ਚੰਡੀਗੜ੍ਹ: ਕੇਂਦਰ ਸਰਕਾਰ ਨੇ ਸੋਕੇ ਦੀ ਮਾਰ ਝੱਲਣ ਵਾਲੇ ਕਈ ਸੂਬਿਆਂ ਲਈ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਹੈ, ਪਰ ਪੰਜਾਬ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ। ਕੇਂਦਰ ਸਰਕਾਰ ਨੇ ਸੋਕੇ ਦੀ ਮਾਰ ਝੱਲਣ ਵਾਲੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਲਈ 6800 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਪਰ ਪੰਜਾਬ ਲਈ ਅਜਿਹਾ ਨਹੀਂ ਕੀਤਾ ਗਿਆ। ਕਰਨਾਟਕ ਲਈ ਵੀ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
10 ਸੂਬਿਆਂ ਨੇ ਇਹ ਕਹਿੰਦਿਆਂ ਕੇਂਦਰ ਸਰਕਾਰ ਤੋਂ 40,000 ਕਰੋੜ ਰੁਪਏ ਦੀ ਮਾਲੀ ਸਹਾਇਤਾ ਮੰਗੀ ਸੀ ਕਿ ਸੋਕੇ ਵਰਗੇ ਹਾਲਾਤ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਸਾਲ 2014 ਵਿਚ ਸਾਉਣੀ ਦੀਆਂ ਫਸਲਾਂ ਸਬੰਧੀ 1500 ਕਰੋੜ ਤੇ ਸਾਲ 2015 ਵਿਚ 2260 ਕਰੋੜ ਰੁਪਏ ਦੀ ਮਾਲੀ ਸਹਾਇਤਾ ਮੰਗੀ ਸੀ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਬਰਸਾਤ ਘੱਟ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਚਾਉਣ ਲਈ ਡੀਜ਼ਲ ਆਦਿ ‘ਤੇ ਵਾਧੂ ਖਰਚਾ ਕਰਨਾ ਪਿਆ ਹੈ, ਪਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਲਈ ਕੋਈ ਸਹਾਇਤਾ ਰਾਸ਼ੀ ਜਾਰੀ ਨਹੀਂ ਕੀਤੀ। ਸਾਲ 2014 ਵਿਚ ਤਕਰੀਬਨ 50 ਫੀਸਦੀ ਬਰਸਾਤ ਘੱਟ ਹੋਈ ਸੀ ਤੇ ਇਸ ਸਾਲ ਬਰਸਾਤ ਵਿਚ 40 ਫੀਸਦੀ ਕਮੀ ਦਰਜ ਕੀਤੀ ਗਈ।
ਹੋਰ ਸੂਬੇ ਸੌਖਿਆਂ ਹੀ ਸੋਕੇ ਦਾ ਐਲਾਨ ਕਰ ਸਕਦੇ ਹਨ, ਪਰ ਪੰਜਾਬ ਉਨ੍ਹਾਂ ਦੀ ਲੀਹ ‘ਤੇ ਨਹੀਂ ਚੱਲ ਸਕਦਾ ਕਿਉਂਕਿ ਪੰਜਾਬ ਕੋਲ 14 ਲੱਖ ਟਿਊਬਵੈੱਲਾਂ ਦਾ ਨੈੱਟਵਰਕ ਹੈ, ਜਿਸ ਨਾਲ ਫਸਲਾਂ ਨੂੰ ਸੋਕੇ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਔਖ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਘੱਟ ਮੀਂਹ ਪੈਣ ‘ਤੇ ਫਸਲਾਂ ਬਚਾਉਣ ਲਈ ਵਾਧੂ ਖਰਚਾ ਕਰਨਾ ਪੈਂਦਾ ਹੈ। ਹਾਲ ਹੀ ਵਿਚ ਕੇਂਦਰ ਨੇ ਪੰਜਾਬ ਸਰਕਾਰ ਨੂੰ ਕੁਦਰਤੀ ਆਫਤਾਂ ਸਬੰਧੀ ਫੰਡ ਵਿਚੋਂ 645 ਕਰੋੜ ਰੁਪਏ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦੇਣ ਦੀ ਆਗਿਆ ਦਿੱਤੀ ਸੀ, ਜਿਨ੍ਹਾਂ ਦੀ ਫਸਲ ਚਿੱਟੀ ਮੱਖੀ ਕਾਰਨ ਖਰਾਬ ਹੋ ਗਈ ਸੀ। ਇਹ ਰਾਸ਼ੀ ਪੰਜਾਬ ਸਰਕਾਰ ਵੱਲੋਂ ਵੰਡ ਦਿੱਤੀ ਗਈ ਹੈ।
ਇਸੇ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਮੰਗ ਵਧਣ ਕਾਰਨ ਕਪਾਹ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ। ਕਪਾਹ ਦਾ ਭਾਅ ਪੰਜ ਹਜ਼ਾਰ ਰੁਪਏ ਕੁਇੰਟਲ ਤੱਕ ਪਹੁੰਚ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ 5500 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ, ਪਰ ਬਹੁਤੇ ਕਿਸਾਨਾਂ ਨੇ ਕਪਾਹ ਵਪਾਰੀਆਂ ਨੂੰ ਵੇਚ ਦਿੱਤੀ ਹੈ।
_______________________________________
ਤੋਤਾ ਸਿੰਘ ਨੇ ਕੇਂਦਰ ਨੂੰ ਘੇਰਿਆ
ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਹੀ ਭਾਅ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਕਿਸਾਨਾਂ ਦੀ ਹਾਲਤ ਪਤਲੀ ਹੋ ਗਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਜਵਾਨਾਂ ਨੂੰ ਤਾਂ ਪਾਰ ਲਾ ਦਿੱਤਾ ਹੈ ਪਰ ਕਿਸਾਨ ਮੰਦਹਾਲੀ ਵਿਚ ਹੀ ਹਨ। ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਕਿਸਾਨਾਂ ਨੂੰ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਖੁਦਕੁਸ਼ੀਆਂ ਵਧ ਰਹੀਆਂ ਹਨ। ਖੇਤੀ ਮੰਤਰੀ ਨੇ ਕਿਸਾਨ ਭਵਨ ਵਿਚ ਖੇਤੀਬਾੜੀ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਲ 2015 ਦੌਰਾਨ ਖੇਤੀਬਾੜੀ ਦੀ ਸਥਿਤੀ ਉਪਰ ਲੇਖਾ-ਜੋਖਾ ਕੀਤਾ।