ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮਸਤ ਮੌਲੇ ਬਾਬੇ ਬੁੱਲ੍ਹੇ ਸ਼ਾਹ ਨੇ ਵਜਦ ਵਿਚ ਆ ਕੇ ਇਹ ਬੇਬਾਕ ਬਚਨ ਕਹੇ ਹੋਣੇ ਨੇ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ, ਪਰ ਹਨ੍ਹੇਰੀ ਵਾਂਗ ਅੰਦਰੋਂ ਉਠ ਕੇ ਬੁੱਲ੍ਹਾਂ ‘ਤੇ ਆਏ ਸੱਚ ਨੂੰ ਬਿਨਾਂ ਬਰੇਕ ਬੋਲਣ ਦੀ ਸੂਰਮਗਤੀ, ਬਾਬੇ ਬੁੱਲ੍ਹੇ ਵਰਗੇ ਹੀ ਕੋਈ ਦੀਵਾਨੇ ਮਸਤਾਨੇ ਕਰ ਸਕਦੇ ਹਨ।
ਸੌ ਤਰ੍ਹਾਂ ਦੇ ਮੂੰਹ-ਮੁਲਾਹਜ਼ੇ ਪਾਲਣ ਵਾਲੇ ਅਤੇ ਥਾਂ-ਕੁਥਾਂਹ ਵੇਖ ਕੇ ਗੱਲ ਕਰਨ ਵਾਲੇ ਸਾਡੇ ਵਰਗੇ ਲੋਕ, ਮੂੰਹ ਵਿਚ ਆਏ ਸੱਚ ਨੂੰ ਸ਼ਰਬਤ ਦੇ ਘੁੱਟ ਵਾਂਗ ਅੰਦਰ ਤਾਂ ਲੰਘਾ ਸਕਦੇ ਹਨ, ਪਰ ਇਹ ਮੌਕੇ ਸਿਰ ਬਿਆਨ ਕਰਨਾ ਬਹੁਤ ਔਖਾ ਹੁੰਦਾ ਹੈ। ਸ਼ਾਦੀਸ਼ੁਦਾ ਆਦਮੀ ਲਈ ਤਾਂ ਹੋਰ ਵੀ ਔਖਾ, ਜਦੋਂ ਲਾਗੇ-ਚਾਗੇ ਬੈਠੀ ਉਸ ਦੀ ਪਤਨੀ ਅੱਖ ਦੇ ਇਸ਼ਾਰੇ ਨਾਲ ਉਸ ਨੂੰ ਖਾਮੋਸ਼ ਰਹਿਣ ਦਾ ਆਦੇਸ਼ ਦੇ ਦੇਵੇ।
ਇਕ ਦਿਨ ਅਜਿਹਾ ਹੀ ਹੋਇਆ। ਸਾਡੇ ਜਾਣਕਾਰ ਇਕ ਪਰਿਵਾਰ ਦਾ ਨੌਜਵਾਨ ਲੜਕਾ ਹਸਪਤਾਲ ਦਾਖਲ ਸੀ। ਸਾਥੋਂ ਥੋੜ੍ਹਾ ਦੂਰ ਹੋਣ ਕਾਰਨ ਅਸੀਂ ਫੋਨ ਕਰ ਕੇ ਤਾਂ ਉਸ ਦਾ ਹਾਲ-ਚਾਲ ਪੁੱਛਦੇ ਰਹੇ, ਪਰ ਉਥੇ ਜਾ ਨਾ ਸਕੇ। ਹੁਣ ਉਹ ਲੜਕਾ ਹਸਪਤਾਲੋਂ ਛੁੱਟੀ ਮਿਲਣ ਉਪਰੰਤ ਘਰੇ ਆ ਚੁੱਕਾ ਸੀ। ਇਸ ਕਰ ਕੇ ਅਸੀਂ ਉਸ ਦੀ ਮਿਜ਼ਾਜ-ਪੁਰਸ਼ੀ ਲਈ ਉਨ੍ਹਾਂ ਦੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਗਏ ਤਾਂ ਭਾਵੇਂ ਅਸੀਂ ਅਗਾਊਂ ਫੋਨ ਕਰ ਕੇ ਹੀ ਸੀ, ਪਰ ਸਾਡੇ ਜਾਂਦਿਆਂ ਨੂੰ ਮੁੰਡੇ ਨੂੰ ਕੋਈ ਛੋਟੀ-ਮੋਟੀ ਸਮੱਸਿਆ ਆ ਗਈ। ਉਸ ਦਾ ਬਾਪ ਉਸ ਨੂੰ ਗੱਡੀ ਵਿਚ ਬਿਠਾ ਕੇ ਡਾਕਟਰ ਕੋਲ ਲਿਜਾ ਚੁੱਕਾ ਸੀ। ਸਾਨੂੰ ‘ਅਟੈਂਡ’ ਕਰਨ ਲਈ ਮੁੰਡੇ ਦੀ ਮਾਂ ਅਤੇ ਹੋਰ ਕਈ ਜੀਅ ਹਾਜ਼ਰ ਸਨ। ਅਜਿਹੇ ਮੌਕਿਆਂ ‘ਤੇ ਜਿਵੇਂ ਅਕਸਰ ਹੁੰਦਾ ਹੀ ਹੈ, ਮੁੰਡੇ ਦੀ ਮਾਂ ਨੇ ਬੇਟੇ ਦੇ ਬਿਮਾਰ ਹੋਣ ਦੇ ਕਾਰਨਾਂ ਸਮੇਤ ਹਸਪਤਾਲ ਵਿਚ ਹੋਈ ਟਰੀਟਮੈਂਟ ਦਾ ਸਾਰਾ ਵੇਰਵਾ ਤਰਤੀਬਵਾਰ ਕਹਿ ਸੁਣਾਇਆ।
ਉਸ ਦੀਆਂ ਗੱਲਾਂ ਸੁਣ ਕੇ ਅਸੀਂ ਅਨੁਮਾਨ ਲਾਇਆ ਕਿ ਲਫੰਗਿਆਂ ਨਾਲ ਬਹਿਣ-ਉਠਣ ਕਰ ਕੇ ਮੁੰਡਾ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਹੋ ਗਿਆ। ਸ਼ਰਾਬ ਦੀ ਲਤ ਕਾਰਨ ਅਚਾਨਕ ਉਸ ਦੇ ਪੇਟ ਵਿਚ ਕੋਈ ਖਰਾਬੀ ਆ ਗਈ। ਕਈ ਦਿਨ ਹਸਪਤਾਲ ਤੋਂ ਇਲਾਜ ਕਰਵਾ ਕੇ ਹੁਣ ਘਰ ਆਇਆ ਸੀ।
“ਚਲੋ ਭੈਣ, ਸ਼ੁਕਰ ਹੈ ਵਹਿਗੁਰੂ ਦਾæææ।” ਮੇਰੀ ਪਤਨੀ ਨੇ ਸ਼ੁਕਰਾਨੇ ਵਜੋਂ ‘ਤਾਂਹ ਨੂੰ ਹੱਥ ਜੋੜਦਿਆਂ ਪੂਰੀ ਗੱਲ ਸੁਣ ਕੇ ਆਖਿਆ, “æææ ਦੁੱਖ ਆਇਆ ਵੀ, ਪਰ ਦਾਤੇ ਨੇ ਹੱਥ ਦੇ ਕੇ ਬਚਾ ਲਿਆ। ਜਿਵੇਂ ਦੀ ਉਹਦੀ ਹਾਲਤ ਤੁਸੀਂ ਦੱਸੀ ਐ, ਨਵਾਂ ਜਨਮ ਈ ਹੋਇਆ ਸਮਝੋ ਉਹਦਾ।æææਤਾਂ ਹੀ ਕਹਿੰਦੇ ਐ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬਿਅੰਤ ਹੈ।”
“æææਲੈæææਲੈ ਭੈਣੇਂæææਏਂæææਏਂæææਏਂæææ!” ਮੁੰਡੇ ਦੀ ਮਾਂ ਦੇ ਚਿਹਰੇ ‘ਤੇ ਹਾਵ-ਭਾਵ ਕੁਝ ਅਜਿਹੇ ‘ਨਾਂਹ ਵਾਚੀ’ ਜਿਹੇ ਬਣ ਗਏ, ਜਿਵੇਂ ਮੇਰੀ ਘਰ ਵਾਲੀ ਕੋਲੋਂ ਕੋਈ ਗਲਤ ਗੱਲ ਕਹੀ ਗਈ ਹੋਵੇ। ਖੱਬੇ-ਸੱਜੇ ਨੂੰ ਸਿਰ ਘੁਮਾਉਂਦਿਆਂ ‘ਭੈਣੇ’ ਲਫ਼ਜ਼ ਗਜ ਭਰ ਲਮਕਾ ਕੇ ਉਹ ਇੰਜ ਬੋਲੀ, ਜਿਵੇਂ ਉਹ ਤਰਦੀਦ ਕਰਨ ਲੱਗੀ ਹੋਵੇ। ਉਹ ਬੜੇ ਦਾਅਵੇ ਨਾਲ ਦੱਸਣ ਲੱਗੀ- “æææਇਹ ਤਾਂ ਸਾਡੇæææਸਾਹਬ ਜੀ ਦੀ ਮਿਹਰ ਹੋਈ ਆ ਭੈਣ ਜੀ!æææਇਸ ਛੋਕਰੇ ਨੂੰ ‘ਨਸੀਹਤ’ ਲਾਈ ਆ ‘ਸਾਹਬ ਜੀ’ ਨੇæææਉਨ੍ਹਾਂ ਨੇ ਹੱਥ ਦੇ ਕੇ ਬਲਦੀ ਅੱਗ ਵਿਚੋਂ ਬਚਾਅ ਵੀ ਲਿਆ ਤੇ ਭੁੱਲੇ ਨੂੰ ਰਾਹ ਵੀ ਪਾ’ਤਾ।”
ਮੈਂ ਮਹਿਸੂਸ ਕੀਤਾ ਕਿ ਅਸਲ ਵਿਚ ਉਹ ਇਹ ਕਹਿਣਾ ਚਾਹ ਰਹੀ ਹੈ ਕਿ ਸਾਡੇ ਮੁੰਡੇ ਨੂੰ ਕਿਸੇ ਵਾਹਿਗੁਰੂ ਨੇ ਨਹੀਂ ਬਚਾਇਆ, ਸਗੋਂ ਉਨ੍ਹਾਂ ਦੇ ‘æææਸਾਹਬ’ ਨੇ ਹੀ ਨਵਾਂ ਨਰੋਆ ਕਰ ਦਿੱਤਾ ਉਸ ਨੂੰ। ਇਸਲਾਮੀ ਜਿਹੇ ਜਾਪਦੇ ਨਾਮ ਪਿੱਛੇ ‘ਸਾਹਬ’ ਜੋੜਦਿਆਂ, ਉਹ ਬੜੀ ਸ਼ਰਧਾ ਨਾਲ ਉਸ ਦੀ ਮਹਿਮਾ ਗਾ ਰਹੀ ਸੀ। ਮੈਨੂੰ ਖਿਝ ਬੜੀ ਫੁੱਟੀ ਕਿ ਡਾਕਟਰਾਂ ਦੀ ਮਿਹਨਤ ਭੁਲਾ ਕੇ ਇਹ ਪੰਜਾਬ ਬੈਠੇ ਕਿਸੇ ਟੁੱਚੇ ਜਿਹੇ ਬਾਬੇ ਨੂੰ ਜੀਵਨ-ਦਾਨੀ ਬਣਾ ਰਹੀ ਹੈ। ਜ਼ਰਾ ‘ਤਹਿ ਲਾਉਣ’ ਦੀ ਮਨਸ਼ਾ ਨਾਲ ਮੈਂ ਗੱਲ ਵਧਾਈ- “ਇਹ ਤੁਹਾਡੇ ਸਾਹਬ ਜੀ ਰਹਿੰਦੇ ਕਿਥੇ ਨੇ?”
ਮੇਰੇ ਮੂੰਹ ਵੱਲ ਦੇਖ ਮੇਰੀ ਪਤਨੀ ਨੂੰ ਖੁੜਕ ਗਈ ਕਿ ਮੈਂ ਹੁਣ ਸਿੱਧਾ ਹੋ ਕੇ ਲੱਗਾ ਹਾਂ ਲੈਕਚਰ ਝਾੜਨ! ਉਧਰ ਉਹ ਬੀਬੀ ਸ਼ਰਧਾ ਸਤਿਕਾਰ ਨਾਲ ਅੱਖਾਂ ਮੁੰਦ ਕੇ ਲਾਗੇ ਮੇਜ਼ ‘ਤੇ ਪਈ ਬਾਬੇ ਦੀ ਫੋਟੋ ਵੱਲ ਹੱਥ ਕਰ ਕੇ ਜਾਣਕਾਰੀ ਦੇਣ ਲੱਗੀ। ਐਨ ਉਨ੍ਹਾਂ ਪਲਾਂ-ਛਿਣਾਂ ਵਿਚ ਮੇਰੀ ਪਤਨੀ ਨੇ ਬੁੱਲ੍ਹ ਦੱਬ ਕੇ ਮੈਨੂੰ ਖਾਮੋਸ਼ ਰਹਿਣ ਦਾ ਹੁਕਮ ਦੇ ਦਿੱਤਾ।
ਮੌਕੇ ਦੀ ਨਜ਼ਾਕਤ ਸਮਝਦਿਆਂ ਮੈਂ ਤਾਂ ਫਿਰ ਕੋਈ ਹੋਰ ਚਿੰਜੜੀ ਛੇੜਨ ਤੋਂ ਗੁਰੇਜ਼ ਕੀਤਾ, ਪਰ ਉਸ ਬੀਬੀ ਨੇ ਆਪਣੇ ‘ਸਾਹਬ’ ਦੀ ਤਫ਼ਸੀਲੀ ਜਾਣਕਾਰੀ ਜੋ ਅੰਨ੍ਹੀ ਸ਼ਰਧਾ ਨਾਲ ਗੜੁੱਚ ਬੋਲਾਂ ਰਾਹੀਂ ਸੁਣਾਈ, ਉਸ ਦਾ ਸਾਰਾ ਅੰਸ਼ ਇਹ ਸੀ ਕਿ ਪਿੱਛੇ ਦੇਸ਼ ਵਿਚ ਇਨ੍ਹਾਂ ਦੇ ਪਿੰਡੋਂ ਬਾਹਰਵਾਰ ਕੋਈ ਬੇਆਬਾਦ ਕਬਰ ਸੀ, ਜਿਸ ‘ਤੇ ਕੋਈ ਘਰੋਂ ਕੱਢਿਆ ਵਿਹਲੜ ਨਸ਼ੇੜੀ ਮਜੌਰ ਬਣ ਕੇ ਬਹਿ ਗਿਆ। ਆਪਣੇ ਕੋਲ ‘ਇੱਲ-ਬਲਾਵਾਂ’ ਕਾਬੂ ਕਰਨ ਦੀਆਂ ਸ਼ਕਤੀਆਂ ਹੋਣ ਦਾ ਢਕਵੰਜ ਰਚਾ ਕੇ ਉਸ ਨੇ ਇਲਾਕੇ ਵਿਚ ਆਪਣਾ ਹਲਵਾ-ਮੰਡਾ ਚਲਾ ਲਿਆ। ਇਨ੍ਹਾਂ ਵਰਗੇ ਹੋਰ ਅਨੇਕਾਂ ਭੌਂਦੂਆਂ ਨੂੰ ਉਸ ਨੇ ਆਪਣੇ ਮੁਰੀਦ ਬਣਾ ਲਿਆ ਸੀ।
ਇਸ ਟੱਬਰ ਨੂੰ ਵਿਦੇਸ਼ ਸੱਦਣ ਵਾਲੇ, ਪਹਿਲੋਂ ਤੋਂ ਇਥੇ ਵਸਦੇ ਇਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਅਣਥੱਕ ਕੋਸ਼ਿਸ਼ਾਂ, ਡਾਲਰਾਂ ਵਿਚ ਭਰੀਆਂ ਮੋਟੀਆਂ ਫੀਸਾਂ ਤੇ ਆਪਣੇ ਖੁਦ ਦੇ ਦਿੱਲੀ ਅੰਬੈਂਸੀਆਂ ਵਿਚ ਦਰਜਨਾਂ ਗੇੜੇ ਮਾਰ ਕੇ ਉਥੇ ਪੇਸ਼ ਕੀਤੇ ਗਏ ਖਰਚੀਲੇ (ਸੱਚੇ ਝੂਠੇ) ਕਾਗਜ਼-ਪੱਤਰਾਂ ਨੂੰ ਭੁਲਾ ਕੇ ਇਹ ਬੀਬੀ ‘ਬਾਹਰ ਆ ਜਾਣ’ ਦੀ ਫੁੱਲ ਮਿਹਰ ਕਬਰ ਵਾਲੇ ਸਾਹਬ ਦੀ ਦੱਸ ਰਹੀ ਸੀ।
ਸ਼ਰਾਬ ਪੀ-ਪੀ ਕੇ ਅੰਦਰ ਸੜਨ ਵਾਲੇ, ਪਰ ਹੁਣ ਰਾਜ਼ੀ ਹੋ ਰਹੇ ਆਪਣੇ ਮੁੰਡੇ ਨੂੰ ਮਿਲੀ ਨਸੀਹਤ ਦਾ ਵੀ ਭੇਤ ਖੋਲ੍ਹਦਿਆਂ ਬੀਬੀ ਨੇ ਬੜੇ ਸਵੈ-ਵਿਸ਼ਵਾਸ ਨਾਲ ਦੱਸਿਆ ਕਿ ਮੁੰਡੇ ਦੇ ਪੇਟ ਵਿਚ ਕੋਈ ਨੁਕਸਾਨ ਸਾਹਬ ਜੀ ਦੀ ਕਰੋਪੀ ਕਾਰਨ ਹੀ ਪਿਆ, ਕਿਉਂਕਿ ਇਹ ਮੁੰਡਾ ਬਾਬੇ ਦੀ ਸ਼ਾਨ ਦੇ ਬਰ-ਖਿਲਾਫ ਬੋਲਦਾ ਰਹਿੰਦਾ ਸੀ ਤੇ ਘਰਦਿਆਂ ਨੂੰ ਟਿੱਚਰਾਂ ਕਰਦਾ ਰਹਿੰਦਾ ਸੀ।
“ਹੁਣ ਪਤਾ ਲੱਗਿਆ ਨ-ਖਸਮੇਂ ਨੂੰ!æææਸਾਹਬ ਨੇ ਨਸੀਹਤ ਵੀ ਲਾ’ਤੀ, ਪਰ ਹੱਥ ਦੇ ਕੇ ਬਚਾਅ ਵੀ ਲਿਆ।”
ਇਸ ਮਿਜ਼ਾਜ-ਪੁਰਸ਼ੀ ਮੀਟਿੰਗ ਦੇ ਅਖੀਰ ਵਿਚ ਇਹ ਵਾਕ ਬੋਲ ਕੇ ਬੀਬੀ ਨੇ ਆਪਣੇ ਟੱਬਰ ਵੱਲੋਂ ਆਉਂਦੇ ਦਿਨਾਂ ਵਿਚ ਹੋਰ ਝੱਲ ਖਿਲਾਰਨ ਦੀ ਵੰਨਗੀ ਵੀ ਦਿਖਾ ਦਿੱਤੀ-ਅਖੇ, ਅਸੀਂ ਮਹਾਰਾਜ ਤੋਂ ਭੁੱਲ ਬਖਸ਼ਾਉਂਦਿਆਂ ਪੁੱਛਿਆ ਕਿ ਸਾਹਬ ਜੀ, ਸਾਨੂੰ ਕੋਈ ਸੇਵਾ ਦੱਸੋ? ਬਾਬੇ ਨੇ ਹੁਕਮ ਕੀਤਾ ਕਿ ਇਥੇ ਇਕ ਕਮਰਾ ਬਣਵਾਉ ਤੇ ਨਾਲੇ ਸਬਮਰਸੀਬਲ ਮੋਟਰ ਲਗਵਾਉ। ਦੇਸ਼ ਰਹਿੰਦੇ ਸਕੇ-ਸੋਧਰਿਆਂ ਰਾਹੀਂ ਇਨ੍ਹਾਂ ਵੱਲੋਂ ਖੱਲ ਲੁਹਾਉਣ ਦੀਆਂ ਹੁਣ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ।
ਰੱਜ ਕੇ ਝੱਲ-ਵਲੱਲੀਆਂ ਸੁਣਦਿਆਂ, ਮੂੰਹ ‘ਤੇ ਆ ਰਹੀਆਂ ਅਨੇਕਾਂ ਬਾਤਾਂ ਨੂੰ ਅੰਦਰੇ-ਅੰਦਰ ਦੱਬ ਕੇ ਮੈਂ ਉਥੋਂ ਉਠ ਖੜ੍ਹਾ ਹੋਇਆ। ਦੋ-ਚਾਰ ਕੁ ਹੋਰ ਰਸਮੀ ਜਿਹੀਆਂ ਗੱਲਾਂ ਕਰ ਕੇ ਅਸੀਂ ਉਥੋਂ ਵਿਦਾਇਗੀ ਲੈ ਲਈ।
ਵਾਪਸੀ ਲਈ ਗੱਡੀ ਵਿਚ ਬਹਿੰਦਿਆਂ ਹੀ ਮੇਰੀ ਘਰ ਵਾਲੀ ਨੇ ਮੇਰੇ ਅੰਦਰ ਜਮ੍ਹਾਂ ਹੋਏ ਪਏ ‘ਗੁਬਾਰ’ ਦੀ ਫੂਕ ਕੱਢਣ ਵਾਸਤੇ ਸਮਝੋ ਭੁਕਾਨੇ ਵਿਚ ਸੂਈ ਮਾਰੀ- “ਇਹ ਕਿੱਦਾਂ ਦਾ ਸਾਹਬ ਹੋਇਆ ਜਿਹੜਾ ਹਜ਼ਾਰਾਂ ਮੀਲ ਦੂਰ ਬੈਠਾ ਹੀ ਆਪਣੇ ਵਿਰੋਧੀ ਦੇ ਢਿੱਡ ਵਿਚ ਨੁਕਸ ਪਾਈ ਜਾਂਦੈ ਤੇ ਨਾਲੇ ਮਿਹਰ ਵੀ ਕਰੀ ਜਾਂਦਾ ਹੈ?æææਕਿਹੋ ਜਿਹੇ ਅੰਨ੍ਹੇ ਸ਼ਰਧਾਲੂ ਨੇ ਲੋਕ!”
“ਸ਼ਰਧਾਲੂ ਨਹੀਂ, ਅਜਿਹੇ ਅਕਲੋਂ ਹੀਣਿਆਂ ਨੂੰ ‘ਸ਼ਰਧਾ-ਉਲੂ’ ਕਹਿਣਾ ਵਧੇਰੇ ਵਾਜਬ ਹੈ।”
ਮੁੰਡੇ ਦੀ ਮਾਂ ਵੱਲੋਂ ਧੇਲੇ ਦੇ ਮੰਗ-ਖਾਣੇ ਨਸ਼ੇੜੀ ਨੂੰ ‘ਸਾਹਬ ਸਾਹਬ’ ਕਹੀ ਜਾਣ ਤੋਂ ਮੇਰੇ ਜ਼ਿਹਨ ਵਿਚ ਢਾਡੀ ਦਿਲਬਰ ਜੀ ਦੇ ਮੂੰਹੋਂ ਸੁਣੀ ਹੋਈ ਗੱਲ ਘੁੰਮ ਰਹੀ ਸੀ ਜੋ ਮੈਂ ਪਤਨੀ ਨੂੰ ਸੁਣਾਉਣ ਲੱਗਾæææਪੁਰਾਣੇ ਵੇਲਿਆਂ ਵਿਚ ਕਿਸੇ ਪਿੰਡ ਪ੍ਰੋਗਰਾਮ ਕਰਨ ਗਿਆਂ ਉਨ੍ਹਾਂ ਦੇਖਿਆ ਕਿ ਇਕ ਘਰ ਦੇ ਵਿਹੜੇ ਵਿਚ ਡੱਠੇ ਮੰਜੇ ਉਤੇ ਛੋਟਾ ਬੱਚਾ ਬਿਸਤਰੇ ਵਿਚ ਬੇਸੁਧ ਪਿਆ ਹੂੰਗੇ ਮਾਰ ਰਿਹਾ ਸੀ। ਉਸ ਦੇ ਆਲੇ-ਦੁਆਲੇ ਕੁਝ ਮਾਈਆਂ ਮੌਲੀ ਧਾਗਾ, ਚੁੰਨੀ ਅਤੇ ਸੰਧੂਰ ਵਗੈਰਾ ਚੁੱਕੀ ਖੜ੍ਹੀਆਂ ਸਨ। ਅੱਗੇ ਹੋ ਕੇ ਗਿਆਨੀ ਜੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਬੀਬੀਓ, ਇਸ ਬੱਚੇ ਨੂੰ ਬੁਖਾਰ ਚੜ੍ਹਿਆ ਜਾਪਦਾ ਹੈ, ਇਹਦੇ ਲਈ ਕੋਈ ਦਵਾ-ਦਾਰੂ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ?
“ਨਾæææਨਾæææਨਾ ਭਾਈ! ਦਵਾਈ ਦਾ ਨਾਮ ਨਾ ਲੈ ਇਹਦੇ ਕੋਲ ਖੜ੍ਹ ਕੇ। ਇਹਦੇ ਉਤੇ ਮਾਤਾ ਦੀ ਮਿਹਰ ਹੋਈ ਹੋਈ ਹੈ। ‘ਡਾਲੀ’ ਕਰਾਉਣ ਲਈ ਸਾਡੇ ਬੰਦੇ ਲਾਗਲੇ ਫਲਾਣਾ ਸਾਹਬ ਤੋਂ ਸਿਆਣੇ ਨੂੰ ਲੈਣ ਗਏ ਹੋਏ ਨੇ।”
ਮੱਥੇ ‘ਤੇ ਹੱਥ ਮਾਰ ਕੇ ਮੇਰੀ ਪਤਨੀ ਕਹਿੰਦੀ, “ਅੱਗ ਲੱਗਣੇ ਇਨ੍ਹਾਂ ‘ਸਾਹਬਾਂ-ਸਿਆਣਿਆਂ ਦੇ ਸਿਰ ਵਿਚ ਸੁਆਹ।”
“ਸੇਵਕਾਂ ਨੂੰ ਕਾਹਤੋਂ ਛੱਡ ਲਿਆ ਤੈਂ?”
ਅਸੀਂ ਦੋਵੇਂ ਜਣੇ ਹੱਸ ਪਏ।