ਡਾæ ਪੰਨੂ ਦੇ ਖਤ ਵਿਚ ਈਰਖਾ ਦੇ ਉਬਾਲੇ

ਕਥਾਕਾਰ ਸਰਬਜੀਤ ਸਿੰਘ ਧੂੰਦਾ ਵੱਲੋਂ ਆਪਣੇ ਨਾਮ ਅੱਗੇ ਜੋੜੇ ‘ਪ੍ਰੋਫੈਸਰ’ ਸ਼ਬਦ ਤੋਂ ਖਫਾ ਹੋਏ ਸਿੱਖ ਸਕਾਲਰ ਡਾæ ਹਰਪਾਲ ਸਿੰਘ ਪੰਨੂ ਦਾ ਖਤ ਪੜ੍ਹ ਕੇ ਦਿਲ ਵਿਚ ਕਈ ਸਵਾਲ ਉਠ ਖੜ੍ਹੇ ਹੋਏ। ਮਸਲਨ, ਹੁਣੇ ਜਿਹੇ ਉਭਰੇ ਭਾਈ ਧੂੰਦਾ ਤੋਂ ਪਹਿਲਾਂ ਕਈ ਨਾਮਵਰ ਸਿੱਖ ਸ਼ਖਸੀਅਤਾਂ ਆਪਣੇ ਨਾਂ ਅੱਗੇ ਪ੍ਰੋਫੈਸਰ ਸ਼ਬਦ ਦੀ ਵਰਤੋਂ ਕਰਦੀਆਂ ਆ ਰਹੀਆਂ ਹਨ, ਪਰ ਡਾæ ਪੰਨੂ ਨੇ ਸਾਰਾ ਨਜ਼ਲਾ ਭਾਈ ਧੂੰਦਾ ‘ਤੇ ਹੀ ਕਿਉਂ ਝਾੜਿਆ ਹੈ? ਦੂਜਾ, ਭਾਈ ਧੂੰਦਾ ਤੇ ਡਾæ ਪੰਨੂ ਦੋਵੇਂ ਹੀ ਪੰਜਾਬ ‘ਚ ਰਹਿੰਦੇ ਹਨ; ਫਿਰ ਡਾæ ਪੰਨੂ ਨੇ ਇਹ ਵਿਵਾਦ ਪੰਜਾਬ ਦੀਆਂ ਅਖ਼ਬਾਰਾਂ ਵਿਚ ਕਿਉਂ ਨਹੀਂ ਛੇੜਿਆ?
ਪ੍ਰੋਫੈਸਰ ਤਾਂ ਚਲੋ ਦੁਨਿਆਵੀ ਪਦਵੀ ਹੈ ਜਿਸ ਦੀ ਦੁਰਵਰਤੋਂ ਭਾਈ ਧੂੰਦਾ ਸਮੇਤ ਕਈ ਸੱਜਣ ਕਰੀ ਜਾਂਦੇ ਹੋਣਗੇ; ਲੇਕਿਨ ਪ੍ਰੋæ ਪੰਨੂ ਨੂੰ ਕਦੇ ਵਿਹਲੜਾਂ ਦਾ ਉਹ ਵੱਗ ਨਹੀਂ ਦਿਸਿਆ ਜੋ ਕਿਰਤੀ ਲੋਕਾਂ ਦੀ ਲੁੱਟ-ਖਸੁੱਟ ਕਰਦਾ ਹੋਇਆ ਵੀ ਆਪਣੇ ਨਾਂ ਅੱਗੇ ‘ਸੰਤ’ ਸ਼ਬਦ ਦਾ ਫੱਟਾ ਟੰਗੀ ਫਿਰਦਾ ਹੈ ਜਿਹੜਾ ਗੁਰੂਆਂ ਦੇ ਅਤਿ ਪਿਆਰੇ ਸਮਕਾਲੀਆਂ ਨੇ ਵੀ ਨਹੀਂ ਵਰਤਿਆ? ਇਹ ਗੱਲ ਵੀ ਸਮਝ ਨਹੀਂ ਆਈ ਕਿ ਭਾਈ ਧੂੰਦਾ ਕੋਲੋਂ ਕਿਹੜਾ ਐਡਾ ਬੱਜਰ ਗੁਨਾਹ ਹੋ ਗਿਆ ਹੋਵੇਗਾ ਕਿ ਡਾæ ਪੰਨੂ ਅਮਰੀਕਨ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਖ਼ਿਲਾਫ ਭੜਕਾਉਣ ਤੱਕ ਜਾ ਪਹੁੰਚੇ। ਅਖੇ-ਇਹੋ ਜਿਹੇ ਅਯੋਗ ਪ੍ਰੋਫੈਸਰਾਂ ਦੀਆਂ ਗਤੀਵਿਧੀਆਂ ਤੋਂ ਚੇਤੰਨ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਸਿੱਖ ਅਦਾਰਿਆਂ ਵਿਚ ਸਵਾਗਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ!
ਇਹ ਸਾਰੇ ਸਵਾਲ ਮੇਰੇ ਮਨ ਵਿਚ ਹੀ ਸੁਲਗਦੇ ਰਹਿਣੇ ਸਨ, ਜੇ ਲੁਧਿਆਣਾ ਪਿਛੋਕੜ ਵਾਲਾ ਮੇਰਾ ਇਕ ਦੋਸਤ ਮੈਨੂੰ ਵਿਚਲੀ ਅਸਲ ਗੱਲ ਨਾ ਦੱਸਦਾ। ਦਰਅਸਲ, ਇਸ ਗੱਲ ਨੇ ਹੀ ਮੈਨੂੰ ਇਹ ਲਾਈਨਾਂ ਲਿਖਣ ਲਈ ਮਜਬੂਰ ਕਰ ਦਿੱਤਾ; ਉਹ ਇਹ ਕਿ ਲੁਧਿਆਣੇ ਵਿਚ ਸਿੱਖ ਪ੍ਰਚਾਰਕਾਂ ਦਾ ਇਕ ਕਾਲਜ ਚੱਲਦਾ ਹੈ। ਉਸ ਦਾ ਕਰਤਾ ਧਰਤਾ ਹੈ ਡਾæ ਪੰਨੂ ਦਾ ਸਕਾ ਭਰਾ ਅਤੇ ਉਹ ਵੀ ਆਪਣੇ ਨਾਂ ਅੱਗੇ ਪ੍ਰੋਫੈਸਰ ਲਾਉਂਦਾ ਹੈ। ਦੋਸਤ ਦੇ ਦੱਸਣ ਮੁਤਾਬਕ ਦੋਹਾਂ ਵਿਦਵਾਨ ਭਰਾਵਾਂ ਦੀ ਆਪਸ ‘ਚ ਬਣਦੀ ਨਹੀਂ। ਸੁਣਿਆ ਹੈ ਕਿ ਇਹਦੇ ਪਿੱਛੇ ਕੋਈ ਵੱਟ-ਬੰਨ੍ਹੇ ਦੀ ਲੜਾਈ ਨਹੀਂ, ਸਗੋਂ ਵਿਚਾਰਾਂ ਦੇ ਵਖਰੇਵਿਆਂ ਦਾ ਹੀ ਪੰਗਾ ਹੈ। ਭਾਈ ਧੂੰਦਾ ਵੀ ਉਸੇ ਕਾਲਜ ਦਾ ਪ੍ਰੋਫੈਸਰ ਹੈ।
ਸੋ, ‘ਧੀਏ ਗੱਲ ਕਰ, ਨੂੰਹੇ ਕੰਨ ਕਰ’ ਵਾਲੀ ਕਹਾਵਤ ਦੀ ਵਰਤੋਂ ਕਰਦਿਆਂ ਡਾæ ਪੰਨੂ ਨੇ ਅਮਰੀਕਨ ਸਿੱਖਾਂ ਨੂੰ ਫਰਮਾਨ ਜਾਰੀ ਕਰ ਕੇ ਆਪਣਾ ਦਿਲ ਠੰਢਾ ਕਰ ਲਿਆ ਹੈ। ਕਹਿਣ ਦਾ ਮਤਲਬ ਕਿ ਅਨਪੜ੍ਹ ਲੋਕ ਡਾਂਗ-ਸੋਟੇ ਦੀ ਲੜਾਈ ਕਰਦੇ ਹੁੰਦੇ ਹਨ, ਪਰ ਵਿਦਵਾਨਾਂ ਦੀ ਜੰਗ ਉਪਰੋਕਤ ਤਰੀਕੇ ਨਾਲ ਹੁੰਦੀ ਹੈ।
ਡਾæ ਪੰਨੂ ਬਾਰੇ ਮੇਰੇ ਸਾਰੇ ਸਵਾਲ ਤਾਂ ਲੁਧਿਆਣਵੀ ਦੋਸਤ ਨੇ ਹੱਲ ਕਰ ਦਿੱਤੇ, ਪਰ ਵੱਡਾ ਸਵਾਲ ਮੈਂ ਪਾਠਕਾਂ ਅੱਗੇ ਰੱਖਦਾ ਹਾਂ। ਉਹ ਇਹ ਕਿ ਅਕਸਰ ਸਿੱਖ ਚਿੰਤਕ ਉੱਚੀ ਸੁਰ ਵਿਚ ਦਲਿਤਾਂ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਹਨ ਕਿ ਆਉ, ਤੁਹਾਨੂੰ ਸਿੱਖੀ ਆਪਣੇ ਕਲਾਵੇ ‘ਚ ਲੈਣਾ ਲੋਚਦੀ ਹੈ! ਜਿਹੜੇ ਸਿੱਖ ਵਿਦਵਾਨ ਆਪਣੇ ਸਿੱਖ ਭਰਾ ਨੂੰ ਹੀ ਕਲਾਵੇ ‘ਚ ਲੈਣ ਦੀ ਥਾਂ, ਉਹਦੀਆਂ ਜੜ੍ਹਾਂ ‘ਚ ਦਾਤੀ ਫੇਰਨ ਤੱਕ ਜਾਣ, ਐਸੇ ਸਿੱਖਾਂ ਦਾ ਦਲਿਤ ਭਰਾ ਭਰੋਸਾ ਕਿਵੇਂ ਕਰਨ?
-ਫਕੀਰ ਚੰਦ ਸੈਂਪਲਾ, ਐਲ਼ਏæ

Be the first to comment

Leave a Reply

Your email address will not be published.