ਅਕਾਲੀ ਆਗੂ ਦੀ ਸ਼ਹਿ ‘ਤੇ ਪੰਜਾਬ ਪੁਲਿਸ ਨੇ ਫਿਰ ਕੀਤਾ ਘਾਣ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਆਗੂਆਂ ਦੀ ਸ਼ਹਿ ‘ਤੇ ਪੁਲਿਸ ਵੱਲੋਂ ਲੋਕਾਂ ਉੱਤੇ ਕੀਤਾ ਜਾ ਰਿਹਾ ਤਸ਼ੱਦਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੰਗਰੂਰ ਵਿਚ ਇਕ ਅਕਾਲੀ ਆਗੂ ਤੇ ਸ਼ਰਾਬ ਦੇ ਵਪਾਰੀ ਦੇ ‘ਹੁਕਮਾਂ’ ਉਤੇ ਪੁਲਿਸ ਨੇ ਇਕ ਗਰੀਬ ਨੌਜਵਾਨ ਮੰਗਾ ਸਿੰਘ ਉਤੇ ਅਣਮਨੁੱਖੀ ਤਸ਼ੱਦਦ ਦੀਆਂ ਸਭ ਹੱਦਾਂ ਉਲੰਘ ਦਿੱਤੀਆਂ।

ਸ਼ਰਾਬ ਵੇਚਣ ਦੇ ਦੋਸ਼ ਹੇਠ ਹਿਰਾਸਤ ਵਿਚ ਲਏ ਵਿਅਕਤੀ ਦੀ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਉਸ ਦੇ ਗੁਪਤ ਅੰਗ ਵਿਚ ਸਰਿੰਜ ਨਾਲ ਪੈਟਰੋਲ ਪਾਇਆ ਤੇ ਡੰਡੇ ਨਾਲ ਗੁਪਤ ਅੰਗ ਵਿਚ ਤਸੀਹੇ ਦਿੱਤੇ। ਲਹੂ ਲੁਹਾਣ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਜੇ ਇਸ ਅਣਮਨੁੱਖੀ ਕਾਰੇ ਦੀ ਜਾਂਚ ਚੱਲ ਹੀ ਰਹੀ ਸੀ ਕਿ ਮੌਕੇ ‘ਤੇ ਇਕ ਹੋਰ ਵਿਅਕਤੀ ਨੇ ਪਰਿਵਾਰ ਸਮੇਤ ਪੁੱਜ ਕੇ ਡੀæਆਈæਜੀæ ਅੱਗੇ ਦੁਖੜਾ ਰੋਂਦਿਆਂ ਦੱਸਿਆ ਕਿ ਬੀਤੀ ਰਾਤ ਇਸੇ ਥਾਣੇ ਵਿਚ ਉਹ ਵੀ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ।
ਪੀੜਤ ਮੰਗਾ ਸਿੰਘ (28) ਰਾਮ ਨਗਰ ਬਸਤੀ ਵਿਚ ਮੀਟ ਵੇਚਣ ਦੀ ਦੁਕਾਨ ਚਲਾਉਂਦਾ ਹੈ। ਅਕਾਲੀ ਆਗੂ ਨੇ ਉਸ ‘ਤੇ ਸ਼ਰਾਬ ਵੇਚਣ ਦਾ ਦੋਸ਼ ਲਾਇਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਅਬੋਹਰ ਦੇ ਇਕ ਅਕਾਲੀ ਆਗੂ ਤੇ ਸ਼ਰਾਬ ਦੇ ਵਪਾਰੀ ਦੀ ਸ਼ਹਿ ਉਤੇ ਉਸ ਦੇ ਕਾਰਿੰਦਿਆਂ ਵੱਲੋਂ ਫਾਰਮ ਹਾਊਸ ‘ਤੇ ਦੋ ਨੌਜਵਾਨਾਂ ਦੇ ਹੱਥ-ਪੈਰ ਵੱਢ ਦਿੱਤੇ ਸਨ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਪੰਜਾਬ ਵਿਚ ਸਿਆਸੀ ਆਗੂਆਂ ਦੀ ਸ਼ਹਿ ‘ਤੇ ਅਜਿਹੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੋਂਦ ਵਿਚ ਆਉਣ ਤੋਂ ਹੁਣ ਤੱਕ ਕੁੱਲ 2æ27 ਲੱਖ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿਚੋਂ 52 ਫੀਸਦੀ ਕੇਸ ਪੁਲਿਸ ਜ਼ਿਆਦਤੀ ਦੇ ਹਨ। ਪੁਲਿਸ ਖਿਲਾਫ ਜਿੰਨੇ ਵੀ ਕੇਸ ਕਮਿਸ਼ਨ ਕੋਲ ਆਏ ਉਨ੍ਹਾਂ ਵਿਚ ਇਹੀ ਸ਼ਿਕਾਇਤ ਹੁੰਦੀ ਹੈ ਪੁਲਿਸ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਪੱਖ ਲੈ ਰਹੀ ਹੈ।
ਇਸ ਤੋਂ ਪਹਿਲਾਂ ਮੋਗੇ ਅਤੇ ਮੁਕਤਸਰ ਦੇ ਪਿੰਡ ਚੰਨੋ ਵਿਖੇ ਦੋ ਕੁੜੀਆਂ ਨੂੰ ਰਸੂਖ਼ਵਾਨਾਂ ਦੇ ਬਾਹੂਬਲੀਏ ਟੋਲਿਆਂ ਦਾ ਸ਼ਿਕਾਰ ਹੋਣਾ ਪਿਆ। ਅੰਮ੍ਰਿਤਸਰ ਵਿਚ ਪੁਲਿਸ ਇੰਸਪੈਕਟਰ ਦਾ ਕਤਲ, ਪੰਚਾਇਤ ਮੰਤਰੀ ਦੇ ਬੰਦਿਆਂ ਵੱਲੋਂ ਇਕ ਬਜ਼ੁਰਗ ਦੀ ਕੁੱਟਮਾਰ, ਗੁਰਦਾਸਪੁਰ ਵਿਚ ਇਕ ਪ੍ਰਮੁੱਖ ਸੰਸਦੀ ਸਕੱਤਰ ਵੱਲੋਂ ਇਕ ਟਰੇਡ ਯੂਨੀਅਨ ਕਾਰਕੁਨ ਉੱਪਰ ਤਸ਼ੱਦਦ ਤੋਂ ਇਲਾਵਾ ਅਕਾਲੀ ਦਲ ਵਿਰੁੱਧ ਰੋਸ ਪ੍ਰਗਟਾਉਂਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਰਸੂਖ਼ਵਾਨਾਂ ਅਤੇ ਉਨ੍ਹਾਂ ਦੇ ਬਾਹੂਬਲੀਆਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ।
ਅਜਿਹੀਆਂ ਵਧੀਕੀਆਂ ਜਿਥੇ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਅਮਨ-ਕਾਨੂੰਨ ਦੀ ਹਾਲਤ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ, ਉਥੇ ਜਮਹੂਰੀਅਤ ਉੱਤੇ ਬਾਹੂਬਲੀਆਂ ਦੇ ਭਾਰੀ ਪੈ ਜਾਣ ਦਾ ਵੀ ਸੰਕੇਤ ਹਨ। ਕੁਝ ਦਹਾਕੇ ਪਹਿਲਾਂ ਬਿਹਾਰ ਅਤੇ ਯੂæਪੀæ ਵਿਚ ਅਜਿਹੀ ਲੱਠਮਾਰ ਸਿਆਸਤ ਦਾ ਬੋਲਬਾਲਾ ਸੁਣੀਂਦਾ ਸੀ, ਪਰ ਹੁਣ ਨਾ ਸਿਰਫ ਪੰਜਾਬ ਬਲਕਿ ਮੁਲਕ ਦੇ ਕਈ ਹੋਰ ਸੂਬਿਆਂ ਵਿਚ ਵੀ ਇਹ ਵਰਤਾਰਾ ਸਿਖਰਾਂ ਛੋਹ ਰਿਹਾ ਹੈ। ਇਨ੍ਹਾਂ ਘਟਨਾਵਾਂ ਨਾਲ ਸਬੰਧਤ ਅਪਰਾਧੀਆਂ ਦੇ ਸੱਤਾਧਾਰੀ ਧਿਰ ਨਾਲ ਨੇੜਲੇ ਸਬੰਧ ਹੋਣ ਕਾਰਨ ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ ਕਰਦੇ ਹਨ। ਸੰਗਰੂਰ ਵਿਖੇ ਹੋਏ ਅਣਮਨੁੱਖੀ ਤਸ਼ੱਦਦ ਲਈ ਜ਼ਿੰਮੇਵਾਰ ਕੁਝ ਅਪਰਾਧੀਆਂ, ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਫੌਰੀ ਕਾਰਵਾਈ ਕਰਕੇ ਭਾਵੇਂ ਪੁਲਿਸ ਮੁਖੀ ਨੇ ਸਾਖ਼ ਨੂੰ ਲੱਗੇ ਖੋਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਰਸੂਖ਼ਵਾਨਾਂ ਵਿਰੁੱਧ ਕੋਈ ਕਾਰਵਾਈ ਦੀ ਜੁਰਅਤ ਪੁਲਿਸ ਤੇ ਪ੍ਰਸ਼ਾਸਨ ਹਾਲੇ ਤੱਕ ਨਹੀਂ ਕਰ ਸਕੇ। ਸੱਤਾਧਾਰੀ ਧਿਰ ਦੀ ਪੁਲਿਸ ਤੇ ਪ੍ਰਸ਼ਾਸਨ ਵਿਚ ਲਗਾਤਾਰ ਦਖ਼ਲਅੰਦਾਜ਼ੀ ਕਾਰਨ ਆਮ ਲੋਕਾਂ ਵਿਚ ਇਹ ਅਹਿਸਾਸ ਘਰ ਕਰ ਗਿਆ ਹੈ ਕਿ ਪੁਲਿਸ ਥਾਣੇ ਤੇ ਪ੍ਰਸ਼ਾਸਕੀ ਦਫਤਰ ਮਹਿਜ਼ ਸੱਤਾਧਾਰੀ ਦਲ ਦੇ ਦਫਤਰ ਹਨ।
________________________________________________________
ਸ਼ਰਾਬ ਮਾਫੀਆ ਦੀ ਗੁਲਾਮ ਬਣੀ ਪੁਲਿਸ: ਭਗਵੰਤ ਮਾਨ
ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਬੋਹਰ ਤੇ ਸੰਗਰੂਰ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਸ਼ਰਾਬ ਮਾਫੀਆ ਦੀ ਗੁਲਾਮ ਬਣ ਗਈ ਹੈ। ਗ੍ਰਹਿ ਮੰਤਰੀ ਵਜੋਂ ਨਾਕਾਮ ਸਾਬਤ ਹੋਏ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਸ੍ਰੀ ਮਾਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਸ਼ਰਮਸਾਰ ਹੋ ਗਿਆ ਹੈ, ਜਿਸ ਲਈ ਸਿੱਧੇ ਤੌਰ ‘ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਜ਼ਿੰਮੇਵਾਰ ਹਨ।
___________________________________________________
ਸੰਗਰੂਰ ਤਸ਼ੱਦਦ: ਐਸ਼ਐਚæਓæ ਤੇ ਮੁਨਸ਼ੀ ਮੁਅੱਤਲ
ਸੰਗਰੂਰ: ਸਿਟੀ ਥਾਣੇ ਵਿਚ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਹੌਲਦਾਰ ਤੇ ਹੋਮਗਾਰਡ ਦੇ ਦੋ ਜਵਾਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਜਦੋਂਕਿ ਥਾਣੇ ਦੇ ਮੁਖੀ ਤੇ ਮੁਨਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਣਮਨੁੱਖੀ ਤਸ਼ੱਦਦ ਦੀ ਘਟਨਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਪੰਜਾਬ ਪੁਲਿਸ ਦੇ ਹੌਲਦਾਰ ਭੋਲਾ ਸਿੰਘ ਤੇ ਹੋਮਗਾਰਡ ਦੇ ਜਵਾਨ ਇਕਬਾਲ ਖਾਂ ਅਤੇ ਗੁਰਜੰਟ ਸਿੰਘ ਨੂੰ ਇਥੇ ਜੁਡੀਸ਼ਲ ਮੈਜਿਸਟ੍ਰੇਟ ਤੇ ਡਿਊਟੀ ਮੈਜਿਸਟ੍ਰੇਟ ਮੈਡਮ ਏਕਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਤਿੰਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।