‘ਪੰਜਾਬ ਟਾਈਮਜ਼’ ਦੇ ਪਾਠਕ ਕਾਨਾ ਸਿੰਘ ਦੇ ਨਾਂ ਤੋਂ ਭਲੀ-ਭਾਂਤ ਵਾਕਿਫ ਹਨ। ਉਨ੍ਹਾਂ ਦੀ ਲੜੀਵਾਰ ਲਿਖਤ ‘ਚਿੱਤ-ਚੇਤਾ’ ਪਰਚੇ ਦੇ ਪੰਨਿਆਂ ਰਾਹੀਂ ਉਨ੍ਹਾਂ ਤੱਕ ਪੁੱਜ ਰਹੀ ਹੈ। ਸਾਡੇ ਇਕ ਹੋਰ ਕਾਲਮਨਵੀਸ ਅਤੇ ਉਘੇ ਕਹਾਣੀਕਾਰ ਗੁਲਜ਼ਾਰ ਸਿੰਧ ਸੰਧੂ ਨੇ ਕਾਨਾ ਸਿੰਘ ਬਾਰੇ ਸ਼ਬਦ ਚਿੱਤਰ ਲਿਖਿਆ ਹੈ ਜਿਸ ਵਿਚ ਕਾਨਾ ਸਿੰਘ ਦੇ ਜੀਵਨ ਅਤੇ ਲਿਖਤਾਂ ਉਤੇ ਭਰਪੂਰ ਝਾਤੀ ਪਾਈ ਗਈ ਹੈ।
-ਸੰਪਾਦਕ
ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਦੀਆਂ ਜੀਵਤ ਲੇਖਕਾਵਾਂ ਵਿਚੋਂ ਕਾਨਾ ਸਿੰਘ ਹੀ ਹੈ, ਜੋ ਅਣਵੰਡੇ ਪੰਜਾਬ ਦੀ ਪ੍ਰਤੀਨਿਧਤਾ ਕਰਦੀ ਹੈ। ਪੋਠੋਹਾਰ ਦੀ ਬਹੁਤੀ। ਉਹ ਪੋਠੋਹਾਰ ਦੀ ਜੰਮਪਲ ਹੈ। ਉਸ ਦੀਆਂ ਰਗਾਂ ਵਿਚ ਪੋਠੋਹਾਰ ਦੀ ਆਦਿ ਦੇਵੀ ਦਾ ਲਹੂ ਵਗਦਾ ਹੈ। ਉਸ ਨੇ ਉਸ ਖਿੱਤੇ ਦੀਆਂ ਮਹਿਲਾਵਾਂ ਦੀ ਮਿਸਾਲੀ ਖ਼ੂਬਸੂਰਤੀ ਨੂੰ ਕਵਿਤਾ ਦੀ ਮਸ਼ਾਲ ਨਾਲ ਉਜਾਗਰ ਕੀਤਾ ਹੈ।
ਕਾਨਾ ਬੇਬਾਕ ਲੇਖਿਕਾ ਹੈ। ਉਹ ਸਥਾਪਤ ਮਰਿਆਦਾ ਨੂੰ ਤੋੜਦੀ ਹੈ। ਉਹ ਕਥਾ ਬੁਣਨ ਸਮੇਂ ਭਾਵੁਕ, ਬਣਤਰ ਵੇਲੇ ਪ੍ਰਗੀਤਕ ਤੇ ਆਪਣੀ ਧਾਰਨਾ ਨੂੰ ਸਥਾਪਤ ਕਰਨ ਵੇਲੇ ਤਰਕਸ਼ੀਲ ਹੁੰਦੀ ਹੈ। ਖ਼ੂਬੀ ਇਹ ਹੈ ਕਿ ਉਹ ਸਥਾਪਤ ਮਰਿਆਦਾ ਤੋਂ ਵੱਖਰਾ ਮਾਰਗ ਅਪਨਾਉਂਦੇ ਸਮੇਂ ਹਿੰਸਕ ਨਹੀਂ ਹੁੰਦੀ।
ਓਧਰਲੇ ਪੰਜਾਬ ਦੇ ਪਾਠਕ ਉਸ ਦੀ ਭਾਵਨਾ ਦਾ ਸਤਿਕਾਰ ਕਰਦੇ ਹਨ। ਉਸ ਨੇ ਉਨ੍ਹਾਂ ਦਾ ਪਿਆਰ ਤੇ ਵਿਸ਼ਵਾਸ ਆਪਣੀ ਵਾਰਤਕ ਤੇ ਕਵਿਤਾ ਦੀ ਸੂਖ਼ਮ ਵਿਧੀ ਨਾਲ ਜਿੱਤਿਆ ਹੈ। ਅੰਮ੍ਰਿਤਾ ਪ੍ਰੀਤਮ ਵਾਂਗ ਕਬਰਾਂ ਵਿਚ ਸੁੱਤੇ ਵਾਰਿਸ ਸ਼ਾਹ ਨੂੰ ਹਾਕਾਂ ਮਾਰ ਕੇ ਨਹੀਂ। ਉਹ ਕਿਵੇਂ ਲਿਖਦੀ ਹੈ, ਉਸ ਦੇ ਆਪਣੇ ਸ਼ਬਦਾਂ ਵਿਚ: “ਕਲਮ ਮੇਰੇ ਅੰਦਰ ਦੇ ਬਾਲਕ ਦਾ ਖਿਡੌਣਾ ਹੈ। ਹਰ ਕੌੜੇ-ਮਿੱਠੇ ਤਜਰਬੇ ਨਾਲ ਦੋ-ਚਾਰ ਹੋਣ ਵਾਸਤੇ ਇਹ ਖਿਡੌਣਾ ਮੈਨੂੰ ਤਾਕਤ ਬਖ਼ਸ਼ਦਾ ਹੈ। ਖੇਡ ਵਿਚ ਹਿੰਸਾ ਅਤੇ ਅਹਿੰਸਾ ਨਾਲੋ-ਨਾਲ ਤੁਰਦੀਆਂ ਹਨ। ਰਚਨਾ ਦੀ ਸਿਰਜਣ ਪ੍ਰਕਿਰਿਆ ਦੌਰਾਨ ਮੈਂ ਹਿੰਸਕ ਹੁੰਦੀ ਹਾਂ। ਖ਼ਿਆਲਾਂ ਨਾਲ ਖਹਿੰਦੀ-ਭਿੜਦੀ, ਹਾਰਨ ਤੋਂ ਤ੍ਰਹਿਕਦੀ-ਸਹਿਮਦੀ ਅਤੇ ਜਿੱਤ ਲਈ ਜੂਝਦੀ, ਪਰ ਸਿਰਜਣਾ ਦੀ ਸੋਧ ਪ੍ਰਕਿਰਿਆ ਦੌਰਾਨ ਮੈਂ ਬਿਲਕੁਲ ਅਹਿੰਸਕ ਹੁੰਦੀ ਹਾਂ-ਸ਼ਾਂਤ ਅਡੋਲ ਵਹਿੰਦੀ ਨਦੀ ਦੀ ਸਹਿਜ ਅਵਸਥਾ ਵਿਚ। ਸਾਹਿਤ ਸਿਰਜਣਾ ਮੇਰੇ ਲਈ ਯਾਤਰਾ ਨਹੀਂ ਸਗੋਂ ਸੈਰ ਹੈ। ਯਾਤਰਾ ਤੁਸੀਂ ਮੰਜ਼ਿਲ ਨੂੰ ਮਿਥ ਕੇ ਅਰੰਭਦੇ ਹੋ, ਪੂਰੀ ਚੇਤੰਨਤਾ ਨਾਲ; ਪਰ ਸੈਰ ਦੌਰਾਨ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਜਾਣ ਦਾ ਸਬੱਬ ਬਣ ਜਾਵੇ ਅਤੇ ਕਿੱਧਰ ਜਾਂਦੇ-ਜਾਂਦੇ ਤੁਸੀਂ ਕਿਧਰ ਜਾ ਨਿਕਲੋ।”
ਉਹ ਜਾਣੇ-ਅਣਜਾਣੇ ਫਲੈਸ਼ਬੈਕ ਤਕਨੀਕ ਵਰਤਦੀ ਹੈ। ਉਸ ਨੂੰ ਪੜ੍ਹਦੇ ਸਮੇਂ ਪਾਠਕ ਨੂੰ ਇਉਂ ਜਾਪਦਾ ਹੈ ਕਿ ਉਸ ਨੂੰ ਕਿਸੇ ਇੱਕ ਨੁਕਤੇ ਉਤੇ ਖੜ੍ਹਾ ਕਰ ਕੇ ਕਿਸੇ ਪਿਛਲੀ ਦੁਨੀਆਂ ਵਿਚ ਗੁੰਮ ਜਾਂਦੀ ਹੈ, ਪਰ ਛੇਤੀ ਹੀ ਮੁੜ ਉਸ ਦੀ ਉਂਗਲ ਫੜ ਕੇ ਉਸ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸ ਨੇ ਇਹ ਗੁਣ ਆਪਣੀ ਨਿਤਾ-ਪ੍ਰਤੀ ਗੱਲਬਾਤ ਦੀ ਸ਼ੈਲੀ ਵਿਚੋਂ ਚੁੱਕਿਆ ਹੈ। ਉਸ ਦੇ ਪੋਠੋਹਾਰੀ ਮਾਪੇ ਵੀ ਗੱਲਬਾਤ ਕਰਦੇ ਸਮੇਂ ਪਿਛਲ ਜਗਤ ਵਿਚ ਵਿਚਰਨ ਲੱਗਦੇ ਸਨ। ਇਸ ਤਰ੍ਹਾਂ ਉਹ ਕਿਸੇ ਇੱਕ ਘਟਨਾ ਦੇ ਅੱਗੇ-ਪਿੱਛੇ ਪੂਰੀ ਕਾਇਨਾਤ ਸਿਰਜਣ ਦੇ ਯੋਗ ਹੋ ਜਾਂਦੀ ਹੈ।
ਵੱਡੀ ਗੱਲ ਇਹ ਕਿ ਉਹ ਨਿਸ਼ੰਗ ਲੇਖਿਕਾ ਹੈ। ਉਹ ਵਾਸਨਾ ਨੂੰ ਮੁੱਠੀ ਵਿਚ ਮੀਚਣ ਨਾਲੋਂ ਇਸ ਦੀ ਬੁੱਕਲ ਮਾਰ ਕੇ ਤੱਤੀਆਂ-ਠੰਢੀਆਂ ਹਵਾਵਾਂ ਵਿਚ ਵਿਚਰਦੀ ਹੈ। ਇਹ ਹਵਾਵਾਂ ਬੁੱਕਲ ਦੇ ਰੇਸ਼ਿਆਂ ਰਾਹੀਂ ਉਸ ਦੇ ਧੁਰ ਅੰਦਰ ਨੂੰ ਰੁਸ਼ਨਾਉਂਦੀਆਂ ਤੇ ਆਤਮਾ ਨੂੰ ਤ੍ਰਿਪਤ ਕਰਦੀਆਂ ਹਨ।
ਉਹ ਕਵਿਤਾ ਲਿਖੇ, ਕਹਾਣੀ, ਵਾਰਤਾਲਾਪ ਜਾਂ ਵਾਰਤਕ, ਉਸ ਦੀ ਲਿਖਤ ਵਿਚ ਨਾ ਹੀ ਲੇਸਲੀ ਭਾਵੁਕਤਾ ਹੈ, ਨਾ ਹੀ ਡੁੱਲ੍ਹ-ਡੁੱਲ੍ਹ ਪੈਂਦੀ ਉਥਲ-ਪੁੱਥਲ। ਉਹ ਆਪਣੇ ਅੰਦਰਲੇ ਵੇਗ ਨੂੰ ਪ੍ਰਗਟ ਕਰਨ ਸਮੇਂ ਜਿਵੇਂ ਆਪਣੀ ਰੂਹ ਦਾ ਅਨੁਵਾਦ ਕਰ ਰਹੀ ਹੁੰਦੀ ਹੈ। ਮਨੁੱਖੀ ਸਬੰਧਾਂ ਦੀ ਕਹਾਣੀ ਪਾ ਕੇ ਤੇ ਮਨੁੱਖੀ ਮਨ ਦੀਆਂ ਅਥਾਹ ਪਰਤਾਂ ਨੂੰ ਸਮਾਜਕ ਰਿਸ਼ਤਿਆਂ ਵਿਚ ਪਰੋ ਕੇ।
“ਸਾਡੀ ਇਮਾਰਤ ਦੇ ਥਲਵੇਂ ਸਭ ਤੋਂ ਵੱਡੇ ਤੇ ਪ੍ਰਮੁੱਖ ਭਾਗ ਵਿਚ ਰਹਿੰਦਾ ਸੀ ਅਸ਼ਕ। ਓਮ ਪ੍ਰਕਾਸ਼ ਅਸ਼ਕ। ਸਾਹਿਰ ਲੁਧਿਆਣਵੀ ਦਾ ਹਮਉਮਰ ਤੇ ਲੰਗੋਟੀਆ ਯਾਰ। ਉਹਦੇ ਵਾਂਗ ਹੀ ਇਕੱਲਾ ਤੇ ਆਦੀ ਛੜਾ। ਅਸ਼ਕ ਦਾ ਰਸੋਈਆ ਸੀ, ਚਾਂਦ। ਸੂਖ਼ਮ ਸਰੀਰ, ਗੋਰਾ-ਚਿੱਟਾ, ਘੁੰਗਰਾਲੇ ਵਾਲ, ਅਪਟੂਡੇਟ ਤੇ ਖੂਬਸੂਰਤ ਉਰਦੂ ਲਹਿਜਾ। ਕਰਤਾ-ਧਰਤਾ ਤੇ ਮੁਖਤਿਆਰ। ਬੰਗਲੇ ਤੇ ਉਸ ਦੇ ਆਊਟ ਹਾਊਸਾਂ ਵਿਚ ਵੱਸਦੇ ਪਰਿਵਾਰਾਂ ਦਾ ਚਹੇਤਾ। ਭਾਈਜਾਨਾਂ ਦਾ ਦੋਸਤ ਤੇ ਭਾਬੀ ਜਾਨਾਂ ਦਾ ਦੇਵਰ ਸੀ ਚਾਂਦ।”
ਇਹ ਹੈ ਕਾਨਾ ਸਿੰਘ ਦੀ ਰੇਖਾ-ਚਿੱਤਰ ਸ਼ੈਲੀ। ਕਾਨਾ ਹੈ ਹੀ ਸ਼ੈਲੀ-ਬੱਧ ਜੀਵ।
“ਜਦ ਤਕ ਸੁਹਣੀ ਤਰ੍ਹਾਂ ਵਾਲ ਨਾ ਵਾਹੇ ਹੋਣ, ਸਾਫ਼-ਸੁਥਰੀ ਫੱਬਵੀਂ ਪੁਸ਼ਾਕ ਨਾ ਪਾਈ ਹੋਵੇ, ਹੋਠਾਂ ਉਤੇ ਗੁਲਾਬੀ ਭਾਅ ਨਾ ਹੋਵੇ, ਸਮੁੱਚੇ ਆਪੇ ‘ਚ ਭਿੰਨੀ-ਭਿੰਨੀ ਸੁਗੰਧ ਨਾ ਹੋਵੇ ਤੇ ਸ਼ੀਸ਼ਾ ਪਿਆਰ ਦਾ ਹੁੰਗਾਰਾ ਨਾ ਭਰੇ, ਉਹ ਕਿਸੇ ਸਨੇਹੀ ਮਿੱਤਰ ਨੂੰ ਫੋਨ ਨਹੀਂ ਕਰ ਸਕਦੀ, ਚਿੱਠੀ ਵੀ ਨਹੀਂ ਲਿਖ ਸਕਦੀ।” ਉਹ ਕਹਿੰਦੀ ਹੈ।
ਕਾਨਾ ਜੀਵਿਤ ਰੂਹ ਹੈ। ਸਦਾ ਉਤਸੁਕ। ਸਦਾ ਚੰਚਲ ਤੇ ਅਸਮਾਨੀਂ ਉਡਣ ਲਈ ਤਤਪਰ। ਤਾਰੇ ਤੋੜਨ ਦੀ ਚਾਹਵਾਨ। ਸਾਹਿਰ ਲੁਧਿਆਣਵੀ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਤਾਰਾ ਸਿੰਘ ਕਾਮਲ, ਇਮਰੋਜ਼æææ ਕਿਸੇ ਨਾਲ ਵੀ ਏਨਾ ਨੇੜ ਨਹੀਂ ਜਿੰਨੀ ਨੇੜ ਦੀ ਤਮੰਨਾ। ਫੈਂਟੇਸੀ ਸਿਰਜਣ ਦੀ ਲੋਚਾ। ਬੇਬਾਕ ਤੇ ਨਿਸੰਗ, ਪਰ ਸਪੀਡ ਬਰੇਕਰਾਂ ਤੋਂ ਬਚਣ ਵਾਲੀ। ਪਿਆਰ ਤੇ ਸਤਿਕਾਰ ਦੇ ਪਾਤਰਾਂ ਵਿਚ ਥਾਂ-ਥਾਂ ਕਾਨਾ ਤੇ ਉਸ ਦੀ ਕਵਿਤਾ, ਉਸ ਦਾ ਬੱਚਾ, ਉਸ ਦਾ ਵੀਰ ਜੀ, ਉਸ ਦਾ ਆਲਾ-ਦੁਆਲਾ ਤੇ ਸਮਾਜ। ਤੇ ਗੱਲ-ਗੱਲ ‘ਤੇ ਪੁਸ਼ਟੀ ਦੀ ਇੱਛਾ। “ਹੈ ਨਾ?”
ਹਰ ਕੰਮ ਨਿਸ਼ਚੇ ਨਾਲ ਕਰਨ ਵਾਲੀ ਕਾਨਾ ਨੂੰ ਕਿਸੇ ਅਣਜਾਣ ਬੰਦੇ ਨਾਲ ਮੁਲਾਕਾਤ ਵੀ ਕਰਨੀ ਪਵੇ ਤਾਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਪੁਲੰਦਾ ਪਹਿਲਾਂ ਤਿਆਰ ਕਰਦੀ ਹੈ। ਰੇਖਾ-ਚਿੱਤਰ ਲਿਖਣ ਵੇਲੇ ਚੇਤੇ ਵਿਚ ਵਸੇ ਨੁਕਤਿਆਂ ਨੂੰ ਉਂਗਲਾਂ ਦੇ ਪੋਟਿਆਂ ਉਤੇ ਲਾਹ ਲੈਂਦੀ ਹੈ। ਮੈਂ ਉਸ ਨੂੰ ਸਵੈ-ਸੇਵੀ ਸੰਸਥਾਵਾਂ ਦੀ ਸਕੱਤਰੀ ਕਰਦਿਆਂ ਵੀ ਤੱਕਿਆ ਹੈ ਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਵੀ। ਉਹ ਮੱਥੇ ਵੱਟ ਨਹੀਂ ਪਾਉਂਦੀ। ਇਹ ਗੁਣ ਉਸ ਦੀਆਂ ਲਿਖਤਾਂ ਵਿਚ ਵੀ ਹੈ। ਉਹ ਬੀਤੇ ਤੇ ਵਰਤਮਾਨ ਦੀ ਕੁੜੱਤਣ ਨੂੰ ਪਿਛੋਕੜ ਦੀ ਮਿੱਠਤ ਨਾਲ ਰਲਾ ਕੇ ਅੱਗੇ ਦੀ ਸੋਚਣ ਲੱਗ ਜਾਂਦੀ ਹੈ। ਖੱਟੇ-ਮਿੱਠੇ ਨੂੰ ਉਲੰਘਦੀ ਤੇ ਕੌੜੇ-ਕੁਸੈਲੇ ਨੂੰ ਛਲਾਂਗ ਮਾਰ ਕੇ ਪਾਰ ਕਰਦੀ। ਕਾਨਾ ਨੇ ਗੁਰਬਖਸ਼ ਸਿੰਘ ਦੇ ਪ੍ਰਚਾਰੇ ਸਾਂਵੇਂ ਪੱਧਰੇ ਜੀਵਨ ਤੋਂ ਵੱਖਰਾ ਰਾਹ ਉਲੀਕਿਆ ਹੈ।
ਇਹ ਨੁਕਤੇ ਜਾਂ ਟਿੱਪਣੀਆਂ ਕਾਨਾ ਸਿੰਘ ਦੇ ਰੇਖਾ ਚਿੱਤਰਾਂ ਬਾਰੇ ਹਨ ਜਿਹੜੇ 1999 ਵਿਚ ‘ਰੂਹ ਦਾ ਅਨੁਵਾਦ’ ਨਾਂ ਦੀ ਪੁਸਤਕ ਵਿਚ ਛਪੇ, ਫਿਰ ਨਵੇਂ ਚਿੱਤਰਾਂ ਤੇ ਪੁਰਾਣਿਆਂ ਦੇ ਨਵੇਂ ਨਾਵਾਂ ਨਾਲ ‘ਉਕਾਬ ਦੀ ਅੱਖ’ ਨਾਂ ਦੀ ਪੁਸਤਕ ਵਿਚ। ਉਨ੍ਹਾਂ ਦੇ ਸਿਰਲੇਖ ਪੜ੍ਹਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਸਬੰਧਤ ਬੰਦੇ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਇਨ੍ਹਾਂ ਵਿਚ ਪ੍ਰੇਮ ਪ੍ਰਕਾਸ਼- ਕਹਾਣੀ ਦਾ ਗੋਰਖਧੰਦਾ ਹੈ, ਤਾਰਾ ਸਿੰਘ ਕਾਮਲ-ਰੂਹ ਦਾ ਅਨੁਵਾਦ, ਮੋਹਨ ਭੰਡਾਰੀ- ਥੋੜ੍ਹੇ ਚੌਲ ਵੱਡਾ ਭੰਡਾਰਾ, ਸੁਕੀਰਤ-ਖਾਨਦਾਨੀ ਸ਼ਬਦਘਾੜਾ, ਜੋਗਾ ਸਿੰਘ- ਐਤਵਾਰੀ ਮਲੰਗ, ਸੰਤੋਖ ਸਿੰਘ ਧੀਰ- ਜੰਗਲ ਵਿਚ ਬੈਠਾ ਰਿਖੀਸ਼ਰ ਤੇ ਹਰੀਸ਼ ਜੈਨ-ਉਕਾਬ ਦੀ ਅੱਖ।
ਜੇ ਕਾਨਾ ਸਿੰਘ ਬਾਰੇ ਹੋਰ ਜਾਣਨਾ ਹੋਵੇ ਤਾਂ ਉਸ ਦੀ ਪੁਸਤਕ ‘ਚਿੱਤ ਚੇਤਾ’ ਪੜ੍ਹਨੀ ਪਵੇਗੀ। ਉਸ ਦੇ ਚਿੱਤ ਵਿਚ ਵਸੇ ਚੇਤਿਆਂ ਦਾ ਸੰਗ੍ਰਹਿ। ਪਾਠਕਾਂ ਨੇ ਇਨ੍ਹਾਂ ਨੂੰ ਉਸ ਦੀ ਸਵੈ-ਜੀਵਨੀ ਵੀ ਆਖਿਆ ਹੈ। ਇਹ ਉਸ ਦੇ ਮਿਤੀਬੱਧ ਜੀਵਨ ਦੀ ਬਾਤ ਪਾਉਣ ਨਾ ਪਾਉਣ, ਉਸ ਦੀ ਸ਼ਖਸੀਅਤ ਦਾ ਦਰਪਣ ਜ਼ਰੂਰ ਹਨ। ਉਸ ਦਾ ਪੋਠੋਹਾਰ ਵਿਚਲਾ ਬਚਪਨ, ਫ਼ਰੀਦਕੋਟ ਤੇ ਦਿੱਲੀ ਵਿਚਲੀ ਜਵਾਨੀ ਅਤੇ ਮੁੰਬਈ ਤੇ ਚੰਡੀਗੜ੍ਹ ਵਿਚਲੇ ਵਿਹਾਰਕ ਜੀਵਨ ਦਾ ਸਾਰ। ਉਸ ਦੇ ਜ਼ੌਕ, ਸ਼ੌਕ, ਸੱਧਰਾਂ, ਪ੍ਰਾਪਤੀਆਂ ਤੇ ਰਹਿੰਦੇ ਜੀਵਨ ਦੀਆਂ ਉਮੰਗਾਂ। ਚੰਗੀ ਗੱਲ ਇਹ ਹੈ ਕਿ ਕੁੜੱਤਣ ਕੋਈ ਨਹੀਂ। ਜੇ ਹੈ ਵੀ ਤਾਂ ਉਸ ਦੇ ਕਹਿਣ ਦਾ ਢੰਗ ਇਸ ਨੂੰ ਕੱਢ ਮਾਰਦਾ ਹੈ।
ਉਹ ਸੁਬਕ, ਸਰਲ ਤੇ ਬੇਬਾਕ ਜਿਊੜਾ ਹੈ। ਕਾਨਾ ਸਿੰਘ ਨੇ ਆਪਣੇ ਜੀਵਨ ਵਿਚ ਕਦੀ ਖੜੋਤ ਨਹੀਂ ਆਉਣ ਦਿੱਤੀ। ਜੀਵਨ ਵਿਚ ਲੰਮੇਰੇ ਸਾਥ ਦੀ ਘਾਟ ਨੂੰ ਵੀ ਘਾਟ ਕਰ ਕੇ ਨਹੀਂ ਜਾਣਿਆ। ਟੋਟੇ-ਟੋਟੇ ਵਿੱਦਿਆ ਪ੍ਰਾਪਤੀ ਤੇ ਕੁੱਲ-ਵਕਤੀ ਰੋਜ਼ੀ ਰੋਟੀ ਦੀ ਘਾਟ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਹੋਮਿਓਪੈਥੀ ਦੀ ਡਾਕਟਰ, ਨੁਮਾਇਸ਼ਗਾਹਾਂ ਦੀ ਰਿਸੈਪਸ਼ਨਿਸਟ, ਯੋਗ ਆਸਣਾਂ ਦੀ ਉਸਤਾਨੀ, ਬੀਮਾ ਕੰਪਨੀਆਂ ਦੀ ਮੁਲਾਜ਼ਮ, ਸ਼ਿੰਗਾਰਕਰਤਾ ਤੇ ਅਦਾਕਾਰਾ ਕਾਨਾ ਸਿੰਘ ਘਰ ਵਿਚ ਤੇ ਘਰੋਂ ਬਾਹਰ ਰਾਹ ਜਾਂਦਿਆਂ ਨੂੰ ਵਿੱਦਿਆ ਵਰਤਾ ਸਕਦੀ ਹੈ ਤੇ ਘਰ ਆਇਆਂ ਨੂੰ ਭਾਂਤ ਸੁਭਾਂਤਾ ਭੋਜਨ।
ਉਸ ਦੇ ਚੇਤੇ ਵਿਚ ਵੇਖੇ ਸੁਣੇ ਫੁੱਲ, ਜੀਵ-ਜੰਤੂ ਤੇ ਪਸ਼ੂ-ਪੰਛੀ ਹੀ ਨਹੀਂ, ਬੱਕਰੀ ਤੇ ਮੱਝ ਦੇ ਦੁੱਧ ਦੀਆਂ ਧਾਰਾਂ ਵੀ ਹਨ। ਮਾਂ ਦੀ ਮਮਤਾ ਤੇ ਦਾਦੀ ਦੀਆਂ ਲੋਰੀਆਂ। ਸੜਦੀ-ਬਲਦੀ ਰੇਤ ਅਤੇ ਉਚੇ-ਨੀਵੇਂ ਕੰਧਾਂ-ਕੋਠੇ ਟੱਪਦਾ ਉਸ ਦਾ ਚੇਤਾ ਬੇਤਰਤੀਬਾ ਹੋ ਕੇ ਵੀ ਬੱਝਵਾਂ ਪ੍ਰਭਾਵ ਪਾਉਂਦਾ ਹੈ। ਉਸ ਦੇ ਚੇਤਿਆਂ ਵਿਚ ਦੇਸ਼-ਵੰਡ ਦਾ ਉਜਾੜਾ, ਇੰਦਰਾ ਕਤਲ ਤੋਂ ਉਪਜੀਆਂ ਪੰਜਾਬੀ ਭਾਈਚਾਰੇ ਦੀਆਂ ਤਰੇੜਾਂ ਤੇ ਪੰਜਾਬ ਦੇ ਕਾਲੇ ਦਿਨਾਂ ਦਾ ਵਰਣਨ ਪਾਠਕ ਦੇ ਆਪਣੇ ਮਨ ਵਿਚ ਵਸੇ ਹੋਏ ਸਦਾਚਾਰ ਤੇ ਸਭਿਆਚਾਰ ਦੇ ਵਰਕੇ ਫਰੋਲਣ ਦੀ ਸਮਰੱਥਾ ਰੱਖਦਾ ਹੈ। ‘ਚਿੱਤ-ਚੇਤਾ’ ਦਾ ਪ੍ਰਭਾਵ ਬੱਝਵਾਂ, ਬੇਬਾਕ ਤੇ ਭਰਵਾਂ ਹੈ। ਨੰਗੀ ਧੁੱਪ ਵਿਚ ਨੰਗੇ ਪੈਰੀਂ ਡੰਡੀਓ-ਡੰਡੀ ਤੁਰਨ ਵਾਲਾ, ਪਰ ਟੱਪਰੀਵਾਸਾਂ ਦੀ ਜੂਨ ਤੋਂ ਹਟਵਾਂ। ਕੁੜੱਤਣਹੀਣ। ਮੁਸ-ਮੁਸ ਕਰਦਾ। ਉਹ ਹਰ ਕਿਸੇ ਨਾਲ ਇਸੇ ਤਰ੍ਹਾਂ ਵਿਚਰਦੀ ਹੈ। ਮੁੰਬਈ ਵਾਲੇ ਸਾਹਿਰ ਲੁਧਿਆਣਵੀ, ਰਾਜਿੰਦਰ ਸਿੰਘ ਬੇਦੀ, ਰਾਜਿੰਦਰ ਕੌਰ, ਕੁਲਦੀਪ ਬੱਗਾ ਜਾਂ ਦਿੱਲੀ ਤੇ ਚੰਡੀਗੜ੍ਹ ਦੇ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਤਾਰਾ ਸਿੰਘ ਕਾਮਲ, ਮੋਹਨ ਭੰਡਾਰੀ, ਨ੍ਰਿਪਿੰਦਰ ਤੇ ਰਮਾ ਰਤਨ ਕਿਸੇ ਨਾਲ ਵੀ। ਹਰ ਕਿਸੇ ਨੂੰ ਕੁਝ ਨਾ ਕੁਝ ਦੇਣ ਤੇ ਹਰ ਕਿਸੇ ਤੋਂ ਕੁਝ ਨਾ ਕੁਝ ਲੈਣ ਵਾਲੀ। ਆਪਣਾ ਨੁਕਤਾ ਸਪਸ਼ਟ ਕਰਨ ਲਈ ਬਲਵੰਤ ਗਾਰਗੀ ਬਾਰੇ ਹੋਈ ਇੱਕ ਮਿਲਣੀ ਦਾ ਸਾਰ ਪੇਸ਼ ਕਰਨਾ ਚਾਹਵਾਂਗਾ। ਨਵੀਂ ਦਿੱਲੀ ਦੇ ਲਾ ਬੋਹੀਮ ਕੌਫੀ ਹਾਊਸ ਵਿਚ ਮੋਟੇ ਨਕਸ਼, ਛੋਟੇ ਕੱਦ, ਕਰੜੇ ਜੁੱਸੇ, ਪਰ ਕੁੜੀਆਂ ਵਰਗੇ ਹਾਵ-ਭਾਵ ਵਰਤ ਕੇ ਦੋ ਸਜੀਆਂ-ਧਜੀਆਂ ਫੈਸ਼ਨਦਾਰ ਕੁੜੀਆਂ ਨੂੰ ਕੁਝ ਸਮਝਾ ਰਿਹਾ ਗਾਰਗੀ ਉਸ ਦੇ ਮਨ ਵਿਚ ਵਸ ਜਾਂਦਾ ਹੈ। ਕੁੜੀਆਂ ਸੁਹਣੀਆਂ ਰੰਗੀਨ ਤੇ ਮੌਡ ਸਨ। ਸਿਰਾਂ ਉਤੇ ਉਲਝੇ ਵਾਲਾਂ ਪਫ, ਕਾਲੀ ਪੈਨਸਲ ਨਾਲ ਗੂੜ੍ਹੇ ਕੀਤੇ ਕਮਾਨੀਦਾਰ ਭਰਵੱਟੇ, ਮਸਕਾਰੇ ਨਾਲ ਕਾਲੀਆਂ ਕੀਤੀਆਂ ਅੱਖਾਂ ਦੀਆਂ ਗੰਨੀਆਂ, ਸੁਰਖੀ ਰੱਤੇ ਹੋਠਾਂ ਉਤੇ ਸੁਰਖੀ ਰੱਤੀਆਂ ਅੱਖੀਆਂ Ḕਤੇ ਦੇਸ਼ ਨੂੰ ਨਵੀਂ-ਨਵੀਂ ਆਜ਼ਾਦੀ ਮਿਲਣ ਦਾ ਪ੍ਰਭਾਵ ਪਾਉਂਦੀਆਂ ਇਨ੍ਹਾਂ ਕੁੜੀਆਂ ਦੇ ਵੱਡੇ ਨਹੁੰਆਂ ਵਿਚ ਟੁੰਗੀਆਂ ਸਿਰਗਟਾਂ ਦੇ ਟਾਰੇ ਕਾਨਾ ਨੂੰ ਆਪਣੀ ਸਾੜ੍ਹੀ, ਕੋਟ ਤੇ ਪਰਸ ਬਹੁਤ ਫਿੱਕੇ ਲੱਗੇ ਸਨ। ਉਸ ਦੇ ਲਿਖਣ ਅਨੁਸਾਰ ਉਹ ਕੁੜੀਆਂ ਸ਼ਾਇਦ ਗਾਰਗੀ ਦੇ ਹੋਣ ਵਾਲੇ ਨਾਟਕ ਦੀਆਂ ਪਾਤਰ ਸਨ। ਉਸ ਤੋਂ ਪਿੱਛੋਂ ਉਸ ਦੇ ਘਰ ਪਹਿਲੀ ਮਿਲਣੀ ਵਿਚ ਹੀ ਜਦੋਂ ਕਾਨਾ ਨੇ ਗਾਰਗੀ ਤੋਂ ਉਸ ਦੀ ਅਸਲੀ ਦੋਸਤ ਦਾ ਨਾਂ ਪੁੱਛਿਆ ਤਾਂ ਉਸ ਨੇ ਮੋਟੇ ਨਕਸ਼, ਖੁੱਲ੍ਹੇ ਵਾਲ ਤੇ ਚਿੱਟੇ ਦੰਦਾਂ ਵਾਲੀ ਅਚਲਾ ਸਚਦੇਵ ਦਾ ਨਾਂ ਲਿਆ। ਇਪਟਾ ਦੀ ਸਾਂਝ ਵਾਲੀ ਅਚਲਾ ਦਾ। ਇੱਕੋ-ਇੱਕੋ ਅਚਲਾ ਦਾ। ਕਾਨਾ ਸਿੰਘ ਦੇ ਸ਼ਬਦਾਂ ਵਿਚ ਉਸ ਤੋਂ ਪਿੱਛੋਂ ਪਤਾ ਨਹੀਂ ਕਿਉਂ ਉਹਨੂੰ ਹਮੇਸ਼ਾਂ ਇਹੀਓ ਮਹਿਸੂਸ ਹੁੰਦਾ ਰਿਹਾ ਕਿ ਗਾਰਗੀ ਦੀਆਂ ਨਾਇਕਾਵਾਂ ਮੋਟੇ ਨਕਸ਼ਾਂ ਤੇ ਚਿੱਟੇ ਦੰਦਾਂ ਵਾਲੀਆਂ ਹੁੰਦੀਆਂ ਹੋਣਗੀਆਂ। ਜਿਉਂਦੀਆਂ ਲਾਟਾਂ ਤੇ ਬਲਦੀਆਂ ਮਸ਼ਾਲਾਂ।
ਇਹ ਤੇ ਇਹੋ ਜਿਹੀਆਂ ਵੀਹ ਸੌ ਗੱਲਾਂ ਵਾਲਾ ਕਾਨਾ ਦਾ ਬਲਵੰਤ ਗਾਰਗੀ ਵਾਲਾ ਲੇਖ ਉਸ ਦਾ ਇੱਕ ਰੰਗ ਹੈ।
ਆਪਣੇ ਮਨਭਾਉਂਦੇ ਵਿਦਿਆਰਥੀ ਸ਼ਾਮ ਬਾਰੇ ਲਿਖਦਿਆਂ ਉਸ ਦਾ ਇਹ ਰੰਗ ਨਵਾਂ ਰੂਪ ਧਾਰ ਲੈਂਦਾ ਹੈ। ਉਹ ਪਹਿਲਾਂ ਤਾਂ ਸ਼ਾਮ ਨੂੰ ਘਰਾਂ ਦੀ ਸਫ਼ਾਈ ਕਰਨ ਪਿੱਛੋਂ ਸਾਫ਼-ਸੁਥਰੀ ਵਰਦੀ ਵਿਚ ਸਕੂਲ ਆਉਂਦਾ ਦਿਖਾਉਂਦੀ ਹੈ। ਨਹੁੰ ਕੱਟੇ ਹੋਏ, ਦੰਦ ਸਾਫ਼, ਪਟੇ ਤੇਲ ਲਾ ਕੇ ਕੰਘੀ ਕੀਤੇ। ਸ਼ਾਹ ਕਾਲਾ ਤੇ ਤਿੱਖੇ ਨੈਣ-ਨਕਸ਼ਾਂ ਵਾਲਾ ਜਮਾਤ ਦਾ ਮਨੀਟਰ। ਜੇ ਦਲਿਤ ਸੀ ਤਾਂ ਕੀ ਹੋਇਆ।
ਤੇ ਫੇਰ ਜਦੋਂ ਉਸ ਹੀ ਸ਼ਕਲ ਦੀ ਇੱਕ ਹੋਰ ਅਧਿਆਪਕਾ ਉਸ ਦੇ ਹੱਥੀਂ ਆਈ ਚਾਹ ਪੀਣ ਉਤੇ ਬੁੱਲ੍ਹ ਟੇਰ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲੈਂਦੀ ਹੈ ਤਾਂ ਸ਼ਾਮ ਨੂੰ ਇੰਨਾ ਪਿਆਰਾ ਬੱਚਾ ਕਹਿਣ ਵਾਲੀ ਕਾਨਾ ਸਿੰਘ ਉਸ ਅਧਿਆਪਕਾ ਤੋਂ ਸੀਨੀਅਰ ਹੋਣ ਦੇ ਬਾਵਜੂਦ ਉਸ ਨੂੰ ਡਾਂਟਣ ਤੋਂ ਝਿਜਕ ਜਾਂਦੀ ਹੈ। ਫੇਰ ਦੋ ਸਾਲ ਉਹ ਆਪਣੇ ਸ਼ਾਮ ਨਾਲ ਅੱਖਾਂ ਨਹੀਂ ਮਿਲਾ ਸਕਦੀ। ਸ਼ਾਇਦ ਉਸ ਨੂੰ ਇਹ ਝਿਜਕ ਤੋੜਨ ਲਈ ਕੋਈ ਨੁਕਤਾ ਹੀ ਨਹੀਂ ਲੱਭਦਾ। ਫੇਰ ਜਦ ਪੰਜਵੀਂ ਜਮਾਤ ਦਾ ਨਤੀਜਾ ਨਿਕਲਣ Ḕਤੇ ਸ਼ਾਮ ਅੱਵਲ ਆਇਆ ਤਾਂ ਉਸ ਨੂੰ ਵਿਹੰਦੇ ਸਾਰ ਕਾਨਾ ਨੇ ਸ਼ਾਮ ਦੀ ਗੱਲ੍ਹ Ḕਤੇ ਚੁਟਕੀ ਲਈ ਤੇ ਉਸ ਨੂੰ ਮਿਠਾਈ ਦੀ ਮੰਗ ਪਾਈ। ਉਹ ਲੱਡੂ ਕੀ ਲਿਆਇਆ, ਕਾਨਾ ਸਿੰਘ ਨੇ ਅੱਧਾ ਲੱਡੂ ਉਸ ਨੂੰ ਖੁਆ ਕੇ ਅੱਧਾ ਆਪਣੇ ਮੂੰਹ ਵਿਚ ਪਾ ਲਿਆ ਤੇ ਦੋਵਾਂ ਦੀਆਂ ਅੱਖਾਂ ਭਰ ਆਈਆਂ।
ਲੇਖਿਕਾ ਇਸ ਘਟਨਾ ਨੂੰ ਦੋ-ਤਿੰਨ ਵਰ੍ਹਿਆਂ ਦੇ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਦਾ ਇੱਕ ਤਰਲਾ ਮਾਤਰ ਕਹਿੰਦੀ ਹੈ। ਫਿਰ ਵੀ ਉਸ ਦੀ ਉਦੋਂ ਤਕ ਤਸੱਲੀ ਨਹੀਂ ਹੁੰਦੀ ਜਦੋਂ ਤਕ ਅੰਤ ਉਤੇ ਇਹ ਨਹੀਂ ਲਿਖ ਲੈਂਦੀ, ‘ਪਰ ਕੀ ਏਨੀ ਹੀ ਸੌਖੀ ਹੈ ਮੁਕਤੀ?’
ਪੋਠੋਹਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਕਾਨਾ ਸਿੰਘ ਓਧਰਲੇ ਪੰਜਾਬ ਵਿਚ ਵੀ ਇੰਨੇ ਹੀ ਪਿਆਰ ਨਾਲ ਪੜ੍ਹੀ ਜਾਂਦੀ ਹੈ ਜਿੰਨਾ ਮੋਹਨ ਸਿੰਘ ਮਾਹਿਰ ਤੇ ਕਰਤਾਰ ਸਿੰਘ ਦੁੱਗਲ। ਕਾਨਾ ਦੀ ਰਚਨਾ, ਕਵਿਤਾ ਹੋਵੇ ਜਾਂ ਵਾਰਤਕ, ਟੁਕੜਿਆਂ ਵਿਚ ਪੜ੍ਹਨ ਵਾਲੀ ਨਹੀਂ। ਮੈਨੂੰ ਉਸ ਦੀ ਵਾਰਤਕ ਵਿਚੋਂ ਟੁਕੜੇ ਲੱਭਦਿਆਂ ਬੜੀ ਔਖ ਆਈ ਹੈ, ਪਰ ਮੈਂ ਉਸ ਦੀ ਕਵਿਤਾ ਨਾਲ ਇਹ ਦੁਰਵਿਹਾਰ ਨਹੀਂ ਕਰਨਾ ਚਾਹੁੰਦਾ। ‘ਕੁੜੀ ਪੋਠੋਹਾਰ ਨੀ’ ਦਾ ਇੱਕ ਅੰਸ਼:
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ
ਸੁਹਣੀ ਤੈ ਸਿਆਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।
ਵੱਡੀ ਥਈ ਖਾਈ ਖਾਈ
ਗਰੀ ਤੈ ਛੁਹਾਰੇ
ਉਚੀ ਥਈ ਘਿੰਨੀ ਘਿੰਨੀ
ਪੀਂਘਾਂ ਨੇ ਹੁਲਾਰੇ
ਪੀਢੀ ਥਈ ਕੁੱਦੀ ਕੁੱਦੀ
ਢੱਕੀਆਂ ਤੈ ਕੱਸੀਆਂ
ਕੂਲੀ ਥਈ ਪੀ ਪੀ ਦੁੱਧ
ਮੱਖਣ ਤੈ ਲੱਸੀਆਂ
ਜੰਡੀਆਂ ਤੈ ਚੜ੍ਹੀ ਚੜ੍ਹੀ
ਬੇਰੀਆਂ ਉਲਾਰ੍ਹਨੀ
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।
ਕਾਨਾ ਦਾ ਜੀਵਨ ਉਥਲ-ਪੁਥਲ ਦਾ ਜੀਵਨ ਹੈ। ਉਸ ਦਾ ਵਿਆਹੁਤਾ ਜੀਵਨ ਵੀ ਸੁਖਾਵਾਂ ਨਹੀਂ ਸੀ। ਪੰਜ ਦਹਾਕੇ ਵਿਚੋਂ ਲਗਪਗ ਅੱਧਾ ਸਮਾਂ ਉਹ ਆਪਣੇ ਪਤੀ ਮਨਜੀਤ ਸਿੰਘ ਅਨੰਤ ਨਾਲੋਂ ਵੱਖਰੀ ਰਹੀ। ਉਹ ਮੁੰਬਈ ਵਿਖੇ ਡਾਕਟਰੀ ਦੀ ਪ੍ਰੈਕਟਿਸ ਕਰਦਾ ਰਿਹਾ ਤੇ ਇਹ ਮੁਹਾਲੀ ਆ ਕੇ ਨਿੱਕੇ-ਮੋਟੇ ਸ਼ੌਕ ਪਾਲਦੀ ਰਹੀ। ਵੱਡਾ ਬੇਟਾ ਧਵਨਦੀਪ ਸਿੰਘ ਆਪਣੇ ਪਿਤਾ ਕੋਲ ਮੁੰਬਈ ਤੇ ਛੋਟਾ ਹਰਦੀਪ ਸਿੰਘ ਇੱਥੇ ਇਹਦੇ ਕੋਲ। ਇਸ ਵਿਗੜੇ-ਤਿਗੜੇ ਜੀਵਨ ਦਾ ਬਹੁਤਾ ਅਸਰ ਵੱਡੇ ਧਵਨਜੀਤ (ਸੰਨੀ) ਉਤੇ ਪਿਆ। ਉਹ ਇੱਕ ਪੜਾਅ ਉਤੇ ਭਿੰਡਰਾਂਵਾਲੇ ਦਾ ਚੇਲਾ ਵੀ ਰਿਹਾ ਤੇ ਫਿਰ ਸਾਧ ਬਣ ਕੇ ਆਨੰਦਪੁਰ ਸਾਹਿਬ ਵੀ।
ਛੋਟਾ ਹਰਦੀਪ (ਦੀਪੀ) ਜਿਹੜਾ ਦੁਬਈ ਵਿਚ ਚੰਗੀ ਨੌਕਰੀ ‘ਤੇ ਹੈ, ਮਾਂ ਕੋਲ ਟਿਕ ਕੇ ਪੜ੍ਹਿਆ। ਕਾਨਾ ਸਿੰਘ ਨੇ ਉਸ ਦੀ ਸ਼ਾਦੀ ਮੁਹਾਲੀ ਰਹਿੰਦਿਆਂ ਕੀਤੀ ਜਿਸ ਵਿਚ ਉਸ ਦੀ ਜਾਣ-ਪਛਾਣ ਵਾਲੇ ਕਈ ਪੰਜਾਬੀ ਸਾਹਿਤਕਾਰ ਸ਼ਾਮਲ ਹੋਏ। ਪਿਤਾ ਨੂੰ ਵਿਆਹ ਵਿਚ ਆਉਣ ਦਾ ਸੱਦਾ ਦੇਣ ਦੀਪੀ ਮੁੰਬਈ ਗਿਆ, ਪਰ ਉਹ ਨਹੀਂ ਆਇਆ। ਕਿਸੇ ਕਾਰਨ ਅੱਜ ਦੇ ਦਿਨ ਦੀਪੀ ਦੀ ਪਤਨੀ ਮੁੰਬਈ ਰਹਿੰਦੀ ਹੈ ਤੇ ਦੀਪੀ ਆਪਣੀ ਬੇਟੀ ਜ਼ਾਵੀਆ ਨਾਲ ਦੁਬਈ। ਕਾਨਾ ਸਿੰਘ ਲਈ ਇਹ ਸਭ ਕਿਹੋ ਜਿਹਾ ਹੋਵੇਗਾ, ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ।
ਜੀਵਨ ਵਚਿੱਤਰ ਵੀ ਹੈ ਤੇ ਰਸਿਕ ਵੀ। ਗੁਜਰਖਾਨ (ਪਾਕਿਸਤਾਨ) ਤੋਂ ਮੁੰਬਈ, ਦਿੱਲੀ ਤੇ ਮੁਹਾਲੀ। ਨਾਨਾ-ਨਾਨੀ ਤੇ ਮਾਂ ਨਾਲ ਅਤੀਤ ਦੀਆਂ ਬਾਤਾਂ। 1880 ਦੇ ਨੇੜੇ-ਤੇੜੇ ਜਨਮੀ 1980 ਵਿਚ ਗੁਜ਼ਰੀ ਦਾਦੀ ਦਾ ਸਾਥ। ਉਸ ਦਾਦੀ ਦਾ ਜਿਹੜੀ 1946 ਦੀ ਅੱਗਜ਼ਨੀ ਸਮੇਂ ਦੂਰ ਨੇੜੇ ਤੋਂ ਗੁਜਰਖਾਨ ਵਿਚ ਪਨਾਹ ਲੈਣ ਆਏ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਸੰਭਾਲਦੇ ਸਮੇਂ ਸਭ ਨੂੰ ਹੌਸਲਾ ਦਿੰਦੀ ਸੀ, ‘ਰਾਜ ਬਦਲਦੇ ਹੀ ਆਏ ਨੁ। ਕਦੀ ਪਰਜਾ ਵੀ ਬਦਲੀ। ਸਭ ਠੀਕ ਹੋ ਜਾਸੀ।’
ਤੇ ਫਿਰ ਸੰਨ ਸੰਤਾਲੀ ਦੇ ਉਜਾੜੇ ਪਿੱਛੋਂ ਏਧਰ ਆ ਕੇ ਕਾਨਾ ਦਾ ਆਪਣੇ ਪਾਲ ਵੀਰੇ ਨਾਲ ਸ਼ਿਕੰਜਵੀਂ ਵੇਚ ਕੇ ਇੱਕ ਆਨਾ ਅਤੇ ਜਾਮਣਾਂ ਵੇਚ ਕੇ ਦੁਆਨੀ ਕਮਾਉਣਾ। ਓਸ ਹੀ ਵੀਰੇ ਦਾ ਗਲੀ-ਗਲੀ ਵਿਚ ਸਾਬਣ ਵੇਚਣਾ, ਤੰਦੂਰ Ḕਤੇ ਦਿਹਾੜੀਆਂ ਕਰਨਾ, ਰੇਹੜੀ ਲਾ ਕੇ ਬਨੈਣਾਂ ਵੇਚਣਾ। ਮਾਪਿਆਂ ਦੇ ਸ਼ਾਹਦਰਾ ਦਿੱਲੀ ਵਿਚ ਆ ਵਸਣ ਤੇ ਕਾਨਾ ਦਾ ਮੈਟਰਿਕ ਪਾਸ ਕਰਕੇ ਦਰਿਆਗੰਜ ਤੋਂ ਟੀਚਰ ਟਰੇਨਿੰਗ ਲੈਣਾ ਤੇ ਸ਼ਾਹਦਰਾ ਵਿਖੇ ਅਧਿਆਪਕਾ ਲੱਗਣਾ। ਸਿਲਾਈ-ਕਢਾਈ, ਪੌਟਰੀ ਪੇਂਟਿੰਗ, ਹੋਮਿਓਪੈਥੀ, ਯੋਗ-ਸਾਧਨ, ਬਿਊਟੀ ਪਾਰਲਰ ਤੇ ਹੋਰ ਕਈ ਕੁਝ। ਕੌਮਾਂਤਰੀ ਵਪਾਰ ਮੇਲੇ ਉਤੇ ਪਾਰਟ-ਟਾਈਮ ਰਿਸੈਪਸ਼ਨਿਸਟ ਸਮੇਤ।
ਉਸ ਨੂੰ ਸਭ ਤੋਂ ਵੱਧ ਸੰਤੁਸ਼ਟੀ ਸਾਹਿਤਕ ਰਚਨਾਕਾਰੀ ਨੇ ਦਿੱਤੀ ਹੈ। ਕਵਿਤਾ, ਕਹਾਣੀ, ਯਾਦਾਂ, ਯਾਤਰਾ ਤੇ ਸਾਹਿਤਕ ਮਿਲਣੀਆਂ ਨੇ। ਉਸ ਨੂੰ ਹਰ ਰਚਨਾ ਦਾ ਯੋਗ ਹੁੰਗਾਰਾ ਮਿਲਿਆ, ਪਰ ਟੁੱਟਵਾਂ ਤੇ ਟਾਵਾਂ-ਟਾਵਾਂ।
ਉਸ ਦੀਆਂ ਕਹਾਣੀਆਂ ‘ਖੁਸ਼ਬੂ’ ਤੇ ‘ਮਾਰੀਆ’ ਬਹੁਤ ਸਲਾਹੀਆਂ ਗਈਆਂ। ‘ਮੁਹਾਲੀ ਟੂ ਮਾਸਕੋ’ ਸਫ਼ਰਨਾਮਾ ਹਿੰਦੀ ਤੇ ਮਰਾਠੀ ਵਿਚ ਵੀ ਪ੍ਰਕਾਸ਼ਿਤ ਹੋਇਆ। ਕਹਾਣੀ ‘ਝੂੰਗਾ’ ਦਾ ਕੇਵਲ ਧਾਲੀਵਾਲ ਨੇ ਨਾਟਕੀਕਰਨ ਕੀਤਾ ਜਿਹੜਾ ਵਾਰ-ਵਾਰ ਖੇਡਿਆ ਗਿਆ। ‘ਖੁਸ਼ਬੂ’ ਦੂਰਦਰਸ਼ਨ ਦਿੱਲੀ ਵੱਲੋਂ ਫ਼ਿਲਮਾਈ ਗਈ ਜਿਹੜੀ 2005 ਤੋਂ ਹੁਣ ਤਕ ਕਈ ਵਾਰ ਦੁਹਰਾਈ ਜਾ ਚੁੱਕੀ ਹੈ। ਬਾਲ ਸਾਹਿਤ ਦੀਆਂ ਸੱਤ ਰਚਨਾਵਾਂ ਵਿਚੋਂ ‘ਬਿਮਾਰੀ ਦੀ ਭਾਲ’ ਤੇ ‘ਕੁਕੜੂੰ ਘੜੂੰ’ ਵੀ ਬਹੁਤ ਮਕਬੂਲ ਹੋਈਆਂ।
ਇਲੈਕਟ੍ਰਾਨਿਕ ਮੀਡੀਆ ਆਕਾਸ਼ਵਾਣੀ ਤੇ ਦੂਰਦਰਸ਼ਨ ਵਿਖੇ ਹੋਏ ਰੂਬਰੂ ਤੇ ਕਵਿਤਾ-ਕਹਾਣੀ ਪਾਠ ਉਸ ਨੂੰ ਯੂæਕੇæ, ਸਪੇਨ, ਅਮਰੀਕਾ ਤੇ ਆਸਟਰੇਲੀਆ ਤਕ ਉਡਾ ਕੇ ਲਿਜਾ ਚੁੱਕੇ ਹਨ।
ਉਸ ਦੀਆਂ ਕਵਿਤਾਵਾਂ ਦਾ ਪੋਠੋਹਾਰੀ ਰੰਗ ਉਸ ਨੂੰ ਇੱਕ ਵਾਰੀ ਪਾਕਿਸਤਾਨ ਤੇ ਅਨੇਕ ਵਾਰ ਹਰਿਆਣਾ ਤੇ ਪੰਜਾਬ ਦੇ ਕੌਮੀ ਮੁਸ਼ਾਇਰਿਆਂ ਵਿਚ ਸ਼ਿਰਕਤ ਕਰਨ ਲਈ ਖਿੱਚਦਾ ਰਿਹਾ ਹੈ। 2004 ਦੀ ਮਹਿਫਿਲ-ਏ-ਮੁਸ਼ਾਇਰਾ ਗੁਜਰਾਂਵਾਲਾ ਉਸ ਨੂੰ ਕਾਨਾ ਪੋਠੋਹਾਰਨ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਉਸ ਨੂੰ ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਮਿਲ ਚੁੱਕਾ ਹੈ ਤੇ ਦਿੱਲੀ ਦੀ ਸਾਹਿਤ ਸਭਿਆਚਾਰ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ। ਨਿੱਕੇ-ਮੋਟੇ ਸਨਮਾਨ ਦੇਣ ਵਾਲੀਆਂ ਸੰਸਥਾਵਾਂ ਨੇ ਉਸ ਦਾ ਸਨਮਾਨ ਕਰ ਕੇ ਆਪਣੇ-ਆਪ ਨੂੰ ਸਨਮਾਨਿਤ ਕੀਤਾ ਹੈ। ਦੂਰੋਂ-ਨੇੜਿਓਂ ਆਏ ਕਵਿਤਾ ਪਾਠ ਦੇ ਸੱਦੇ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ। ਉਹ ਵਡੇਰੇ ਸਨਮਾਨ ਦੀ ਹੱਕਦਾਰ ਹੈ, ਪਰ ਕਾਨਾ ਦੀ ਖ਼ੂਬੀ ਇਹ ਹੈ ਕਿ ਉਹ ਏਦਾਂ ਨਹੀਂ ਸੋਚਦੀ। ਉਹ ਜਿਵੇਂ ਕਿਵੇਂ ਵੀ ਖ਼ੁਸ਼ ਹੈ। ਅੰਤ ਵਿਚ ਉਸ ਦੇ ਘਰ ਵਿਚ ਕੰਮ ਕਰਨ ਵਾਲੀ ਬਬੀਤਾ ਦੀ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ। ਬਬੀਤਾ ਸਦਾ ਮਰਦਾਂ ਵਾਂਗ ਗੱਲਾਂ ਕਰਦੀ ਹੈ, ‘ਮੈਂ ਆ ਗਿਆ। ਮੈਂ ਜਾਂਦਾ ਹਾਂ। ਮੈਂ ਕੱਲ੍ਹ ਨਹੀਂ ਆਵਾਂਗਾ।’ ਰੋਅਬ ਨਾਲ।
ਇੱਕ ਦਿਨ ਜਦੋਂ ਲਾਬੀ ਵਿਚ ਪੋਚਾ ਮਾਰਦੀ ਕੁਰਸੀ ਨੂੰ ਉਹ ਇੰਨੇ ਜ਼ੋਰ ਨਾਲ ਧਕਦੀ ਹੈ ਕਿ ਕੁਰਸੀ ਫਰਿੱਜ ਦੇ ਕੋਨੇ ਵਿਚ ਵੱਜ ਕੇ ਰੰਗ ਹੀ ਨਹੀਂ ਲਾਹੁੰਦੀ, ਵੱਡੀ ਝਰੀਟ ਵੀ ਪਾ ਦਿੰਦੀ ਹੈ ਤਾਂ ਕਾਨਾ ਨੂੰ ਗੁੱਸਾ ਆ ਜਾਂਦਾ ਹੈ। ਉਹ ਬਬੀਤਾ ਨੂੰ ਉਚੀ ਬੋਲਦੀ ਹੈ ਤਾਂ ਬਬੀਤਾ ਦਾ ਉਤਰ ਉਸ ਤੋਂ ਵੀ ਤਿੱਖਾ ਹੈ। ‘ਰਾਤ ਕੀ ਖਾਧਾ ਸੀ ਤੁਸਾਂ ਜੋ ਗਰਜਣ ਲਈ ਏਨੀ ਸ਼ਕਤੀ ਆ ਗਈ।’ ਕਾਨਾ ਨੂੰ ਚਾਹੀਦਾ ਹੈ ਕਿ ਬਬੀਤਾ ਤੋਂ ਕੁਝ ਸਬਕ ਸਿੱਖੇ। ਥੋੜ੍ਹਾ ਬਹੁਤ ਰੋਅਬ ਦਿਖਾਵੇ। ਹੁਣ ਉਸ ਦੀ ਉਮਰਾ ਹੋਊ ਪਰੇ ਕਰਨ ਵਾਲੀ ਨਹੀਂ। ਕੁਝ ਸਥਿਤੀਆਂ ਵਿਚ ਸਨਮਾਨ ਕਰਨ ਵਾਲੇ ਵੀ ਹੁਲਾਰਾ ਦਿੱਤਿਆਂ ਹੀ ਜਾਗਦੇ ਹਨ। ਉਸ ਨੂੰ ਚਾਹੁਣ ਵਾਲੇ ਤਾਂ ਉਸ ਦੀ ਬੋਲ ਬਾਣੀ, ਜੀਵਨ ਸ਼ੈਲੀ ਤੇ ਨਿਸ਼ੰਗ ਲੇਖਣੀ ਨਾਲ ਹੀ ਸੰਤੁਸ਼ਟ ਹਨ। ਜੇ ਨਹੀਂ ਤਾਂ ਮਿਰਜ਼ਾ ਗ਼ਾਲਿਬ ਦਾ ਸ਼ਿਅਰ ਵੀ ਗੁਣਗੁਣਾ ਸਕਦੇ ਹਨ:
ਹਾਂ, ਵੁਹ ਨਹੀਂ ਖ਼ੁਦਾਪ੍ਰਸਤ, ਜਾਓ ਵੁਹ ਬੇਵਫ਼ਾ ਸਹੀ
ਜਿਸਕੋ ਹੋ ਦੀਨ ਓ ਦਿਲ ਅਜ਼ੀਜ਼, ਉਸਕੀ ਗਲੀ ਮੇਂ ਜਾਏਂ ਕਿਉਂ।
ਕਾਨਾ ਨਿਸ਼ਚਿੰਤ ਹੈ! ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ!!