ਮੁਫਤ ਤੀਰਥ ਯਾਤਰਾ ‘ਤੇ ਅਕਾਲੀਆਂ ਦਾ ਕਬਜ਼ਾ

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸਦਭਾਵਨਾ ਰੈਲੀ ਦੌਰਾਨ ਕੀਤੇ ਗਏ ਮੁਫਤ ਧਾਰਮਿਕ ਤੀਰਥ ਯਾਤਰਾ ਦੇ ਐਲਾਨ ਦੇ ਚੱਲਦਿਆਂ ਯੋਜਨਾ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ, ਪਰ ਇਸ ਮੁਫਤ ਤੀਰਥ ਯਾਤਰਾ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਵਿਚ ਜ਼ਿਆਦਾਤਰ ਅਕਾਲੀ ਦਲ ਦੇ ਸਮਰਥਕ ਹੀ ਹਨ। ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਪਹਿਲੀ ਰੇਲ ਗੱਡੀ ਨੂੰ ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਅੰਮ੍ਰਿਤਸਰ ਤੋਂ ਰਵਾਨਾ ਹੋਈ ਰੇਲ ਗੱਡੀ ਰਾਹੀਂ ਵਿਧਾਨ ਸਭਾ ਹਲਕਾ ਅਟਾਰੀ ਦੇ 1050 ਲੋਕਾਂ ਨੂੰ ਮੁਫਤ ਧਾਰਮਿਕ ਯਾਤਰਾ ਕਾਰਵਾਈ ਜਾ ਰਹੀ ਹੈ। ਇਹ ਰੇਲ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਛੇਵੇਂ ਦਿਨ ਵਾਪਸ ਅੰਮ੍ਰਿਤਸਰ ਪਰਤੇਗੀ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਜਿਸ ਤਹਿਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਰੇਲ ਗੱਡੀ ਕੁੱਲ 18 ਡੱਬੇ ਹਨ ਜਿਨ੍ਹਾਂ ਵਿਚੋਂ 15 ਡੱਬੇ ਯਾਤਰੀਆਂ ਲਈ ਤੇ ਤਿੰਨ ਯਾਤਰੀਆਂ ਦੇ ਖਾਣ-ਪੀਣ ਦੀ ਸਮਗਰੀ ਲਈ ਰੱਖੇ ਗਏ ਹਨ। ਰੇਲ ਗੱਡੀ ਵਿਚ ਯਾਤਰੀਆਂ ਤੋਂ ਇਲਾਵਾ ਅਟਾਰੀ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਆਪਣੇ ਪਰਿਵਾਰ ਸਮੇਤ ਯਾਤਰਾ ਲਈ ਗਏ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਰੇਲ ਗੱਡੀ ਵਾਂਗ ਵਾਰਾਨਸੀ, ਅਜਮੇਰ ਸ਼ਰੀਫ਼ ਅਤੇ ਵੈਸ਼ਨੋ ਦੇਵੀ ਲਈ ਵੀ ਰੇਲਾਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਚਿੰਤਪੁਰਨੀ ਅਤੇ ਜਵਾਲਾ ਜੀ ਦੇ ਦਰਸ਼ਨਾਂ ਲਈ ਖਾਸ ਬੱਸਾਂ ਚਲਾਉਣ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਇਸ ਤੀਰਥ ਯਾਤਰਾ ਬਾਰੇ ਕੀਤੀ ਟਿੱਪਣੀ ਬਾਰੇ ਸੁਖਬੀਰ ਨੇ ਕਿਹਾ ਕੇ ਉਹ ਅਜਿਹੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਗੇ। ਰੇਲ ਗੱਡੀ ਨੂੰ ਝੰਡੀ ਦਿਖਾਉਣ ਤੋਂ ਪਹਿਲਾ ਸੁਖਬੀਰ ਗੱਡੀ ਦੇ ਅੰਦਰ ਗਏ ਅਤੇ ਯਾਤਰੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਦਰਅਸਲ, ਪੰਜਾਬ ਵਿਚ ਪਿਛਲੇ ਸਮੇਂ ਵਿਚ ਪੈਦਾ ਹੋਏ ਪੰਥਕ ਸੰਕਟ ਵਿਚੋਂ ਬਾਹਰ ਆਉਣ ਲਈ ਅਕਾਲੀ ਦਲ ਲੋਕਾਂ ਵਿਚ ਜਾ ਕੇ ਪਾਰਟੀ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
__________________________________________
ਤੀਰਥ ਯਾਤਰਾ ਪਿੱਛੇ ਕੋਈ ਸਿਆਸੀ ਮੰਤਵ ਨਹੀਂ: ਬਾਦਲ
ਅੰਮ੍ਰਿਤਸਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਤੀਰਥ ਦਰਸ਼ਨ ਯਾਤਰਾ ਸਕੀਮ ਸ਼ੁਰੂ ਕਰਨ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਸਕੀਮ ਪਿੱਛੇ ਸਿਆਸੀ ਮੰਤਵ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਇਕ ਮਾਤਰ ਉਦੇਸ਼ ਪੰਜਾਬੀਆਂ ਨੂੰ ਉਨ੍ਹਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਹਜ਼ੂਰ ਸਾਹਿਬ, ਵਾਰਾਨਸੀ, ਅਜਮੇਰ ਸ਼ਰੀਫ ਆਦਿ ਦੇ ਦਰਸ਼ਨ ਕਰਵਾਉਣਾ ਹੈ। ਸੂਬਾ ਸਰਕਾਰ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਮੁਫਤ ਯਾਤਰਾ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ।