ਦਿੱਲੀ ਸਰਕਾਰ ਦੇ ਜਿਸਤ-ਟੌਂਕ ਫਾਰਮੂਲੇ ਨੂੰ ਭਰਵਾਂ ਹੁੰਗਾਰਾ

ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਦੇ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਆਰੰਭ ਕੀਤੀ ਮੋਟਰ ਗੱਡੀਆਂ ਦੀ ਜਿਸਤ-ਟੌਂਕ ਨੰਬਰਾਂ ਦੀ ਮੁਹਿੰਮ ਨੂੰ ਕੌਮੀ ਰਾਜਧਾਨੀ ਖੇਤਰ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਫਾਰਮੂਲੇ ਲਈ ਲੋਕਾਂ ਦਾ ਸਾਥ ਮਿਲਣ ਦਾ ਦਾਅਵਾ ਕੀਤਾ ਹੈ। ਦਿੱਲੀ ਦੀਆਂ ਸੜਕਾਂ ‘ਤੇ ਪਹਿਲੇ ਦਿਨ ਹੀ ਤਕਰੀਬਨ ਦਸ ਲੱਖ ਗੱਡੀਆਂ ਆਮ ਦਿਨਾਂ ਦੇ ਮੁਕਾਬਲੇ ਘੱਟ ਸਨ।

ਮੁੱਖ ਮੰਤਰੀ ਨੇ ਇਸ ਫਾਰਮੂਲੇ ਦੇ ਲਾਗੂ ਹੋਣ ਦੇ ਦੋ ਘੰਟੇ ਬਾਅਦ ਕਿਹਾ ਕਿ ਪਹਿਲਾ ਤਜਰਬਾ ਸਫਲ ਰਿਹਾ ਹੈ ਤੇ ਲੋਕਾਂ ਨੇ ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਹੈ। ਹੁਣ ਇਹ ਮੁਹਿੰਮ ਬਣ ਗਈ ਹੈ। ਇਹ ਯੋਜਨਾ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਦਿੱਲੀ ਵਾਸੀ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਪੂਰੇ ਮੁਲਕ ਲਈ ਰਾਹ ਦਸੇਰਾ ਬਣੇਗੀ। ਉਹ ਖੁਦ ਪਹਿਲੇ ਦਿਨ ਸਾਥੀ ਮੰਤਰੀਆਂ ਸਤਿੰਦਰ ਜੈਨ ਤੇ ਟਰਾਂਸਪੋਰਟ ਮੰਤਰੀ ਗੋਪਾਲ ਰਾਇ ਨਾਲ ਇਕ ਕਾਰ ਵਿਚ ਸਵਾਰ ਹੋ ਸਕੱਤਰੇਤ ਪੁੱਜੇ।
ਪਹਿਲੇ ਦਿਨ 66 ਆਟੋ ਚਾਲਕਾਂ ਦੇ ਚਲਾਨ ਕੱਟੇ ਗਏ ਹਨ ਅਤੇ ਮੈਟਰੋ 70 ਗੇੜੇ ਵਧਾਏ ਗਏ ਹਨ। ਵਾਤਾਵਰਨ ਮੰਤਰੀ ਇਮਰਾਨ ਹਾਸ਼ਮੀ ਬੈਟਰੀ ਰਿਕਸ਼ਾ ਤੇ ਸਮਾਜ ਭਲਾਈ ਮੰਤਰੀ ਸੰਦੀਪ ਕੁਮਾਰ ਬੱਸ ਫੜ ਕੇ ਦਫਤਰ ਆਏ।
ਇਸ ਮੁਹਿੰਮ ਦਾ ਇਕ ਸ਼ਲਾਘਾਯੋਗ ਪੱਖ ਇਹ ਵੀ ਸੀ ਕਿ ਸੁਪਰੀਮ ਕੋਰਟ ਤੇ ਦਿੱਲੀ ਹਾਈਕੋਰਟ ਦੇ ਜੱਜਾਂ ਨੇ ਛੋਟ ਦੇ ਬਾਵਜੂਦ ਇਸ ਮੁਹਿੰਮ ਵਿਚ ਪੂਰੀ ਭਾਈਵਾਲੀ ਕੀਤੀ। ਜਦੋਂ ਇਸ ਯੋਜਨਾ ਦਾ ਐਲਾਨ ਹੋਇਆ ਸੀ, ਉਦੋਂ ਬਹੁਤ ਸਾਰੇ ਰਾਜਸੀ ਆਗੂਆਂ ਤੇ ਹੋਰ ਹਸਤੀਆਂ ਨੇ ਇਸ ਨੂੰ ਗ਼ੈਰ-ਅਮਲੀ ਦੱਸਿਆ ਸੀ ਪਰ ਪਿਛਲੇ ਪੰਦਰਾਂ ਦਿਨਾਂ ਦੇ ਪ੍ਰਚਾਰ ਨੇ ਆਮ ਆਦਮੀ ਦੇ ਅੰਦਰ ਇਹ ਭਾਵਨਾ ਉਪਜਾਉਣੀ ਸ਼ੁਰੂ ਕਰ ਦਿੱਤੀ ਕਿ ਜੇਕਰ ਉਸ ਨੇ ਆਪਣਾ ਅਤੇ ਘੱਟੋ-ਘੱਟ ਅਗਲੀ ਪੀੜ੍ਹੀ ਦਾ ਜੀਵਨ ਬਿਹਤਰ ਬਣਾਉਣਾ ਹੈ ਅਤੇ ਘੱਟ ਪ੍ਰਦੂਸ਼ਿਤ ਆਬੋ-ਹਵਾ ਵਿਚ ਵਿਚਰਨਾ ਹੈ ਤਾਂ ਪ੍ਰਦੂਸ਼ਣ ਘਟਾਉਣ ਪੱਖੋਂ ਕਾਰਗਰ ਕਦਮਾਂ ਵਿਚ ਭਾਈਵਾਲੀ ਕਰਨੀ ਹੀ ਪਵੇਗੀ।
ਹੁਣ ਜੇਕਰ ਦਿੱਲੀ ਵਿਚ ਇਹ ਭਾਈਵਾਲੀ ਚੰਗੇ ਨਤੀਜੇ ਸਾਹਮਣੇ ਲਿਆਂਦੀ ਹੈ ਤਾਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਇਸ ਨੂੰ ਅਜ਼ਮਾਉਣਾ ਆਸਾਨ ਹੋ ਜਾਵੇਗਾ। ਦਿੱਲੀ ਵਿਚ ਆਟੋ ਰਿਕਸ਼ਿਆਂ ਤੇ ਬੱਸਾਂ ਲਈ ਸੀæਐਨæਜੀæ ਦੀ ਵਰਤੋਂ ਯਕੀਨੀ ਬਣਾਉਣ ਲਈ ਸੱਤ ਸਾਲ ਪਹਿਲਾਂ ਚਲਾਈ ਮੁਹਿੰਮ ਤੋਂ ਬਾਅਦ ਇਹ ਪ੍ਰਦੂਸ਼ਣ ਘਟਾਉਣ ਲਈ ਦੂਜੀ ਅਹਿਮ ਪਹਿਲ ਹੈ।
ਦਿੱਲੀ ਸਰਕਾਰ ਨੇ ਇਸ ਮੁਹਿੰਮ ਬਾਰੇ ਫੈਸਲਾ ਹਾਈਕੋਰਟ ਦੀ ਸਖਤੀ ਤੇ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਉਤੇ ਲਿਆ। ਉਂਜ, ਦਿੱਲੀ ਨੂੰ ‘ਸਭ ਤੋਂ ਪ੍ਰਦੂਸ਼ਿਤ ਸ਼ਹਿਰ’ ਦੇ ਠੱਪੇ ਤੋਂ ਬਚਾਉਣ ਲਈ ਅਜੇ ਹੋਰ ਕਈ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਟੌਂਕ-ਜਿਸਤ ਨੰਬਰਾਂ ਦੀ ਮੁਹਿੰਮ ਤਹਿਤ ਰੋਜ਼ਾਨਾ ਸਾਢੇ ਸੱਤ ਲੱਖ ਗੱਡੀਆਂ ਸੜਕਾਂ ‘ਤੇ ਨਾ ਆਉਣ ਦਾ ਅਨੁਮਾਨ ਹੈ। ਸੁਪਰੀਮ ਕੋਰਟ ਨੇ ਵੱਡੀਆਂ ਡੀਜ਼ਲ ਗੱਡੀਆਂ ਦੀ ਦਿੱਲੀ ਕੌਮੀ ਰਾਜਧਾਨੀ ਖੇਤਰ ਵਿਚ ਰਜਿਸਟਰੇਸ਼ਨ ਉੱਤੇ ਪਾਬੰਦੀ ਲਾ ਦਿੱਤੀ ਹੈ ਅਤੇ ਕੁਝ ਹੋਰ ਬੰਦਸ਼ਾਂ ਆਇਦ ਕੀਤੀਆਂ ਹਨ ਜੋ ਅਨੁਮਾਨਤ 14 ਲੱਖ ਗੱਡੀਆਂ ਦੇ ਕੇਂਦਰੀ ਪ੍ਰਦੇਸ਼ ਵਿਚ ਦਾਖਲੇ ਨੂੰ ਘਟਾਉਣਗੀਆਂ। ਉਧਰ, ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਇਸ ਯੋਜਨਾ ਨੂੰ ਲਾਗੂ ਕਰਨ ਵਿਚ ‘ਪ੍ਰੈਕਟੀਕਲ ਦਿੱਕਤਾਂ’ ਆਈਆਂ ਹਨ ਤੇ ਇਨ੍ਹਾਂ ਮੁਸ਼ਕਲਾਂ ਨੂੰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਸੀ। ਕਾਂਗਰਸ ਦੇ ਸੂਬਾਈ ਪ੍ਰਧਾਨ ਅਜੈ ਮਾਕਨ ਨੇ ਕਿਹਾ ਕਿ ਇਸ ਯੋਜਨਾ ਬਾਰੇ 15 ਦਿਨਾਂ ਬਾਅਦ ਹੀ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ।
___________________________________
ਇਰਾਨ ਲਈ ਪ੍ਰਦੂਸ਼ਣ ਬਣਿਆ ਚੁਣੌਤੀ
ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਖਰਾਬ ਆਬੋ ਹਵਾ ਤੋਂ ਉਥੋਂ ਦੀ ਸਰਕਾਰ ਜਾਗ ਪਈ ਹੈ। ਤਹਿਰਾਨ ਤੇ ਨੇੜਲੇ ਇਲਾਕਿਆਂ ਵਿਚ ਲਗਾਤਾਰ 18ਵੇਂ ਦਿਨ ਵੀ ਹਵਾ ਵਿਚ ਪ੍ਰਦੂਸ਼ਣ ਹਾਵੀ ਰਿਹਾ। ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਇਰਾਨ ਦੇ ਅਧਿਕਾਰੀਆਂ ਨੇ ਖੁਲ੍ਹੇ ਮੈਦਾਨਾਂ ਵਿਚ ਖੇਡਾਂ ਦੇ ਹੋਣ ਵਾਲੇ ਮੁਕਾਬਲਿਆਂ ‘ਤੇ ਰੋਕ ਲਾ ਦਿੱਤੀ ਹੈ ਅਤੇ ਆਵਾਜਾਈ ਦੇ ਨਵੇਂ ਪ੍ਰਬੰਧ ਲਾਗੂ ਕੀਤੇ ਹਨ। ਤਹਿਰਾਨ ਵਿਚ ਜ਼ੋਰਦਾਰ ਠੰਢ ਨੇ ਪ੍ਰਦੂਸ਼ਣ ਨੂੰ ਹੋਰ ਵਧਾ ਦਿੱਤਾ ਹੈ।ਪਿਛਲੇ ਤਿੰਨ ਸਾਲਾਂ ਵਿਚ ਪ੍ਰਦੂਸ਼ਣ ਦਾ ਪੱਧਰ ਇਸ ਸਮੇਂ ਸਭ ਤੋਂ ਵੱਧ ਖਰਾਬ ਹੈ।