ਆ ਗਏ ਲਾਲ ਪਗੜੀਆਂ ਵਾਲੇ…

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-5
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।

ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਆਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ‘ਆ ਗਏ ਲਾਲ ਪਗੜੀਆਂ ਵਾਲੇ’ ਵਿਚ ਪੁਲਿਸ ਕਾਰਵਾਈ ਦਾ ਜ਼ਿਕਰ ਕੀਤਾ ਗਿਆ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: (1-416-918-5212)

“ਤੁਹਾਡਾ ਨਾਂ ਵਰਿਆਮ ਸਿੰਘ ਹੀ ਹੈ?”
ਕੁੰਢੀਆਂ ਮੁੱਛਾਂ ਵਾਲੇ ਪੁਲਿਸ ਇੰਸਪੈਕਟਰ ਨੇ ਅਚਨਚੇਤ ਮੇਰੇ ਸਾਹਮਣੇ ਆ ਕੇ ਪੁੱਛਿਆ। ਉਹਦੇ ਨਾਲ ਏ ਐਸ ਆਈ, ਹਵਾਲਦਾਰ ਅਤੇ ਦੋ ਤਿੰਨ ਸਿਪਾਹੀ ਹੋਰ ਵੀ ਸਨ।
ਇਹ 24 ਦਸੰਬਰ 1975 ਦਾ ਠਰਿਆ ਹੋਇਆ ਦਿਨ ਸੀ। ਮੈਂ ਐਮਰਜੈਂਸੀ ਵਿਚ ਪਹਿਲਾਂ ਬਣੇ ‘ਰਾਜ ਬਨਾਮ ਵਰਿਆਮ ਸਿੰਘ’ ਕੇਸ ਅਧੀਨ ਗ੍ਰਿਫ਼ਤਾਰ ਹੋਣ ਪਿੱਛੋਂ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸਾਂ ਅਤੇ ਅੱਜ ਇਸੇ ਕੇਸ ਦੀ ਤਰੀਕ ਭੁਗਤਣ ਲਈ ਗਰਮ ਸੂਟ ਪਹਿਨ ਕੇ, ਟਾਈ ਲਾ ਕੇ ਅਤੇ ਪੂਰਾ ‘ਸਜ-ਸੰਵਰ’ ਕੇ ਪੱਟੀ ਦੀ ਕਚਹਿਰੀ ਦੇ ਅਹਾਤੇ ਵਿਚ ਖਲੋਤਾ ਆਪਣੇ ਸਾਥੀ ਰਘਬੀਰ ਸਿੰਘ ਦੀ ਜੇਲ੍ਹ ਵਿਚੋਂ ਲਿਆਏ ਜਾਣ ਦੀ ਉਡੀਕ ਕਰ ਰਿਹਾ ਸਾਂ (ਸਾਨੂੰ ਇੱਕੋ ਕੇਸ ਵਿਚ ਫੜਿਆ ਗਿਆ ਹੋਣ ਕਰ ਕੇ ਆਵਾਜ਼ ਪੈਣ ‘ਤੇ ਇਕੱਠਿਆਂ ਹੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ) ਕਿ ਇਹ ਪੁਲਿਸੀ-ਧਾੜ ਇੱਕ ਦਮ ਮੇਰੇ ਸਾਹਮਣੇ ਆਣ ਧਮਕੀ।
ਉਹਨੂੰ ਕਿਹੜਾ ਮੇਰੇ ਨਾਂ ਦਾ ਕੋਈ ਭੁਲੇਖਾ ਸੀ! ਕਚਹਿਰੀਆਂ ਵਿਚਲੀ ਏਨੀ ਵੰਨ-ਸੁਵੰਨੀ ਭੀੜ ਵਿਚੋਂ ਉਸ ਨੇ ਮੈਨੂੰ ਐਵੇਂ ‘ਅਟ-ਸਟੇ’ ਨਾਲ ਤਾਂ ਪਛਾਣਿਆਂ ਨਹੀਂ ਸੀ!
ਮੈਂ ਹਾਮੀ ਭਰੀ ਤਾਂ ਬੜੀ ਨਰਮੀ ਨਾਲ ਕਹਿੰਦਾ, “ਆਪਾਂ ਜ਼ਰਾ ਆਹ ਡੀ ਐਸ ਪੀ ਸਾਹਿਬ ਦੇ ਦਫ਼ਤਰ ਤੱਕ ਜਾਣਾ ਹੈ। ਉਹ ਤੁਹਾਨੂੰ ਕਿਸੇ ਕੰਮ ਲਈ ਮਿਲਣਾ ਚਾਹੁੰਦੇ ਨੇ।”
ਮੈਂ ਉਜਰ ਕੀਤਾ ਕਿ ਜੇ ਪਿੱਛੋਂ ਮੈਨੂੰ ਮੇਰੀ ਤਰੀਕ ਦੀ ਆਵਾਜ਼ ਪੈ ਗਈ ਤਾਂ ਮੇਰੀ ਗ਼ੈਰ-ਹਾਜ਼ਰੀ ਲੱਗ ਜਾਵੇਗੀ। ਉਸ ਕਿਹਾ ਕਿ ਉਸ ਨੇ ਐਸ ਡੀ ਐਮ ਦੇ ਰੀਡਰ ਤੋਂ ਸਾਰਾ ਪਤਾ ਕਰ ਲਿਆ ਹੈ। ਮੈਨੂੰ ਘੰਟੇ ਤੋਂ ਪਹਿਲਾਂ ਆਵਾਜ਼ ਨਹੀਂ ਪੈਣ ਲੱਗੀ। ਏਨੇ ਚਿਰ ਵਿਚ ਤਾਂ ਅਸੀਂ ਡੀ ਐਸ ਪੀ ਨੂੰ ਚਾਰ ਵਾਰ ਮਿਲ ਕੇ ਆ ਸਕਦੇ ਹਾਂ!
ਮੈਨੂੰ ਭਾਵੇਂ ਉਸ ਦੇ ਬੋਲਾਂ ਵਿਚਲੀ ਸੱਚਾਈ ‘ਤੇ ਬਿਲਕੁਲ ਭਰੋਸਾ ਨਹੀਂ ਸੀ ਪਰ ਕਰ ਵੀ ਕੀ ਸਕਦਾ ਸਾਂ! ਨਾ ਜਾਣ ਦੀ ਜ਼ਿਦ ਕਰਦਾ ਤਾਂ ਉਹ ਜ਼ਬਰਦਸਤੀ ਵੀ ਕਰ ਸਕਦੇ ਸਨ। ਸਾਡੀ ਤਰੀਕ ਕਾਰਨ ਸਾਨੂੰ ਕਚਹਿਰੀਆਂ ਵਿਚ ਮਿਲਣ ਆਉਣ ਵਾਲੇ ਦੋਸਤਾਂ ਵਿਚੋਂ ਅਜੇ ਇੱਕ ਜਣਾ ਹੀ ਹਾਲ ਦੀ ਘੜੀ ਪੁੱਜਾ ਸੀ। ਉਹਨੂੰ ਆਪਣੇ ਪਿੱਛੇ ਪਿੱਛੇ ਆਉਣ ਲਈ ਆਖ ਕੇ ਮੈਂ ਉਨ੍ਹਾਂ ਦੇ ਨਾਲ ਤੁਰ ਪਿਆ। ਕਚਹਿਰੀਆਂ ਦੇ ਪਿਛਲੇ ਪਾਸੇ ਸਫ਼ੈਦਿਆਂ ਦੇ ਸੰਘਣੇ ਝੁੰਡ ਵਿਚ ਉਨ੍ਹਾਂ ਨੇ ਟਰੱਕ ਖੜ੍ਹਾ ਕੀਤਾ ਹੋਇਆ ਸੀ। ਮੈਂ ਅੱਗਿਉਂ ਵਾਪਰਨ ਵਾਲੀ ਹੋਣੀ ਤੋਂ ਸੁਚੇਤ ਹੋ ਕੇ ਆਪਣਾ ਬਟੂਆ ਕੱਢ ਕੇ ਆਪਣੇ ਮਿੱਤਰ ਨੂੰ ਫੜਾ ਦਿੱਤਾ ਅਤੇ ਉਹਨੂੰ ਸਾਰਾ ਕੁਝ ਹੋਰ ਦੋਸਤਾਂ ਅਤੇ ਮੇਰੇ ਘਰ ਵਾਲਿਆਂ ਨੂੰ ਦੱਸ ਦੇਣ ਲਈ ਆਖ ਕੇ ਟਰੱਕ ਵਿਚ ਬੈਠ ਗਿਆ।
ਟਰੱਕ ਡਰਾਈਵਰ ਨਾਲ ਲੱਗਦੀ ਸੀਟ ਉਤੇ, ਅੱਗੇ ਕਰ ਕੇ ਮੈਨੂੰ ਬਿਠਾ ਕੇ ਵੱਡਾ ਅਤੇ ਛੋਟਾ ਥਾਣੇਦਾਰ ਮੇਰੇ ਨਾਲ ਹੀ ਬੈਠ ਗਏ। ਟਰੱਕ ਮੋੜ ਮੁੜ ਕੇ ਤਰਨਤਾਰਨ-ਅੰਮ੍ਰਿਤਸਰ ਸੜਕੇ ਪੈ ਗਿਆ। ਇਸੇ ਸੜਕ ‘ਤੇ ਡੀ ਐਸ ਪੀ ਦਾ ਦਫ਼ਤਰ ਸੀ, ਪਰ ਟਰੱਕ ਉਥੇ ਰੁਕਣ ਦੀ ਥਾਂ ਅੱਗੇ ਲੰਘ ਗਿਆ।
ਮੈਂ ਆਪਣੀ ਹੋਣੀ ਬਾਰੇ ਜਾਣਕਾਰੀ ਲੈਣੀ ਚਾਹੀ, “ਮੈਨੂੰ ਦੱਸੋ ਤਾਂ ਸਹੀ ਕਿ ਮੈਨੂੰ ਕਿੱਥੇ ਤੇ ਕਿਉਂ ਲਿਜਾ ਰਹੇ ਓ? ਭੱਜ ਤਾਂ ਮੈਂ ਹੁਣ ਕਿਤੇ ਚੱਲਿਆ ਨਹੀਂ।”
ਦੋਵਾਂ ਨੇ ਸਾਜ਼ਿਸ਼ੀ ਚੁੱਪ ਅਖ਼ਤਿਆਰ ਕੀਤੀ ਰੱਖੀ।
ਟਰੱਕ ਚਲਦਾ ਗਿਆ ਅਤੇ ਉਸ ਤੋਂ ਕਿਤੇ ਤੇਜ਼ ਮੇਰਾ ਮਨ ਦੌੜਨ ਲੱਗਾ। ਮੈਨੂੰ ਜ਼ਮਾਨਤ ‘ਤੇ ਬਾਹਰ ਆਉਣ ਦਾ ਪਛਤਾਵਾ ਹੋਣ ਲੱਗਾ। ਸਾਰੇ ਕਾਨੂੰਨੀ ਅਮਲ ਦੀ ਸਮਝ ਨਾ ਹੋਣ ਤੇ ਅਣਜਾਣਪੁਣੇ ਕਰ ਕੇ ਜਿਹੜੀ ਗੱਲ ਦਾ ਮੈਨੂੰ ਫ਼ਿਕਰ ਵੱਢ-ਵੱਢ ਖਾਣ ਲੱਗਾ, ਉਹ ਸੀ ਕਿ ਅੱਜ ਅਦਾਲਤ ਵਿਚੋਂ ਗ਼ੈਰ-ਹਾਜ਼ਰ ਹੋਣ ਕਰ ਕੇ ਮੇਰੇ ਜ਼ਮਾਨਤੀਏ ਨੂੰ ਕਿਤੇ ਜ਼ਮਾਨਤ ਨਾ ਪੈ ਜਾਵੇ! ਅਜਾਇਬ ਸਿੰਘ ਨੂੰ ਝੂਠਾ ਨਾ ਹੋਣਾ ਪਵੇ! ਮੇਰੇ ਕਰ ਕੇ ਮੇਰੇ ਆਪਣਿਆਂ ਦਾ ਨੁਕਸਾਨ ਨਾ ਹੋ ਜਾਵੇ! ਜੇਲ੍ਹ ‘ਚ ਤਾਂ ਮੈਂ ਅੱਗੇ ਸਾਂ ਹੀ, ਜੇ ਹੁਣ ਵੀ ਚਲੇ ਜਾਵਾਂਗਾ ਤਾਂ ਕੋਈ ਫਰਕ ਨਹੀਂ ਸੀ ਪੈਣ ਲੱਗਾ!
ਲੰਮੇ ਪੰਧ ‘ਤੇ ਪਿਆ ਜਾਣ ਮੈਂ ਜ਼ਮਾਨਤ ਵਾਲੀ ਗੱਲ ਉਨ੍ਹਾਂ ਨੂੰ ਪੁੱਛੀ। ਉਨ੍ਹਾਂ ਮੈਨੂੰ ਇਸ ਪੱਖੋਂ ਬੇਫ਼ਿਕਰ ਰਹਿਣ ਲਈ ਕਿਹਾ।
“ਤੁਸੀਂ ਕਿਹੜਾ ਭਗੌੜੇ ਹੋ ਗਏ ਓ! ਅਸੀਂ ਆਪ ਤੁਹਾਨੂੰ ਲੈ ਕੇ ਚੱਲੇ ਆਂ।”
ਇਸ ਤੋਂ ਵੱਧ ਕੋਈ ਹੋਰ ਵਿਸਥਾਰ ਦੇਣਾ ਉਨ੍ਹਾਂ ਮੁਨਾਸਬ ਨਾ ਸਮਝਿਆ।
ਇਹ ਤਾਂ ਨਿਸਚਿਤ ਸੀ ਕਿ ਮੈਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਲਿਜਾ ਕਿੱਥੇ ਰਹੇ ਸਨ! ਉਨ੍ਹਾਂ ਦੀ ਰਹੱਸਮਈ ਚੁੱਪ ਹੋਰ ਵੀ ਖ਼ਤਰਨਾਕ ਲੱਗਦੀ ਸੀ। ਉਹ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਕਰ ਕੇ ਮੇਰੇ ਨਾਲ ਖੁੱਲ੍ਹਣਾ ਨਹੀਂ ਸਨ ਚਾਹੁੰਦੇ।
ਸੜਕ ਕੰਢੇ ਇੱਕ ਸਕੂਲ ਵਿਚ ਮੇਜ਼ ਦੁਆਲੇ ਇੱਕ ਅਧਿਆਪਕਾ ਅਤੇ ਇਕ-ਦੋ ਅਧਿਆਪਕ ਬੈਠੇ ਹੋਏ ਸਨ।
“ਵੇਖ ਭੈਣ ਚੋ’ ਮਾਸਟਰਾਂ ਨੂੰ ਕਿਆ ਮੌਜਾਂ ਲੱਗੀਆਂ! ਮਾਸਟਰਾਣੀਆਂ ਦੀਆਂ ਲੱਤਾਂ ‘ਚ ਲੱਤਾਂ ਅੜਾ ਕੇ ਬੈਠੇ ਰਹਿੰਦੇ ਨੇ!” ਛੋਟੇ ਥਾਣੇਦਾਰ ਨੇ ਵੱਡੇ ਨੂੰ ਆਖਿਆ। ਜਵਾਬ ਵਿਚ ਹੱਸ ਰਹੇ ਵੱਡੇ ਥਾਣੇਦਾਰ ਦੀ ਗੋਗੜ ਹਿੱਲਣ ਲੱਗੀ। ਅਚਨਚੇਤ ਸ਼ਾਇਦ ਉਨ੍ਹਾਂ ਨੂੰ ਮੇਰੇ ਵੀ ‘ਮਾਸਟਰ’ ਹੋਣ ਦਾ ਖ਼ਿਆਲ ਆ ਗਿਆ।
“ਕਿਉਂ ਜੀ ਤੁਸੀਂ ਵੀ ਕਦੀ ਇਹ ਮੌਜ ਲਈ ਹੈ ਕਿ ਨਹੀਂ? ਲੈਂਦੇ ਹੋਵੋਗੇ। ਜ਼ਰੂਰ ਲੈਂਦੇ ਹੋਵੋਗੇ। ਹਾ! ਹਾ! ਹਾ!” ਛੋਟਾ ਥਾਣੇਦਾਰ ਥੋੜ੍ਹਾ ਮਸਤ ਗਿਆ ਸੀ, ਪਰ ਵੱਡੇ ਥਾਣੇਦਾਰ ਨੇ ਗੰਭੀਰ ਹੋ ਕੇ ਗੱਲ ਨੂੰ ਦੂਜੇ ਪਾਸੇ ਮੋੜ ਦੇ ਦਿੱਤਾ।
“ਨੌਕਰੀ ਤੋਂ ਤਾਂ ਤੁਸੀਂ ਹੁਣ ਸਸਪੈਂਡ ਹੋ ਗਏ ਹੋਵੋਗੇ! ਕੋਈ ਨਹੀਂ, ਬਹਾਲ ਵੀ ਹੋ ਜਾਓਗੇ।” ਉਹਨੇ ਝੂਠ-ਮੂਠ ਧਰਵਾਸ ਦਿੱਤਾ।
ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਆਪਣੀ ਸਕੂਲ ਦੀ ਡਿਊਟੀ ਬਾਰੇ ਪਤਾ ਕੀਤਾ ਸੀ। ਜਿਸ ਦਿਨ ਮੈਂ ਗ੍ਰਿਫ਼ਤਾਰ ਹੋਇਆ ਸਾਂ; ਨਿਯਮ ਅਨੁਸਾਰ ਮੇਰੇ ਸਕੂਲ ਅਧਿਕਾਰੀਆਂ ਨੇ ਮੇਰੀ ਗ੍ਰਿਫ਼ਤਾਰੀ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਚ ਪਹੁੰਚਾ ਦਿੱਤੀ ਸੀ, ਪਰ ਉਚ ਅਧਿਕਾਰੀਆਂ ਨੇ ਮੇਰੇ ਨਾਲ ਕੀਤੇ ਜਾਣ ਵਾਲੇ ‘ਅਗਲੇ ਸਲੂਕ’ ਬਾਰੇ ਅਜੇ ਤੱਕ ਕੋਈ ਜਵਾਬ ਹੀ ਨਹੀਂ ਸੀ ਦਿੱਤਾ। ਕੇਸ ਅਜੇ ਚੱਲ ਰਿਹਾ ਸੀ। ਮੈਂ ਤਰੀਕਾਂ ਭੁਗਤ ਰਿਹਾ ਸਾਂ। ਇਸ ਸਥਿਤੀ ਵਿਚ ਮੈਂ ਆਪ ਹੀ ਸੋਚਿਆ ਕਿ ਆਪਣੀ ਨੌਕਰੀ ਦਾ ਮਸਲਾ ਹਾਲ ਦੀ ਘੜੀ ਪਾਸੇ ਰੱਖ ਦੇਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਹਾਲਾਤ ਦੇ ਹਵਾਲੇ ਕਰ ਦੇਣਾ ਹੀ ਠੀਕ ਹੈ।
ਤੇ ਹੁਣ ਮੈਂ ਉਸੇ ‘ਹਾਲਾਤ ਦੇ ਹਵਾਲੇ’ ਸਾਂ। ਟਰੱਕ ਤਰਨਤਾਰਨ ਲੰਘ ਕੇ ਜੰਡਿਆਲਾ ਰੋਡ ‘ਤੇ ਜਾ ਰਿਹਾ ਸੀ। ਨਕਸਲਬਾੜੀ ਲਹਿਰ ਦੇ ਸਿਖ਼ਰਲੇ ਦਿਨਾਂ ਵਿਚ ਅਣਜਾਣੀਆਂ ਥਾਵਾਂ ‘ਤੇ ਲਿਜਾ ਕੇ ਇਨਕਲਾਬੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦੇਣ ਦਾ ਖ਼ਿਆਲ ਆਇਆ ਤਾਂ ਮੇਰੇ ਕੰਨ ਇੱਕ ਪਲ ਲਈ ਤਾਂ ‘ਸਾਂ ਸਾਂ’ ਕਰਨ ਲੱਗੇ।
ਜੰਡਿਆਲੇ ਤੋਂ ਜੀ ਟੀ ਰੋਡ ‘ਤੇ ਚੜ੍ਹ ਕੇ ਅਜੇ ਟਾਂਗਰੇ ਕੋਲ ਪੁੱਜੇ ਹੋਵਾਂਗੇ ਕਿ ਵੱਡਾ ਥਾਣੇਦਾਰ ਪੁੱਛਣ ਲੱਗਾ, “ਮਾਸਟਰ ਜੀ! ਬਲਬੀਰ ਨੂੰ ਕਦੋਂ ਤੋਂ ਜਾਣਦੇ ਓ?”
ਤਾਂ ਇਹ ਗੱਲ ਸੀ!
ਬਲਬੀਰ ਪਿਛਲੇ ਦਿਨੀਂ ਮਹਿਤੇ ਕੋਲ ਪੈਂਦੇ ਪਿੰਡ ਬੁੱਟਰ ਦੇ ਸਕੂਲ ਦੇ ਬਾਹਰ ਐਮਰਜੈਂਸੀ ਖ਼ਿਲਾਫ਼ ਸਕੂਲ ਵਿਚ ਹੀ ਦੋਵਰਕੀਆਂ ਵੰਡਦਾ ਸਕੂਲ ਦੇ ਕਾਂਗਰਸੀ ਹੈਡਮਾਸਟਰ ਵੱਲੋਂ ਹੱਲਾਸ਼ੇਰੀ ਦੇਣ ਕਰ ਕੇ ਸਕੂਲ ਦੇ ਵਿਦਿਆਰਥੀਆਂ ਨੇ ਫੜ ਲਿਆ ਸੀ ਅਤੇ ‘ਸਰਕਾਰੀ ਵਫ਼ਾਦਾਰੀ’ ਨਿਭਾਉਂਦਿਆਂ ਉਹਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਪੁਲਿਸ ਨੇ ਡੂੰਘੀ ਪੁੱਛ-ਗਿੱਛ ਕਰਨ ਲਈ ਉਹਨੂੰ ਇੰਟੈਰੋਗੇਸ਼ਨ ਸੈਂਟਰ ਭੇਜ ਦਿੱਤਾ ਸੀ। ਇੰਟੈਰੋਗੇਸ਼ਨ ਸੈਂਟਰ ਵਿਚ ਉਸ ਕੋਲੋਂ ਮੇਰੇ ਬਾਰੇ ਵੀ ਪੁੱਛਿਆ ਗਿਆ ਸੀ।
‘ਕੀ ਉਹ ਮੈਨੂੰ ਜਾਣਦਾ ਸੀ? ਉਹ ਮੈਨੂੰ ਕਦੋਂ ਕਦੋਂ ਅਤੇ ਕਿੱਥੇ ਕਿੱਥੇ ਮਿਲਿਆ ਸੀ? ਮੈਂ ਸਰਕਾਰ ਵਿਰੋਧੀ ਗਤੀਵਿਧੀਆਂ ਵਿਚ ਕਿੱਥੇ ਅਤੇ ਕਿਵੇਂ ਉਸ ਦੀ ਅਗਵਾਈ ਕੀਤੀ ਸੀ ਜਾਂ ਉਸ ਦਾ ਸਾਥ ਦਿੱਤਾ ਸੀ? ਕੀ ਇਹ ਦੋਵਰਕੀਆਂ ਉਹਨੂੰ ਮੈਂ ਹੀ ਸਪਲਾਈ ਕੀਤੀਆਂ ਸਨ? ਸਮੁੱਚੇ ਤੌਰ ‘ਤੇ ਸਰਕਾਰ ਖ਼ਿਲਾਫ਼ ਮੈਂ ਕੀ ਕੀ ਕਰ ਰਿਹਾ ਸਾਂ? ਆਦਿ।’
ਪੁਲਿਸ ਐਵੇਂ ਹੀ ਮੈਨੂੰ ‘ਵੱਡੇ ਲੀਡਰਾਂ’ ਵਿਚ ਸਮਝੀ ਫਿਰਦੀ ਸੀ! ਦੋਵਰਕੀਆਂ ਵੰਡਣ-ਵੰਡਾਉਣ ਵਾਲੇ ਭਾਵੇਂ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਮੇਰੇ ਜਾਣੂ ਜ਼ਰੂਰ ਸਨ ਪਰ ਇਨ੍ਹਾਂ ‘ਦੋਵਰਕੀਆਂ’ ਨਾਲ ਮੇਰਾ ਕੋਈ ਵੀ ਸਿੱਧਾ ਸਬੰਧ ਨਹੀਂ ਸੀ। ਸ਼ਾਇਦ ਇਨ੍ਹਾਂ ਨੂੰ ਵੰਡਣ ਦਾ ਨਿਰਣਾ ਵੀ ਉਦੋਂ ਲਿਆ ਗਿਆ ਸੀ ਜਦੋਂ ਮੈਂ ਜੇਲ੍ਹ ਵਿਚ ਹੀ ਸਾਂ।
ਨਿਸਚੇ ਹੀ ਬਲਬੀਰ ਕੋਲ ਮੇਰੇ ਬਾਰੇ ਬਹੁਤਾ ਦੱਸਣ ਲਈ ਨਹੀਂ ਸੀ। ਤਸ਼ੱਦਦ ਦੀ ਝਾਲ ਨਾ ਝੱਲਦਿਆਂ ਉਹ ਮੇਰੇ ਬਾਰੇ ਜਿੰਨਾ ਕੁ ਜਾਣਦਾ ਸੀ, ਉਸ ਨੇ ਪੁਲਿਸ ਨੂੰ ਦੱਸ ਦਿੱਤਾ ਸੀ। ਮਸਲਨ: ਉਹ ਮੈਨੂੰ ਅਗਾਂਹ-ਵਧੂ ਲੇਖਕ ਵਜੋਂ ਜਾਣਦਾ ਸੀ। ਉਹ ਮੈਨੂੰ ਨਿੱਜੀ ਤੌਰ ‘ਤੇ ਸਿਰਫ਼ ਦੋ ਵਾਰ ਮਿਲਿਆ ਸੀ। ਕਿੱਥੇ ਕਿੱਥੇ ਮਿਲਿਆ ਸੀ, ਉਸ ਨੇ ਇਹ ਵੀ ਦੱਸ ਦਿੱਤਾ ਸੀ, ਪਰ ਉਸ ਦੀ ਵਡਿਆਈ ਇਹ ਸੀ ਕਿ ਉਸ ਨੇ ਮੇਰੇ ਬਾਰੇ ਜੋ ਜੋ ਦੱਸਿਆ ਸੀ, ਇੰਟੈਰੋਗੇਸ਼ਨ ਸੈਂਟਰ ਤੋਂ ਮੁਕਤ ਹੋ ਕੇ ਜੇਲ੍ਹ ਵਿਚ ਜਾਣ ਉਪਰੰਤ ਉਸ ਨੇ ਉਸ ਦੇ ਵੇਰਵੇ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਤੱਕ ਪੁੱਜਦੇ ਕਰ ਦਿੱਤੇ ਸਨ ਅਤੇ ਇਹ ਵੀ ਆਖਿਆ ਸੀ ਕਿ ਜੇ ਕਿਤੇ ਮੈਨੂੰ ਇਸ ਬਾਰੇ ਪੁੱਛ-ਗਿੱਛ ਹੋਵੇ ਤਾਂ ਮੈਂ ਉਸ ਦੀ ਦਿੱਤੀ ਸੂਚਨਾ ਦੇ ਦਾਇਰੇ ਵਿਚ ਹੀ ਰਹਾਂ।
ਥਾਣੇਦਾਰ ਨੇ ਦੁਹਰਾ ਕੇ ਪੁੱਛਿਆ ਤਾਂ ਮੈਂ ਆਪਣੀ ਜਾਣ-ਪਛਾਣ ਵਾਲੇ ਤਿੰਨਾਂ-ਚਹੁੰ ‘ਬਲਬੀਰਾਂ’ ਬਾਰੇ ਕਿਹਾ। ਕੋਈ ਮੇਰੇ ਪਿੰਡ ਦਾ ਸਾਧਾਰਨ ਕਿਰਸਾਨ ਸੀ। ਕੋਈ ਮੇਰਾ ਕਿਸੇ ਸਮੇਂ ਜਮਾਤੀ ਰਹਿ ਚੁੱਕਾ ਸੀ ਅਤੇ ਅੱਜ ਕੱਲ੍ਹ ਫ਼ੌਜ ਵਿਚ ਸੀ। ਕੋਈ ਹੋਰ ਬਲਬੀਰ ਸਕੂਲ ਮਾਸਟਰ ਸੀ, ਪਰ ਇਨ੍ਹਾਂ ਵਿਚੋਂ ਕਿਸੇ ਦਾ ਵੀ ਕਿਸੇ ਤਰ੍ਹਾਂ ਦੇ ‘ਸਰਕਾਰੀ ਵਿਰੋਧ’ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ।
“ਅਸਲੀ ਬੰਦੇ ਦਾ ਨਾਂ ਲਓ।” ਥਾਣੇਦਾਰ ਵੀ ਜਾਣਦਾ ਸੀ ਕਿ ਮੈਂ ਐਵੇਂ ‘ਆਲ਼ਾ-ਟਾਲ਼ਾ’ ਕਰ ਰਿਹਾ ਸਾਂ!
ਟਰੱਕ ਬਿਆਸ ਥਾਣੇ ਦੇ ਬਾਹਰ ਆਣ ਖਲੋਤਾ। ਮੈਨੂੰ ਹਵਾਲਾਤ ਵਿਚ ਬੰਦ ਕਰ ਕੇ ਉਹ ਆਪਣੀ ਕਾਰਵਾਈ ਵਿਚ ਰੁੱਝ ਗਏ। ਮੈਂ ਸੋਚਾਂ ਦੇ ਘੋੜੇ ਦੁੜਾਉਣ ਲੱਗਾ? ਅੱਗਿਉਂ ਵਾਪਰਨ ਵਾਲੇ ਭਾਣੇ ਬਾਰੇ ਤਰ੍ਹਾਂ ਤਰ੍ਹਾਂ ਦੀ ਕਲਪਨਾ ਕਰਨ ਲੱਗਾ। ਹੁਣ ਕੀ ਹੋਵੇਗਾ? ਕੀ ਮੈਨੂੰ ਵੀ ਇੰਟੈਰੋਗੇਸ਼ਨ ਸੈਂਟਰ ਵਿਚ ਭੇਜਣਗੇ? ਪਿੱਛੋਂ ਮੇਰੇ ਘਰ ਵਾਲਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਪੁਲਿਸ ਕਿੱਥੇ ਲੈ ਗਈ ਹੈ! ਮੇਰੀ ਪਤਨੀ ਦਾ ਕੀ ਹਾਲ ਹੋਵੇਗਾ? ਅਜੇ ਤਾਂ ਉਹ ਪਹਿਲੇ ਸਦਮੇ ਵਿਚੋਂ ਨਹੀਂ ਸੀ ਉਭਰੀ! ਮੇਰੇ ਨਾਲ ਵਿਆਹ ਹੁੰਦਿਆਂ ਹੀ ਉਹ ਦੁੱਖਾਂ ਦੇ ਲੜ ਲੱਗ ਗਈ ਸੀ। ਵਿਆਹੁਤਾ ਜੀਵਨ ਦੇ ਪਹਿਲੇ ਸਾਲ ਵਿਚ ਹੀ ਸਾਡੇ ਘਰ ਲੜਕਾ ਹੋ ਕੇ ਗ਼ੁਜ਼ਰ ਗਿਆ ਸੀ। ਅਗਲੇ ਸਾਲ ਧੀ ਆਈ ਤਾਂ ਮੈਂ ਜੇਲ੍ਹਾਂ ਦਾ ਰੁਖ਼ ਕਰ ਲਿਆ ਸੀ! ਉਹਨੂੰ ਤਾਂ ਨਿਸਚੇ ਹੀ ਆਪਣਾ ਭਵਿੱਖ ਹਨ੍ਹੇਰਾ ਨਜ਼ਰ ਆਉਣ ਲੱਗ ਪਿਆ ਹੋਵੇਗਾ! ਦੂਜਾ ਮੈਨੂੰ ਅਜੇ ਵੀ ਮੇਰੇ ਜ਼ਮਾਨਤੀਏ ਨੂੰ ਜ਼ਮਾਨਤ ਪੈ ਜਾਣ ਦਾ ਫ਼ਿਕਰ ਲੱਗਾ ਹੋਇਆ ਸੀ। ਮੇਰੇ ਖ਼ਿਆਲ ਵਿਚ ਸੀ ਕਿ ਬੱਸ ਅੱਜ ਮੈਂ ਅਦਾਲਤ ‘ਚੋਂ ਗ਼ੈਰ-ਹਾਜ਼ਰ ਹੋਇਆ ਨਹੀਂ ਤੇ ਅਗਲਿਆਂ ਨੇ ਜ਼ਮਾਨਤ ਉਗਰਾਹੁਣ ਦੇ ਆਰਡਰ ਕੀਤੇ ਨਹੀਂ! ਮੈਂ ਤਾਂ ਇਹ ਵੀ ਸੋਚ ਰਿਹਾ ਸਾਂ ਕਿ ਆਖ਼ਰ ਇਹ ਤਿੰਨ ਲੱਖ ਮੈਨੂੰ ਹੀ ਪੈਣੇ ਨੇ। ਸਰੀਰ ਅਤੇ ਮਨ ਦੀ ਸੱਟ ਤਾਂ ਮੈਂ ਝੱਲ ਸਕਦਾ ਸਾਂ, ਪਰ ਪੈਸੇ ਦੀ ਨਹੀਂ। ਉਂਜ ਹੈ ਸੀ ਇਹ ਮੇਰੀ ਕਾਨੂੰਨੀ ਪ੍ਰਕਿਰਿਆ ਬਾਰੇ ਅਸਲੋਂ ਨਾਵਾæਕਫ਼ੀਅਤ।
ਥਾਣੇ ਦਾ ਮੁਨਸ਼ੀ ਜਦੋਂ ਸ਼ਾਮ ਨੂੰ ਮੇਰੇ ਕੋਲੋਂ ਮੇਰੇ ਬਾਰੇ ਲੋੜੀਂਦੇ ਵੇਰਵੇ ਪੁੱਛ ਕੇ ਰਜਿਸਟਰ ‘ਤੇ ਲਿਖ ਰਿਹਾ ਸੀ ਤਾਂ ਮੈਂ ਉਸ ਕੋਲੋਂ ਜ਼ਮਾਨਤ ਬਾਰੇ ਜਾਣਕਾਰੀ ਲੈਣੀ ਚਾਹੀ। ਉਹ ਹਮਦਰਦੀ ਨਾਲ ਮੇਰੇ ਵੱਲ ਵੇਖਣ ਲੱਗਾ। ਸ਼ਾਇਦ ਉਸ ਨੇ ਤਾਂ ਮੇਰੀ ਬਹੁਤ ਤਕੜੇ ਤੇ ਸਾਰੇ ਕਾਨੂੰਨੀ ਦਾਅ-ਪੇਚਾਂ ਦੀ ਸਮਝ ਰੱਖਣ ਵਾਲੇ ਬੰਦੇ ਵਜੋਂ ਕਲਪਨਾ ਕੀਤੀ ਸੀ ਅਤੇ ਮੈਂ ਜ਼ਮਾਨਤ ‘ਪੈ ਜਾਣ’ ਦੇ ਅਮਲ ਬਾਰੇ ਮੁਢਲੀ ਜਿਹੀ ਜਾਣਕਾਰੀ ਤੋਂ ਵੀ ਅਣਜਾਣ ਸਾਂ ਅਤੇ ਇਸ ਬਾਰੇ ਐਵੇਂ ਹੀ ਫ਼ਾਲਤੂ ਦਾ ਫ਼ਿਕਰ ਪਾਲੀ ਬੈਠਾ ਸਾਂ।
“ਓ ਭਾ ਜੀ! ਕੁਛ ਨ੍ਹੀਂ ਹੁੰਦਾ! ਤੁਹਾਡੀ ਅੱਜ ਦੀ ਗ੍ਰਿਫ਼ਤਾਰੀ ਪੈ ਗਈ ਹੈ। ਇਹ ਸੂਚਨਾ ਆਪੇ ਅਦਾਲਤ ਤੱਕ ਪਹੁੰਚ ਜਾਣੀ ਹੈ। ਜ਼ਮਾਨਤ ਤੁਹਾਨੂੰ ਕਿੱਥੋਂ ਪੈ ਜਾਊ! ਏਨੀ ਛੇਤੀ ਕਿੱਥੇ ਜ਼ਮਾਨਤਾਂ ਪੈਂਦੀਆਂ ਨੇ। ਤੁਸੀਂ ਤਾਂ ‘ਵੱਡੇ ਬੰਦੇ’ ਓ, ਛੋਟੀਆਂ ਗੱਲਾਂ ਦਾ ਫ਼ਿਕਰ ਕਿਉਂ ਕਰਦੇ ਜੇ!”
ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਮੈਨੂੰ ਉਸ ਵੱਲੋਂ ਬਣਾਏ ਮੇਰੇ ਬਿੰਬ ਨੂੰ ਕਾਇਮ ਰੱਖਣਾ ਚਾਹੀਦਾ ਸੀ! ਮੈਂ ਤਾਂ ਉਸ ਲਈ ਅਜਿਹਾ ਬੰਦਾ ਸਾਂ ਜੋ ਇਸ ਦਮ-ਘੋਟੂ ਸਿਆਸੀ ਮਾਹੌਲ ਵਿਚ ਹਕੂਮਤ ਦੇ ਜਬਰ ਵਿਰੁਧ ਆਵਾਜ਼ ਉਠਾਉਣ ਵਾਲੇ ਚੰਦ ਇੱਕ ਬੰਦਿਆਂ ਵਿਚੋਂ ਸਾਂ! ਸ਼ਾਇਦ ਮੈਨੂੰ ‘ਅਹਿਮ’ ਸਮਝਦਿਆਂ ਹੀ ਇਨ੍ਹਾਂ ਨੇ ਸਵੇਰ ਦੀ ਮੇਰੇ ਨਾਲ ਕੋਈ ਬਦਤਮੀਜ਼ੀ ਨਹੀਂ ਸੀ ਕੀਤੀ। ਹੱਥਕੜੀ ਵੀ ਨਹੀਂ ਸੀ ਲਾਈ। ਮੈਨੂੰ ‘ਤੁਸੀਂ’ ਕਹਿ ਕੇ ਬੁਲਾਉਂਦੇ ਰਹੇ ਸਨ।
ਤੇ ਮੈਂ ਐਵੇਂ ਹੀ ‘ਪਾਣੀ ‘ਚ ਬਹਿੰਦਾ ਜਾਂਦਾ’ ਸਾਂ!
ਮੁਨਸ਼ੀ ਨੇ ਮੈਨੂੰ ਤਕੜਾ ਕਰ ਦਿੱਤਾ ਸੀ। ਮੇਰੀ ਰੀੜ੍ਹ ਦੀ ਹੱਡੀ ਤਣ ਗਈ ਤੇ ਧੌਣ ਸਵੈਮਾਣ ਵਿਚ ਸਿੱਧੀ ਹੋ ਗਈ।