ਹਰਪਾਲ ਸਿੰਘ ਪੰਨੂ
ਫੋਨ: 91-94642-51454
ਅੱਜ ਦੇ ਦਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਇਕੋ ਸੱਤਾ ਦੇ ਵੱਖ ਵੱਖ ਪਹਿਲੂ ਹਨ, ਕਿਉਂਕਿ ਤਿੰਨਾਂ ਦਾ ਕੰਟਰੋਲ ਅਕਾਲੀ ਦਲ ਪਾਸ ਹੈ। ਪਿਛਲੀ ਵਾਰ ਜਦੋਂ ਜਥੇਦਾਰ ਅਵਤਾਰ ਸਿੰਘ ਮੱਕੜ ਕਮੇਟੀ ਪ੍ਰਧਾਨ ਚੁਣੇ ਗਏ ਤਦ ਪ੍ਰੈਸ ਮਿਲਣੀ ਵਿਚ ਇਕ ਪੱਤਰਕਾਰ ਨੇ ਪੁਛਿਆ, ‘ਪਰ ਪ੍ਰਧਾਨ ਜੀ ਚੋਣ ਤਾਂ ਹੋਈ ਨਹੀਂ, ਇਹ ਤਾਂ ਸ਼ ਪ੍ਰਕਾਸ ਸਿੰਘ ਬਾਦਲ ਦੀ ਜੇਬ ਵਿਚੋਂ ਨਿਕਲੀ ਪਰਚੀ ਹੈ।’
ਮੁਸਕਾਨਾ ਬਿਖੇਰਦਿਆਂ ਪ੍ਰਧਾਨ ਜੀ ਨੇ ਕਿਹਾ, ਤੁਸੀਂ ਇਹ ਦੇਖੋ ਸ਼ ਬਾਦਲ ਦੀ ਜੇਬ ਹੈ ਕਿੰਨੀ ਵੱਡੀ ਜਿਥੋਂ ਪ੍ਰਧਾਨਗੀਆਂ, ਵਜ਼ੀਰੀਆਂ, ਚੇਅਰਮੈਨੀਆਂ ਸਭ ਵਾਹਿਗੁਰੂ ਦੀ ਕ੍ਰਿਪਾ ਨਾਲ ਉਨ੍ਹਾਂ ਦੀ ਜੇਬ ਵਿਚ ਹਨ। ਟੈਗੋਰ ਦਾ ਵਾਕ-ਕੁਝ ਬੰਦੇ ਰੱਬ ਦੀਆਂ ਅਜਿਹੀਆਂ ਮਿਹਰਬਾਨੀਆਂ ਦਾ ਜਿਕਰ ਕਰਦੇ ਹਨ ਕਿ ਰੱਬ ਸ਼ਰਮਿੰਦਾ ਹੋ ਜਾਂਦਾ ਹੈ।
ਹਾਲਾਤ ਦੀਆਂ ਦੁਸ਼ਵਾਰੀਆਂ ਤੋਂ ਬਦਜ਼ਨ ਹੋ ਕੇ ਦੌਰ ਬਦਲਣ ਵਾਸਤੇ ਥੋੜ੍ਹੇ ਕੁ ਲੋਕ ਆਵਾਜ਼ ਬੁਲੰਦ ਕਰਦੇ ਹਨ ਤਾਂ ਲੋਕ ਆਖਦੇ ਹਨ-ਇਨ੍ਹਾਂ ਦੀ ਮਨਸ਼ਾ ਤਾਂ ਸਹੀ ਹੈ ਪਰ ਇਹ ਥੋੜ੍ਹੇ ਜਿਹੇ ਵਿਚਾਰੇ ਕੀ ਕਰ ਸਕਣਗੇ? ਹਮੇਸ਼ਾਂ ਇਹ ਹੋਇਆ ਹੈ ਕਿ ਥੋੜ੍ਹੇ ਕੁ ਹਿੰਮਤੀ ਬੰਦਿਆਂ ਨੇ ਅਗਵਾਈ ਕੀਤੀ ਤੇ ਸਫਲ ਹੋਏ। ਵੱਡੀ ਗਿਣਤੀ ਪਹਿਲਾਂ ਇਸ ਛੋਟੀ ਗਿਣਤੀ ਉਪਰ ਹਸਦੀ ਹੈ, ਫਿਰ ਵਿਰੋਧ ਕਰਦੀ ਹੈ, ਫਿਰ ਲੜਦੀ ਹੈ ਤੇ ਆਖਰ ਹਾਰ ਜਾਂਦੀ ਹੈ।
ਖਾਲਸਈ ਪਰੰਪਰਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਦਾਰੀ ਹੇਠ ਖਾਲਸਾ ਪੰਥ ਦੀ ਅਗਵਾਈ ਪੰਜ ਪਿਆਰੇ ਕਰਨਗੇ। 1699 ਦੀ ਵਿਸਾਖੀ ਨੂੰ ਜਦੋਂ ਅਨੰਦਪੁਰ ਸਾਹਿਬ ਖਾਲਸਾ ਪੰਥ ਪ੍ਰਗਟਿਆ, ਗੁਰੂ ਗੋਬਿੰਦ ਰਾਇ ਜੀ ਨੇ ਪੰਜ ਪਿਆਰਿਆਂ ਅਗੇ ਹੱਥ ਜੋੜ ਕੇ ਬੇਨਤੀ ਕੀਤੀ, ‘ਤੁਸੀਂ ਪੰਥ ਹੋ, ਸਾਡੇ ਤੋਂ ਵੱਡੇ ਹੋ, ਕ੍ਰਿਪਾ ਕਰਕੇ ਸਾਨੂੰ ਵੀ ਆਪਣੇ ਵਿਚ ਸ਼ਾਮਲ ਕਰੋ।’ ਪੰਜ ਪਿਆਰਿਆਂ ਨੇ ਗੁਰੂ ਜੀ ਨੂੰ ਅੰਮ੍ਰਿਤ ਛਕਾ ਕੇ ਰਾਇ ਤੋਂ ਸਿੰਘ ਦੀ ਉਪਾਧੀ ਦਿਤੀ। ਉਸ ਦਿਨ ਤੋਂ ਬਾਦ ਜੋਤੀ ਜੋਤ ਸਮਾਉਣ ਤਕ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੇ ਹੁਕਮ ਮੰਨੇ। ਦਾਦੂ ਪੀਰ ਦੀ ਕਬਰ ਉਤੇ ਤੀਰ ਝੁਕਾਉਣ ਤੋਂ ਬਾਦ ਚਮਕੌਰ ਦੀ ਜੰਗ ਦੌਰਾਨ ਗੜ੍ਹੀ ਵਿਚੋਂ ਨਿਕਲਣ ਬਾਬਤ। ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ 1708 ਵਿਚ ਨਾਂਦੇੜ ਵਿਖੇ ਮਿਲੀ ਪਰ ਪੰਥ ਨੂੰ ਗੁਰਿਆਈ 1699 ਵਿਚ ਨੌਂ ਸਾਲ ਪਹਿਲਾਂ ਮਿਲ ਗਈ।
ਪਾਠਕਾਂ ਨੂੰ ਦੱਸ ਦੇਈਏ ਕਿ ਪੰਥ ਨੇ ਅਜਿਹਾ ਫੈਸਲਾ ਕਦੀ ਨਹੀਂ ਕੀਤਾ ਕਿ ਪੰਜ ਤਖਤਾਂ ਦੇ ਜਥੇਦਾਰ ਪੰਥ ਦੇ ਪੰਜ ਪਿਆਰੇ ਹੋਣਗੇ। ਪਹਿਲਾਂ ਤਾਂ ਤਖਤ ਹੀ ਚਾਰ ਹੋਇਆ ਕਰਦੇ ਸਨ। ਦਮਦਮਾ ਸਾਹਿਬ ਦੀ ਤਖਤ ਵਜੋਂ ਸਥਾਪਨਾਂ ਸੱਠਵਿਆਂ ਵਿਚ ਹੋਈ ਸੀ। ਚੁਣੀ ਹੋਈ ਸੰਸਥਾ ਹੋਣ ਕਰਕੇ ਸ੍ਰੋਮਣੀ ਕਮੇਟੀ ਨੂੰ ਹੀ ਪੰਥ ਸਮਝਿਆ ਜਾਣ ਲੱਗਾ। ਕਿਉਂਕਿ ਸ੍ਰੋਮਣੀ ਕਮੇਟੀ ਨੇ ਅੰਮ੍ਰਿਤ ਛਕਾਉਣ ਵਾਸਤੇ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰੇ ਥਾਪੇ ਇਸ ਲਈ ਇਹੋ ਪੰਥ ਦੇ ਨੁਮਾਂਇੰਦੇ ਸਮਝੇ ਜਾਣਾ ਵਾਜਬ ਸੀ, ਤੇ ਹੈ। ਪੰਜਾਬੋਂ ਬਾਹਰਲੇ ਦੋ ਤਖਤਾਂ ਦੇ ਜਥੇਦਾਰ ਤਾਂ ਸਿਆਸੀ ਕਾਰਨਾਂ ਕਰਕੇ ਬਹੁਤੀ ਵਾਰ ਪੰਜਾਬ ਦੇ ਹਾਲਾਤ ਅਨੁਸਾਰ ਮੀਟਿੰਗਾਂ ਵਿਚ ਸ਼ਾਮਲ ਹੋਣ ਆਉਂਦੇ ਹੀ ਨਹੀਂ।
ਬੀਤੇ ਕੁਝ ਮਹੀਨਿਆਂ ਦੌਰਾਨ ਸ੍ਰੋਮਣੀ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਦੇ ਮਸਲੇ ਵਿਚ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਸਿਆਸੀ ਤਿਕੜਮਬਾਜ਼ੀ ਕਰਕੇ ਇਊਂ ਵਰਤਿਆ ਕਿ ਇਨ੍ਹਾਂ ਦੀ ਧਾਰਮਿਕ ਪ੍ਰਸੰਗਕਤਾ ਖਤਮ ਹੋ ਗਈ। ਪਹਿਲਾਂ ਡੇਰਾ ਮੁਖੀ ਖਿਲਾਫ ਲਿਆ ਹੁਕਮਨਾਮਾ ਵਾਪਸ ਲੈਣਾ, ਫਿਰ ਪੰਥ ਦੀ ਨਾਰਾਜ਼ਗੀ ਤੋਂ ਡਰਦਿਆਂ ਮੁਆਫੀਨਾਮਾ ਵਾਪਸ ਲੈਣਾ ਪੂਰਨ ਬਚਗਾਨਾ ਹਰਕਤਾਂ ਸਨ, ਜਿਨ੍ਹਾਂ ਸਦਕਾ ਦੁਨੀਆਂ ਦਾ ਹਰੇਕ ਸਿੱਖ ਸ਼ਰਮਿੰਦਾ ਹੋਇਆ।
ਇਸ ਘੋਰ ਆਪਾ-ਧਾਪੀ ਅਤੇ ਸਿਆਸੀ ਹਵਸ ਵਿਚੋਂ ਉਦੋਂ ਰੌਸ਼ਨੀ ਦੀ ਕਿਰਨ ਨਜ਼ਰ ਆਈ ਜਦੋਂ ਅਕਾਲ ਤਖਤ ਦੇ ਪੰਜ ਪਿਆਰਿਆਂ ਨੇ ਤਖਤਾਂ ਦੇ ਜਥੇਦਾਰਾਂ ਵਿਰੁਧ ਜਵਾਬ-ਤਲਬੀ ਦੇ ਸੰਮਨ ਜਾਰੀ ਕਰ ਦਿਤੇ। ਉਧਰੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਜੀ ਨੇ ਪੰਜ ਪਿਆਰਿਆਂ ਨੂੰ ਮੁਅਤਲ ਕਰਨ ਦੇ ਹੁਕਮ ਜਾਰੀ ਕਰਕੇ ਉਨ੍ਹਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕਰ ਦਿਤੀਆਂ ਤਾਂ ਕਿ ਉਨ੍ਹਾਂ ਨੂੰ ਇਕੱਠਿਆਂ ਹੋਣ ਤੋਂ ਰੋਕ ਸਕੀਏ। ਇਹ ਮੁਅਤਲੀਆਂ ਇਊਂ ਕੀਤੀਆਂ, ਜਿਵੇਂ ਦਫਤਰ ਦਾ ਕੋਈ ਸੁਪਰਡੰਟ ਅਪਣੇ ਕਲਰਕਾਂ ਨੂੰ ਸਰਵਿਸ-ਰੂਲਜ਼ ਦਾ ਹਵਾਲਾ ਦੇ ਕੇ ਮੁਅਤਲ ਕਰ ਦਏ। ਇਹ ਫੈਸਲਾ ਪੂਰਨ ਤੌਰ ਤੇ ਬਚਗਾਨਾ ਅਤੇ ਮੰਦਭਾਗਾ ਸੀ। ਜਿਨ੍ਹਾ ਗੁਰਸਿੱਖਾਂ ਨੇ ਇਨ੍ਹਾਂ ਤੋਂ ਅੰਮ੍ਰਿਤ ਛਕਿਆ ਸੀ, ਉਨ੍ਹਾਂ ਨੇ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾ ਪਾਸੋਂ ਨਹੀਂ, ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਸੀ।
ਜਿਸ ਸ੍ਰੋਮਣੀ ਕਮੇਟੀ ਦੀ ਸਥਾਪਨਾ ਸ਼ਾਨਦਾਰ ਖਾਲਸਈ ਪ੍ਰੰਪਰਾਵਾਂ ਦੀ ਰਖਿਆ ਹਿਤ ਹੋਈ ਸੀ, ਉਹੀ ਇਨ੍ਹਾਂ ਪ੍ਰੰਪਰਾਵਾਂ ਨੂੰ ਲੀਰ-ਲੀਰ ਕਰੇਗੀ, ਇਕ ਸਦੀ ਪਹਿਲਾਂ ਇਸ ਦੇ ਸੰਸਥਾਪਕਾਂ ਨੂੰ ਕੀ ਪਤਾ ਸੀ? ਜਪੁਜੀ ਸਾਹਿਬ ਵਿਚਲੇ ਪੰਚ ਪਰਧਾਨੁ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਅਰਿਆਂ ਦੇ ਰੂਪ ਵਿਚ ਪੰਚ ਪਰਵਾਣ ਹੋਏ। ਸੂਖਮ ਰੂਹਾਨੀਅਤ ਸਥੂਲ ਹੋ ਕੇ ਸਥਾਪਤ ਹੋ ਗਈ।
ਪੰਜ ਪਿਆਰਿਆਂ ਨੂੰ ਸਰਵਿਸ ਰੂਲਜ਼ ਦਾ ਹਵਾਲਾ ਦੇ ਕੇ ਬਰਤਰਫ ਕਰਨ ਦੀ ਖਬਰ ਸੁਣੀ ਤਾਂ ਸੋਲਜ਼ੇਨਿਤਸਿਨ ਯਾਦ ਆਇਆ। ਨੋਬਲ ਇਨਾਮਯਾਫਤਾ ਇਸ ਨਾਵਲਕਾਰ ਨੂੰ ਰੂਸੀ ਸਰਕਾਰ ਨੇ ਇਸ ਲਈ ਦੇਸ ਨਿਕਾਲਾ ਦੇ ਦਿਤਾ ਸੀ, ਕਿਉਂਕਿ ਉਹ ਕਮਿਊਨਿਸਟ ਨਹੀਂ ਸੀ, ਸਰਕਾਰ ਦੀ ਆਲੋਚਨਾ ਕਰਦਾ ਸੀ। ਅਮਰੀਕਾ ਵਿਚ ਸਿਆਸੀ ਸ਼ਰਣ ਲੈ ਕੇ ਉਸ ਨੇ 1972 ਵਿਚ ਰੂਸ ਦੀ ਸਰਕਾਰ ਨੂੰ ਇਕ ਖੁਲ੍ਹਾ ਖਤ ਲਿਖਿਆ, ਜਿਸ ਦੀ ਪੰਕਤੀ ਹੈ-“ਤੁਹਾਡੇ ਕੋਲ ਤਾਕਤ ਹੈ, ਬਹੁਤ ਤਾਕਤ। ਇਹ ਤਾਕਤ ਦੇਰ ਤਕ ਰਹੇਗੀ ਤੁਹਾਡੇ ਕੋਲ, ਦੇਰ ਤਕ, ਪਰ ਹਮੇਸ਼ਾਂ ਨਹੀਂ।” ਆਮੀਨ!