ਪੰਜਾਬੀ ਸਿਨੇਮਾ: ਤਜਰਬਿਆਂ ਦਾ ਦੌਰ

ਸਾਲ 2012 ਪੰਜਾਬੀ ਸਿਨੇਮਾ ਜਗਤ ਲਈ ਨਵੇਂ ਤਜਰਬਿਆਂ ਭਰਿਆ ਰਿਹਾ। ਲੰਘਿਆ ਵਰ੍ਹਾ ਪਿਛਲੇ ਸਮੇਂ ਦੀ ਨਿਸਬਤ ਕਈ ਪੱਖਾਂ ਤੋਂ ਪੰਜਾਬੀ ਸਿਨੇਮੇ ਲਈ ਖ਼ਾਸ ਕਿਹਾ ਜਾ ਸਕਦਾ ਹੈ। ਇਸ ਵਰ੍ਹੇ ਪਿਛਲੇ ਤਕਰੀਬਨ ਪੰਜ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ 27 ਫ਼ਿਲਮਾਂ ਰਿਲੀਜ਼ ਹੋਈਆ। ਇਹ ਫ਼ਿਲਮਾਂ ਬੇਸ਼ੱਕ ਵਿਸ਼ਾ ਪੱਖ ਤੋਂ ਇਕ ਦੂਜੇ ਤੋਂ ਵੱਖਰੀਆਂ ਸਨ ਪਰ ਫਿਰ ਵੀ ਜ਼ਿਆਦਾਤਰ ਫ਼ਿਲਮਸਾਜ਼ਾਂ ਨੇ ਮੌਲਿਕਤਾ ਦੇ ਨਾਂ ‘ਤੇ ਦੁਹਰਾਅ ਹੀ ਪੇਸ਼ ਕੀਤਾ। ਇਨ੍ਹਾਂ ਫ਼ਿਲਮਾਂ ਰਾਹੀਂ ਪ੍ਰਚਾਰੀ ਜਾ ਰਹੀ ਪੰਜਾਬੀਆਂ ਦੀ ਜੀਵਨ ਸ਼ੈਲੀ, ਸੁਹਜ, ਸੁਆਦ ਬਿਲਕੁਲ ਆਮ ਵਿਅਕਤੀ ਦੇ ਉਲਟ ਹਨ। ਇਹ ਫ਼ਿਲਮਾਂ ਪੰਜਾਬੀ ਸਮਾਜ ਦੀ ਖਾਂਦੀ-ਪੀਂਦੀ ਸ਼੍ਰੇਣੀ ਦਾ ਸੱਚ ਤਾਂ ਹੋ ਸਕਦੀਆਂ ਹਨ ਪਰ ਆਮ ਵਿਅਕਤੀ ਦੀ ਜ਼ਿੰਦਗੀ ਦੇ ਨੇੜੇ ਵੀ ਨਹੀਂ ਢੁਕਦੀਆਂ।
ਕਿਸੇ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਉਸ ਦੀ ਹੋਂਦ ਨੂੰ ਬਣਾਈ ਰੱਖਣ ਲਈ ਸਿਨੇਮੇ ਵਰਗੇ ਮਾਧਿਅਮ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਸਿਨੇਮਾ ਸੰਚਾਰ ਦਾ ਇਕ ਅਜਿਹਾ ਮਾਧਿਅਮ ਹੈ ਜਿਸ ਦਾ ਪ੍ਰਭਾਵ ਨਾ ਸਿਰਫ ਪੜ੍ਹੇ ਲਿਖੇ ਲੋਕ ਕਬੂਲਦੇ ਹਨ ਬਲਕਿ ਅਨਪੜ੍ਹ ਵਿਅਕਤੀ ਨੂੰ ਵੀ ਇਹ ਓਨਾ ਹੀ ਪ੍ਰਭਾਵਤ ਕਰਦਾ ਹੈ। ਅਜੋਕੀਆਂ ਪੰਜਾਬੀ ਫ਼ਿਲਮਾਂ ਵਿੱਤੀ ਤੌਰ ‘ਤੇ ਸਫ਼ਲ ਤਾਂ ਹੋ ਰਹੀਆਂ ਹਨ ਪਰ ਆਮ ਬੰਦਾ ਜਾਂ ਪੰਜਾਬੀ ਜਨ ਜੀਵਨ ਇਨ੍ਹਾਂ ਵਿਚੋਂ ਭਾਲਿਆ ਨਹੀਂ ਮਿਲਦਾ।
ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਵਿਚੋਂ ਗਾਇਕ ਦਿਲਜੀਤ ਦੁਸਾਂਝ ਅਭਿਨੀਤ ਤੇ ਨਿਰਦੇਸ਼ਕ ਅੁਨਰਾਗ ਸਿੰਘ ਦੀ ਫ਼ਿਲਮ ‘ਜੱਟ ਐਂਡ ਜੂਲੀਅਟ’ ਤੇ ਗਿੱਪੀ ਗਰੇਵਾਲ ਅਭਿਨੀਤ ਤੇ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਕਮੇਡੀ ਤੇ ਰੁਮਾਂਸ ਦੀ ਸ਼੍ਰੇਣੀ ਵਿਚ ਸ਼ਾਮਲ ਇਨ੍ਹਾਂ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਤੋਂ ਉਕਤਾ ਚੁੱਕੇ ਸ਼ਹਿਰੀ ਵਰਗ ਨੂੰ ਵੀ ਮੁੜ ਪੰਜਾਬੀ ਸਿਨੇਮੇ ਨਾਲ ਜੋੜਿਆ। ਨਿਰਦੇਸ਼ਕ ਮਨਮੋਹਨ ਸਿੰਘ ਦੀਆਂ ਪਰਦੇਸ ਬਾਰੇ ਫ਼ਿਲਮਾਂ ‘ਜੀ ਆਇਆਂ ਨੂੰ’ ਤੇ ‘ਅਸਾਂ ਨੂੰ ਮਾਣ ਵਤਨਾਂ ਦਾ’ ਤੋਂ ਬਾਅਦ ਬਹੁਗਿਣਤੀ ਫ਼ਿਲਮਾਂ ਇਸੇ ਵਿਸ਼ੇ ਦੇ ਇਰਦ-ਗਿਰਦ ਘੁੰਮਣ ਲੱਗ ਗਈਆਂ ਸਨ।
ਉਸੇ ਤਰ੍ਹਾਂ ਹੁਣ ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਬਾਅਦ ਬਿਨਾਂ ਸਿਰ ਪੈਰ ਤੋਂ ਕਮੇਡੀ ਫ਼ਿਲਮਾਂ ਦਾ ਰੁਝਾਨ ਸ਼ੁਰੂ ਹੋ ਗਿਆ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਬਾਅਦ ਹੋਰਾਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਬਲਜੀਤ ਦਿਓ ਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਮਿਰਜ਼ਾ’, ਬੱਬੂ ਮਾਨ ਦੀ ਫ਼ਿਲਮ ‘ਦੇਸੀ ਰੋਮੀਓ’ ਨੂੰ ਵੀ ਕਿਸੇ ਹੱਦ ਤਕ ਦਰਸ਼ਕਾਂ ਨੇ ਪਸੰਦ ਕੀਤਾ ਪਰ ਇਹ ਫ਼ਿਲਮਾਂ ਉਹ ਕਮਾਲ ਨਹੀਂ ਕਰ ਸਕੀਆਂ ਜਿਸ ਦੀ ਇਨ੍ਹਾਂ ਤੋਂ ਆਸ ਕੀਤੀ ਜਾ ਰਹੀ ਸੀ। ਉØੱਘੇ ਫ਼ਿਲਮਸਾਜ਼ ਮਨਮੋਹਨ ਸਿੰਘ ਦੀ ਫ਼ਿਲਮ ‘ਅੱਜ ਦੇ ਰਾਂਝੇ’, ਗਾਇਕ ਰਵਿੰਦਰ ਗਰੇਵਾਲ ਦੀ ਪਲੇਠੀ ਫ਼ਿਲਮ ‘ਰੌਲਾ ਪੈ ਗਿਆ’ ਤੇ ਗੈਵੀ ਚਾਹਲ ਤੇ ਨੀਰੂ ਬਾਜਵਾ ਦੀ ਫ਼ਿਲਮ ‘ਪਿੰਕੀ ਮੋਗੇ ਵਾਲੀ’ ਵੀ ਬੇਸ਼ੱਕ ਦਰਸ਼ਕਾਂ ਨੂੰ ਖਿੱਚਣ ਵਿਚ ਕਾਮਯਾਬ ਰਹੀਆਂ ਪਰ ਇਨ੍ਹਾਂ ਫ਼ਿਲਮਾਂ ਦਾ ਹਸ਼ਰ ਕੋਈ ਬਹੁਤਾ ਵਧੀਆ ਨਹੀਂ ਹੋਇਆ।
ਮਰਹੂਮ ਜਸਪਾਲ ਭੱਟੀ ਦੀ ਫ਼ਿਲਮ ‘ਪਾਵਰ ਕੱਟ’ ਬੇਸ਼ੱਕ ‘ਮਾਹੌਲ ਠੀਕ ਹੈ’ ਦੀ ਸਫ਼ਲਤਾ ਨਹੀਂ ਦੁਹਰਾ ਸਕੀ ਪਰ ਇਸ ਫ਼ਿਲਮ ਨੇ ਸ਼ਹਿਰੀ ਵਰਗ ਨਾਲ ਸਬੰਧਤ ਪਰਿਵਾਰਾਂ ਨੂੰ ਸਿਨੇਮਾ ਘਰਾਂ ਨਾਲ ਜ਼ਰੂਰ ਜੋੜਿਆ। ‘ਬੁਰਰਰਹਾ’ ਫ਼ਿਲਮ ਵੀ ਨੌਜਵਾਨਾਂ ਦੀ ਪਸੰਦ ਬਣੀ ਪਰ ਵਿੱਤ ਪੱਖੋਂ ਇਸ ਦੀਆਂ ਗੋਡੀਆਂ ਲੱਗ ਗਈਆਂ। ਫ਼ਿਲਮ ‘ਮੁੰਡੇ ਪਟਿਆਲੇ ਦੇ’, ‘ਯਾਰਾਂ ਨਾਲ ਬਹਾਰਾਂ-2’, ‘ਦਿਲ ਤੈਨੂੰ ਕਰਦਾ ਹੈ ਪਿਆਰ’, ‘ਯਾਰ ਪਰਦੇਸੀ’ ਤੇ ‘ਸਾਡੀ ਵੱਖਰੀ ਹੈ ਸ਼ਾਨ’ ਨੂੰ ਸਭ ਤੋਂ ਘੱਟ ਦਰਸ਼ਕ ਨਸੀਬ ਹੋਏ।
ਪਿਛਲੇ ਦੋ ਸਾਲਾਂ ਤੋਂ ਕੌਮਾਂਤਰੀ ਪੱਧਰ ‘ਤੇ ਚਰਚਾ ਵਿਚ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਬੇਸ਼ੱਕ ਰਿਲੀਜ਼ ਕਰ ਦਿੱਤੀ ਗਈ ਹੈ ਪਰ ਇਹ ਕੁਝ ਕੁ ਹੀ ਸਿਨੇਮਾਘਰਾਂ ਵਿਚ ਲੱਗਣ ਕਾਰਨ ਆਮ ਦਰਸ਼ਕਾਂ ਦੀ ਪਹੁੰਚ ਵਿਚ ਨਾ ਆ ਸਕੀ। ਪਦਮਸ੍ਰੀ ਗੁਰਦਿਆਲ ਸਿੰਘ ਦੇ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਬਣੀ ਇਸ ਫ਼ਿਲਮ ਨੂੰ ਹੋਰਾਂ ਐਵਾਰਡਾਂ ਸਮੇਤ ਨਵੰਬਰ ਵਿਚ ਗੋਆ ਵਿਚ ਹੋਏ 43ਵੇਂ ਕੌਮਾਂਤਰੀ ਫ਼ਿਲਮ ਫੈਸਟੀਵਲ ਵਿਚ ਕੌਮਾਂਤਰੀ ਸ਼੍ਰੇਣੀ ਵਿਚ ਬਿਹਤਰੀਨ ਫ਼ਿਲਮ ਦਾ ਐਵਾਰਡ ਮਿਲਿਆ ਹੈ। ਫ਼ਿਲਮ ਨੂੰ ਐਵਾਰਡ ਮਿਲਣ ਦੇ ਨਾਲ ਨਾਲ ਇਹ ਚਰਚਾ ਵੀ ਜ਼ੋਰਾਂ ‘ਤੇ ਹੈ ਕਿ ਆਖਰ ਇਸ ਫ਼ਿਲਮ ਨੂੰ ਖੁੱਲ੍ਹੇ ਰੂਪ ਵਿਚ ਦਰਸ਼ਕਾਂ ਦੇ ਸਨਮੁਖ ਕਿਉਂ ਨਹੀਂ ਕੀਤਾ ਜਾਂਦਾ। ਇਸ ਵਰ੍ਹੇ ਗਾਇਕ ਤੋਂ ਨਾਇਕ ਬਣਨ ਦਾ ਰੁਝਾਨ ਜਾਰੀ ਰਿਹਾ ਤੇ ਕੁਟ ਨਵੇਂ ਚਿਹਰੇ ਵੀ ਸਾਹਮਣੇ ਆਏ। ਰਵਿੰਦਰ ਗਰੇਵਾਲ ਤੇ ਗੀਤਾ ਜ਼ੈਲਦਾਰ ਵਰਗੇ ਕੁਝ ਗਾਇਕਾਂ ਤੇ ਮਾਡਲਾਂ ਨੇ ਵੀ ਫ਼ਿਲਮਾਂ ਵਿਚ ਹੱਥ ਅਜਮਾਇਆ ਹੈ। ਪੰਜਾਬੀ ਸਿਨੇਮਾ ਤਕਨੀਕ ਪੱਖੋਂ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਬੇਸ਼ੱਕ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਵਿਚ ਆ ਰਹੀਆਂ ਲਗਾਤਾਰ ਤਬਦੀਲੀਆਂ ਦਾ ਅਸਰ ਪੰਜਾਬੀ ਫ਼ਿਲਮਾਂ ‘ਤੇ ਵੀ ਪੈ ਰਿਹਾ ਹੈ ਪਰ ਪੰਜਾਬੀ ਫ਼ਿਲਮਾਂ ਵਿਚ ਜਿਸ ਤਰ੍ਹਾਂ ਦਾ ਮਾਹੌਲ ਤੇ ਵਾਤਾਵਰਣ ਸਿਰਜਿਆ ਜਾ ਰਿਹਾ ਹੈ ਇਹ ਪੰਜਾਬ ਦੀ ਧਨਾਢ ਸ਼੍ਰੇਣੀ ਦਾ ਸੱਚ ਤਾਂ ਹੋ ਸਕਦਾ ਹੈ ਪਰ ਸਮੁੱਚੇ ਸਮਾਜ ਦਾ ਨਹੀਂ।  ਅਸਲ ਵਿਚ ਪੰਜਾਬੀ ਫ਼ਿਲਮਾਂ ਵਿਚ ਪ੍ਰਤੀਬੱਧਤਾ ਦੀ ਘਾਟ ਲਗਾਤਾਰ ਦ੍ਰਿਸ਼ਟੀਗੋਚਰ ਹੋ ਰਹੀ ਹੈ। ਇਸ ਪੱਖੋਂ 2013 ਵਿਚ ਰਿਲੀਜ਼ ਹੋ ਰਹੀਆਂ ਦੋ ਫਿਲਮਾਂ ‘ਸਰਸਾ’ (ਡਾਇਰੈਕਟਰ ਜਤਿੰਦਰ ਮੌਹਰ) ਅਤੇ ‘ਨਾਬਰ’ (ਡਾਇਰੈਕਟਰ ਰਾਜੀਵ ਸ਼ਰਮਾ) ਆਸ ਬੰਨ੍ਹਾਉਂਦੀਆਂ ਹਨ ਕਿ   ਇਸ ਦੌਰ ਵਿਚ ਅਜਿਹੀਆਂ ਵਿਚਾਰ-ਉਕਸਾਊ ਫਿਲਮਾਂ ਵੀ ਬਣ ਰਹੀਆਂ ਹਨ।
_____________________________________
ਰਿਲੀਜ਼ ਫ਼ਿਲਮਾਂ
‘ਪਿਓਰ ਪੰਜਾਬੀ’, ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ’, ‘ਰਹਿਮਤਾਂ’, ‘ਮਿਰਜ਼ਾ’, ‘ਆਪਾਂ ਫਿਰ ਮਿਲਾਂਗੇ’, ‘ਰਹੇ ਚੜ੍ਹਦੀ ਕਲਾ ਪੰਜਾਬ ਦੀ’, ‘ਕਬੱਡੀ ਵੰਨਸ ਅਗੇਨ’, ‘ਦੇਸੀ ਰੋਮੀਓ’, ‘ਜੱਟ ਐਂਡ ਜੂਲੀਅਟ’, ‘ਯਾਰਾਂ ਨਾਲ ਬਹਾਰਾਂ-2, ‘ਕੈਰੀ ਆਨ ਜੱਟਾ’, ‘ਸਿਰਫਿਰੇ’, ‘ਅੰਨ੍ਹੇ ਘੋੜੇ ਦਾ ਦਾਨ’, ‘ਯਾਰ ਪਰਦੇਸੀ’, ‘ਰੌਲਾ ਪੈ ਗਿਆ’, ‘ਅੱਜ ਦੇ ਰਾਂਝੇ’, ‘ਪਿੰਕੀ ਮੋਗੇ ਵਾਲੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਬੁਰਰਰਹਾ’, ‘ਪਾਵਰ ਕੱਟ’, ‘ਦਿਲ ਤੈਨੂੰ ਕਰਦਾ ਹੈ ਪਿਆਰ’ ਤੇ ‘ਮੁੰਡੇ ਪਟਿਆਲੇ ਦੇ’।

Be the first to comment

Leave a Reply

Your email address will not be published.