ਪਰਵਾਸ ਬੁਨਿਆਦੀ ਤੌਰ ‘ਤੇ ਰੁਜ਼ਗਾਰ ਅਤੇ ਰੋਜ਼ੀ-ਰੋਟੀ ਨਾਲ ਜੁੜਿਆ ਮਸਲਾ ਹੈ ਅਤੇ ਇਸ ਦਾ ਬੰਦੇ ਨਾਲ ਰਿਸ਼ਤਾ ਮੁੱਢ-ਕਦੀਮ ਤੋਂ ਹੈ। ਇਸ ਦੌਰਾਨ ਪਰਵਾਸ ਵੱਖ ਵੱਖ ਰੂਪਾਂ ਵਿਚੋਂ ਗੁਜ਼ਰਦਿਆਂ ਹੁਣ ਜਿਸ ਮੁਕਾਮ ਉਤੇ ਪੁੱਜ ਗਿਆ ਹੈ, ਉਸ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਹੋਰ ਪੱਖ ਵੀ ਜੁੜ ਗਏ ਹਨ। ਆਪਣੇ ਪੰਜਾਬ ਨਾਲ ਸਬੰਧਤ ਪੱਖਾਂ ਦੀ ਹੀ ਗੱਲ ਕਰੀਏ ਤਾਂ 21ਵੀਂ ਸਦੀ ਤੱਕ ਪਹੁੰਚਦਿਆਂ, ਪਰਵਾਸ ਅਤੇ ਪੰਜਾਬ ਇਕ ਸਿੱਕੇ ਦੇ ਦੋ ਪਾਸੇ ਜਾਪਣ ਲੱਗ ਪਏ ਹਨ। ਪੰਜਾਬੀ ਬੰਦੇ ਲਈ ਵਿਦੇਸ਼ਾਂ ਵੱਲ ਪਰਵਾਸ ਦੇ ਮਾਅਨੇ ਹੁਣ ਬਹੁਤ ਵਿਰਾਟ ਹੋ ਚੁੱਕੇ ਹਨ। ਪੰਜਾਬੀਆਂ ਲਈ ਪਰਵਾਸ ਹੁਣ ਰੋਜ਼ੀ-ਰੋਟੀ ਤੋਂ ਰਤਾ ਕੁ ਅਗਾਂਹ ਨਿਕਲ ਗਿਆ ਹੈ; ਕੁਝ ਕੁ ਤਬਕਿਆਂ ਲਈ ਤਾਂ ਜ਼ਰੂਰ ਹੀ। ਇਕ ਗੱਲ ਹੋਰ ਵੀ ਹੈ, ਹੁਣ ਤੱਕ ਇਹ ਪਰਵਾਸ ਇਕ ਪਾਸੜ ਅਮਲ ਰਿਹਾ ਹੈ। ਇਹ ਇਕੱਲੇ ਪੰਜਾਬ ਹੀ ਨਹੀਂ, ਸਗੋਂ ਸੰਸਾਰ ਵਿਚ ਜਿੱਥੇ ਕਿਤੇ ਵੀ ਇਹ ਅਮਲ ਚੱਲ ਰਿਹਾ ਹੈ, ਉਸ ਬਾਰੇ ਇਹੀ ਸੱਚ ਹੈ। ਪਰਵਾਸੀਆਂ ਦੀ ਵਾਪਸੀ ਦੀਆਂ ਮਿਸਾਲਾਂ ਉਂਗਲਾਂ ਉਤੇ ਗਿਣਨ ਜੋਗੀਆਂ ਹਨ। ਇਨ੍ਹਾਂ ਵਿਚੋਂ ਇਕ, ਨਿੱਗਰ ਅਤੇ ਬੇਮਿਸਾਲ ਮਿਸਾਲ ਪੰਜਾਬ ਨਾਲ ਸਬੰਧਤ ਹੈ ਜਦੋਂ 20ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਕੈਨੇਡਾ-ਅਮਰੀਕਾ ਗਏ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਖਾਤਰ ਦੇਸ਼ ਵੱਲ ਵਹੀਰਾਂ ਘੱਤ ਲਈਆਂ ਸਨ। ਇਹ ਉਹ ਦੇਸ਼ ਭਗਤ ਗਦਰੀ ਸਨ ਜੋ ਵਿਦੇਸ਼ਾਂ ਵਿਚ ਕਮਾਈ ਕਰਨ ਗਏ ਸਨ, ਪਰ ਆਜ਼ਾਦੀ ਖਾਤਰ ਵਾਪਸ ਵਤਨ ਵੱਲ ਚੱਲ ਪਏ। ਇੱਦਾਂ ਦਾ ਵੇਰਵਾ ਸੰਸਾਰ ਇਤਿਹਾਸ ਵਿਚ ਵਿਰਲਾ-ਟਾਵਾਂ ਹੀ ਹੈ।
ਜਲੰਧਰ ਵਿਚ ਹਾਲ ਹੀ ਵਿਚ ਹੋਇਆ ਪੰਜਾਬੀ ਪਰਵਾਸੀ ਜਲਸਾ ਅਤੇ ਇਸ ਤੋਂ ਪਹਿਲਾਂ ਹੋਏ ਅਜਿਹੇ ਸਮਾਗਮ ਪਰਵਾਸੀਆਂ ਨੂੰ ਗਦਰੀਆਂ ਵਾਲਾ ਇਤਿਹਾਸ ਦੁਹਰਾਉਣ ਦਾ ਹੀ ਸੱਦਾ ਹੈ। ਫਰਕ ਸਿਰਫ ਇੰਨਾ ਹੈ ਕਿ ਉਦੋਂ ਗਦਰੀਆਂ ਨੇ ਆਪਣੇ ਵਤਨ ਦੀ ਮਾੜੀ ਹਾਲਤ ਬਾਰੇ ਖੁਦ ਮਹਿਸੂਸ ਕੀਤਾ ਸੀ; ਹੁਣ ਪਰਵਾਸੀਆਂ ਨੂੰ ਇਹ ਜਚਾਇਆ ਜਾ ਰਿਹਾ ਹੈ ਕਿ ਪੰਜਾਬ ਵਿਚ ਨਿਵੇਸ਼ ਲਈ ਹਾਲਾਤ ਬਹੁਤ ਸਾਜ਼ਗਾਰ ਹਨ। ਇਉਂ ਬਿਨਾਂ ਸ਼ੱਕ, ਆਰਥਿਕਤਾ ਦਾ ਮੁੱਦਾ ਸੁੱਤੇ-ਸਿੱਧ ਹੀ ਨਾਲ ਜੁੜ ਗਿਆ ਹੈ। ਗਦਰੀਆਂ ਵੇਲੇ ਅਜਿਹਾ ਨਹੀਂ ਸੀ। ਖੈਰ! ਪਰਵਾਸੀਆਂ ਦੇ ਪੰਜਾਬ ਵਿਚ ਨਿਭਾਏ ਜਾਣ ਵਾਲੇ ਅਹਿਮ ਰੋਲ ਬਾਰੇ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ। ਇਸ ਨੂੰ ਇਹ ਵੀ ਸੂਹ ਹੈ ਕਿ ਇਹ ਪਰਵਾਸੀ, ਪੰਜਾਬ ਵਿਚ ਨਿਵੇਸ਼ ਲਈ ਵੀ ਤਿਆਰ ਹਨ। ਮਸਲਾ ਹੁਣ ਉਹ ਮਾਹੌਲ ਸਿਰਜਣ ਦਾ ਹੈ ਜਿਸ ਬਾਰੇ ਭਾਸ਼ਣਾਂ ਵਿਚ ਬਥੇਰਾ ਜ਼ਿਕਰ ਹੁੰਦਾ ਹੈ। ਉਂਜ, ਅਜੇ ਤੱਕ ਇਕ ਵੀ ਅਜਿਹੀ ਮਿਸਾਲ ਕਾਇਮ ਨਹੀਂ ਹੋਈ ਕਿ ਕਿਸੇ ਪਰਵਾਸੀ ਨੇ ਕੋਈ ਕਾਰਜ ਅਰੰਭਿਆ ਹੋਵੇ, ਅਤੇ ਬਿਨਾਂ ਦਿੱਕਤ ਇਸ ਨੂੰ ਸਿਰੇ ਚਾੜ੍ਹਨ ਵਿਚ ਸਫਲਤਾ ਮਿਲੀ ਹੋਵੇ। ਇਸ ਮਾਮਲੇ ਵਿਚ ਪਰਵਾਸੀਆਂ ਦਾ ਸਭ ਤੋਂ ਵੱਡਾ ਉਜਰ ਲਾਲ ਫੀਤਾਸ਼ਾਹੀ ਬਾਰੇ ਰਿਹਾ ਹੈ। ਸਰਕਾਰੀ ਅਫਸਰ ਅਤੇ ਮੁਲਾਜ਼ਮ ਇਨ੍ਹਾਂ ਪਰਵਾਸੀਆਂ ਨੂੰ ਜਿੰਨਾ ਖੱਜਲ ਕਰਦੇ ਅਤੇ ਲੁੱਟਦੇ ਹਨ, ਇਸ ਦੀ ਮਿਸਾਲ ਲੱਭਣੀ ਔਖੀ ਹੈ। ਇਸ ਦਾ ਅਸਲ ਕਾਰਨ ਤਾਂ ਉਹ ਬੁਨਆਦੀ ਢਾਂਚਾ ਹੈ ਜਿਸ ਵਿਚ ਅੱਜ ਸਭ ਕਠਪੁਤਲੀਆਂ ਵਾਂਗ ਨੱਚ ਰਹੇ ਹਨ, ਪਰ ਪਰਵਾਸੀਆਂ ਲਈ ਨਿਵੇਸ਼ ਖਾਤਰ ਰਾਹ ਬਣਾਉਣੇ ਆਖਰਕਾਰ ਸਰਕਾਰ ਦਾ ਹੀ ਕੰਮ ਹੈ। ਇਹ ਸਾਰੀਆਂ ਗੱਲਾਂ ਪਰਵਾਸੀ ਸਮਾਗਮ ਵਿਚ ਉਭਰ ਕੇ ਸਾਹਮਣੇ ਆਈਆਂ ਹਨ ਅਤੇ ਸਮਾਗਮ ਵਿਚ ਪੁੱਜੇ ਪਰਵਾਸੀਆਂ ਨੇ ਬਾਕਾਇਦਾ ਸਟੇਜ ਤੋਂ ਇਹ ਗੱਲਾਂ ਸਭ ਨਾਲ ਸਾਂਝੀਆਂ ਵੀ ਕੀਤੀਆਂ।
ਅਜਿਹੇ ਹਾਲਾਤ ਵਿਚ ਮੀਡੀਆ ਦਾ ਰੋਲ ਅਹਿਮ ਹੁੰਦਾ ਹੈ ਅਤੇ ਇਹ ਕੜੀ ਦਾ ਕੰਮ ਕਰ ਸਕਦਾ ਹੈ। ਅਫਸੋਸ ਕਿ ਸਰਕਾਰ ਨੇ ਇਸ ਪਾਸੇ ਅਜੇ ਪਹਿਲੀ ਪੂਣੀ ਵੀ ਨਹੀਂ ਕੱਤੀ। ਦੂਜੇ ਬੰਨੇ, ਪੰਜਾਬੀ ਮੀਡੀਆ ਵੀ ਪੇਸ਼ੇਵਰ ਪਹੁੰਚ ਅਪਨਾਉਣ ਦੀ ਥਾਂ, ਬਹੁਤ ਉਰੇ ਉਰੇ ਹੀ ਸਰਕਾਰ ਦੇ ਦਰਬਾਰ ਵਿਚ ਮੱਥਾ ਟੇਕ ਦਿੰਦਾ ਹੈ। ਇਉਂ ਸਰਕਾਰ ਨਾਲ ਮੱਥਾ ਲਾਉਣ ਵਾਲਾ ਅਮਲ ਵਿਚਾਲਿਉਂ ਟੁੱਟ ਜਾਂਦਾ ਹੈ। ਮੁੱਖ ਧਾਰਾ ਵਾਲਾ ਪੰਜਾਬੀ ਮੀਡੀਆ ਇਸ ਰਾਹ ਪਿਆ ਹੋਇਆ ਹੈ ਅਤੇ ਪਰਵਾਸੀ ਮੀਡੀਆ ਦੀ ਝਾਕ ਵੀ ਇਹੀ ਜਾਪਦੀ ਹੈ। ਸਮਾਗਮ ਦੌਰਾਨ ਪਰਵਾਸੀ ਮੀਡੀਆ ਨਾਲ ਸਬੰਧਤ ਕੁਝ ਕਾਰਿੰਦਿਆਂ ਦੀ ਸਰਗਰਮੀ ਨੇ ਇਹ ਚੁਗਲੀ ਕਰ ਵੀ ਦਿੱਤੀ ਹੈ। ਇਹੀ ਉਹ ਮੋੜ ਹੈ ਜਿਸ ਉਤੇ ਪਹੁੰਚ ਕੇ ਮੀਡੀਆ ਆਪਣਾ ਮਿਸ਼ਨ ਭੁੱਲ ਕੇ ਮਾਇਆ ਦੇ ਰਾਹ ਪੈ ਜਾਂਦਾ ਰਿਹਾ ਹੈ। ਮੀਡੀਆ ਲਈ ਮਾਇਆ, ਬਿਨਾਂ ਸ਼ੱਕ, ਵੱਡੀ ਲੋੜ ਹੈ, ਪਰ ਇਹ ਮਸਲਾ ਸੀਮਾ ਦੇ ਅੰਦਰ ਅੰਦਰ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿਚ ਗਦਰੀ ਮਿਸਾਲ ਬਣ ਸਕਦੇ ਹਨ ਅਤੇ ਰਾਹ ਦਸੇਰੇ ਵੀ। ਮੀਡੀਆ ਅਤੇ ਮਿਸ਼ਨ ਦੇ ਜਿਹੜੇ ਦਾਈਏ ਇਨ੍ਹਾਂ ਗਦਰੀਆਂ ਨੇ ਬੰਨ੍ਹੇ ਸਨ, ਉਨ੍ਹਾਂ ਨੂੰ ਗਾਡੀਰਾਹ ਬਣਾਉਣ ‘ਤੇ ਜ਼ੋਰ ਹੋਣਾ ਚਾਹੀਦਾ ਹੈ।
ਸਰਕਾਰ ਭਾਵੇਂ ਪਰਵਾਸੀ ਸਮਾਗਮ ਦੌਰਾਨ ਗਦਰੀਆਂ ਨੂੰ ਭੁੱਲ ਹੀ ਗਈ ਸੀ, ਪਰ ਜੇ ਪੰਜਾਬ ਅਤੇ ਪਰਵਾਸ ਦੀਆਂ ਗਲਵੱਕੜੀਆਂ ਪੁਆਉਣੀਆਂ ਹਨ ਤਾਂ ਫਿਲਹਾਲ ਪਰਵਾਸੀਆਂ ਖਾਤਰ ਮਾਹੌਲ ਸਾਜ਼ਗਾਰ ਬਣਾਉਣਾ ਤਰਜੀਹ ਹੋਣੀ ਚਾਹੀਦੀ ਹੈ। ਇਹੀ ਇਨ੍ਹਾਂ ਗਦਰੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਏ ਸਾਲ ਪਰਵਾਸੀਆਂ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਸ਼ਿਕਾਇਤਾਂ ਜਾਇਦਾਦਾਂ ਉਤੇ ਕਬਜ਼ੇ ਨਾਲ ਸਬੰਧਤ ਹਨ। ਜ਼ਾਹਿਰ ਹੈ ਕਿ ਜਿੰਨਾ ਚਿਰ ਪਰਵਾਸੀਆਂ ਦੀਆਂ ਲੋੜਾਂ-ਥੁੜਾਂ ਵੱਲ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ, ਅਜਿਹੇ ਪਰਵਾਸੀ ਸਮਾਗਮਾਂ ਦੀ ਕੋਈ ਸਾਰਥਿਕਤਾ ਨਹੀਂ ਬਣਨੀ। ਖੁਦ ਪਰਵਾਸੀ ਪੰਜਾਬੀ ਆਪਣੀ ਮਿੱਟੀ ਨਾਲ ਜੁੜਨ ਲਈ ਅਹੁਲ ਰਹੇ ਹਨ ਅਤੇ ਉਨ੍ਹਾਂ ਨੇ ਵੱਖ ਵੱਖ ਮੌਕਿਆਂ ‘ਤੇ ਅਜਿਹੀਆਂ ਭਾਵਨਾਵਾਂ ਜ਼ਾਹਿਰ ਵੀ ਕੀਤੀਆਂ ਹਨ। ਹੁਣ ਲੋੜ ਇਨ੍ਹਾਂ ਭਾਵਨਾਵਾਂ ਦੀ ਕਦਰ ਕਰਨ ਅਤੇ ਇਸ ਸਬੰਧੀ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ। ਜਿੰਨਾ ਚਿਰ ਇਸ ਹਕੀਕਤ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ। ਪਿਛਲੇ ਸਮੇਂ ਦੌਰਾਨ ਇਹੀ ਸਾਬਤ ਹੁੰਦਾ ਰਿਹਾ ਹੈ। ਅਜਿਹੇ ਸਮਾਗਮਾਂ ਦੀ ਸਾਰਥਿਕਤਾ ਹੁਣ ਇਸ ਨੁਕਤੇ ‘ਤੇ ਕੇਂਦਰਿਤ ਹੋਵੇਗੀ ਕਿ ਸਰਕਾਰ ਪਰਵਾਸੀਆਂ ਨੂੰ ਵਤਨ ਵਾਪਸੀ ਲਈ ਕਿੰਨਾ ਕੁ ਯਕੀਨ ਦਿਵਾ ਸਕਦੀ ਹੈ।
Leave a Reply