ਦਲਜੀਤ ਅਮੀ
ਫੋਨ: +447452155354
ਪੰਜਾਬ ਲਈ 2015 ਹਾਦਸਿਆਂ ਅਤੇ ਸਰਕਾਰ ਦੀ ਨਾਕਸ ਕਾਰਗੁਜ਼ਾਰੀ ਦਾ ਵਰ੍ਹਾ ਰਿਹਾ ਹੈ। ਇਸ ਸਾਲ ਦੌਰਾਨ ਸੁੱਖਾ ਕਾਹਲਵਾਂ ਦੇ ਕਤਲ ਤੋਂ ਸੜਕ ਹਾਦਸਿਆਂ ਵਿਚ ਸਰਕਾਰੀ ਸਰਪ੍ਰਸਤੀ ਹੇਠ ਚੱਲਦਾ ਗ਼ੈਰ-ਸਰਕਾਰੀ ਤੰਤਰ ਸਾਹਮਣੇ ਆਇਆ ਹੈ। ਇਸ ਸਾਲ ਦੌਰਾਨ ਖੇਤੀ ਸੰਕਟ ਕਰੂਰਤਾ ਦੇ ਨਵੇਂ ਪੜਾਅ ਵਿਚ ਪਹੁੰਚ ਗਿਆ ਹੈ। ਇਸ ਸੰਕਟ ਦੀ ਮਾਰ ਖ਼ੁਦਕੁਸ਼ੀਆਂ ਦੀ ਅਤੁੱਟ ਲੜੀ ਬਣ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਖ਼ਿਲਾਫ਼ ਭਾਰੀ ਰੋਸ ਉਠਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਜਥੇਦਾਰਾਂ ਦੇ ਫ਼ੈਸਲਿਆਂ ਨੇ ਸਰਕਾਰੀ ਭ੍ਰਿਸ਼ਟਾਚਾਰ ਅਤੇ ਸਿਆਸੀ ਕੁਨਬਾਪ੍ਰਸਤੀ ਖ਼ਿਲਾਫ਼ ਰੋਹ ਨੂੰ ਆਵਾਜ਼ ਦਿੱਤੀ ਹੈ। ਪੰਜਾਬ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਨੇ ਪੁਲਿਸ ਤਸ਼ੱਦਦ ਦੀ ਲੰਮੀ ਕੜੀ ਨੂੰ ਉਜਾਗਰ ਕੀਤਾ ਹੈ। ਕਿਸਾਨ-ਮਜ਼ਦੂਰ ਧਰਨਿਆਂ-ਮੁਜ਼ਾਹਰਿਆਂ ਉਤੇ ਹੁੰਦੇ ਹੁਕਮਰਾਨ ਦਲ ਦੀ ਯੂਥ ਬ੍ਰਿਗੇਡ ਅਤੇ ਪੁਲਿਸ ਦੇ ਸਾਂਝੇ ਹਮਲੇ, ਔਰਬਿਟ ਬਸ ਕਾਂਡ, ਚੰਨੋ ਦਾ ਸੜਕ ਹਾਦਸਾ, ਪਿੰਕੀ ਦੇ ਇਕਬਾਲੀਆ ਬਿਆਨ, ਅਬੋਹਰ ਅਤੇ ਸੰਗਰੂਰ ਵਿਚ ਤਸ਼ੱਦਦ ਦੀਆਂ ਵਾਰਦਾਤਾਂ ਨਾਲ ਸਮੁੱਚਾ ਰੁਝਾਨ ਬੇਪਰਦ ਹੋ ਜਾਂਦਾ ਹੈ। ਇਸੇ ਦੌਰਾਨ ਸਰਕਾਰੀ ਮਹਿਕਮਿਆਂ ਦੀ ਸ਼ਮੂਲੀਅਤ ਨਾਲ ਹੋਇਆ ਨਕਲੀ ਦਵਾਈਆਂ ਦਾ ਘਪਲਾ ਡੰਗ ਟਪਾਊ ਕਾਰਵਾਈ ਤੋਂ ਅੱਗੇ ਨਹੀਂ ਵਧਿਆ। ਖਤਾਨਾਂ ਅਤੇ ਨਹਿਰਾਂ ਵਿਚ ਸੁੱਟੀਆਂ ਗਈਆਂ ਦਵਾਈਆਂ ਬਾਬਤ ਕੋਈ ਪੁਖ਼ਤਾ ਕਾਰਵਾਈ ਨਹੀਂ ਹੋਈ। ਫ਼ਸਲਾਂ ਦੇ ਖ਼ਰਾਬੇ ਅਤੇ ਗੰਨਾ ਮਿੱਲਾਂ ਦੇ ਬਕਾਏ ਦੇ ਮਾਮਲੇ ਕਿਸੇ ਤਣ-ਪੱਤਣ ਨਹੀਂ ਲੱਗੇ।
ਇਨ੍ਹਾਂ ਹਾਲਾਤ ਵਿਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਹਰ ਹਲਕੇ ਵਿਚ ਤੀਰਥ ਯਾਤਰੀਆਂ ਲਈ ਮੁਫ਼ਤ ਰੇਲਗੱਡੀ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਯਾਤਰੂਆਂ ਦੇ ਕਿਰਾਏ, ਖਾਣ-ਪੀਣ ਅਤੇ ਰਿਹਾਇਸ਼ ਦਾ ਖ਼ਰਚ ਸਰਕਾਰ ਕਰੇਗੀ। ਪਛਾਣ ਪੱਤਰ ਅਤੇ ਸਰਕਾਰੀ ਅਦਾਰਿਆਂ ਦੇ ਸਿਹਤਯਾਬੀ ਪ੍ਰਣਾਮ ਪੱਤਰ ਨਾਲ ਕੋਈ ਵੀ ਸ਼ਰਧਾਲੂ ਇਨ੍ਹਾਂ ਰੇਲਗੱਡੀਆਂ ਵਿਚ ਤੀਰਥ ਯਾਤਰਾ ਕਰ ਸਕਦਾ ਹੈ। ਇਸੇ ਦੌਰਾਨ ਪੰਜਾਬ ਦੇ ਸਰਕਾਰੀ ਅਦਾਰਿਆਂ ਅਤੇ ਅਵਾਮ ਦੀ ਹਾਲਤ ਪਹਿਲਾਂ ਤੋਂ ਬਦਤਰ ਹੋ ਰਹੀ ਹੈ। ਇਸ ਵੇਲੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਹਿਦ ਨਾਲ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤੀ ਹਾਲਤ ਖ਼ਸਤਾ ਹੈ। ਇਸ ਅਦਾਰੇ ਨਾਲ ਸਰਕਾਰ ਆਪਣੇ ਵਿੱਤੀ ਵਾਅਦੇ ਵਫ਼ਾ ਨਹੀਂ ਕਰ ਰਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਪੰਜਾਬ ਸਰਕਾਰ ਦੇ ਵਿੱਤੀ ਵਾਅਦੇ ਕਈ ਸਾਲਾਂ ਤੋਂ ਬੇਵਫ਼ਾਈ ਦਾ ਸ਼ਿਕਾਰ ਹਨ। ਜਦੋਂ ਹੁਕਮਰਾਨ ਸਿਆਸੀ ਪਾਰਟੀ ਦੀ ਸਰਪ੍ਰਸਤੀ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਦੀ ਚੋਣਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਸ ਸਮਾਗਮ ਵਿਚ ਸ਼ਾਮਲ ਹੋਏ ਸਨ, ਤਾਂ ਉਨ੍ਹਾਂ ਯੂਨੀਵਰਸਿਟੀ ਨੂੰ ਇੱਕ ਕਰੋੜ ਰੁਪਈਆ ਦੇਣ ਦਾ ਐਲਾਨ ਕੀਤਾ ਸੀ। ਦੋ ਸੁਆਲ ਸਨ: ਜਦੋਂ ਇਹ ਯੂਨੀਵਰਸਿਟੀ ਨਾਲ ਜੁੜਿਆ ਸਮਾਗਮ ਨਹੀਂ ਸੀ ਤਾਂ ਅਜਿਹੇ ਸਮਾਗਮ ਉਤੇ ਇਸ ਤਰ੍ਹਾਂ ਦਾ ਐਲਾਨ, ਕਿਸ ਸਲੀਕੇ ਦੇ ਘੇਰੇ ਵਿਚ ਆਉਂਦਾ ਹੈ? ਉਸ ਰਕਮ ਦਾ ਕੀ ਬਣਿਆ ਜੋ ਸਰਕਾਰ ਉਤੇ ਯੂਨੀਵਰਸਿਟੀ ਦੀ ਦੇਣਦਾਰੀ ਹੈ?
ਜੇ ਯੂਨੀਵਰਸਿਟੀ ਕੋਲ ਕਿਸੇ ਵੀ ਤਰ੍ਹਾਂ ਦੀ ਖ਼ੁਦਮੁਖ਼ਤਿਆਰੀ ਦੀ ਗੁੰਜਾਇਸ਼ ਹੁੰਦੀ ਤਾਂ ਇਸ ਐਲਾਨ ਦਾ ਜੁਆਬ ਦਿੱਤਾ ਜਾਂਦਾ ਕਿ ‘ਖੈਰਾਤ’ ਨਹੀਂ, ਸਗੋਂ ਸਰਕਾਰੀ ਵਾਅਦਾ ਵਫ਼ਾ ਕਰੋ ਅਤੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢੋ। ਇਸ ਤਰ੍ਹਾਂ ਨੁਮਾਇਸ਼ੀ ਅਤੇ ਕਰੋੜੀ ਬਿਆਨ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਨੁਮਾਇੰਦਗੀ ਕਰਦੇ ਹਨ। ਉਦਘਾਟਨੀ ਪੱਥਰਾਂ ਅਤੇ ਸਰਕਾਰੀ ਇਸ਼ਤਿਹਾਰਾਂ ਉਤੇ ਛਪੀਆਂ ਤਸਵੀਰਾਂ ਨੂੰ ਇਸੇ ਕੜੀ ਵਿਚ ਦੇਖਿਆ ਜਾਣਾ ਬਣਦਾ ਹੈ। ਜਦੋਂ ਕਿਸਾਨ-ਮਜ਼ਦੂਰ ਮੋਰਚਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਰਕਾਰ ਨੂੰ ਮੂੰਹ ਦਿਖਾਉਣ ਤੱਕ ਦਾ ਸੰਕਟ ਖੜ੍ਹਾ ਹੋਇਆ ਹੈ, ਤਾਂ ਸਰਕਾਰੀ ਇਸ਼ਤਿਹਾਰਾਂ ਵਿਚੋਂ ਸਿਆਸਤਦਾਨਾਂ ਦੀਆਂ ਤਸਵੀਰਾਂ ਲਾਪਤਾ ਹੋ ਗਈਆਂ ਹਨ। ਇਸੇ ਮੌਕੇ ਤੀਰਥ ਯਾਤਰਾ ਦੀਆਂ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਇਹ ਗੱਡੀਆਂ ਨਾ ਕਿਸੇ ਦੀ ਮੰਗ ਸਨ ਅਤੇ ਨਾ ਹੀ ਕਿਸੇ ਚੋਣ ਮਨੋਰਥ ਪੱਤਰ ਦਾ ਵਾਅਦਾ ਸਨ। ਹੁਣ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਸਰਕਾਰੀ ਪ੍ਰਾਪਤੀਆਂ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਇਹ ਬਿਨਾਂ ਸ਼ੱਕ ਚੋਣ ਮਨੋਰਥ ਪੱਤਰਾਂ ਦਾ ਹਿੱਸਾ ਵੀ ਬਣ ਜਾਣਗੀਆਂ।
ਅਵਾਮ ਨੂੰ ਅਵਾਜ਼ਾਰੀ ਅਤੇ ਬੇਚੈਨੀ ਤੋਂ ਬਚਾਉਣ ਵਿਚ ਨਾਕਾਮਯਾਬ ਰਹੀ ਸਰਕਾਰ ਤੀਰਥ ਯਾਤਰਾਵਾਂ ਦਾ ਬੰਦੋਬਸਤ ਕਿਉਂ ਕਰਦੀ ਹੈ? ਹਰ ਤਰ੍ਹਾਂ ਦੇ ਲੋਕ ਕਲਿਆਣ ਦੀਆਂ ਯੋਜਨਾਵਾਂ ਵਿਚੋਂ ਹੱਥ ਪਿਛੇ ਖਿੱਚਣ ਵਾਲੀ ਸਰਕਾਰ ਦੀਆਂ ਰੱਲ ਗੱਡੀਆਂ ਕਿਹੜਾ ਧਾਰਮਿਕ ਜੀਅ ਸਫ਼ਰ ਕਰਨਾ ਜਾਵੇਗਾ? ਸਰਕਾਰ ਅਤੇ ਨਿਜ਼ਾਮ ਦਾ ਬੁਨਿਆਦੀ ਕੰਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁਖ਼ਾਤਬ ਹੋਣਾ ਹੈ। ਅਵਾਮ ਦੇ ਸ਼ਹਿਰੀ, ਜਮਹੂਰੀ, ਮਨੁੱਖੀ ਅਤੇ ਕਾਨੂੰਨੀ ਹਕੂਕ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਸਿਹਤ, ਸਿੱਖਿਆ, ਖੇਡਾਂ, ਸਭਿਆਚਾਰ ਅਤੇ ਵਿਗਿਆਨ ਦੇ ਖੇਤਰਾਂ ਵਿਚ ਪੰਜਾਬ ਸਰਕਾਰ ਦੀਆਂ ਕੀ ਪ੍ਰਾਪਤੀਆਂ ਹਨ? ਨੁਮਾਇਸ਼ੀ ਕਬੱਡੀ ਕੱਪ ਜਾਰੀ ਰੱਖਣ ਵਿਚ ਨਾਕਾਮਯਾਬ ਹੋਈ ਸਰਕਾਰ ਦਰਅਸਲ ਸਕੂਲਾਂ, ਕਾਲਜਾਂ, ਜ਼ਿਲ੍ਹਿਆਂ ਅਤੇ ਸੂਬੇ ਦੇ ਮੁਕਾਬਲੇ ਕਰਵਾਉਣ ਵਿਚ ਮੁਕੰਮਲ ਤੌਰ ਉਤੇ ਨਾਕਾਮਯਾਬ ਹੋਈ ਹੈ। ਪੰਜਾਬ ਵਿਚ ਤਕਰੀਬਨ ਪੰਦਰਾਂ ਜੀਅ ਹਰ ਰੋਜ਼ ਸੜਕ ਹਾਦਸਿਆਂ ਦੌਰਾਨ ਮੌਕੇ ਉਤੇ ਮਰਦੇ ਹਨ। ਹਸਪਤਾਲ ਜਾ ਕੇ ਜਾਂ ਮਹੀਨਿਆਂ ਦੀਆਂ ਤਕਲੀਫ਼ਾਂ ਤੋਂ ਬਾਅਦ ਦਮ ਤੋੜਨ ਵਾਲਿਆਂ ਅਤੇ ਪੱਕੀ ਅਪੰਗਤਾ ਹੰਢਾਉਣ ਵਾਲਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਸੜਕਾਂ ਦੀ ਬਦਇੰਤਜ਼ਾਮੀ ਅਤੇ ਆਵਾਜਾਈ ਦੇ ਨੇਮ ਲਾਗੂ ਕਰਨ ਦੀ ਫ਼ੌਜਦਾਰੀ ਘੇਸਲ ਦੇ ਨਾਲ ਇਹ ਤੱਥ ਵੀ ਅਹਿਮ ਹੈ ਕਿ ਪੰਜਾਬ ਵਿਚ ਸਿਰ ਦੀਆਂ ਸੱਟਾਂ ਦੇ ਇਲਾਜ ਲਈ ਸਰਕਾਰੀ ਕਮਿਊਨਿਟੀ ਹੈਲਥ ਸੈਂਟਰਾਂ/ਹਸਪਤਾਲਾਂ ਵਿਚ ਪੰਜ ਡਾਕਟਰ ਵੀ ਨਹੀਂ ਹਨ।
ਪੰਜਾਬ ਸਰਕਾਰ ਨੇ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਈ ਵਾਰ ਕੀਤਾ ਹੈ। ਸਰਕਾਰ ਨੇ ਆਪ ਅਧਿਐਨ ਕਰਵਾਏ ਹਨ। ਇਹ ਮੁਆਵਜ਼ੇ ਦੇਣ ਤੋਂ ਸਰਕਾਰ ਲਗਾਤਾਰ ਕੰਨੀ ਕਤਰਾ ਰਹੀ ਹੈ ਅਤੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ 2015 ਘੱਟੋ-ਘੱਟ 21ਵੀਂ ਸਦੀ ਦਾ ਬਦਤਰ ਸਾਲ ਰਿਹਾ ਹੈ। ਇਸੇ ਸਾਲ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਉਤੇ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਗਏ ਹਨ।
ਪਿੰਡਾਂ ਵਿਚ ਸ਼ਰਧਾਲੂ ਬੇਈਮਾਨੀ ਦੇ ਦਾਗ਼ ਵਾਲੇ ਲੋਕਾਂ ਦੀਆਂ ਟਰਾਲੀਆਂ ਅਤੇ ਟਰੱਕਾਂ ਵਿਚ ਗੁਰਦੁਆਰੇ ਮੱਥਾ ਟੇਕਣ ਜਾਣ ਤੋਂ ਕੰਨੀ ਕਤਰਾਉਂਦੇ ਰਹੇ ਹਨ। ਉਨ੍ਹਾਂ ਦੀ ਬੇਈਮਾਨੀ ਨਾਲ ਜੁੜੀਆਂ ਗ਼ਰੀਬਾਂ ਦੀਆਂ ਗਰਜ਼ਾਂ ਜਾਂ ਤੀਰਥ ਯਾਤਰਾ ਵਿਚ ਭੁੱਖ ਅਤੇ ਜ਼ਿੰਦਗੀ ਦੇ ਨੀਰਸ ਰੋਜ਼ਨਾਮਚੇ ਤੋਂ ਵਕਤੀ ਨਿਜਾਤ ਭਾਲਦੀ ਲੋਕਾਈ ਉਨ੍ਹਾਂ ਹੀ ਟਰਾਲੀਆਂ-ਟਰੱਕਾਂ ਨੂੰ ‘ਪਰਉਪਕਾਰੀ ਕੰਮ’ ਦਾ ਰੁਤਬਾ ਦਿੰਦੀ ਰਹੀ ਹੈ। ਮਜ਼ਦੂਰਾਂ ਦੀਆਂ ਦਿਹਾੜੀਆਂ ਮਾਰਨ ਵਾਲੇ ਅਤੇ ਸਰਕਾਰੇ-ਦਰਬਾਰੇ ‘ਖਾਣ-ਪੀਣ’ ਦੀ ਸਾਂਝ ਰੱਖਣ ਵਾਲੇ ਚੌਧਰੀ ਤੀਰਥ ਯਾਤਰਾਵਾਂ ਉਤੇ ਟਰਾਲੀਆਂ-ਟਰੱਕ ਲਿਜਾ ਕੇ ਆਪਣੀ ਸਾਖ਼ ਬਚਾਉਣ ਜਾਂ ਭੱਲ ਕਾਇਮ ਕਰਨ ਦੀ ਮਸ਼ਕ ਕਰਦੇ ਰਹੇ ਹਨ। ਹੁਣ ਪੰਜਾਬ ਦਾ ਇਹੋ ਰੁਝਾਨ ਸਭਿਆਚਾਰ ਤੋਂ ਸਿਆਸਤ ਰਾਹੀਂ ਪੱਕੇ ਪੈਰੀਂ ਹੋ ਰਿਹਾ ਹੈ। ਪੰਜਾਬ ਸਰਕਾਰ ਦੀਆਂ ਤੀਰਥ ਯਾਤਰਾ ਵਾਲੀਆਂ ਰੇਲ ਗੱਡੀਆਂ ਵਿਚ ਹਲਕਾ ਇੰਚਾਰਜਾਂ ਨਾਲ ਜੁੜੀਆਂ ਗਰਜ਼ਾਂ ਅਤੇ ਅਵਾਜ਼ਾਰੀ ਤੋਂ ਵਕਤੀ ਨਿਜਾਤ ਦੇ ਉਪਰਾਲੇ ਸਫ਼ਰ ਕਰਨਗੇ। ਕੀ ਇਸ ਨਾਲ ਥਾਣਿਆਂ-ਕਚਿਹਰੀਆਂ ਅਤੇ ਬੱਸਾਂ-ਠੇਕਿਆਂ ਵਿਚ ‘ਚੰਮ ਦੀਆਂ ਚਲਾਉਣ ਵਾਲੇ’ ਹਲਕਾ ਇੰਚਾਰਜ ਪਰਉਪਕਾਰੀ ਹੋ ਜਾਣਗੇ?
ਪੰਜਾਬ ਦੇ ਸਭਿਆਚਾਰ ਵਿਚ ਗੁਰਦੁਆਰੇ ਜਾਣ ਜਾਂ ਭੇਜਣ ਦਾ ਇੱਕ ਪੱਖ ਘਰੇਲੂ ਕਲੇਸ਼ ਅਤੇ ਬੇਹੁਰਮਤੀ ਨਾਲ ਵੀ ਜੁੜਿਆ ਹੋਇਆ ਹੈ। ਘਰੇਲੂ ਕਲੇਸ਼ ਤੋਂ ਪਰੇਸ਼ਾਨ ਬਜ਼ੁਰਗ ‘ਗੁਰਦੁਆਰੇ ਜਾ ਕੇ ਬੈਠਣ’ ਦੀ ਧਮਕੀ ਦਿੰਦੇ ਰਹੇ ਹਨ ਅਤੇ ਬਹੁਤ ਸਾਰੇ ਨਵੇਂ ਬਣੇ ਲਾਣੇਦਾਰਾਂ ਨੇ ‘ਬਜ਼ੁਰਗਾਂ ਦੇ ਗੁਰਦੁਆਰੇ ਬੈਠੇ ਹੋਣ ਦਾ’ ਮਿਹਣਾ ਜਰਿਆ ਹੈ। ਗੁਰਦੁਆਰਿਆਂ ਨੂੰ ‘ਨਿਆਸਰਿਆਂ ਦਾ ਆਸਰਾ’ ਮੰਨਿਆ ਜਾਂਦਾ ਹੈ ਅਤੇ ਇਹ ਗੁਰਦੁਆਰੇ ਦੀ ਅਦਾਰੇ ਵਜੋਂ ਪੂੰਜੀ ਹੈ। ਕੀ ਹੁਕਮਰਾਨ ਧਿਰ ਗੁਰਦੁਆਰਿਆਂ ਦੇ ਪ੍ਰੰਬਧ ਦੇ ਸਿਆਸੀਕਰਨ ਤੋਂ ਬਾਅਦ ਹੁਣ ਸਰਕਾਰੀ ਖ਼ਰਚ ਉਤੇ ‘ਨਿਆਸਰਿਆਂ ਦਾ ਆਸਰਾ’ ਬਣ ਰਹੀ ਹੈ?
‘ਨਿਆਸਰਿਆਂ ਦਾ ਆਸਰਾ ਬਣਨਾ’ ਤਾਂ ਅਹਿਮ ਮਨੁੱਖੀ ਗੁਣ ਹੈ ਅਤੇ ਪਰਉਪਕਾਰ ਮੰਨਿਆ ਜਾਂਦਾ ਹੈ, ਪਰ ‘ਲੋਕਾਂ ਨੂੰ ਨਿਆਸਰਾ ਕਰਨਾ’ ਤਾਂ ਸਦਾ ਕ੍ਰਿਤਘਣਤਾ ਹੀ ਅਖਵਾਈ ਹੈ। ਲੋਕਾਂ ਨੂੰ ਭਾਵੇਂ ‘ਨਿਆਸਰੇ ਕਰ ਕੇ ਗੁਰੂ ਦੇ ਲੜ ਲਗਾਉਣ’ ਦਾ ਦਾਅਵਾ ਕੀਤਾ ਜਾਵੇ, ਪਰ ਇਹ ਕ੍ਰਿਤਘਣਤਾ ਦੇ ਘੇਰੇ ਵਿਚੋਂ ਬਾਹਰ ਨਹੀਂ ਆ ਸਕਦੀ। ਉਂਝ ਲੋਕਾਂ ਨੂੰ ਬੇਆਸਰਾ ਕਰਨ ਵਾਲੀ ਸਰਕਾਰ ਅਤੇ ਅਵਾਮ ਦੀ ਬੇਹੁਰਮਤੀ ਕਰਨ ਵਾਲੇ ਹਲਕਾ ਇੰਚਾਰਜਾਂ ਨੂੰ ਸ਼ਰਧਾਲੂਆਂ ਨੂੰ ‘ਗੁਰੂ ਦੇ ਲੜ ਲਗਾਉਣਾ’ ਕਿੰਨਾ ਕੁ ਸ਼ੋਭਦਾ ਹੈ? ਇਹ ਅਵਾਮ ਨੂੰ ਸੋਚਣ-ਸਮਝਣ ਵਾਲੇ ਸੰਵੇਦਨਸ਼ੀਲ ਜੀਅ ਵਜੋਂ ਪਛਾਣਨ ਦੀ ਥਾਂ ਸੀਲ ਸ਼ਰਧਾਲੂ ਬਣਾਉਣ ਦੀ ਮਸ਼ਕ ਵਧੇਰੇ ਹੈ ਪਰ ਲੋਕ ਸ਼ਰਧਾ ਦੇ ਘੇਰੇ ਤੋਂ ਬਾਹਰ ਵੀ ‘ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ’ ਦੀ ਅਰਦਾਸ ਕਰਦੇ ਹਨ।