ਬਠਿੰਡੇ ਤੋਂ ਜਹਾਜ਼ ਉਡਾਉਣ ਲਈ ਬਾਦਲ ਲਾਣਾ ਸਾਹੋ-ਸਾਹ

ਬਠਿੰਡਾ: ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਟਿੱਬਿਆਂ ਵਿਚਕਾਰ ਹਵਾਈ ਅੱਡਾ ਭਿਸੀਆਣਾ ਅਗਸਤ 2012 ਤੋਂ ਬਣ ਕੇ ਤਿਆਰ ਹੈ, ਜੋ ਉਡਾਣਾਂ ਦਾ ਇੰਤਜ਼ਾਰ ਕਰ ਰਿਹਾ ਹੈ। 25 ਕਰੋੜ ਦੀ ਲਾਗਤ ਨਾਲ 40 ਏਕੜ ਵਿਚ ਬਣੇ ਇਸ ਘਰੇਲੂ ਹਵਾਈ ਅੱਡੇ ਦੀ ਇਮਾਰਤ ਜਰਜਰ ਹੋ ਰਹੀ ਹੈ।

ਏਅਰਪੋਰਟ ਅਥਾਰਿਟੀ ਦੇ ਅਧਿਕਾਰੀ ਆਪਣਾ ਬੋਰੀ ਬਿਸਤਰਾ ਚੁੱਕ ਕੇ ਦਿੱਲੀ ਚਲੇ ਗਏ ਹਨ। ਹਵਾਈ ਅੱਡੇ ਦੇ ਚਾਰ-ਚੁਫੇਰੇ ਮਲੇ ਤੇ ਸਰਕੰਡੇ ਦਿਖਾਈ ਦੇ ਰਹੇ ਹਨ। ਹਵਾਈ ਅੱਡੇ ਅੰਦਰ ਪੀਣ ਵਾਲਾ ਵੀ ਖਾਰਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਏਅਰਪੋਰਟ ਦੀ ਇਮਾਰਤ ਜਲਦ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। 28 ਫਰਵਰੀ 2015 ਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ-ਜੰਮੂ ਹਵਾਈ ਰੂਟ ਦਾ ਸਰਵੇ ਕਰਵਾ ਰਹੇ ਹਾਂ। ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਮਾਲਵੇ ਵਿਚੋਂ ਕਾਫੀ ਪੈਸੰਜਰ ਜਾਂਦੇ ਹਨ। ਇਥੋਂ ਰੂਟ ਫਾਇਦੇਮੰਦ ਰਹੇਗਾ, ਪਰ ਅਗਸਤ-ਸਤੰਬਰ ਵਿਚ ਹੀ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਕਿ ਸਤਾਬਦੀ ਨੂੰ ਤਾਂ ਉਮੀਦ ਮੁਤਾਬਕ ਪੈਸੰਜਰ ਨਹੀਂ ਮਿਲ ਰਹੇ, ਏਅਰਲਾਈਨਜ਼ ਕੰਪਨੀਆਂ ਨੇ ਹਵਾਈ ਉਡਾਣ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਏਅਰਲਾਈਨਜ਼ ਦੇ ਸਰਵੇ ਮੁਤਾਬਕ ਇਥੋਂ ਯਾਤਰੀ ਨਹੀਂ ਮਿਲਣਗੇ।
28 ਮਾਰਚ 2015 ਨੂੰ ਬੀਬੀ ਬਾਦਲ ਨੇ ਕਿਹਾ ਸੀ ਕਿ ਜੰਮੂ ਰੂਟ ਲਈ ਗੱਲ ਨਹੀਂ ਬਣੀ ਤੇ ਹੁਣ ਬੀਕਾਨੇਰ ਏਅਰਰੂਟ ਦਾ ਸਰਵੇ ਕਰਵਾਉਣਗੇ। 15 ਅਪਰੈਲ 2015 ਨੂੰ ਡਿਪਟੀ ਸੀæਐਮæ ਨੇ ਕਿਹਾ ਕਿ ਬੀਕਾਨੇਰ ਦਾ ਕੋਈ ਮਤਲਬ ਹੀ ਨਹੀਂ ਬਣਦਾ, ਜੰਮੂ ਰੂਟ ਦਾ ਹੀ ਸਰਵੇ ਕਰਵਾਉਣਗੇ ਤੇ 70 ਸੀਟਰ ਪਲੇਨ ਚਲਾਉਣਗੇ। 17 ਅਪਰੈਲ 2015 ਨੂੰ ਡਿਪਟੀ ਸੀæਐਮæ ਨੇ ਫੇਰ ਮਜ਼ਾਕੀਆ ਅੰਦਾਜ਼ ਵਿਚ ਬਠਿੰਡਾ ਵਾਸੀਆਂ ਨੂੰ ਸਤਾਬਦੀ ਘਾਟੇ ਵਿਚ ਚੱਲਣ ਦਾ ਉਲਾਂਭਾ ਦਿੰਦੇ ਹੋਏ ਕਿਹਾ ਕਿ ਤੁਸੀਂ ਸਤਾਬਦੀ ‘ਤੇ ਤਾਂ ਚੜਦੇ ਨਹੀਂ, ਜਹਾਜ਼ ਦਾ ਕੀ ਕਰਨਾ ਹੈ। ਜਨਵਰੀ 2011 ਵਿਚ ਕੇਂਦਰੀ ਹਵਾਈ ਵਿਭਾਗ ਨੇ ਬਠਿੰਡਾ ਏਅਰਪੋਰਟ ਦੀ ਮਨਜੂਰੀ ਦਿੱਤੀ ਸੀ। ਇਕ ਸਾਲ ਵਿਚ ਜਿਆਦਾ ਤੋਂ ਜਿਆਦਾ 3000 ਜਹਾਜ਼ਾਂ ਦੀ ਉਡਾਣ ਤੇ ਲੈਂਡਿੰਗ ਦਾ ਕਰਾਰ ਦਿੱਤਾ ਗਿਆ ਸੀ।
ਬਠਿੰਡਾ ਏਅਰਪੋਰਟ ਤੋਂ ਜਹਾਜ਼ ਸੇਵਾ ਸ਼ੁਰੂ ਕਰਨ ਲਈ ਸਪਾਈਸ ਜੈਟ ਨੇ ਮਾਰਚ 2013 ਵਿਚ ਇੱਛਾ ਜਤਾਈ ਸੀ। ਏਅਰਵੇਜ਼ ਅਥਾਰਿਟੀ ਆਫ ਇੰਡੀਆ ਦਿੱਲੀ ਸਥਿਤ ਰਿਜਨਲ ਡਾਇਰੈਕਟਰ ਅਨੁਜ ਅਗਰਵਾਲ ਨੇ ਦੱਸਿਆ ਕਿ ਸਪਾਈਸ ਜੈਟ ਏਅਰਵੇਜ ਨੇ ਪੱਤਰ ਲਿਖ ਕੇ ਇੱਛਾ ਤਾਂ ਜਤਾਈ ਪਰ ਅਜੇ ਤੱਕ ਕੋਈ ਗੱਲ ਨਹੀਂ ਬਣੀ ਹੈ।