ਕੋਲੰਬੀਆਈ ਕਹਾਣੀ
ਸੰਸਾਰ ਸਾਹਿਤ ਵਿਚ ਕੋਲੰਬੀਆ ਦੇ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ (6 ਮਾਰਚ 1927-17 ਅਪਰੈਲ 2014) ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਸ ਨੇ ਪੱਤਰਕਾਰੀ ਵਿਚ ਵੀ ਨਾਮਣਾ ਖੱਟਿਆ। ‘ਵੰਨ ਹੰਡਰਡ ਯੀਅਰਜ਼ ਆਫ ਸੌਲੀਟਿਊਡ’ ਅਤੇ ‘ਲਵ ਇਨ ਦਿ ਟਾਈਮ ਆਫ ਕੌਲਰਾ’ ਨਾਵਲਾਂ ਨੇ ਉਸ ਨੂੰ ਸਿਖਰ ਉਤੇ ਅਪੜਾਇਆ। ਨਾਵਲਾਂ ਤੋਂ ਇਲਾਵਾ ਉਸ ਨੇ ਕਹਾਣੀਆਂ, ਨਾਟਕ ਅਤੇ ਵਾਰਤਕ ਰਚਨਾ ਵੀ ਕੀਤੀ।
‘ਵਿਸ਼ਾਲ ਖੰਭਾਂ ਵਾਲਾ ਬੁੱਢਾ’ ਨਾਂ ਦੀ ਇਸ ਕਹਾਣੀ ਵਿਚ ਮਾਰਕੁਏਜ਼ ਨੇ ਉਚੀ ਕਲਪਨਾ ਉਡਾਰੀ ਭਰਦਿਆਂ ਮਨੁੱਖੀ ਮਨ ਦੀਆਂ ਕੁਝ ਪਰਤਾਂ ਫਰੋਲੀਆਂ ਹਨ ਜਿਹੜੀਆਂ ਆਮ ਕਰ ਕੇ ਕਦੀ ਚਰਚਾ ਦਾ ਵਿਸ਼ਾ ਨਹੀਂ ਬਣਦੀਆਂ। -ਸੰਪਾਦਕ
ਗੈਬਰੀਅਲ ਗਾਰਸ਼ੀਆ ਮਾਰਕੁਏਜ਼
ਤਰਜਮਾ: ਭਜਨਬੀਰ ਸਿੰਘ
ਫੋਨ: +91-98556-75724
ਮੀਂਹ ਦੇ ਤੀਜੇ ਦਿਨ ਉਨ੍ਹਾਂ ਨੇ ਘਰ ਅੰਦਰ ਇੰਨੇ ਸਾਰੇ ਕੇਕੜੇ ਮਾਰ ਦਿੱਤੇ ਸਨ ਕਿ ਪੇਲਾਓ ਨੂੰ ਆਪਣਾ ਭਿੱਜਿਆ ਵਿਹੜਾ ਲੰਘ, ਇਨ੍ਹਾਂ ਨੂੰ ਸਮੁੰਦਰ ਵਿਚ ਸੁੱਟਣਾ ਪਿਆ। ਦਰਅਸਲ, ਨਵਜਾਤ ਬੱਚੇ ਨੂੰ ਸਾਰੀ ਰਾਤ ਬੁਖਾਰ ਰਿਹਾ ਸੀ ਅਤੇ ਉਨ੍ਹਾਂ ਨੂੰ ਜਾਪਿਆ ਕਿ ਅਜਿਹਾ ਮਰੇ ਹੋਏ ਕੇਕੜਿਆਂ ਦੀ ਬੋਅ ਕਾਰਨ ਸੀ। ਮੰਗਲਵਾਰ ਤੋਂ ਹੀ ਪੂਰੀ ਦੁਨੀਆਂ ਉਦਾਸ ਸੀ। ਸਮੁੰਦਰ ਤੇ ਆਕਾਸ਼ ਮਟਿਆਲੇ ਹੋ ਚੁੱਕੇ ਸਨ ਅਤੇ ਕੰਢੇ ‘ਤੇ ਪਈ ਰੇਤ, ਮਾਰਚ ਮਹੀਨੇ ਦੀਆਂ ਰਾਤਾਂ ਦੀ ਰੌਸ਼ਨੀ ਵਿਚ ਚੂਰੇ ਵਾਂਗੂੰ ਚਮਕਦੀ ਸੀ।
ਹੁਣ ਸੜੀਆਂ ਹੋਈਆਂ ਮੱਛੀਆਂ ਚਿੱਕੜ ਦੀ ਢੇਰੀ ਬਣ ਕੇ ਰਹਿ ਗਈਆਂ ਸਨ। ਦੁਪਹਿਰ ਦੇ ਸਮੇਂ ਵੀ ਰੌਸ਼ਨੀ ਇੰਨੀ ਘੱਟ ਸੀ ਕਿ ਜਦੋਂ ਪੇਲਾਓ ਕੇਕੜੇ ਸੁੱਟ ਕੇ ਵਾਪਸ ਘਰ ਵੜਿਆ, ਉਹ ਠੀਕ ਤਰ੍ਹਾਂ ਨਾ ਵੇਖ ਸਕਿਆ ਕਿ ਵਿਹੜੇ ਦੇ ਪਿਛਲੇ ਪਾਸੇ ਜਿਹੜੀ ਚੀਜ਼ ਹਿੱਲ-ਡੁੱਲ ਅਤੇ ਕਰਾਹ ਰਹੀ ਸੀ, ਉਹ ਕੀ ਸੀ? ਬਹੁਤ ਨੇੜੇ ਜਾ ਕੇ ਵੇਖਣ ‘ਤੇ ਉਸ ਨੂੰ ਪਤਾ ਲੱਗਾ ਕਿ ਦਰਅਸਲ ਇਹ ਨਿਹਾਇਤ ਬੁੱਢਾ ਆਦਮੀ ਸੀ ਜਿਸ ਦਾ ਚਿਹਰਾ ਚਿੱਕੜ ਵਿਚ ਧਸਿਆ ਹੋਇਆ ਸੀ ਅਤੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਤੋਂ ਉਠਿਆ ਨਹੀਂ ਸੀ ਜਾ ਰਿਹਾ। ਉਸ ਦੀ ਪਿੱਠ ਉਤੇ ਵੱਡੇ-ਵੱਡੇ ਖੰਭ ਉੱਗੇ ਹੋਏ ਸਨ ਜੋ ਉਸ ਨੂੰ ਉਠਣ ਨਹੀਂ ਸੀ ਦੇ ਰਹੇ।
ਇਸ ਬੁਰੇ ਖੁਆਬ ਤੋਂ ਡਰ ਕੇ ਪੇਲਾਓ ਭੱਜ ਕੇ ਆਪਣੀ ਪਤਨੀ ਐਲੀਸੈਂਦਾ ਕੋਲ ਪਹੁੰਚਿਆ। ਉਹ ਬਿਮਾਰ ਬੱਚੇ ਦੇ ਮੱਥੇ ‘ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖ ਰਹੀ ਸੀ। ਪੇਲਾਓ, ਐਲੀਸੈਂਦਾ ਨੂੰ ਵਿਹੜੇ ਦੇ ਪਿਛਵਾੜੇ ਲੈ ਆਇਆ। ਦੋਵਾਂ ਨੇ ਚਿੱਕੜ ਵਿਚ ਲਥਪਥ ਉਸ ਬੁੱਢੇ ਨੂੰ ਚੁੱਪ-ਚੁਪੀਤੇ ਹੈਰਾਨੀ ਨਾਲ ਜਾਚਿਆ। ਬੁੱਢੇ ਨੇ ਕਿਸੇ ਕਬਾੜੀ ਵਾਂਗੂੰ ਕੱਪੜੇ ਪਹਿਨੇ ਹੋਏ ਸਨ। ਉਸ ਦੇ ਗੰਜੇ ਸਿਰ ‘ਤੇ ਸਿਰਫ ਕੁਝ ਹੀ ਸਫੈਦ ਵਾਲ ਬਚੇ ਹੋਏ ਸਨ ਅਤੇ ਮੂੰਹ ਵਿਚ ਇਸ ਤੋਂ ਵੀ ਘੱਟ ਦੰਦ ਰਹਿ ਗਏ ਸਨ। ਕਿਸੇ ਬੁਰੀ ਤਰ੍ਹਾਂ ਭਿੱਜੇ ਹੋਏ ਦਾਦੇ ਵਰਗੀ ਉਸ ਦੀ ਤਰਸਯੋਗ ਹਾਲਤ ਨੇ ਉਸ ਦੀ ਸ਼ਾਨ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਸਨ ਜੋ ਕਦੇ ਉਸ ਦਾ ਹਿੱਸਾ ਰਹੀਆਂ ਹੋਣਗੀਆਂ। ਅਜਿਹਾ ਜਾਪਦਾ ਸੀ ਜਿਵੇਂ ਉਸ ਦੇ ਗੰਦੇ, ਪੁੱਟੇ ਹੋਏ, ਵਿਸ਼ਾਲ ਖੰਭ ਹਮੇਸ਼ਾ ਲਈ ਚਿੱਕੜ ਵਿਚ ਧਸ ਗਏ ਸਨ। ਪੇਲਾਓ ਅਤੇ ਐਲੀਸੈਂਦਾ ਨੇ ਇਸ ਬੁੱਢੇ ਨੂੰ ਇੰਨੀ ਦੇਰ ਤੱਕ ਨੇੜਿਓਂ ਤੱਕਿਆ ਕਿ ਛੇਤੀ ਹੀ ਉਨ੍ਹਾਂ ਦੀ ਹੈਰਾਨੀ ਜਾਂਦੀ ਰਹੀ ਅਤੇ ਅਖੀਰ ਉਹ ਬੁੱਢਾ ਉਨ੍ਹਾਂ ਨੂੰ ਪਛਾਣਿਆ ਜਿਹਾ ਲੱਗਾ। ਉਦੋਂ ਉਨ੍ਹਾਂ ਨੇ ਉਸ ਨਾਲ ਗੱਲ ਕਰਨ ਦੀ ਹਿੰਮਤ ਕੀਤੀ, ਪਰ ਉਸ ਨੇ ਨਾ ਸਮਝ ਆਉਣ ਵਾਲੀ ਕਿਸੇ ਭਾਸ਼ਾ ਵਿਚ ਜਵਾਬ ਦਿੱਤਾ। ਉਸ ਦਾ ਲਹਿਜ਼ਾ ਤੇ ਆਵਾਜ਼ ਸੁਣ ਕੇ ਉਨ੍ਹਾਂ ਨੂੰ ਲੱਗਾ ਕਿ ਜਿਵੇਂ ਉਹ ਕੋਈ ਮਲਾਹ ਹੋਵੇ। ਇਸ ਲਈ ਉਨ੍ਹਾਂ ਨੇ ਉਸ ਦੇ ਤਕਲੀਫ਼ਦੇਹ ਪਰਾਂ ਦੀ ਅਣਦੇਖੀ ਕਰ ਦਿੱਤੀ ਅਤੇ ਬੇਹੱਦ ਅਕਲਮੰਦੀ ਨਾਲ ਉਹ ਇਸ ਨਤੀਜੇ ‘ਤੇ ਅੱਪੜੇ ਕਿ ਜ਼ਰੂਰ ਉਹ ਸਮੁੰਦਰੀ ਤੂਫਾਨ ਵਿਚ ਡੁੱਬ ਗਏ ਕਿਸੇ ਵਿਦੇਸ਼ੀ ਜਹਾਜ਼ ਦਾ ਬਚਿਆ ਹੋਇਆ ਭਟਕਦਾ ਮਲਾਹ ਹੋਵੇਗਾ। ਫਿਰ ਵੀ ਉਨ੍ਹਾਂ ਨੇ ਉਸ ਨੂੰ ਵੇਖਣ ਲਈ ਗੁਆਂਢੀ ਜਨਾਨੀ ਨੂੰ ਬੁਲਾ ਲਿਆ ਜੋ ਜੀਵਨ ਅਤੇ ਮੌਤ ਬਾਰੇ ਸਭ ਕੁਝ ਜਾਣਦੀ ਸੀ। ਉਸ ਔਰਤ ਨੇ ਬੁੱਢੇ ਨੂੰ ਦੇਖਦਿਆਂ ਹੀ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ।
“ਇਹ ਦੇਵਦੂਤ ਹੈ”, ਔਰਤ ਨੇ ਉਨ੍ਹਾਂ ਨੂੰ ਦੱਸਿਆ- “ਜ਼ਰੂਰ ਉਹ ਬੱਚੇ ਲਈ ਇਥੇ ਆ ਰਿਹਾ ਹੋਵੇਗਾ, ਪਰ ਵਿਚਾਰਾ ਇੰਨਾ ਬੁੱਢਾ ਹੈ ਕਿ ਉਹ ਤੇਜ਼ ਮੀਂਹ ਦੇ ਥਪੇੜੇ ਸਹਿ ਨਹੀਂ ਕਰ ਸਕਿਆ ਹੋਵੇਗਾ ਤੇ ਡਿੱਗ ਪਿਆ ਹੋਵੇਗਾ।”
ਅਗਲੇ ਦਿਨ ਸਾਰੇ ਇਹ ਗੱਲ ਜਾਣ ਗਏ ਕਿ ਹੱਡ-ਮਾਸ ਦਾ ਬਣਿਆ ਦੇਵਦੂਤ ਪੇਲਾਓ ਦੇ ਮਕਾਨ ਵਿਚ ਕੈਦ ਸੀ। ਉਸ ਬੁੱਧੀਮਾਨ ਗੁਆਂਢੀ ਔਰਤ ਦੀ ਰਾਇ ਵਿਚ ਉਸ ਜ਼ਮਾਨੇ ਦੇ ਦੇਵਦੂਤ ਕਿਵੇਂ ਭੌਤਿਕ ਸਾਜ਼ਿਸ਼ ਵਿਚ ਸ਼ਾਮਲ ਬਚੇ ਹੋਏ ਭਗੌੜੇ ਵੀ ਸਨ ਤੇ ਉਨ੍ਹਾਂ ਨੂੰ ਸੋਧਣਾ ਚਾਹੀਦਾ ਸੀ, ਪਰ ਉਹ ਦੋਵੇਂ ਪਤੀ-ਪਤਨੀ ਉਸ ਦੇਵਦੂਤ ਨੂੰ ਕੁੱਟ-ਕੁੱਟ ਕੇ ਮਾਰਨ ਦਾ ਜ਼ਾਲਮਾਨਾ ਕੰਮ ਨਹੀਂ ਕਰ ਸਕੇ; ਹਾਲਾਂਕਿ ਪੂਰੀ ਦੁਪਹਿਰ ਪੇਲਾਓ ਡੰਡਾ ਲੈ ਕੇ ਰਸੋਈ ਵਿਚੋਂ ਉਸ ‘ਤੇ ਪੂਰੀ ਨਜ਼ਰ ਰੱਖਦਾ ਰਿਹਾ ਅਤੇ ਰਾਤ ਨੂੰ ਸੌਣ ਜਾਂਦੇ ਸਮੇਂ ਉਸ ਨੇ ਦੇਵਦੂਤ ਨੂੰ ਚਿੱਕੜ ਵਿਚੋਂ ਘਸੀਟ ਕੇ ਬਾਹਰ ਕੱਢਿਆ ਅਤੇ ਉਸ ਨੂੰ ਮੁਰਗੀਆਂ ਨਾਲ ਖੁੱਡੇ ਵਿਚ ਡੱਕ ਦਿੱਤਾ। ਵਿਚਾਲੇ ਰਾਤੀਂ ਜਦੋਂ ਬਾਰਸ਼ ਰੁਕੀ ਸੀ, ਪੇਲਾਓ ਅਤੇ ਐਲੀਸੈਂਦਾ ਉਦੋਂ ਵੀ ਕੇਕੜੇ ਮਾਰ ਰਹੇ ਸਨ। ਕੁਝ ਦੇਰ ਬਾਅਦ ਬੱਚਾ ਉੱਠ ਪਿਆ। ਹੁਣ ਉਸ ਨੂੰ ਬੁਖਾਰ ਨਹੀਂ ਸੀ ਅਤੇ ਉਸ ਨੂੰ ਭੁੱਖ ਲੱਗੀ ਹੋਈ ਸੀ। ਉਦੋਂ ਉਨ੍ਹਾਂ ਨੂੰ ਦਰਿਆਦਿਲੀ ਮਹਿਸੂਸ ਹੋਈ ਅਤੇ ਉਨ੍ਹਾਂ ਨਿਸ਼ਚਾ ਕੀਤਾ ਕਿ ਉਹ ਉਸ ਦੇਵਦੂਤ ਨੂੰ ਸਮੁੰਦਰ ਵਿਚ ਇਕ ਬੇੜੇ ‘ਤੇ ਤਿੰਨ ਦਿਨਾਂ ਦੇ ਅੰਨ-ਜਲ ਨਾਲ ਛੱਡ ਦੇਣਗੇ। ਬਾਕੀ ਉਸ ਦੀ ਕਿਸਮਤ! ਪਰ ਸਵੇਰ ਹੁੰਦੇ ਸਾਰ ਜਦੋਂ ਉਹ ਵਿਹੜੇ ਵਿਚ ਗਏ ਤਾਂ ਉਨ੍ਹਾਂ ਦੇ ਸਾਰੇ ਗੁਆਂਢੀ ਮੁਰਗੀਆਂ ਦੇ ਖੁੱਡੇ ਸਾਹਮਣੇ ਜਮ੍ਹਾਂ ਸਨ। ਉਹ ਸਾਰੇ ਉਸ ਦੇਵਦੂਤ ਦਾ ਮਜ਼ਾਕ ਉਡਾ ਰਹੇ ਸਨ। ਉਨ੍ਹਾਂ ਵਿਚਕਾਰ ਉਸ ਪ੍ਰਤੀ ਬਿਲਕੁਲ ਹੀ ਸਨਮਾਨ ਨਹੀਂ ਸੀ, ਸਗੋਂ ਉਹ ਤਾਂ ਖੁੱਡੇ ਦੀਆਂ ਤਾਰਾਂ ਵਿਚਾਲਿਓਂ ਉਸ ਵੱਲ ਕੁਝ ਇਸ ਤਰ੍ਹਾਂ ਖਾਣੇ ਦੇ ਟੁਕੜੇ ਸੁੱਟ ਰਹੇ ਸਨ ਜਿਵੇਂ ਉਹ ਕੋਈ ਅਲੌਕਿਕ ਪ੍ਰਾਣੀ ਨਾ ਹੋਵੇ, ਸਰਕਸ ਦਾ ਕੋਈ ਜਾਨਵਰ ਹੋਵੇ।
ਇਸ ਅਜੀਬ ਖਬਰ ਤੋਂ ਹੈਰਾਨ-ਪਰੇਸ਼ਾਨ ਪਾਦਰੀ ਗੌਨਜ਼ੈਗਾ ਉਥੇ ਸਵੇਰੇ ਸੱਤ ਵਜੇ ਤੋਂ ਪਹਿਲਾਂ ਪਹੁੰਚ ਗਿਆ। ਉਸ ਸਮੇਂ ਤੱਕ ਉਥੇ ਤੜਕੇ ਮੌਜੂਦ ਦਰਸ਼ਕਾਂ ਦੀ ਤੁਲਨਾ ਵਿਚ ਥੋੜ੍ਹੇ ਘੱਟ ਮਸਖ਼ਰੇ ਲੋਕੀਂ ਉਥੇ ਪਹੁੰਚ ਚੁੱਕੇ ਸਨ ਤੇ ਉਹ ਸਾਰੇ ਉਸ ਬੰਦੀ ਦੇ ਭਵਿੱਖ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਾ ਰਹੇ ਸਨ। ਉਨ੍ਹਾਂ ਵਿਚੋਂ ਸਿੱਧੇ-ਸਾਦੇ ਲੋਕਾਂ ਨੇ ਕਿਹਾ ਕਿ ਉਹਦਾ ਦਰਜਾ ਵਧਾ ਕੇ ਸੈਨਾਪਤੀ ਬਣਾ ਦਿੱਤਾ ਜਾਵੇ ਤਾਂ ਜੋ ਉਸ ਦੀ ਅਗਵਾਈ ਹੇਠ ਸਾਰੇ ਯੁੱਧ ਕੀਤੇ ਜਾ ਸਕਣ। ਕੁਝ ਸੁਪਨਸਾਜ਼ਾਂ ਦਾ ਵਿਚਾਰ ਸੀ ਕਿ ਉਸ ਦੇ ਜ਼ਰੀਏ ਪ੍ਰਿਥਵੀ ‘ਤੇ ਖੰਭਾਂ ਵਾਲੀ ਅਕਲਮੰਦ ਪ੍ਰਜਾਤੀ ਦੇ ਮਨੁੱਖਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਸੀ ਜੋ ਬਾਅਦ ਵਿਚ ਪੂਰੇ ਬ੍ਰਹਿਮੰਡ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਲੈ ਸਕਦੇ ਸਨ। ਪਾਦਰੀ ਬਣਨ ਤੋਂ ਪਹਿਲਾਂ ਫਾਦਰ ਗੌਨਜ਼ੈਗਾ ਲੱਕੜਹਾਰੇ ਵਜੋਂ ਸਖਤ ਮਿਹਨਤ ਕਰਦਾ ਰਿਹਾ ਸੀ। ਵਾੜ ਦੀਆਂ ਤਾਰਾਂ ਕੋਲ ਖੜੋ ਕੇ ਉਸ ਨੇ ਪਲ ਭਰ ਵਿਚ ਹੀ ਆਪਣੀ ਧਰਮ ਸਿੱਖਿਆ ‘ਤੇ ਫਿਰ ਤੋਂ ਵਿਚਾਰ ਕੀਤਾ। ਉਸ ਨੇ ਖੁੱਡੇ ਦੇ ਤਾਰ ਖੋਲ੍ਹਣ ਦਾ ਹੁਕਮ ਦਿੱਤਾ ਤਾਂ ਜੋ ਉਹ ਉਸ ਵਿਚਾਰੇ ਆਦਮੀ ਨੂੰ ਨੇੜਿਓਂ ਦੇਖ ਸਕੇ ਜੋ ਮੰਤਰ ਮੁਗਧ ਮੁਰਗੀਆਂ ਦੇ ਵਿਚਾਲੇ ਵੱਡ-ਆਕਾਰੀ, ਕਮਜ਼ੋਰ ਜਿਹੀ ਮੁਰਗੀ ਵਾਂਗੂੰ ਲੱਗ ਰਿਹਾ ਸੀ। ਤੜਕਸਾਰ ਆਏ ਲੋਕਾਂ ਵੱਲੋਂ ਸੁੱਟੇ ਫਲਾਂ ਦੇ ਛਿਲਕਿਆਂ ਤੇ ਖਾਣੇ ਦੇ ਟੁਕੜਿਆਂ ਦਰਮਿਆਨ ਕੋਨੇ ਵਿਚ ਪਿਆ ਉਹ ਬੁੱਢਾ ਧੁੱਪ ਵਿਚ ਆਪਣੇ ਖੁੱਲ੍ਹੇ ਖੰਭ ਸੁਕਾ ਰਿਹਾ ਸੀ।
ਜਦੋਂ ਪਾਦਰੀ ਗੌਨਜ਼ੈਗਾ ਨੇ ਮੁਰਗੀਆਂ ਦੇ ਖੁੱਡੇ ਵਿਚ ਜਾ ਕੇ ਲਾਤੀਨੀ ਭਾਸ਼ਾ ਵਿਚ ਉਸ ਦਾ ਸਵਾਗਤ ਕੀਤਾ ਤਾਂ ਜਹਾਨ ਦੀ ਢੀਠਤਾਈ ਤੋਂ ਬੇਖ਼ਬਰ ਉਸ ਨੇ ਸਿਰਫ ਆਪਣੀਆਂ ਪ੍ਰਾਚੀਨ ਅੱਖਾਂ ਦੀਆਂ ਪਲਕਾਂ ਚੁੱਕੀਆਂ ਅਤੇ ਫਿਰ ਉਹ ਆਪਣੀ ਜ਼ਬਾਨ ਵਿਚ ਕੁਝ ਬੁੜਬੁੜਾਇਆ। ਪਾਦਰੀ ਨੂੰ ਪਹਿਲਾਂ ਤਾਂ ਉਸ ਬੁੱਢੇ ਦੇ ਢੌਂਗੀ ਹੋਣ ਦਾ ਸ਼ੱਕ ਪਿਆ ਪਰ ਜਦੋਂ ਉਸ ਨੇ ਦੇਖਿਆ ਕਿ ਉਹ ਨਾ ਤਾਂ ਈਸ਼ਵਰ ਦੀ ਭਾਸ਼ਾ (ਲਾਤੀਨੀ) ਸਮਝ ਸਕਦਾ ਸੀ, ਨਾ ਹੀ ਉਸ ਨੂੰ ਪਾਦਰੀ ਦਾ ਸਤਿਕਾਰ ਕਰਨ ਦਾ ਸਲੀਕਾ ਆਉਂਦਾ ਸੀ। ਫਿਰ ਉਸ ਨੇ ਵੇਖਿਆ ਕਿ ਕਰੀਬ ਤੋਂ ਉਹ ਬੁੱਢਾ ਬਿਲਕੁਲ ਇਨਸਾਨ ਵਾਂਗੂੰ ਜਾਪ ਰਿਹਾ ਸੀ। ਬਾਹਰ ਪਏ ਰਹਿਣ ਕਰ ਕੇ ਉਸ ਦੀ ਦੇਹ ਤੋਂ ਅਸਹਿ ਬਦਬੂ ਆ ਰਹੀ ਸੀ। ਉਸ ਦੇ ਖੰਭਾਂ ਦੇ ਉਲਟੇ ਹਿੱਸੇ ਪਰਜੀਵੀਆਂ ਨਾਲ ਭਰੇ ਪਏ ਸਨ। ਤੇਜ਼ ਹਵਾ ਨੇ ਉਸ ਦੇ ਖੰਭਾਂ ਨੂੰ ਕਈ ਥਾਂ ਤੋਂ ਨੁਕਸਾਨ ਪਹੁੰਚਾਇਆ ਸੀ। ਦੇਵਦੂਤਾਂ ਦੀ ਸ਼ਾਨਦਾਰ ਵਡਿਆਈ ਵਰਗਾ ਉਸ ਵਿਚ ਕੁਝ ਨਹੀਂ ਸੀ।
ਫਿਰ ਪਾਦਰੀ ਮੁਰਗੀਆਂ ਦੇ ਖੁੱਡੇ ਵਿਚੋਂ ਬਾਹਰ ਨਿਕਲ ਆਇਆ ਅਤੇ ਆਪਣੇ ਪ੍ਰਵਚਨ ਵਿਚ ਉਸ ਦੇ ਜਗਿਆਸੂਆਂ ਨੂੰ ਜ਼ਿਆਦਾ ਭੋਲੇ ਤੇ ਸਿੱਧੇ ਹੋਣ ਦੇ ਖਤਰਿਆਂ ਬਾਰੇ ਦੱਸਿਆ। ਉਸ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਸ਼ੈਤਾਨ ਧੋਖਾ ਦੇਣ ਲਈ ਕਈ ਜੁਗਤਾਂ ਇਸਤੇਮਾਲ ਕਰਦਾ ਹੈ ਤਾਂ ਜੋ ਭੋਲੇ ਲੋਕ ਭੁਲੇਖੇ ਵਿਚ ਪੈ ਜਾਣ। ਉਸ ਨੇ ਦਲੀਲ ਦਿੱਤੀ ਕਿ ਜੇ ਹਵਾਈ ਜਹਾਜ਼ ਅਤੇ ਬਾਜ਼ ਵਿਚਕਾਰ ਫਰਕ ਤੈਅ ਕਰਦੇ ਸਮੇਂ ਖੰਭਾਂ ਦੀ ਭੂਮਿਕਾ ਨੂੰ ਜ਼ਰੂਰੀ ਹਿੱਸਾ ਨਹੀਂ ਮੰਨਿਆ ਜਾ ਸਕਦਾ ਤਾਂ ਦੇਵਦੂਤਾਂ ਨੂੰ ਪਛਾਣਨ ਵਿਚ ਖੰਭਾਂ ਦੀ ਭੂਮਿਕਾ ਉਸ ਤੋਂ ਵੀ ਘੱਟ ਹੈ। ਇਸ ਦੇ ਬਾਵਜੂਦ ਪਾਦਰੀ ਨੇ ਵਾਅਦਾ ਕੀਤਾ ਕਿ ਉਹ ਆਪਣੇ ਉੱਚ ਪਾਦਰੀ ਨੂੰ ਪੱਤਰ ਲਿਖੇਗਾ ਤਾਂ ਜੋ ਉਹ ਇਸ ਵਿਸ਼ੇ ਵਿਚ ਅੰਤਿਮ ਫੈਸਲਾ ਪ੍ਰਾਪਤ ਕਰ ਸਕੇ।
ਸਾਵਧਾਨ ਰਹਿਣ ਦੇ ਪਾਦਰੀ ਦੇ ਉਪਦੇਸ਼ ਦਾ ਲੋਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਬੰਦ ਦੇਵਦੂਤ ਦੀ ਖਬਰ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਘੰਟਿਆਂ ਵਿਚ ਉਸ ਵਿਹੜੇ ਵਿਚ ਬਾਜ਼ਾਰ ਵਾਂਗੂੰ ਰੌਣਕ ਹੋ ਗਈ ਅਤੇ ਅਧਿਕਾਰੀਆਂ ਨੂੰ ਬੰਦੂਕਾਂ ਨਾਲ ਲੈਸ ਸੈਨਿਕ ਬੁਲਾਉਣੇ ਪੈ ਗਏ ਤਾਂ ਜੋ ਬੇਕਾਬੂ ਭੀੜ ਨੂੰ ਤਿਤਰ-ਬਿਤਰ ਕੀਤਾ ਜਾ ਸਕੇ ਜੋ ਪੂਰਾ ਮਕਾਨ ਡੇਗ ਦੇਣ ‘ਤੇ ਉਤਾਰੂ ਸੀ। ਭੀੜ ਨੇ ਜੋ ਗੰਦਗੀ ਉਥੇ ਫੈਲਾਈ ਸੀ, ਉਹਨੂੰ ਝਾੜੂ ਨਾਲ ਸਾਫ ਕਰਨ ਦੀ ਵਜ੍ਹਾ ਕਰ ਕੇ ਐਲੀਸੈਂਦਾ ਦੀ ਪਿੱਠ ਪੀੜ ਕਰਨ ਲੱਗੀ। ਉਦੋਂ ਉਸ ਦੇ ਜ਼ਿਹਨ ਵਿਚ ਇਹ ਵਿਚਾਰ ਆਇਆ ਕਿ ਕਿਉਂ ਨਾ ਦੇਵਦੂਤ ਵੇਖਣ ਆਉਣ ਵਾਲਿਆਂ ਲਈ ਕੁਝ ਰੁਪਏ ਦਾ ਪ੍ਰਵੇਸ਼-ਕਰ ਲਗਾ ਦਿੱਤਾ ਜਾਵੇ।
ਜਗਿਆਸੂ ਲੋਕਾਂ ਦੂਰ-ਦੁਰੇਡਿਓਂ ਆਉਣ ਲੱਗੇ। ਤਰ੍ਹਾਂ-ਤਰ੍ਹਾਂ ਦੇ ਖੇਡ ਤਮਾਸ਼ਿਆਂ ਵਾਲਾ, ਉਤਸਵ ਦੇ ਮਾਹੌਲ ਵਿਚ ਰੰਗਿਆਂ ਗਸ਼ਤੀ ਦਲ ਵੀ ਉਥੇ ਆਣ ਪਹੁੰਚਿਆ। ਉਡਣ ਦੀ ਕਲਾਬਾਜ਼ੀ ਦਿਖਾਉਣ ਵਾਲੇ ਇਸ ਦਲ ਦਾ ਇਕ ਕਲਾਕਾਰ ਕਈ ਵਾਰ ਭੀੜ ਦੇ ਉਪਰੋਂ ਗੁਜ਼ਰਿਆ, ਪਰ ਲੋਕਾਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ, ਕਿਉਂਕਿ ਉਸ ਦੇ ਖੰਭ ਕਿਸੇ ਦੇਵਦੂਤ ਦੇ ਨਹੀਂ ਸਨ, ਸਗੋਂ ਕਿਸੇ ਚਮਗਿੱਦੜ ਵਰਗੇ ਸਨ। ਧਰਤੀ ‘ਤੇ ਮੌਜੂਦ ਸਭ ਤੋਂ ਜ਼ਿਆਦਾ ਬਿਮਾਰ ਲੋਕ ਵੀ ਸਿਹਤ ਠੀਕ ਹੋਣ ਦੀ ਉਮੀਦ ਲੈ ਕੇ ਇਥੇ ਪਹੁੰਚਣ ਲੱਗੇ। ਇਨ੍ਹਾਂ ਵਿਚ ਕੋਈ ਗਰੀਬ ਔਰਤ ਵੀ ਸੀ ਜਿਸ ਨੇ ਬਚਪਨ ਤੋਂ ਹੀ ਆਪਣੇ ਦਿਲ ਦੀਆਂ ਧੜਕਣਾਂ ਗਿਣੀਆਂ ਸੀ ਅਤੇ ਹੁਣ ਉਸ ਨੂੰ ਗਿਣਤੀ ਦੀ ਸਹੀ ਸੰਖਿਆ ਦਾ ਵੀ ਅੰਦਾਜ਼ਾ ਨਹੀਂ ਸੀ ਰਹਿ ਗਿਆ। ਪੁਰਤਗਾਲ ਦਾ ਆਦਮੀ ਸੀ ਜਿਸ ਦਾ ਕਹਿਣਾ ਸੀ ਕਿ ਸਿਤਾਰਿਆਂ ਦਾ ਰੌਲਾ ਉਸ ਨੂੰ ਸੌਣ ਨਹੀਂ ਸੀ ਦਿੰਦਾ। ਇਨ੍ਹਾਂ ਵਿਚ ਹੀ ਨੀਂਦ ਵਿਚ ਚੱਲਣ ਦੀ ਬਿਮਾਰੀ ਵਾਲਾ ਆਦਮੀ ਵੀ ਸੀ ਜੋ ਦਿਨ ਵਿਚ ਜਾਗ੍ਰਿਤ ਅਵਸਥਾ ਵਿਚ ਕੀਤੇ ਗਏ ਆਪਣੇ ਸਾਰੇ ਕੰਮ ਰਾਤ ਨੂੰ ਉਠ ਕੇ ਮਿਟਾ ਦਿੰਦਾ ਸੀ। ਇਸ ਤੋਂ ਇਲਾਵਾ ਕਈ ਹੋਰ ਮਰੀਜ਼ ਵੀ ਇਥੇ ਆਏ ਜਿਨ੍ਹਾਂ ਦੀਆਂ ਬਿਮਾਰੀਆਂ ਇੰਨੀਆਂ ਗੰਭੀਰ ਨਹੀਂ ਸਨ। ਥਕਾਵਟ ਦੇ ਬਾਵਜੂਦ ਪੇਲੀਓ ਅਤੇ ਐਲੀਸੈਂਦਾ ਖੁਸ਼ ਸਨ ਕਿਉਂ ਜੋ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਉਨ੍ਹਾਂ ਦੇ ਕਮਰੇ ਰੁਪਏ-ਪੈਸਿਆਂ ਨਾਲ ਠਸਾਠਸ ਭਰ ਚੁੱਕੇ ਸਨ। ਅੰਦਰ ਆ ਕੇ ਉਸ ਬੁੱਢੇ ਨੂੰ ਵੇਖਣ ਵਾਲੇ ਤੀਰਥ ਯਾਤਰੂਆਂ ਦੀ ਕਤਾਰ ਕਾਫੀ ਲੰਮੀ ਹੋ ਚੁੱਕੀ ਸੀ।
ਉਹ ਬੁੱਢਾ ਦੇਵਦੂਤ ਹੀ ਉਥੇ ਮੌਜੂਦ ਇਕ-ਮਾਤਰ ਅਜਿਹਾ ਪ੍ਰਾਣੀ ਸੀ ਜੋ ਆਪਣੇ ਲਈ ਇਸ ਪੂਰੇ ਤਮਾਸ਼ੇ ਵਿਚ ਕੋਈ ਭੂਮਿਕਾ ਨਹੀਂ ਸੀ ਨਿਭਾਅ ਰਿਹਾ। ਆਪਣੀ ਇਸ ਉਸਾਰੀ ਥਾਂ ‘ਤੇ ਉਹ ਕਿਸੇ ਤਰ੍ਹਾਂ ਆਰਾਮ ਨਾਲ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਹਾਲਾਂਕਿ ਤਾਰ ਦੇ ਕੋਲ ਬਾਲੀਆਂ ਗਈਆਂ ਪਵਿੱਤਰ ਮੋਮਬੱਤੀਆਂ, ਦੀਵਿਆਂ ਤੇ ਲਾਲਟੈਨਾਂ ਵਿਚ ਪਾਇਆ ਤੇਲ ਮੱਚਣ ਤੋਂ ਉਠਦਾ ਅਸਹਿ ਸੇਕ ਉਸ ਨੂੰ ਬਹੁਤ ਸਤਾ ਰਿਹਾ ਸੀ।
ਸ਼ੁਰੂ ਵਿਚ ਲੋਕਾਂ ਨੇ ਉਸ ਨੂੰ ਨੈਪਥਲੀਨ ਦੀਆਂ ਗੋਲੀਆਂ ਖੁਆਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਗੁਆਂਢ ਵਿਚ ਰਹਿਣ ਵਾਲੀ ਕਿਸੇ ਅਕਲਮੰਦ ਜ਼ਨਾਨੀ ਨੇ ਦੱਸਿਆ ਕਿ ਦੇਵਦੂਤ ਇਹੋ ਖਾਂਦੇ ਹਨ, ਪਰ ਬੁੱਢੇ ਨੇ ਇਨ੍ਹਾਂ ਨੂੰ ਖਾਣ ਤੋਂ ਸਾਫ ਇਨਕਾਰ ਕਰ ਦਿੱਤਾ। ਉਸ ਨੇ ਤੀਰਥ ਯਾਤਰੀਆਂ ਵੱਲੋਂ ਦਿੱਤਾ ਗਿਆ ਪਵਿੱਤਰ ਭੋਜਨ ਵੀ ਠੁਕਰਾ ਦਿੱਤਾ। ਅੰਤ ਵਿਚ ਉਸ ਨੇ ਸਿਰਫ ਬੈਂਗਣ ਦਾ ਭੜਥਾ ਹੀ ਖਾਧਾ। ਕੀ ਇਸ ਦੀ ਵਜ੍ਹਾ ਇਹ ਸੀ ਕਿ ਉਹ ਦੇਵਦੂਤ ਸੀ, ਜਾਂ ਇਹ ਕਿ ਉਹ ਬੁੱਢਾ ਸੀ, ਇਹ ਉਥੇ ਹਾਜ਼ਰ ਲੋਕ ਨਹੀਂ ਜਾਣ ਸਕੇ। ਉਸ ਦੀ ਇਕ-ਮਾਤਰ ਅਲੌਕਿਕ ਖੂਬੀ ਇਹ ਸੀ ਕਿ ਉਹ ਸਹਿਣਸ਼ੀਲ ਸੀ। ਖਾਸ ਕਰ ਕੇ ਸ਼ੁਰੂ ਦੇ ਦਿਨਾਂ ਵਿਚ, ਜਦੋਂ ਉਸ ਦੇ ਖੰਭਾਂ ਵਿਚ ਮੌਜੂਦ ਖਗੋਲੀ ਪਰਜੀਵੀਆਂ ਦੀ ਤਲਾਸ਼ ਵਿਚ ਕਾਹਲੀ-ਕਾਹਲੀ ਨਾਲ ਮੁਰਗੀਆਂ ਉਸ ਨੂੰ ਚੁੰਝਾਂ ਮਾਰ ਰਹੀਆਂ ਸਨ ਅਤੇ ਕਿਸੇ ਚਮਤਕਾਰ ਦੀ ਉਮੀਦ ਵਿਚ ਅਪੰਗ ਤੇ ਬਿਮਾਰ ਲੋਕ ਉਸ ਦੇ ਖੰਭ ਨੋਚ-ਨੋਚ ਕੇ ਆਪਣੇ ਨਕਾਰਾ ਤੇ ਬੇਕਾਰ ਅੰਗਾਂ ਨਾਲ ਲਾ ਰਹੇ ਸਨ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਸਭ ਤੋਂ ਦਿਆਲੂ ਲੋਕ ਵੀ ਉਸ ਨੂੰ ਪੱਥਰ ਮਾਰ ਰਹੇ ਸਨ, ਕਿਉਂਕਿ ਉਹ ਵੇਖਣਾ ਚਾਹੁੰਦੇ ਸਨ ਕਿ ਉਠ ਕੇ ਖੜ੍ਹਾ ਹੋਣ ‘ਤੇ ਉਹ ਕਿਹੋ ਜਿਹਾ ਜਾਪਦਾ ਹੈ। ਉਹ ਇਕ ਵਾਰ ਉਦੋਂ ਹੀ ਹਿੱਲਿਆ-ਜੁੱਲਿਆ ਜਦੋਂ ਲੋਕਾਂ ਨੇ ਗਰਮ ਸਰੀਏ ਨਾਲ ਉਸ ਨੂੰ ਦਾਗ ਦਿੱਤਾ।
ਦਰਅਸਲ, ਉਹ ਬੁੱਢਾ ਕਈ ਘੰਟਿਆਂ ਤੱਕ ਬਗੈਰ ਹਿੱਲੇ-ਡੁੱਲੇ ਬੈਠਾ ਰਿਹਾ ਸੀ ਅਤੇ ਲੋਕਾਂ ਨੂੰ ਲੱਗਿਆ ਕਿ ਉਹ ਮਰ ਚੁੱਕਾ ਹੈ। ਤੱਤੇ ਸਰੀਏ ਨਾਲ ਦਾਗਣ ‘ਤੇ ਉਸ ਨੇ ਤਿੱਖੀ ਪ੍ਰਤੀਕਿਰਿਆ ਦਿਖਾਈ। ਉਹ ਚੌਕ ਕੇ ਖੜ੍ਹਾ ਹੋ ਗਿਆ ਤੇ ਆਪਣੀ ਅਜਨਬੀ ਭਾਸ਼ਾ ਵਿਚ ਪਤਾ ਨਹੀਂ ਕਿ ਬੋਲਣ ਲੱਗਾ। ਉਸ ਦੀਆਂ ਅੱਖਾਂ ਵਿਚ ਹੰਝੂ ਛਲਕ ਆਏ। ਫਿਰ ਉਸ ਨੇ ਅਚਾਨਕ ਆਪਣੇ ਖੰਭ ਤੇਜ਼ੀ ਨਾਲ ਫੜਫੜਾਏ ਜਿਸ ਨਾਲ ਮੁਰਗੀਆਂ ਦੀ ਬਿੱਠਾਂ ਤੇ ਖਗੋਲੀ ਧੂੜ ਦੀ ਉਠੀ ਹਨੇਰੀ ਨੇ ਚਾਰੇ ਪਾਸੇ ਭਗਦੜ ਮਚਾ ਦਿੱਤੀ। ਹਾਲਾਂਕਿ ਕਈ ਲੋਕਾਂ ਨੂੰ ਇਹ ਲੱਗਿਆ ਕਿ ਉਸ ਦੀ ਪ੍ਰਤੀਕਿਰਿਆ ਗੁੱਸੇ ਨਾਲ ਨਹੀਂ, ਸਗੋਂ ਦਰਦ ਨਾਲ ਉਪਜੀ ਸੀ। ਫਿਰ ਵੀ ਇਸ ਘਟਨਾ ਤੋਂ ਬਾਅਦ ਲੋਕ ਉਸ ਨਾਲ ਸਾਵਧਾਨੀ ਨਾਲ ਪੇਸ਼ ਆਉਣ ਲੱਗੇ। ਜ਼ਿਆਦਾਤਰ ਲੋਕ ਹੁਣ ਸਮਝ ਗਏ ਕਿ ਉਸ ਦਾ ਆਲਸ ਜਾਂ ਸਹਿਣਸ਼ੀਲਤਾ ਕਿਸੇ ਨਾਇਕ ਦੇ ਆਰਾਮ ਦੀ ਕਿਰਿਆ ਨਹੀਂ ਹੈ, ਸਗੋਂ ਕਿਆਮਤ ਲਿਆਉਣ ਵਾਲੀ ਕਿਸੇ ਤਬਾਹੀ ਦਾ ਸੂਚਕ ਹੈ।
ਹੁਣ ਕੈਦੀ ਨਾਲ ਅਗਾਂਹ ਕੀ ਕੀਤਾ ਜਾਣਾ ਹੈ, ਇਸ ਬਾਰੇ ਪਾਦਰੀ ਗੌਨਜ਼ੈਗਾ ਧਰਮ-ਆਚਾਰੀਆ ਦੇ ਅੰਤਿਮ ਫੈਸਲੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ।
ਰੋਮ ਤੋਂ ਸੰਦੇਸ਼ ਆਉਣ ਵਿਚ ਦੇਰ ਹੋ ਰਹੀ ਸੀ। ਉਥੇ ਜਮ੍ਹਾਂ ਹੋਏ ਲੋਕ ਹੁਣ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ; ਜਿਵੇਂ ਬੰਦੀ ਦੀ ਧੁੰਨੀ ਹੈ ਜਾਂ ਨਹੀਂ; ਉਸ ਦੀ ਬੋਲੀ ਕਿਸੇ ਜ਼ਬਾਨ ਨਾਲ ਮਿਲਦੀ ਹੈ ਜਾਂ ਨਹੀਂ; ਉਹ ਸੂਈ ਵਿਚ ਧਾਗਾ ਪਾ ਸਕਦਾ ਹੈ ਜਾਂ ਨਹੀਂ; ਕਿਤੇ ਉਹ ਨਾਰਵੇ ਦਾ ਅਜਿਹਾ ਨਾਗਰਿਕ ਤਾਂ ਨਹੀਂ ਜਿਸ ਦੇ ਖੰਭ ਉਗ ਆਏ ਹੋਣ, ਵਗੈਰਾ ਵਗੈਰਾ। ਪਾਦਰੀ ਦੇ ਰੋਮ ਤੋਂ ਆਉਣ ਵਾਲੇ ਸੰਦੇਸ਼ ਦੀ ਉਡੀਕ ਸ਼ਾਇਦ ਅਨੰਤ ਕਾਲ ਤੱਕ ਕਰਨੀ ਪੈ ਜਾਂਦੀ, ਪਰ ਸਹੀ ਸਮੇਂ ‘ਤੇ ਵਾਪਰੀ ਘਟਨਾ ਨੇ ਉਸ ਨੂੰ ਇਸ ਮੁਸੀਬਤ ਤੋਂ ਨਿਜਾਤ ਦਿਵਾ ਦਿੱਤੀ।
ਹੋਇਆ ਇੰਜ ਕਿ ਉਨ੍ਹੀਂ ਦਿਨੀਂ ਧਿਆਨ ਖਿੱਚਣ ਵਾਲੇ ਦੂਜੇ ਬਹੁਤ ਸਾਰੇ ਖੇਡ ਤਮਾਸ਼ਿਆਂ ਦੇ ਨਾਲ-ਨਾਲ ਸ਼ਹਿਰ ਵਿਚ ਐਸਾ ਤਮਾਸ਼ਾ ਦਿਖਾਉਣ ਵਾਲੀ ਟੋਲੀ ਵੀ ਆ ਪਹੁੰਚੀ ਜਿਸ ਵਿਚ ਆਪਣੇ ਮਾਤਾ-ਪਿਤਾ ਦੀ ਗੱਲ ਨਾ ਮੰਨਣ ਕਾਰਨ ਮੱਕੜੀ ਬਣ ਗਈ ਮੁਟਿਆਰ ਵੀ ਸੀ। ਇਹ ਤਮਾਸ਼ਾ ਵੇਖਣ ਲਈ ਲਾਇਆ ਗਿਆ ਕਰ, ਦੇਵਦੂਤ ਨੂੰ ਦੇਖਣ ਲਈ ਲਗਾਏ ਗਏ ਪ੍ਰਵੇਸ਼-ਕਰ ਤੋਂ ਘੱਟ ਸੀ। ਨਾ ਸਿਰਫ ਇਹ, ਸਗੋਂ ਲੋਕ ਮੱਕੜੀ ਬਣ ਗਈ ਕੁੜੀ ਤੋਂ ਉਸ ਦੀ ਦੁਰਦਸ਼ਾ ਬਾਰੇ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛ ਸਕਦੇ ਸਨ ਅਤੇ ਇਸ ਦੀ ਜਾਂਚ-ਪੜਤਾਲ ਵੀ ਕਰ ਸਕਦੇ ਸਨ ਤਾਂ ਜੋ ਕਿਸੇ ਨੂੰ ਵੀ ਉਸ ਦੀ ਡਰਾਉਣੀ ਹਾਲਤ ਬਾਰੇ ਕੋਈ ਸ਼ੱਕ ਨਾ ਰਹੇ। ਉਹ ਭੇਡ ਦੇ ਆਕਾਰ ਦੀ ਡਰਾਉਣੀ ਟੈਰੇਨਟੁਲਾ ਮੱਕੜੀ ਸੀ ਜਿਸ ਦਾ ਸਿਰ ਉਦਾਸ ਕੁੜੀ ਦਾ ਸੀ। ਸਭ ਤੋਂ ਵੱਧ ਦੁਖੀ ਕਰਨ ਵਾਲੀ ਗੱਲ ਉਸ ਦਾ ਅਨੋਖਾ ਆਕਾਰ ਨਹੀਂ ਸੀ, ਸਗੋਂ ਉਹ ਸੱਚੀ ਵੇਦਨਾ ਸੀ ਜਿਸ ਵਿਚ ਡੁੱਬ ਕੇ ਉਹ ਲੋਕਾਂ ਨੂੰ ਵਿਸਥਾਰ ਨਾਲ ਆਪਣੀ ਬਦਨਸੀਬੀ ਦੀ ਕਥਾ ਸੁਣਾਉਂਦੀ ਸੀ। ਇਸ ਕਥਾ ਅਨੁਸਾਰ ਜਦੋਂ ਉਹ ਅਜੇ ਬੱਚੀ ਹੀ ਸੀ, ਉਹ ਆਪਣੇ ਮਾਪਿਆਂ ਦੀ ਇਜਾਜ਼ਤ ਲਏ ਬਗੈਰ ਰਾਤ ਭਰ ਨੱਚਦੀ ਰਹੀ। ਬਾਅਦ ਵਿਚ ਉਹ ਜੰਗਲ ਦੇ ਰਸਤੇ ਘਰ ਪਰਤ ਰਹੀ ਸੀ ਕਿ ਅਚਾਨਕ ਬੱਦਲਾਂ ਦੀ ਘੋਰ ਆਵਾਜ਼ ਨਾਲ ਆਕਾਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ। ਬਿਜਲੀ ਕੜਕੀ ਅਤੇ ਗੰਧਕ ਨਾਲ ਹੋਏ ਉਸ ਵੱਜਰਪਾਤ ਨੇ ਉਸ ਨੂੰ ਮੱਕੜੀ ਵਿਚ ਤਬਦੀਲ ਕਰ ਦਿੱਤਾ। ਉਸ ਦੀ ਇਕ-ਮਾਤਰ ਪੌਸ਼ਟਿਕ ਖੁਰਾਕ ਮਾਸ ਦੇ ਉਹ ਟੁਕੜੇ ਸਨ ਜੋ ਰਹਿਮ ਦਿਲ ਲੋਕ ਉਸ ਦੇ ਮੂੰਹ ਵਿਚ ਸੁੱਟ ਦਿੰਦੇ ਸਨ।
ਇਹ ਅਜਿਹਾ ਤਮਾਸ਼ਾ ਸੀ ਜੋ ਮਨੁੱਖੀ ਸਚਾਈ ਤੇ ਡਰਾਉਣੇ ਸਬਕ ਨਾਲ ਭਰਪੂਰ ਸੀ। ਬਗੈਰ ਜਤਨ ਦੇ ਹੀ ਇਹ ਤਮਾਸ਼ਾ ਉਸ ਤਮਾਸ਼ੇ ਤੋਂ ਨੰਬਰ ਲੈ ਗਿਆ ਜਿਸ ਵਿਚ ਘਮੰਡੀ ਦੇਵਦੂਤ ਲੋਕਾਂ ਵੱਲ ਤੱਕਦਾ ਤੱਕ ਨਹੀਂ ਸੀ। ਇਸ ਤੋਂ ਇਲਾਵਾ ਦੇਵਦੂਤ ਦੇ ਨਾਂ ‘ਤੇ ਪ੍ਰਚਾਰ ਕੀਤੇ ਗਏ ਥੋੜ੍ਹੇ ਜਿਹੇ ਚਮਤਕਾਰ ਲੋਕਾਂ ਨੂੰ ਕਿਸੇ ਮਾਨਸਿਕ ਬਿਮਾਰੀ ਵਾਂਗੂੰ ਜਾਪੇ। ਜਿਵੇਂ ਬੁੱਢੇ ਦੇਵਦੂਤ ਦੀ ਸੰਗਤ ਵਿਚ ਵੀ ਅੰਨ੍ਹੇ ਆਦਮੀ ਦੀਆਂ ਅੱਖਾਂ ਦੀ ਰੌਸ਼ਨੀ ਤਾਂ ਵਾਪਸ ਨਹੀਂ ਆਈ, ਪਰ ਉਸ ਦੇ ਤਿੰਨ ਨਵੇਂ ਦੰਦ ਉੱਗ ਆਏ। ਇਸੇ ਤਰ੍ਹਾਂ ਉਥੇ ਪਹੁੰਚਿਆ ਅਪਾਹਜ ਚੱਲਣ-ਫਿਰਨ ਦੇ ਕਾਬਲ ਤਾਂ ਨਾ ਹੋ ਸਕਿਆ, ਪਰ ਉਹ ਲਾਟਰੀ ਦਾ ਇਨਾਮ ਜਿੱਤਦਾ-ਜਿੱਤਦਾ ਰਹਿ ਗਿਆ। ਅਜਿਹੇ ਹੀ ਇਕ ਹੋਰ ਮਾਮਲੇ ਵਿਚ ਉਥੇ ਆਏ ਕੋਹੜੀ ਦੇ ਜ਼ਖਮਾਂ ਵਿਚੋਂ ਸੂਰਜਮੁਖੀ ਦੇ ਫੁੱਲ ਉੱਗਣ ਲੱਗੇ ਸਨ। ਮਜ਼ਾਕ ਉਡਾਉਣ ਵਰਗੇ ਇਨ੍ਹਾਂ ਦਿਲਾਸਿਆਂ-ਕ੍ਰਿਸ਼ਮਿਆਂ ਨੇ ਪਹਿਲਾਂ ਹੀ ਦੇਵਦੂਤ ਦੀ ਮਕਬੂਲੀਅਤ ਨੂੰ ਧੱਕਾ ਪਹੁੰਚਾਇਆ ਸੀ। ਬਾਕੀ ਬਚੀ ਹੋਈ ਪ੍ਰਸਿੱਧੀ ਨੂੰ ਪੂਰੀ ਤਰ੍ਹਾਂ ਮਲੀਆਮੇਟ ਕਰਨ ਦਾ ਕੰਮ ਮੱਕੜੀ ਬਣ ਗਈ ਕੁੜੀ ਨੇ ਕਰ ਦਿੱਤਾ। ਇਸ ਤਰ੍ਹਾਂ ਪਾਦਰੀ ਗੌਨਜ਼ੈਗਾ ਰਾਤ ਭਰ ਜਾਗਣ ਦੀ ਆਪਣੀ ਮਜਬੂਰੀ ਤੋਂ ਮੁਕਤ ਹੋ ਗਿਆ ਅਤੇ ਪੇਲਾਓ ਦਾ ਵਿਹੜਾ ਪਹਿਲਾਂ ਵਾਂਗ ਖਾਲੀ ਹੋ ਗਿਆ ਜਦੋਂ ਤਿੰਨ ਦਿਨਾਂ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ ਸੀ ਅਤੇ ਕੇਕੜੇ ਘਰ ਦੇ ਸੌਣ ਵਾਲਿਆਂ ਕਮਰਿਆਂ ਵਿਚ ਘੁੰਮਣ ਲੱਗੇ ਸਨ।
ਉਸ ਘਰ ਦੇ ਮਾਲਕਾਂ ਲਈ ਸੋਗ ਮਨਾਉਣ ਦੀ ਕੋਈ ਵਜ੍ਹਾ ਨਹੀਂ ਸੀ। ਇਸ ਪੂਰੇ ਤਮਾਸ਼ੇ ਦੌਰਾਨ ਉਨ੍ਹਾਂ ਨੇ ਢੇਰ ਸਾਰਾ ਰੁਪਿਆ ਕਮਾ ਲਿਆ ਸੀ ਜਿਸ ਨਾਲ ਉਨ੍ਹਾਂ ਨੇ ਸ਼ਾਨਦਾਰ ਦੋ-ਮੰਜ਼ਿਲਾ ਮਕਾਨ ਬਣਾ ਲਿਆ ਸੀ। ਇਸ ਆਲੀਸ਼ਾਨ ਘਰ ਵਿਚ ਕਈ ਛੱਜੇ ਤੇ ਬਗੀਚੇ ਸਨ ਅਤੇ ਉਚੀ ਵਾੜ ਵੀ ਸੀ ਜੋ ਸਰਦੀਆਂ ਵਿਚ ਕੇਕੜਿਆਂ ਨੂੰ ਅੰਦਰ ਵੜਨੋਂ ਰੋਕਦੀ ਸੀ। ਇਸ ਮਕਾਨ ਦੀਆਂ ਖਿੜਕੀਆਂ ਵਿਚ ਲੋਹੇ ਦੇ ਸਰੀਏ ਵੀ ਸਨ, ਤਾਂ ਜੋ ਦੇਵਦੂਤ ਵੀ ਅੰਦਰ ਨਾ ਪਹੁੰਚ ਸਕਣ। ਪੇਲਾਓ ਨੇ ਜ਼ਿਮੀਂਦਾਰ ਦੇ ਕਰਿੰਦੇ ਦੀ ਨੌਕਰੀ ਛੱਡ ਦਿੱਤੀ ਅਤੇ ਸ਼ਹਿਰ ਦੇ ਨਜ਼ਦੀਕ ਹੀ ਜ਼ਮੀਨ ਖਰੀਦ ਕੇ ਉਥੇ ਖਰਗੋਸ਼ ਪਾਲਣ ਦਾ ਧੰਦਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਐਲੀਸੈਂਦਾ ਨੇ ਵੀ ਸਾਟਨ ਕੱਪੜੇ ਦੇ ਉੱਚੀ ਅੱਡੀ ਵਾਲੇ ਕੁਝ ਐਸੇ ਜੁੱਤੇ ਅਤੇ ਰੇਸ਼ਮ ਦੀਆਂ ਕੁਝ ਅਜਿਹੀਆਂ ਸਤਰੰਗੀ ਪੁਸ਼ਾਕਾਂ ਖਰੀਦ ਲਈਆਂ ਜੋ ਉਸ ਜ਼ਮਾਨੇ ਵਿਚ ਐਤਵਾਰ ਦੇ ਦਿਨ ਉਥੋਂ ਦੇ ਅਮੀਰ ਵਰਗ ਦੀਆਂ ਔਰਤਾਂ ਪਹਿਨਦੀਆਂ ਸਨ।
ਮੁਰਗੀਆਂ ਦਾ ਖੁੱਡਾ ਹੀ ਇਕ-ਮਾਤਰ ਐਸੀ ਚੀਜ਼ ਸੀ ਜਿਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ। ਜੇ ਉਹ ਇਸ ਨੂੰ ਫਿਨਾਇਲ ਨਾਲ ਸਾਫ ਕਰਦੇ ਸਨ ਅਤੇ ਉਥੇ ਧੂਫ-ਬੱਤੀ ਜਗਾਉਂਦੇ ਸਨ ਤਾਂ ਉਹ ਸਾਰਾ ਕੁਝ ਦੇਵਦੂਤ ਦੇ ਸਨਮਾਨ ਵਿਚ ਨਹੀਂ ਸੀ ਕੀਤਾ ਜਾਂਦਾ, ਸਗੋਂ ਉਥੇ ਇਕੱਠੇ ਹੋਣ ਵਾਲੇ ਕੂੜੇ ਦੇ ਢੇਰ ਵਿਚੋਂ ਆਉਣ ਵਾਲੀ ਬਦਬੂ ਤੋਂ ਬਚਣ ਲਈ ਕੀਤਾ ਜਾਂਦਾ ਜੋ ਕਿਸੇ ਪ੍ਰੇਤ ਵਾਂਗ ਹਰ ਕੋਨੇ ਵਿਚ ਪਹੁੰਚ ਜਾਂਦੀ ਅਤੇ ਉਸ ਨਵੇਂ ਮਕਾਨ ਨੂੰ ਕਿਸੇ ਪੁਰਾਣੀ ਬਦਬੂਦਾਰ ਇਮਾਰਤ ਵਿਚ ਬਦਲ ਦਿੰਦੀ।
ਸ਼ੁਰੂ-ਸ਼ੁਰੂ ਵਿਚ ਜਦੋਂ ਬੱਚਾ ਤੁਰਨ ਲੱਗਾ ਤਾਂ ਉਹ ਬੇਹੱਦ ਸਾਵਧਾਨੀ ਨਾਲ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹ ਮੁਰਗੀਆਂ ਦੇ ਖੁੱਡੇ ਦੇ ਜ਼ਿਆਦਾ ਨੇੜੇ ਨਾ ਜਾਵੇ, ਪਰ ਹੌਲੀ-ਹੌਲੀ ਉਨ੍ਹਾਂ ਦਾ ਡਰ ਲਹਿ ਗਿਆ ਅਤੇ ਉਹ ਬਦਬੂ ਦੇ ਆਦੀ ਹੋ ਗਏ। ਆਪਣਾ ਦੂਜਾ ਦੰਦ ਕੱਢਣ ਤੋਂ ਪਹਿਲਾਂ ਬੱਚਾ ਉਥੋਂ ਮੁਰਗੀਆਂ ਦੇ ਖੁੱਡੇ ਵਿਚ ਜਾ ਕੇ ਖੇਡਣ ਲੱਗਾ ਸੀ ਜਿਥੇ ਵਾੜ ਦੀਆਂ ਤਾਰਾਂ ਉਖੜਨ ਲੱਗੀਆਂ ਸਨ। ਬੱਚੇ ਪ੍ਰਤੀ ਵੀ ਬੁੱਢੇ ਦੇਵਦੂਤ ਦਾ ਰਵੱਈਆ ਉਹੋ ਜਿਹਾ ਹੀ ਰਿਹਾ ਜਿਵੇਂ ਹੋਰ ਲੋਕਾਂ ਵੱਲ ਸੀ, ਪਰ ਉਹ ਠਰ੍ਹੰਮੇ ਨਾਲ ਹਰ ਤਰ੍ਹਾਂ ਦੀ ਨੀਚਤਾ ਸਹਿਣ ਕਰ ਲੈਂਦਾ ਸੀ; ਜਿਵੇਂ ਉਹ ਕੋਈ ਕੁੱਤਾ ਹੋਵੇ ਅਤੇ ਜਿਸ ਨੂੰ ਆਪਣੇ ਬਾਰੇ ਵਿਚ ਕੋਈ ਭੁਲੇਖਾ ਨਾ ਹੋਵੇ। ਉਸ ਬੱਚੇ ਅਤੇ ਦੇਵਦੂਤ, ਦੋਵਾਂ ਨੂੰ ਹੀ ਇਕੋ ਸਮੇਂ ਛੋਟੀ ਮਾਤਾ ਨਿਕਲ ਆਈ ਸੀ। ਜਿਸ ਡਾਕਟਰ ਨੇ ਬੱਚੇ ਦਾ ਇਲਾਜ ਕੀਤਾ, ਉਹ ਦੇਵਦੂਤ ਦੀ ਛਾਤੀ ‘ਤੇ ਸਟੈਥੋਸਕੋਪ ਲਾ ਕੇ ਸੁਣਨ ਦੀ ਲਾਲਸਾ ਕਰ ਕੇ ਖੁਦ ਨੂੰ ਨਹੀਂ ਸੀ ਰੋਕ ਸਕਿਆ। ਡਾਕਟਰ ਨੂੰ ਦੇਵਦੂਤ ਦੇ ਸੀਨੇ ਵਿਚ ਐਸੀ ਗੜਗੜਾਹਟ ਸੁਣਾਈ ਦਿੱਤੀ ਅਤੇ ਉਸ ਦੇ ਗੁਰਦੇ ਵਿਚ ਇੰਨੀਆਂ ਜ਼ਿਆਦਾ ਆਵਾਜ਼ਾਂ ਸੁਣਾਈ ਦਿੱਤੀਆਂ ਕਿ ਉਸ ਨੂੰ ਦੇਵਦੂਤ ਦੇ ਜ਼ਿੰਦਾ ਬਚੇ ਹੋਣ ‘ਤੇ ਹੈਰਾਨੀ ਹੋਈ, ਪਰ ਉਸ ਨੂੰ ਸਭ ਤੋਂ ਵੱਧ ਹੈਰਾਨੀ ਦੇਵਦੂਤ ਦੇ ਖੰਭਾਂ ਬਾਰੇ ਹੋਈ। ਕਿਸੇ ਵੀ ਆਮ ਆਦਮੀ ਵਾਂਗੂੰ ਜਾਪਣ ਵਾਲੇ ਉਸ ਦੇਵਦੂਤ ਦੇ ਉਹ ਖੰਭ ਇੰਨੇ ਸਹਿਜ ਲੱਗ ਰਹੇ ਸਨ ਕਿ ਡਾਕਟਰ ਇਹ ਨਹੀਂ ਸਮਝ ਸਕਿਆ ਕਿ ਦੂਜੇ ਇਨਸਾਨਾਂ ਦੇ ਸਰੀਰ ‘ਤੇ ਵੀ ਖੰਭ ਕਿਉਂ ਨਹੀਂ ਸਨ!
ਆਖਰ ਧੁੱਪ ਵਿਚ ਮੀਂਹ ਦੀ ਤਾਬ ਸਹਿੰਦਿਆਂ-ਸਹਿੰਦਿਆਂ ਇਕ ਦਿਨ ਮੁਰਗੀਆਂ ਵਾਲਾ ਖੁੱਡਾ ਡਿੱਗ ਪਿਆ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਦੇਵਦੂਤ ਕਿਸੇ ਭਟਕਦੇ ਹੋਏ ਮਰਨ ਵਾਲੇ ਆਦਮੀ ਵਾਂਗੂ ਖੁਦ ਨੂੰ ਘਰ ਵਿਚ ਇਧਰ-ਉਧਰ ਘਸੀਟਦਾ ਫਿਰਦਾ। ਉਹ ਝਾੜੂ ਲੈ ਕੇ ਉਸ ਨੂੰ ਸੌਣ ਵਾਲੇ ਕਮਰੇ ਤੋਂ ਭਜਾਉਂਦੇ, ਪਰ ਪਲ ਭਰ ਵਿਚ ਹੀ ਉਹ ਉਸ ਨੂੰ ਰਸੋਈ ਘਰ ਵਿਚ ਮੌਜੂਦ ਵੇਖਦੇ। ਉਹ ਬੁੱਢਾ ਦੇਵਦੂਤ ਇਕੋ ਵਾਰੀ ਇੰਨੀਆਂ ਸਾਰੀਆਂ ਥਾਂਵਾਂ ‘ਤੇ ਮੌਜੂਦ ਰਹਿੰਦਾ ਕਿ ਉਹ ਸੋਚਣ ਲੱਗਦੇ ਕਿ ਉਸ ਨੇ ਆਪਣੇ ਵਾਂਗੂ ਕਈ ਹੋਰ ਦੇਵਦੂਤ ਬਣਾ ਲਏ ਹਨ ਅਤੇ ਉਦੋਂ ਖਿਝੀ ਹੋਈ ਐਲੀਸੈਂਦਾ ਘਬਰਾ ਕੇ ਚੀਕਣ ਲੱਗਦੀ ਕਿ ਦੇਵਦੂਤਾਂ ਨਾਲ ਭਰੇ ਇਸ ਨਰਕ ਵਿਚ ਰਹਿੰਦਿਆਂ ਹੌਲ ਪੈਂਦਾ ਸੀ। ਉਹ ਬੁੱਢਾ ਦੇਵਦੂਤ ਹੁਣ ਬਹੁਤ ਮੁਸ਼ਕਿਲ ਨਾਲ ਹੀ ਕੁਝ ਖਾ-ਪੀ ਸਕਦਾ ਸੀ ਅਤੇ ਉਸ ਦੀਆਂ ਪੁਰਾਣੀਆਂ ਅੱਖਾਂ ਦੀ ਰੌਸ਼ਨੀ ਹੁਣ ਐਨੀ ਧੁੰਦਲੀ ਹੋ ਚੁੱਕੀ ਸੀ ਕਿ ਉਹ ਅਕਸਰ ਚੀਜ਼ਾਂ ਨਾਲ ਟਕਰਾ ਜਾਂਦਾ। ਉਦਾਰਤਾ ਦਿਖਾਉਂਦੇ ਹੋਇਆਂ ਉਸ ਨੂੰ ਵਿਹੜੇ ਵਿਚ ਸੌਣ ਦਿੱਤਾ ਜਾਂਦਾ। ਉਦੋਂ ਜਾ ਕੇ ਉਨ੍ਹਾਂ ਨੇ ਵੇਖਿਆ ਕਿ ਰਾਤ ਵੇਲੇ ਉਸ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਇਸ ਹਾਲਤ ਵਿਚ ਪਾਏ ਜਾ ਰਹੇ ਆਪਣੇ ਚੀਕ-ਚਿਹਾੜੇ ਵਿਚ ਉਹ ਨਾਰਵੇ ਦੀ ਭਾਸ਼ਾ ਦੇ ਔਖੇ ਸ਼ਬਦ ਬੁੜਬੁੜਾਉਂਦਾ ਲੱਗ ਰਿਹਾ ਸੀ। ਅਜਿਹਾ ਕਦੇ ਕਦਾਈਂ ਹੀ ਹੋਇਆ ਸੀ ਕਿ ਉਹ ਉਸ ਬੁੱਢੇ ਬਾਰੇ ਭੈ-ਭੀਤ ਹੋਏ ਹੋਣ, ਪਰ ਇਸ ਵਾਰੀ ਅਜਿਹਾ ਹੀ ਵਾਪਰਿਆ। ਦਰਅਸਲ, ਉਨ੍ਹਾਂ ਨੂੰ ਜਾਪਿਆ ਕਿ ਉਹ ਬੁੱਢਾ ਦੇਵਦੂਤ ਮਰਨ ਵਾਲਾ ਸੀ ਅਤੇ ਉਹ ਅਕਲਮੰਦ ਔਰਤ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਦੱਸ ਸਕੀ ਕਿ ਮਰ ਗਏ ਦੇਵਦੂਤ ਨਾਲ ਕੀ ਕੁਝ ਕੀਤਾ ਜਾਂਦਾ ਸੀ।
ਇਸ ਦੇ ਬਾਵਜੂਦ ਉਹ ਨਾ ਸਿਰਫ ਅਤਿ ਦੀ ਠੰਢ ਸਹਿਣ ਕਰ ਕੇ ਬਚ ਗਿਆ, ਸਗੋਂ ਚੰਗੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਉਸ ਦੀ ਹਾਲਤ ਵਿਚ ਸੁਧਾਰ ਵੀ ਹੋਇਆ। ਵਿਹੜੇ ਦੇ ਦੂਰ ਦੇ ਖੂੰਜੇ ਵਿਚ ਉਹ ਕਈ ਦਿਨਾਂ ਤੱਕ ਬਗੈਰ ਹਿੱਲਿਆ-ਡੁੱਲਿਆਂ ਬੈਠਾ ਰਿਹਾ। ਉਥੇ ਉਸ ਨੂੰ ਕੋਈ ਨਹੀਂ ਸੀ ਦੇਖ ਸਕਦਾ। ਅਗਲੇ ਮਹੀਨੇ ਦੇ ਸ਼ੁਰੂ ਵਿਚ ਉਸ ਦੇ ਖੰਭਾਂ ‘ਤੇ ਕੁਝ ਵੱਡੇ ਤੇ ਖੜ੍ਹੇ ਵਾਲਾਂ ਦੇ ਗੁੱਛੇ ਉੱਗਣ ਲੱਗੇ। ਇਹ ਕਿਸੇ ਡਰਨੇ ਦੇ ਖੰਭਾਂ ਵਰਗੇ ਸਨ। ਜਿਵੇਂ ਇਹ ਦੁਬਾਰਾ ਕਿਸੇ ਪੁਰਾਣੇਪਣ ਦੀ ਬਦਨਸੀਬੀ ਦਾ ਸੁਨੇਹਾ ਲੈ ਕੇ ਆਏ ਹੋਣ, ਪਰ ਬੁੱਢੇ ਨੂੰ ਸ਼ਾਇਦ ਇਸ ਤਬਦੀਲੀ ਦਾ ਕਾਰਨ ਪਤਾ ਸੀ। ਉਹ ਪੂਰੀ ਤਰ੍ਹਾਂ ਚੌਕੰਨਾ ਸੀ ਤਾਂਕਿ ਕੋਈ ਇਸ ਬਾਰੇ ਨਾ ਜਾਣ ਸਕੇ। ਕਦੇ-ਕਦੇ ਉਹ ਰਾਤ ਨੂੰ ਲੁਕ ਕੇ ਸਿਤਾਰਿਆਂ ਹੇਠਾਂ ਸਮੁੰਦਰੀ ਗੀਤ ਗੁਣਗੁਣਾਉਂਦਾ ਸੀ। ਉਸ ਨੇ ਇਸ ਦੀ ਭਿਣਕ ਵੀ ਕਿਸੇ ਨੂੰ ਨਹੀਂ ਪੈਣ ਦਿੱਤੀ ਸੀ।
ਇਕ ਸਵੇਰ ਐਲੀਸੈਂਦਾ ਦੁਪਹਿਰ ਦੇ ਭੋਜਨ ਲਈ ਪਿਆਜ਼ ਛਿੱਲ ਰਹੀ ਸੀ ਕਿ ਸਮੁੰਦਰ ਤੋਂ ਨਹਾ ਕੇ ਆਈ ਹਵਾ ਰਸੋਈ ਵਿਚ ਪਹੁੰਚੀ। ਉਦੋਂ ਉਹ ਖਿੜਕੀ ਤੱਕ ਗਈ ਅਤੇ ਉਸ ਨੇ ਦੇਵਦੂਤ ਨੂੰ ਉਡਣ ਦਾ ਪਹਿਲਾ ਜਤਨ ਕਰਦਿਆਂ ਦੇਖਿਆ। ਇਹ ਕੋਸ਼ਿਸ਼ ਐਨੀ ਅਜੀਬ ਸੀ ਕਿ ਉਸ ਦੇ ਨਹੁੰਆਂ ਨੇ ਸਬਜ਼ੀਆਂ ਦੇ ਖੇਤ ਵਿਚ ਟੋਇਆ ਪਾ ਦਿੱਤਾ। ਉਸ ਦੇ ਖੰਭਾਂ ਦੀ ਅਨਾੜੀ ਫੜਫੜਾਹਟ ਨੇ ਅਹਾਤੇ ਨੂੰ ਵੀ ਤਕਰੀਬਨ ਡੇਗ ਹੀ ਦਿੱਤਾ ਸੀ। ਉਸ ਦੇ ਖੰਭ ਹਵਾ ਦਾ ਠੀਕ ਤਰ੍ਹਾਂ ਨਾਲ ਜਾਇਜ਼ਾ ਨਹੀਂ ਸਨ ਲੈ ਸਕੇ, ਫਿਰ ਵੀ ਕਿਸੇ ਤਰ੍ਹਾਂ ਉਹ ਹਵਾ ਵਿਚ ਉਪਰ ਚਲਾ ਗਿਆ।
ਜਦੋਂ ਐਲੀਸੈਂਦਾ ਨੇ ਉੁਸ ਨੂੰ ਅਖੀਰਲੀਆਂ ਇਮਾਰਤਾਂ ਦੇ ਉਪਰੋਂ ਉਡ ਕੇ ਜਾਂਦੇ ਦੇਖਿਆ ਤਾਂ ਉਸ ਨੇ ਆਪਣੇ ਅਤੇ ਉਸ ਲਈ ਸੁੱਖ ਦਾ ਸਾਹ ਲਿਆ। ਉਸ ਨੇ ਕਿਸੇ ਬੁੱਢੇ ਗਿੱਧ ਵਾਂਗ ਖਤਰਨਾਕ ਢੰਗ ਨਾਲ ਆਪਣੇ ਖੰਭ ਫੜਫੜਾਉਂਦਿਆਂ ਕਿਸੇ ਪ੍ਰਕਾਰ ਖੁਦ ਨੂੰ ਹਵਾ ਵਿਚ ਰੋਕਿਆ ਹੋਇਆ ਸੀ।
ਐਲੀਸੈਂਦਾ ਪਿਆਜ਼ ਕੱਟਣ ਤੋਂ ਬਾਅਦ ਵੀ ਉਸ ਨੂੰ ਦੇਖਦੀ ਰਹੀ। ਉਹ ਉਦੋਂ ਤੱਕ ਉਸ ਨੂੰ ਜਾਂਦਿਆਂ ਤੱਕਦੀ ਰਹੀ ਜਦੋਂ ਤੱਕ ਉਹ ਉਹਨੂੰ ਦਿਸਣੋਂ ਵੀ ਹਟ ਗਿਆ ਸੀ। ਬੁੱਢਾ ਦੇਵਦੂਤ ਹੁਣ ਉਨ੍ਹਾਂ ਨੂੰ ਖਿਝਾਅ ਨਹੀਂ ਸੀ ਸਕਦਾ। ਹੁਣ ਉਹ ਸਮੁੰਦਰ ਦੀਆਂ ਲਹਿਰਾਂ ‘ਤੇ ਕਲਪਨਿਕ ਬਿੰਦੀ ਬਣ ਕੇ ਰਹਿ ਗਿਆ ਸੀ।