ਪੰਜਾਬ ਵਿਚ ਕੈਂਸਰ ਦਾ ਰਾਹ ਰੋਕਣ ਲਈ ਸਭ ਕੋਸ਼ਿਸ਼ਾਂ ਨਾਕਾਮ

ਚੰਡੀਗੜ੍ਹ: ਪੰਜਾਬ ਵਿਚ ਕੈਂਸਰ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਚ ਕੈਂਸਰ ਨੇ ਛੇ ਦਿਨਾਂ ਵਿਚ ਤਿੰਨ ਜਾਨਾਂ ਲੈ ਲਈਆਂ। ਇਸ ਪਿੰਡ ਵਿਚ ਭਾਵੇਂ 70 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਵੱਡਾ ਸਰਕਾਰੀ ਹਸਪਤਾਲ ਹੈ, ਪਰ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ।

ਪਿੰਡ ਵਿਚ ਦੋ ਦਰਜਨ ਦੇ ਕਰੀਬ ਮਰੀਜ਼ ਕੈਂਸਰ ਤੋਂ ਪੀੜਤ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਸਾਫ-ਸਫਾਈ ਅਤੇ ਪੀਣ ਦੇ ਪਾਣੀ ਦੇ ਵੀ ਪੁਖਤਾ ਪ੍ਰਬੰਧ ਨਹੀਂ ਹਨ। ਕੈਂਸਰ ਦੇ ਕਹਿਰ ਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ ਮੰਨਿਆ ਜਾ ਰਿਹਾ ਹੈ। ਜਰਮਨ ਦੀ ਇਕ ਲਬਾਰਟਰੀ ਮਾਈਕਰੋਟਰੇਸ ਮਿਨਰਲ ਵੱਲੋਂ ਖੇਤੀ ਵਿਰਾਸਤ ਨਾਲ ਮਿਲ ਕੇ ਕੈਂਸਰ ਤੋਂ ਪੀੜਤ ਤੇ ਸਿਹਤਮੰਦ ਲੋਕਾਂ ਦੇ ਨਹੁੰ ਤੇ ਵਾਲਾਂ ‘ਤੇ ਕੀਤੀ ਗਈ ਟੈਸਟ ਵਿਧੀ ਖੋਜ ਤੋਂ ਸਾਹਮਣੇ ਆਇਆ ਹੈ ਕਿ ਯੂਰੇਨੀਅਮ ਸਮੇਤ ਭਾਰੀ ਧਾਤਾਂ ਦੀ ਬਹੁਤਾਤ ਨੇ ਮਾਲਵਾ ਖੇਤਰ ਦੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ। ਇਨ੍ਹਾਂ ਦੀ ਮਨੁੱਖੀ ਸਰੀਰ ਵਿਚ ਤੈਅਸ਼ੁਦਾ ਮਾਤਰਾ ਨਾਲੋਂ ਵੱਧ ਮਿਕਦਾਰ ਕੈਂਸਰ ਦਾ ਕਾਰਨ ਬਣ ਕੇ ਉਭਰ ਰਹੀ ਹੈ।
ਦੱਸਣਯੋਗ ਹੈ ਕਿ ਕੈਂਸਰ ਦਾ ਲਾਇਲਾਜ ਰੋਗ ਪੰਜਾਬ ਵਿਚ ਹਰੇਕ ਚਾਰ ਘੰਟਿਆਂ ਦੌਰਾਨ ਪੰਜ ਵਿਅਕਤੀਆਂ ਨੂੰ ਨਿਗਲ ਰਿਹਾ ਹੈ ਤੇ ਕੈਂਸਰ ਨਾਲ ਰੋਜ਼ਾਨਾ 30 ਵਿਅਕਤੀ ਮਰ ਰਹੇ ਹਨ। ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇੰਡੀਅਨ ਕੌਂਸਲ ਆਫ ਮੈਡੀਕਲ ਸਾਇੰਸਜ਼ (ਆਈæਸੀæਐਮæਆਰæ) ਦੇ ਅੰਕੜਿਆਂ ਦੇ ਅਧਾਰ ‘ਤੇ ਸਾਲ 2014 ਦੀ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਕੈਂਸਰ ਤੋਂ ਪੀੜਤ 25,026 ਵਿਅਕਤੀਆਂ ਦੀ ਪਛਾਣ ਹੋਈ ਸੀ। ਇਨ੍ਹਾਂ ਵਿਚੋਂ 11,011 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਤਰ੍ਹਾਂ ਪਿਛਲੇ ਵਰ੍ਹੇ ਪੰਜਾਬ ਵਿਚ ਸਾਹਮਣੇ ਆਏ ਕੈਂਸਰ ਪੀੜਤਾਂ ਵਿਚੋਂ 40 ਫੀਸਦੀ ਦੀ ਸਾਲ 2014 ਦੌਰਾਨ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਬਚੇ 14,015 ਪੀੜਤਾਂ ਦੀ ਹੋਣੀ ਦੇ ਫਿਲਹਾਲ ਅੰਕੜੇ ਪ੍ਰਾਪਤ ਨਹੀਂ ਹੋਏ। ਇਸ ਤਰ੍ਹਾਂ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ 30 ਵਿਅਕਤੀ ਦੇ ਮਾਰੇ ਜਾਣ ਦੀ ਔਸਤ ਪੈ ਰਹੀ ਹੈ। ਪੰਜਾਬ ਕੈਂਸਰ ਦੇ ਮਾਮਲੇ ਵਿਚ ਪੀੜਤ ਸੂਬਿਆਂ ਵਿਚੋਂ 15ਵੇਂ ਸਥਾਨ ਉੱਤੇ ਆਉਂਦਾ ਹੈ। ਉੱਤਰ ਪ੍ਰਦੇਸ਼ ਸਾਰੇ ਰਾਜਾਂ ਤੋਂ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਹੈ। ਪਿਛਲੇ ਵਰ੍ਹੇ ਯੂਪੀ ਵਿਚ ਕੈਂਸਰ ਨਾਲ 82,121 ਮੌਤਾਂ ਹੋਈਆਂ ਹਨ।
ਪ੍ਰਾਪਤ ਅੰਕੜਿਆਂ ਅਨੁਸਾਰ ਯੂæਪੀæ ਵਿਚ ਰੋਜ਼ਾਨਾ ਔਸਤਨ 225 ਵਿਅਕਤੀ ਕੈਂਸਰ ਨਾਲ ਮਰ ਰਹੇ ਹਨ। ਇਸ ਰਾਜ ਵਿਚ ਹਰ ਘੰਟੇ 9 ਵਿਅਕਤੀਆਂ ਨੂੰ ਕੈਂਸਰ ਨਿਗਲ ਰਿਹਾ ਹੈ। ਭਾਰਤ ਦੇ 35 ਰਾਜਾਂ ਤੇ ਕੇਂਦਰ ਾਸ਼ਤ ਪ੍ਰਦੇਸ਼ਾਂ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਇਨ੍ਹਾਂ ਰਾਜਾਂ ਵਿਚ ਕੈਂਸਰ ਦੇ 11,17,269 ਵਿਅਕਤੀਆਂ ਦੀ ਪਛਾਣ ਹੋਈ ਸੀ। ਜਿਨ੍ਹਾਂ ਵਿਚੋਂ 4,91,598 (44 ਫੀਸਦੀ) ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਦੇਸ਼ ਵਿਚ ਰੋਜ਼ਾਨਾ 1347 ਤੇ ਹਰੇਕ ਘੰਟੇ ਦੌਰਾਨ 56 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ। ਹਰਿਆਣਾ ਵਿਚ ਕੈਂਸਰ ਨਾਲ ਰੋਜ਼ਾਨਾ 28 ਵਿਅਕਤੀ ਮਰ ਰਹੇ ਹਨ। ਇਕ ਹੋਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਵਰ੍ਹੇ ਕੈਂਸਰ ਨਾਲ ਪੀੜਤ 6230 ਵਿਅਕਤੀ ਸਾਹਮਣੇ ਸਨ, ਜਿਨ੍ਹਾਂ ਵਿਚੋਂ 2741 ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਇਸ ਰਾਜ ਵਿਚ ਕੈਂਸਰ ਨਾਲ ਹਰੇਕ ਦਿਨ ਔਸਤਨ ਸੱਤ ਵਿਅਕਤੀ ਮਰ ਰਹੇ ਹਨ।
_____________________________________________
ਸਿਹਤ ਸਹੂਲਤਾਂ ਨੂੰ ਵੀ ਚੜ੍ਹਿਆ ਤਾਪ
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਹਸਪਤਾਲ ਡਾਕਟਰਾਂ ਨੂੰ ਤਰਸ ਰਹੇ ਹਨ। ਡਾਕਟਰਾਂ ਦੀਆਂ ਕੁੱਲ 4400 ਅਸਾਮੀਆਂ ਵਿਚੋਂ 2573 ਹੀ ਭਰੀਆਂ ਗਈਆਂ। ਇਸ ਤੋਂ ਇਲਾਵਾ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਭਰਨ ਲਈ ਉਮੀਦਵਾਰ ਹੀ ਨਹੀਂ ਮਿਲੇ। ਕੌਮੀ ਸਿਹਤ ਨੀਤੀ ਮੁਤਾਬਕ ਪੰਜ ਹਜ਼ਾਰ ਦੀ ਆਬਾਦੀ ਪਿੱਛੇ ਇਕ ਮੁਢਲਾ ਸਿਹਤ ਕੇਂਦਰ ਜ਼ਰੂਰੀ ਹੈ ਤੇ 1,20,000 ਦੀ ਆਬਾਦੀ ਪਿੱਛੇ ਇਕ ਕਮਿਊਨਿਟੀ ਹੈੱਲਥ ਸੈਂਟਰ ਲਾਜ਼ਮੀ ਹੈ। ਇਸ ਮੁਤਾਬਕ ਪੰਜਾਬ ਵਿਚ 4565 ਉਪ ਸਿਹਤ ਕੇਂਦਰਾਂ, 718 ਮੁਢਲੇ ਸਿਹਤ ਕੇਂਦਰਾਂ ਤੇ 196 ਸੀਐਚਸੀਜ਼ ਦੀ ਲੋੜ ਹੈ ਪਰ ਸੂਬੇ ਵਿਚ ਇਨ੍ਹਾਂ ਦੀ ਗਿਣਤੀ ਕ੍ਰਮਵਾਰ 2985, 446 ਅਤੇ 151 ਹੀ ਹੈ। ਅਸਲ ਵਿਚ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈੱਲਥ ਮਿਸ਼ਨ ਦੀ ਗ੍ਰਾਂਟ ਵਿਚ ਕੀਤੀ ਕਟੌਤੀ ਨਾਲ ਸਿਹਤ ਵਿਭਾਗ ਦੀ ਹਾਲਤ ਹੋਰ ਵਿਗੜ ਗਈ। ਚਾਲੂ ਵਿੱਤੀ ਸਾਲ ਤੋਂ ਨੈਸ਼ਨਲ ਹੈੱਲਥ ਮਿਸ਼ਨ ਤਹਿਤ ਮਿਲਣ ਵਾਲੀ ਗ੍ਰਾਂਟ ‘ਤੇ ਸਵਾ ਦੋ ਸੌ ਕਰੋੜ ਦਾ ਕੱਟ ਲੱਗਣ ਲੱਗ ਪਿਆ, ਜਿਹੜਾ ਕੁੱਲ ਗ੍ਰਾਂਟ ਦਾ ਚੌਥੇ ਤੋਂ ਵੀ ਜ਼ਿਆਦਾ ਹਿੱਸਾ ਬਣਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਖਜ਼ਾਨੇ ਦਾ ਮੂੰਹ ਖੋਲ੍ਹਣ ਦੀ ਅਪੀਲ ਕੀਤੀ। ਨਵੇਂ ਫੈਸਲੇ ਮੁਤਾਬਕ ਕੇਂਦਰ ਸਰਕਾਰ ਪੰਜਾਬ ਨੂੰ ਮਿਸ਼ਨ ਤਹਿਤ 575 ਸੌ ਕਰੋੜ ਦੀ ਗ੍ਰਾਂਟ ਦਾ 60 ਫੀਸਦੀ ਹਿੱਸਾ ਆਪਣੇ ਕੋਲੋਂ ਦੇਵੇਗੀ ਅਤੇ 40 ਫੀਸਦੀ ਪੰਜਾਬ ਨੂੰ ਪਾਉਣ ਲਈ ਕਿਹਾ ਜਾਵੇਗਾ। ਇਸ ਤੋਂ ਪਹਿਲਾਂ ਇਹ ਅਨੁਪਾਤ 85:15 ਦਾ ਰਿਹਾ ਹੈ।