀਆ ਏਜੰਸੀ ਆਈæਐਸ਼ਆਈæ ਦੀ ਮਦਦ ਨਾਲ 1994 ਵਿਚ ਇਸ ਸਮੂਹ ਦਾ ਗਠਨ ਕੀਤਾ ਗਿਆ ਸੀ। ਇਹ 15 ਅਤਿਵਾਦੀ ਸੰਗਠਨਾਂ ਦਾ ਗੁੱਟ ਹੈ ਤੇ ਮੁੱਖ ਅਤਿਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਹੈ। ਹਿਜ਼ਬੁਲ ਦਾ ਆਕਾ ਸੱਯਦ ਸਲਾਊਦੀਨ ਇਸ ਅਤਿਵਾਦੀ ਗੁੱਟ ਦਾ ਵੀ ਮੁਖੀ ਹੈ।