ਪੰਜਾਬ ਵਿਚ ਸਿਆਸੀ ਖੌਰੂ!

ਖੂਬ ਹੋ ਰਿਹੈ ਭੰਡੀ-ਪ੍ਰਚਾਰ ਭੈੜਾ, ਇਕ ਦੂਜੇ ਨੂੰ ਛੱਜ ਵਿਚ ਛੱਟਿਆ ਐ।
ਅਸੀਂ ਸੇਵਕ ਹਾਂ ਲੋਕਾਂ ਦੇ ਕਹਿਣ ਸਾਰੇ, ਆਹੀ ਨਾਹਰਾ ਚਿਰੋਕਣਾ ਰੱਟਿਆ ਐ।
ਭੇਜਣ ਲੱਗ ਪਏ ਯਾਤਰੂ ਤੀਰਥਾਂ ਨੂੰ, ਹੁਣ ਤੱਕ ਜਿਨ੍ਹਾਂ ਕਲੰਕ ਹੀ ਖੱਟਿਆ ਐ।
ਉਹ ਵੀ ਦਰਦੀ ਪੰਜਾਬ ਦਾ ਫਿਰੇ ਬਣਿਆ, ਲੋਕ-ਹਿੱਤਾਂ ਦੇ ਨਾਲੋਂ ਜੋ ਕੱਟਿਆ ਐ।
ਤਾੜ ਰਿਹੈ ਟਪੂਸੀਆਂ ਮਾਰਨੇ ਨੂੰ, ਆਪਣੀ ਪਾਰਟੀ ਨਾਲ ਜੋ ਵੱਟਿਆ ਐ।
ਵੋਟਾਂ ਵਿਚ ਤਾਂ ਸਾਲ ਦਾ ਸਮਾਂ ਰਹਿੰਦਾ, ਖੌਰੂ ਹੁਣੇ ਪੰਜਾਬ ਵਿਚ ਪੱਟਿਆ ਐ!