ਟੈਕਸੀ ਡਿਸਪੈਚਰ ਹੋਣ ਦੇ ਜੋਖਮ

ਟੈਕਸੀਨਾਮਾ-17
ਪੀਟਰ ਬਰਾਅeੈਂਟ ਦੀ ਜ਼ੁਬਾਨੀ

ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਸਤੰਬਰ 1960 ਵਿਚ ਮੈਂ 21 ਸਾਲ ਦੀ ਉਮਰ ਵਿਚ ਬਲੈਕ ਟਾਪ ਕੰਪਨੀ ਨਾਲ ਟੈਕਸੀ ਚਲਾਉਣ ਲੱਗਾ ਸੀ। ਉਦੋਂ ਟੈਕਸੀ ਚਲਾਉਣ ਲਈ ਘੱਟੋ-ਘੱਟ 21 ਸਾਲ ਦਾ ਹੋਣਾ ਜ਼ਰੂਰੀ ਸੀ। ਜਨਵਰੀ 2001 ਤਕ ਇਸ ਕਿੱਤੇ ਨਾਲ ਜੁੜਿਆ ਰਿਹਾ। ਇਸ ਤੋਂ ਬਾਅਦ ਟੈਕਸੀ ਹੋਸਟ ਕੋਰਸ ਪੜ੍ਹਾਉਣ ਲੱਗ ਪਿਆ। ਹੁਣ ਵੀ ਕਦੇ-ਕਦੇ ਲਿਮੋਜ਼ੀਨ ਤੇ ਟੂਰ ਬੱਸ ਚਲਾ ਆਉਂਦਾ ਹਾਂ। ਟੈਕਸੀ ਸੇਵਾ ਸੁਧਾਰਨ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਂਦਾ ਰਹਿੰਦਾ ਹਾਂ।

000
ਮੈਂ ਕੈਨੇਡਾ ਵਿਚ ਹੀ ਜੰਮਿਆ-ਪਲਿਆ ਅਨਾਥ ਬੱਚਾ ਸੀ। ਚੌਦਾਂ ਸਾਲ ਦੀ ਉਮਰ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ। ਕਈ ਕੰਮ ਕੀਤੇ। ਟੈਕਸੀ ਚਲਾਉਣੀ ਸ਼ੁਰੂ ਕੀਤੀ ਤਾਂ ਲੱਗਾ, ਇਹ ਕੰਮ ਮੇਰੀ ਸ਼ਖ਼ਸੀਅਤ ਦੇ ਅਨੁਕੂਲ ਹੈ। ਛੇਤੀ ਹੀ ਟੈਕਸੀ ਡਿਸਪੈਚ ਦਾ ਕੰਮ ਸਿੱਖ ਗਿਆ। ਉਦੋਂ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਇਹ ਕੰਮ ਬਹੁਤ ਔਖਾ ਸੀ। ਸਿੱਖਣ ਲਈ ਬਹੁਤ ਸਮਾਂ ਲੱਗਦਾ ਸੀ। ਸਿੱਖਲਾਈ ਦੌਰਾਨ ਕੋਈ ਪੈਸਾ ਨਹੀਂ ਸੀ ਮਿਲਦਾ। ਮੈਂ ਦਿਨੇ 12 ਘੰਟੇ ਟੈਕਸੀ ਚਲਾਉਂਦਾ, ਰਾਤ ਨੂੰ ਡਿਸਪੈਚਰ ਕੋਲ ਜਾ ਬੈਠਦਾ। ਅੱਧੀ ਰਾਤ ਵਾਲੀ ਸ਼ਿਫ਼ਟ ਵੇਲੇ ਦਸ-ਬਾਰਾਂ ਟੈਕਸੀਆਂ ਰਹਿ ਜਾਂਦੀਆਂ, ਕੰਮ ਦਾ ਜ਼ੋਰ ਨਾ ਹੁੰਦਾ। ਤਜਰਬੇਕਾਰ ਡਿਸਪੈਚਰ ਪ੍ਰਬੰਧ ਬਾਰੇ ਸਿੱਖਿਆ ਦਿੰਦਾ। ਸਭ ਤੋਂ ਵੱਡੀ ਗੱਲ, ਉਹ ਡਿਸਪੈਚਰ ਦੇ ਅਧਿਕਾਰ ਵਰਤਣਾ ਸਿਖਾਉਂਦਾ। ਚੰਗਾ ਡਿਸਪੈਚਰ ਸਾਰੀ ਫਲੀਟ ‘ਤੇ ਹੁਕਮ ਚਲਾਉਂਦਾ ਹੈ। ਡਿਸਪੈਚਰ ਨੂੰ ਆਪਣਾ ਨਾਂ ਕਮਾਉਣਾ ਪੈਂਦਾ ਹੈ। ਜਿਹੜੇ ਡਿਸਪੈਚਰ ਆਪਣੇ ਅਧਿਕਾਰਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ, ਉਹ ਬਹੁਤਾ ਸਮਾਂ ਇਸ ਕਿੱਤੇ ਵਿਚ ਨਹੀਂ ਰਹਿੰਦੇ। ਉਸ ਦੀ ਇਮਾਨਦਾਰੀ ਅਤੇ ਯੋਗਤਾ ਉਪਰ ਉਂਗਲ ਨਹੀਂ ਉਠਣੀ ਚਾਹੀਦੀ।
000
ਡਿਸਪੈਚਰ ਦੇ ਤੌਰ ‘ਤੇ ਕਈ ਅਜਿਹੇ ਫੈਸਲੇ ਕਰਨੇ ਪੈਂਦੇ, ਜਿਸ ਨਾਲ ਕਿਸੇ ਨੂੰ ਮਾਲੀ ਨੁਕਸਾਨ ਹੋ ਸਕਦਾ ਹੈ। ਫਿਰ ਅਗਲਾ ਗੁੱਸੇ ਵਿਚ ਘਰੇ ਫੋਨ ਕਰ ਕੇ ਧਮਕੀਆਂ ਦਿੰਦਾ। ਅਜਿਹੀਆਂ ਧਮਕੀਆਂ ਤੋਂ ਮੇਰੀ ਘਰਵਾਲੀ ਡਰ ਜਾਂਦੀ ਤੇ ਮੈਨੂੰ ਆਖਦੀ ਕਿ ਇਸ ਕਿੱਤੇ ਤੋਂ ਪਾਸੇ ਹੋ ਜਾਵਾਂ, ਪਰ ਇਹ ਸਭ ਇਸ ਕਿੱਤੇ ਦਾ ਹਿੱਸਾ ਹੈ। ਮੈਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਕੇ ਕਦੇ ਨਹੀਂ ਸੋਚਿਆ ਕਿ ਮੈਂ ਗਲਤ ਕਿੱਤੇ ਵਿਚ ਆ ਗਿਆ। ਮੈਂ ਸ਼ਰਮਾਕਲ਼ ਬੱਚਾ ਹੁੰਦਾ ਸੀ। ਲੋਕਾਂ ਨਾਲ ਗੱਲ ਕਰਨ ਲੱਗਾ ਡਰਦਾ, ਪਰ ਟੈਕਸੀ ਚਲਾਉਣ ਨਾਲ ਮੇਰੀ ਇਹ ਸੰਗ ਖੁੱਲ੍ਹ ਗਈ।
000
ਸੱਠਵਿਆਂ ਵਿਚ ਬਲੈਕ ਟਾਪ ਕੋਲ ਅੱਸੀ ਕੁ ਟੈਕਸੀਆਂ ਹੁੰਦੀਆਂ ਸਨ। ਟੈਕਸੀਆਂ ਦਾ ਪ੍ਰਬੰਧ ਕੁਸ਼ਲਤਾ ਨਾਲ ਕੀਤਾ ਜਾਂਦਾ ਤਾਂ ਕਿ ਡਰਾਈਵਰ ਕਮਾਈ ਵੀ ਚੰਗੀ ਕਰ ਲੈਣ ਅਤੇ ਗਾਹਕਾਂ ਨੂੰ ਬਹੁਤੀ ਉਡੀਕ ਵੀ ਨਾ ਕਰਨੀ ਪਵੇ, ਨਾਲੇ ਕੰਪਨੀ ਦਾ ਚੰਗਾ ਅਕਸ ਬਣੇ। ਸ਼ਿਫਟਾਂ ਇਸ ਤਰੀਕੇ ਨਾਲ ਸੈਟ ਕਰਦੇ ਕਿ ਜਦੋਂ ਰੁਝੇਵੇਂ ਵਾਲਾ ਸਮਾਂ ਹੁੰਦਾ, ਉਦੋਂ ਵੱਧ ਤੋਂ ਵੱਧ ਟੈਕਸੀਆਂ ਸੜਕ ਉਪਰ ਹੁੰਦੀਆਂ। ਡਰਾਈਵਰ ਵੀ ਇਨ੍ਹਾਂ ਅਸੂਲਾਂ ਦਾ ਪਾਲਣ ਕਰਦੇ। ਹੁਣ ਤਾਂ ਇਕ ਟੈਕਸੀ ਦੇ ਦੋ-ਦੋ ਮਾਲਕ ਹਨ। ਉਦੋਂ ਪੰਜ-ਚਾਰ ਜਣੇ ਹੀ ਸਾਰੀ ਕੰਪਨੀ ਦੇ ਮਾਲਕ ਹੁੰਦੇ। ਕਿਸੇ ਕੋਲ ਦਸ ਟੈਕਸੀਆਂ ਹੁੰਦੀਆਂ ਤੇ ਕਿਸੇ ਕੋਲ ਬਾਰ੍ਹਾਂ। ਸਮੇਂ ਨਾਲ ਹੁਣ ਬਹੁਤ ਬਦਲ ਗਿਆ ਹੈ। ਮੈਥੋਂ ਪਹਿਲਾਂ ਦੇ ਸਮਿਆਂ ਵਿਚ ਡਰਾਈਵਰਾਂ ਕੋਲ ਆਪਣੇ ਲਾਈਸੈਂਸ ਹੁੰਦੇ ਸਨ। ਜਿਵੇਂ ਜੋਅ’ਸ ਟੈਕਸੀ, ਟੌਮ’ਸ ਟੈਕਸੀ। ਇਨ੍ਹਾਂ ਦੀਆਂ ਆਪਣੀਆਂ ਕਾਰਾਂ ਸਨ ਤੇ ਇਨ੍ਹਾਂ ਨੂੰ ਨਗਰਪਾਲਿਕਾ ਨੇ ਆਪੋ-ਆਪਣੇ ਅੱਡੇ ਦਿੱਤੇ ਹੁੰਦੇ ਸਨ। ਉਹ ਉਸ ਅੱਡੇ ਤੋਂ ਹੀ ਕੰਮ ਕਰਦੇ। ਸਮੇਂ ਦੇ ਨਾਲ-ਨਾਲ ਇਨ੍ਹਾਂ ਡਰਾਈਵਰਾਂ ਨੇ ਇਕ-ਦੂਜੇ ਨਾਲ ਭਾਈਵਾਲੀ ਸ਼ੁਰੂ ਕਰ ਦਿੱਤੀ। ਉਹ ਇੱਕ-ਦੂਜੇ ਦਾ ਅੱਡਾ ਵਰਤਣ ਲਈ ਸੰਧੀ ਕਰ ਲੈਂਦੇ। ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਟੈਕਸੀ ਵਾਲਾ ਦੂਜਿਆਂ ਨਾਲ ਗੁੱਸੇ ਹੋ ਜਾਂਦਾ ਤੇ ਉਹ ਆਪਣੇ ਨਾਲ ਹੋਰ ਭਾਈਬੰਦ ਰਲ਼ਾ ਲੈਂਦਾ ਤੇ ਉਹ ਆਪਣੀਆਂ ਟੈਕਸੀਆਂ ਕਿਸੇ ਹੋਰ ਨਾਲ ਰਲ਼ਾ ਲੈਂਦੇ। ਇਉਂ ਕੁਝ ਵੀ ਸਥਿਰ ਨਹੀਂ ਸੀ। ਜਿਸ ਕੰਪਨੀ ਨਾਲੋਂ ਉਹ ਪਾਸੇ ਹੋਏ ਹੁੰਦੇ, ਉਹ ਕੰਪਨੀ ਡਾਵਾਂਡੋਲ ਹੋ ਜਾਂਦੀ। ਸਥਿਰਤਾ ਲਿਆਉਣ ਲਈ ਟੈਕਸੀ ਕੰਪਨੀਆਂ ਬਣਨੀਆਂ ਜ਼ਰੂਰੀ ਸਨ। ਕੁਝ ਟੈਕਸੀ ਵਾਲਿਆਂ ਨੇ ਰਲ਼ ਕੇ ਕੰਪਨੀ ਬਣਾ ਲੈਣੀ। ਉਨ੍ਹਾਂ ਆਪਣੇ ਲਾਈਸੈਂਸ ਕੰਪਨੀ ਦੇ ਨਾਂ ਕਰ ਦੇਣੇ ਅਤੇ ਕੰਪਨੀ ਨੇ ਉਨ੍ਹਾਂ ਨੂੰ ਹਿੱਸੇ ਦੇ ਦੇਣੇ। ਇਸ ਨਾਲ ਜੇ ਕੋਈ ਹਿੱਸੇਦਾਰ ਦੂਜਿਆਂ ਨਾਲ ਨਾਰਾਜ਼ ਹੋ ਜਾਂਦਾ ਤਾਂ ਉਹ ਆਪਣਾ ਹਿੱਸਾ ਵੇਚ ਕੇ ਕਿਸੇ ਹੋਰ ਕੰਪਨੀ ਕੋਲੋਂ ਖਰੀਦ ਸਕਦਾ ਸੀ, ਪਰ ਆਪਣੇ ਲਾਈਸੈਂਸ ਦੂਜੀ ਕੰਪਨੀ ਕੋਲ ਨਹੀਂ ਸੀ ਲਿਜਾ ਸਕਦਾ। ਇਸ ਤਰ੍ਹਾਂ ਟੈਕਸੀ ਕੰਪਨੀਆਂ ਹੋਂਦ ਵਿਚ ਆਉਣ ਲੱਗੀਆਂ। ਫਿਰ ਕੁਝ ਵੱਡੀਆਂ ਕੰਪਨੀਆਂ ਨੇ ਛੋਟੀਆਂ ਕੰਪਨੀਆਂ ਨੂੰ ਆਪਣੇ ਵਿਚ ਸਮਾ ਲਿਆ।
000
ਪਹਿਲੇ ਸਮਿਆਂ ਵਿਚ ਲੋਕ ਟੈਕਸੀ ਲੈਣ ਲਈ ਟੈਕਸੀ ਅੱਡਿਆਂ ‘ਤੇ ਜਾਂਦੇ। ਉਨ੍ਹਾਂ ਨੂੰ ਪਤਾ ਹੁੰਦਾ ਕਿ ਫਲਾਣੇ ਥਾਂ ਟੈਕਸੀ ਖੜ੍ਹੀ ਹੁੰਦੀ ਹੈ। ਜੇ ਉਥੇ ਟੈਕਸੀ ਨਾ ਹੁੰਦੀ ਤਾਂ ਟੈਕਸੀ ਦੇ ਦਫਤਰ ਨਾਲ ਸਿੱਧਾ ਫੋਨ ਲੱਗਾ ਹੁੰਦਾ। ਉਹ ਫੋਨ ਰਾਹੀਂ ਦੱਸ ਦਿੰਦੇ ਕਿ ਅਸੀਂ ਇਥੇ ਉਡੀਕ ਕਰ ਰਹੇ ਹਾਂ। ਡਿਸਪੈਚਰ ਟੈਕਸੀ ਭੇਜ ਦਿੰਦੇ।
000
ਵੈਨਕੂਵਰ ਵਿਚ, ਹੋ ਸਕਦਾ ਹੈ ਕਿ ਹੋਰ ਸ਼ਹਿਰਾਂ ਵਿਚ ਵੀ, ਟੈਕਸੀ ਦੇ ਕਿੱਤੇ ਨਾਲ ਪਰਵਾਸੀ ਲੋਕ ਜੁੜੇ ਰਹੇ ਹਨ। ਨਵੇਂ ਦੇਸ਼ ਵਿਚ ਸ਼ੁਰੂਆਤ ਦੇ ਦਿਨਾਂ ਵਿਚ ਇਹ ਕੰਮ ਹੈ ਵੀ ਵਧੀਆ, ਜਿੰਨਾ ਚਿਰ ਕਿਸੇ ਕੋਲ ਕੋਈ ਹੋਰ ਹੁਨਰ ਨਹੀਂ ਆ ਜਾਂਦਾ। ਕਈ ਲਗਾਤਾਰ ਚਲਾਉਂਦੇ ਰਹਿੰਦੇ ਹਨ। ਕਈ ਆਪਣੀ ਲਾਈਨ ਦਾ ਕੰਮ ਲੱਭ ਕੇ ਇਸ ਕਿੱਤੇ ਨਾਲੋਂ ਪਾਸੇ ਹੋ ਜਾਂਦੇ ਹਨ। ਜਦੋਂ ਮੈਂ ਟੈਕਸੀ ਚਲਾਉਣ ਲੱਗਾ, ਇਸ ਕਿੱਤੇ ‘ਤੇ ਇਟਾਲੀਅਨ ਤੇ ਗਰੀਕ ਲੋਕਾਂ ਦਾ ਕਬਜ਼ਾ ਸੀ। ਜਿਵੇਂ ਸਭ ਨੂੰ ਪਤਾ ਹੈ ਕਿ ਹੁਣ ਇੰਡੋ-ਕੈਨੇਡੀਅਨ ਲੋਕ ਛਾਏ ਹੋਏ ਹਨ, ਪਰ ਪਿਛਲੇ ਦਸ ਕੁ ਸਾਲਾਂ ਤੋਂ ਥੋੜ੍ਹਾ ਜਿਹਾ ਬਦਲਾਓ ਆਉਂਦਾ ਲੱਗ ਰਿਹਾ ਹੈ। ਹੁਣ ਬਹੁਤ ਸਾਰੇ ਇਰਾਨੀਅਨ ਤੇ ਸੁਮਾਲੀਅਨ ਲੋਕ ਵੀ ਇਸ ਕਿੱਤੇ ਵੱਲ ਆ ਰਹੇ ਹਨ, ਪਰ ਇੰਡੀਆ ਵੱਲੋਂ ਪਰਵਾਸ ਦਾ ਜ਼ੋਰ ਘੱਟ ਨਹੀਂ ਹੋਇਆ। ਇਸ ਕਰ ਕੇ ਹਾਲੇ ਇੰਡੋ-ਕੈਨੇਡੀਅਨ ਲੋਕ ਹੀ ਮੁੱਖ ਹਨ। ਪਿਛਲੇ ਚਾਲੀ-ਪੰਜਾਹ ਸਾਲਾਂ ਤੋਂ ਮੈਂ ਇਹੀ ਨੋਟ ਕੀਤਾ ਹੈ ਕਿ ਪਰਵਾਸੀਆਂ ਦੀ ਦੂਜੀ ਪੀੜ੍ਹੀ ਇਸ ਕਿੱਤੇ ਵਿਚ ਨਹੀਂ ਆਉਂਦੀ।
ਅਜੀਤ ਥਾਂਦੀ ਪਹਿਲਾ ਇੰਡੋ-ਕੈਨੇਡੀਅਨ ਸੀ ਜਿਹੜਾ ਬਲੈਕ ਟਾਪ ਟੈਕਸੀ ਚਲਾਉਣ ਲੱਗਾ। ਉਹ ਵੀ ਬਾਕੀਆਂ ਵਾਂਗ ਡਰਾਈਵਰ ਦੇ ਤੌਰ ‘ਤੇ ਹੀ ਇਸ ਕਿੱਤੇ ਵਿਚ ਆਇਆ। ਉਦੋਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਕੋਈ ਆਖੇ ਕਿ ਮੇਰੇ ਕੋਲ ਧਨ ਹੈ ਤੇ ਮੈਂ ਟੈਕਸੀ ਦਾ ਲਾਈਸੈਂਸ ਖਰੀਦਣਾ ਹੈ। ਆਪਣਾ ਲਾਈਸੈਂਸ ਲੈਣ ਲਈ ਘੱਟੋ-ਘੱਟ ਦੋ ਸਾਲ ਲਗਾਤਾਰ ਹਫ਼ਤੇ ‘ਚ ਪੰਜ ਦਿਨ ਟੈਕਸੀ ਚਲਾਉਣੀ ਜ਼ਰੂਰੀ ਹੁੰਦੀ ਸੀ। ਫਿਰ ਉਹ ਪ੍ਰਬੰਧਕ ਕਮੇਟੀ ਕੋਲ ਲਾਈਸੈਂਸ ਖਰੀਦਣ ਲਈ ਅਰਜ਼ੀ ਦੇ ਸਕਦਾ ਸੀ। ਪ੍ਰਬੰਧਕ ਬਾਕੀ ਡਰਾਈਵਰਾਂ ਅਤੇ ਡਿਸਪੈਚਰ ਨੂੰ ਪੁੱਛਦੇ ਕਿ ਇਹ ਬੰਦਾ ਕੰਮ-ਕਾਰ ਨੂੰ ਕਿਸ ਤਰ੍ਹਾਂ ਹੈ, ਗਾਹਕਾਂ ਪ੍ਰਤੀ ਇਸ ਦਾ ਕੀ ਵਤੀਰਾ ਹੈ, ਕੀ ਗਾਹਕ ਇਸ ਨੂੰ ਪਸੰਦ ਕਰਦੇ ਹਨ ਵਗੈਰਾ। ਜੇ ਉਹ ਟੈਕਸੀ ਸਨਅਤ ਦੇ ਮਿਆਰ ‘ਤੇ ਪੂਰਾ ਉਤਰਦਾ ਤਾਂ ਉਸ ਨੂੰ ਪ੍ਰਬੰਧਕ ਕਮੇਟੀ ਕੰਪਨੀ ਵਿਚ ਟੈਕਸੀ ਲਾਈਸੈਂਸ ਖਰੀਦਣ ਦੀ ਇਜ਼ਾਜਤ ਦੇ ਦਿੰਦੀ। ਮੇਰੇ ਖਿਆਲ ਵਿਚ ਨਸਲ ਨੂੰ ਧਿਆਨ ਵਿਚ ਨਹੀਂ ਸੀ ਰੱਖਿਆ ਜਾਂਦਾ। ਮੈਂ ਕਦੇ ਨਹੀਂ ਸੀ ਸੁਣਿਆ ਕਿ ਫਲਾਣੇ ਬੰਦੇ ਨੂੰ ਲਾਈਸੈਂਸ ਨਹੀਂ ਖਰੀਦਣ ਦੇਣਾ ਕਿਉਂਕਿ ਉਸ ਦੀ ਚਮੜੀ ਦਾ ਰੰਗ ਹੋਰ ਹੈ। ਕਿਸੇ ਦੀ ਸ਼ਖਸੀਅਤ ਕਰ ਕੇ ਉਸ ਨੂੰ ਜਵਾਬ ਮਿਲ ਸਕਦਾ ਸੀ। ਕਿਸੇ ਇਕ-ਅੱਧੇ ਦੇ ਦਿਮਾਗ ਵਿਚ ਨਸਲਵਾਦ ਦਾ ਕੀੜਾ ਹੋ ਸਕਦਾ ਹੈ, ਪਰ ਸਾਰੀ ਸਨਅਤ ‘ਤੇ ਇਹ ਦੋਸ਼ ਲਾ ਦੇਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ। ਇਸ ਤੋਂ ਉਲਟ ਜੇ ਗੱਲ ਕਰਨੀ ਹੋਵੇ ਤਾਂ ਜਿਸ ਵਕਤ ਇੰਡੋ-ਕੈਨੇਡੀਅਨ ਲੋਕਾਂ ਦਾ ਇਸ ਸਨਅਤ ‘ਤੇ ਪੂਰਾ ਕਬਜ਼ਾ ਸੀ, ਉਸ ਵੇਲੇ ਮੈਂ ਆਪਣੇ ਦਫ਼ਤਰ ਵਿਚ ਕੰਪਿਊਟਰ ਸਕਰੀਨ ਦੇ ਪਿਛੇ ਬੈਠਾ ਸੀ। ਦੋ ਇੰਡੋ-ਕੈਨੇਡੀਅਨ ਬੰਦੇ ਸਨ, ਉਨ੍ਹਾਂ ਸਮਝਿਆ, ਮੈਂ ਉਥੇ ਨਹੀਂ। ਇੱਕ ਜਣਾ ਆਖਣ ਲੱਗਾ, ਕਿਸੇ ਦਿਨ ਆਪਾਂ ਇਨ੍ਹਾਂ ਗੋਰਿਆਂ ਨੂੰ ਦਫ਼ਤਰ ‘ਚੋਂ ਬਾਹਰ ਧੱਕ ਦੇਣਾ ਹੈ। ਮੈਂ ਸੋਚਿਆ, ਇਹ ਨਸਲਵਾਦ ਹੈ। ਮੈਨੂੰ ਦੁੱਖ ਹੋਇਆ, ਪਰ ਅਜਿਹੀ ਕਿਸਮ ਦੇ ਬੰਦੇ ਸਾਰੇ ਭਾਈਚਾਰਿਆਂ ਵਿਚ ਹੁੰਦੇ ਹਨ। ਮੇਰੇ ਖਿਆਲ ਵਿਚ ਟੈਕਸੀ ਦਾ ਕਿੱਤਾ ਸਭ ਨਾਲੋਂ ਘੱਟ ਨਸਲਵਾਦੀ ਹੈ। ਇਸ ਵਿਚ ਦੁਨੀਆਂ ਦੇ ਸਭ ਕੋਨਿਆਂ ਤੋਂ ਲੋਕ ਹੁੰਦੇ ਹਨ। ਮੈਨੂੰ ਚੇਤੇ ਹੈ ਜਦੋਂ ਅਜੀਤ ਥਾਂਦੀ ਨੇ ਆਪਣਾ ਲਾਈਸੈਂਸ ਖਰੀਦਿਆ ਸੀ। ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ, ਸਗੋਂ ਅਜੀਤ ਵਰਗੇ ਮਿਲਣਸਾਰ, ਸਾਫ਼, ਮਿਹਨਤੀ ਤੇ ਦੂਜਿਆਂ ਦੀ ਇੱਜ਼ਤ ਕਰਨ ਵਾਲੇ ਤੇ ਚੰਗੀ ਅੰਗਰੇਜ਼ੀ ਵਾਲੇ ਬੰਦੇ ਨੂੰ ਕੋਈ ਵੀ ਟੈਕਸੀ ਕੰਪਨੀ ਆਪਣੇ ਨਾਲ ਰਲਾਉਣ ਵਿਚ ਖੁਸ਼ੀ ਮਹਿਸੂਸ ਕਰਦੀ।
ਡਿਸਪੈਚਰਾਂ ‘ਤੇ ਵੀ ਇਹ ਦੋਸ਼ ਲੱਗ ਜਾਂਦਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਚੰਗੇ ਟ੍ਰਿਪ ਦੇ ਦਿੰਦੇ ਹਨ। ਜਦੋਂ ਤੁਹਾਡਾ ਐਨੇ ਡਰਾਈਵਰਾਂ ਨਾਲ ਵਾਹ ਪੈਂਦਾ ਹੈ ਤਾਂ ਕੋਈ ਨਾ ਕੋਈ ਦੋਸ਼ ਤਾਂ ਲੱਗਣਾ ਹੀ ਹੁੰਦਾ ਹੈ। ਮੈਂ ਆਪ ਬਹੁਤ ਸਾਲ ਡਿਸਪੈਚ ਕੀਤੀ ਹੈ। ਜੇ ਮੈਂ ਕਦੇ ਕਿਸੇ ਨਾਲ ਵਿਤਕਰਾ ਕੀਤਾ ਹੋਵੇ ਤਾਂ ਇਥੇ ਬੈਠਾ ਹੀ ਗਰਕ ਜਾਵਾਂ। ਉਸ ਵੇਲੇ ਡਿਸਪੈਚਰ ਕੋਲ ਇਹੋ ਜਿਹੀਆਂ ਗੱਲਾਂ ਸੋਚਣ ਦਾ ਮੌਕਾ ਹੀ ਕਦੋਂ ਹੁੰਦਾ ਹੈ! ਹਾਂ, ਮੈਂ ਵਿਤਕਰਾ ਕਰਦਾ ਸੀ, ਜਦੋਂ ਕਦੇ ਕੋਈ ਮੌਕਾ ਆਉਂਦਾ ਸੀ, ਪਰ ਇਹ ਇਸ ਆਧਾਰ ‘ਤੇ ਹੁੰਦਾ ਸੀ ਕਿ ਇਹ ਡਰਾਈਵਰ ਸਬੰਧਤ ਕੰਮ ਕਰ ਲਵੇਗਾ। ਗੱਲ ਸਪਸ਼ਟ ਕਰਨ ਲਈ ਦੱਸਦਾ ਹਾਂ: ਮੰਨ ਲਓ, ਕੋਈ ਕੰਪਨੀ ਦਾ ਪੁਰਾਣਾ ਗਾਹਕ ਹੈ। ਉਹ ਕਿਸੇ ਵਪਾਰ ਦਾ ਮਾਲਕ ਹੈ। ਟੈਕਸੀ ਕੰਪਨੀ ਨਾਲ ਉਸ ਦੀ ਵਪਾਰਕ ਸੰਧੀ ਹੈ ਅਤੇ ਉਹ ਹਫ਼ਤੇ ਵਿਚ ਕਈ ਵਾਰ ਟੈਕਸੀ ਕਿਰਾਏ ‘ਤੇ ਸੱਦਦੇ ਹਨ। ਕਿਸੇ ਦਿਨ ਉਨ੍ਹਾਂ ਨੇ ਕੋਈ ਚੀਜ਼ ਬਹੁਤ ਛੇਤੀ ਠੀਕ ਥਾਂ ‘ਤੇ ਪੁੱਜਦੀ ਕਰਨੀ ਹੈ। ਉਸ ਵੇਲੇ ਮੈਂ ਜ਼ਰੂਰ ਸੋਚਾਂਗਾ ਕਿ ਇਹ ਜਿਸ ਡਰਾਈਵਰ ਨੂੰ ਮੈਂ ਭੇਜ ਰਿਹਾਂ ਹਾਂ, ਕਿਤੇ ਇਹ ਨਵਾਂ ਤਾਂ ਨਹੀਂ ਜਾਂ ਕਿਤੇ ਅਜਿਹਾ ਡਰਾਈਵਰ ਤਾਂ ਨਹੀਂ ਜਿਸ ਨੂੰ ਅਕਸਰ ਰਾਹ ਲੱਭਣ ਵਿਚ ਔਖਿਆਈ ਆਉਂਦੀ ਹੋਵੇ। ਉਸ ਵੇਲੇ ਡਿਸਪੈਚਰ ਦੇ ਤੌਰ ‘ਤੇ ਮੇਰੇ ਦਿਮਾਗ ਵਿਚ ਉਹ ਗਾਹਕ ਹੋਵੇਗਾ ਜਿਸ ਨੂੰ ਗਵਾਉਣ ਨਾਲ ਟੈਕਸੀ ਕੰਪਨੀ ਨੂੰ ਵਧੀਆ ਗਾਹਕ ਗਵਾਉਣ ਦਾ ਖਤਰਾ ਹੋਵੇ। ਇਸ ਵਿਤਕਰੇ ਨੂੰ ਤੁਸੀਂ ਕੋਈ ਵੀ ਨਾਂ ਦੇ ਦਿਓ।
ਬਹੁਤ ਪਹਿਲਾਂ ਇਸ ਤਰ੍ਹਾਂ ਕਈ ਵਾਰ ਹੋਣਾ ਕਿ ਕਿਸੇ ਗਾਹਕ ਨੇ ਫੋਨ ਕਰਨਾ ਕਿ ਭੂਰੀ ਚਮੜੀ ਵਾਲਾ ਡਰਾਈਵਰ ਨਾ ਭੇਜਿਓ। ਅਸੀਂ ਇਸ ਤਰ੍ਹਾਂ ਦੇ ਗਾਹਕਾਂ ਨੂੰ ਟੈਕਸੀ ਭੇਜਦੇ ਹੀ ਨਹੀਂ ਸੀ। ਟੈਕਸੀ ਕੰਪਨੀ ਆਪਣੇ ਡਰਾਈਵਰਾਂ ਦੀ ਪਿੱਠ ‘ਤੇ ਖੜ੍ਹਦੀ ਸੀ। ਗਾਹਕ ਨੂੰ ਅਸੀਂ ਆਖ ਦੇਣਾ ਕਿ ਟੈਕਸੀ ਆ ਰਹੀ ਹੈ। ਉਡੀਕ ਕੇ ਉਸ ਨੇ ਫਿਰ ਫੋਨ ਕਰਨਾ, ਅਸੀਂ ਫਿਰ ਆਖ ਦੇਣਾ ਕਿ ਆ ਰਹੀ ਹੈ। ਫਿਰ ਜਦੋਂ ਗਾਹਕ ਨੂੰ ਹੱਥ ਲੱਗ ਜਾਂਦੇ ਤਾਂ ਉਸ ਦੇ ਦਿਮਾਗ ਵਿਚ ਇਹ ਗੱਲ ਆ ਜਾਂਦੀ ਕਿ ਅਸੀਂ ਕਿਉਂ ਨਹੀਂ ਟੈਕਸੀ ਭੇਜੀ, ਪਰ ਜੇ ਕੋਈ ਗਾਹਕ ਆਖਦਾ ਕਿ ਫਲਾਣੇ ਨੰਬਰ ਦੀ ਕੈਬ ਮੈਨੂੰ ਨਾ ਭੇਜੋ ਤਾਂ ਅਸੀਂ ਉਸ ਨੰਬਰ ਦੀ ਕੈਬ ਨ੍ਹੀਂ ਸੀ ਭੇਜਦੇ। ਹੋ ਸਕਦਾ ਹੈ ਕਿ ਕਦੇ ਉਸ ਡਰਾਈਵਰ ਨਾਲ ਗਾਹਕ ਦਾ ਮਾੜਾ ਤਜਰਬਾ ਹੋਵੇ, ਪਰ ਜੇ ਕੋਈ ਨਸਲ ਦੇ ਅਧਾਰ ‘ਤੇ ਕਹਿੰਦਾ ਤਾਂ ਅਸੀਂ ਬਿਲਕੁਲ ਹੋਰ ਟੈਕਸੀ ਨਹੀਂ ਸੀ ਭੇਜਦੇ।
ਡਰਾਈਵਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਹਨ। ਕਈ ਬਹੁਤ ਪੜ੍ਹੇ ਲਿਖੇ। ਮੈਂ ਕਈ ਡਾਕਟਰਾਂ, ਵਕੀਲਾਂ ਅਤੇ ਜੱਜਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਜ਼ਿੰਦਗੀ ਵਿਚ ਕਦੇ ਟੈਕਸੀ ਨਹੀਂ ਚਲਾਈ ਸੀ। ਕਈ ਬਹੁਤ ਘੱਟ ਪੜ੍ਹੇ ਵੀ ਹੁੰਦੇ। ਕਈ ਬਹੁਤੇ ਸਾਫ਼ ਵੀ ਨਹੀਂ ਸੀ ਹੁੰਦੇ। ਹਜਾਮਤ ਵੀ ਨਹੀਂ ਸੀ ਕੀਤੀ ਹੁੰਦੀ। ਮੈਥੋਂ ਪਹਿਲੇ ਸਮਿਆਂ ਵਿਚ ਡਰਾਈਵਰਾਂ ਲਈ ਵਰਦੀ ਜ਼ਰੂਰੀ ਹੁੰਦੀ ਸੀ। ਇਸ ਦਾ ਫਾਇਦਾ ਵੀ ਸੀ। ਡਰਾਈਵਰ ਪੇਸ਼ੇਵਰ ਲੱਗਦੇ ਸਨ, ਜ਼ਿਆਦਾ ਟਿੱਪ ਮਿਲਦੀ ਸੀ। ਫਿਰ ਸੱਠਵਿਆਂ ਦੇ ਅਖੀਰ ਵਿਚ ਕੰਪਨੀ ਨੇ ਰੂਲ ਬਣਾ ਦਿੱਤਾ ਕਿ ਜੀਨ ਪਹਿਨ ਕੇ ਟੈਕਸੀ ਨਹੀਂ ਚਲਾ ਸਕਦੇ। ਕਾਲਰਾਂ ਵਾਲੀ ਕਮੀਜ਼ ਜ਼ਰੂਰੀ ਸੀ। ਸਿਰ ਦੇ ਵਾਲ ਛੋਟੇ ਹੋਣ। ਉਦੋਂ ਲੰਮੇ ਵਾਲਾਂ ਦਾ ਆਮ ਰਿਵਾਜ਼ ਸੀ। ਇਕ ਡਰਾਈਵਰ ਆਪਣੇ ਵਾਲ ਨਹੀਂ ਸੀ ਕਟਵਾਉਣੇ ਚਾਹੁੰਦਾ ਤੇ ਲੰਮੇ ਵਾਲਾਂ ਨਾਲ ਕੰਪਨੀ ਉਸ ਨੂੰ ਟੈਕਸੀ ਨਹੀਂ ਸੀ ਚਲਾਉਣ ਦਿੰਦੀ। ਫਿਰ ਉਸ ਨੇ ਛੋਟੇ ਕੇਸਾਂ ਵਾਲਾ ਵਿੱਗ ਖਰੀਦ ਲਿਆ। ਉਹ ਆਪਣੇ ਲੰਮੇ ਵਾਲ, ਵਿੱਗ ਹੇਠ ਇਕੱਠੇ ਕਰ ਲੈਂਦਾ।
000
ਟੈਕਸੀ ਹੋਸਟ ਪ੍ਰੋਗਰਾਮ ਸ਼ੁਰੂ ਹੋਣ ਨਾਲ ਇਸ ਇੰਡਸਟਰੀ ਵਿਚ ਬਹੁਤ ਚੰਗੇ ਸਿੱਟੇ ਨਿਕਲੇ ਹਨ। ਜਦੋਂ ਇਹ ਕੋਰਸ ਸ਼ੁਰੂ ਹੋਇਆ ਸੀ, ਉਦੋਂ ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਵਿਰੋਧ ਹੋਇਆ। ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਖਿਆਲ ਵਿਚ ਟੈਕਸੀ ਸਨਅਤ ਮੁੱਢਲੀ ਸੇਵਾ ਦੇਣ ਵਿਚ ਵੀ ਨਾਕਾਮਯਾਬ ਰਹੀ ਸੀ। ਡਰਾਈਵਰ ਲਈ ਘੱਟੋ-ਘੱਟ ਕੋਈ ਯੋਗਤਾ ਤਾਂ ਚਾਹੀਦੀ ਹੀ ਸੀ, ਲੋਕਾਂ ਨਾਲ ਵਿਹਾਰ ਕਰਨ ਦਾ ਸਲੀਕਾ ਤੇ ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਵਗੈਰਾ। ਸੱਠਵਿਆਂ ‘ਚ ਟੈਕਸੀ ਦਾ ਮਿਆਰ ਚੰਗਾ ਸੀ। ਜਦੋਂ ਕੋਈ ਅਨੁਸ਼ਾਸਨ ਭੰਗ ਕਰਦਾ, ਤਾਂ ਉਸ ਨੂੰ ਜੁਰਮਾਨਾ ਹੁੰਦਾ ਸੀ ਜਾਂ ਕੰਪਨੀ ‘ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਹੌਲੀ-ਹੌਲੀ ਮੁੱਢਲੇ ਮਿਆਰ ਖਤਮ ਹੋ ਗਏ। ਫਿਰ ਸਮਾਂ ਆਇਆ ਕਿ ਕੋਈ ਵੀ ਆ ਕੇ ਟੈਕਸੀ ਚਲਾਉਣ ਲੱਗ ਪੈਂਦਾ। ਪਹਿਲਾ ਧੱਕਾ ਤਾਂ ਇਹ ਉਸ ਡਰਾਈਵਰ ਨਾਲ ਹੀ ਸੀ ਜਿਸ ਨੂੰ ਕਿਸੇ ਅਸੂਲ ਦਾ ਪਤਾ ਨਹੀਂ, ਕੋਈ ਸਿੱਖਲਾਈ ਨਹੀਂ ਤੇ ਟੈਕਸੀ ਮਾਲਕ ਉਸ ਨੂੰ ਟੈਕਸੀ ਚਲਾਉਣ ਲਈ ਭੇਜ ਦਿੰਦੇ। ਫਿਰ ਲੋਕਾਂ ਨਾਲ ਧੱਕਾ ਜਿਨ੍ਹਾਂ ਨੇ ਪੈਸੇ ਖਰਚ ਕੇ ਕਿਸੇ ਥਾਂ ਜਾਣਾ ਹੋਵੇ ਤੇ ਡਰਾਈਵਰ ਨੂੰ ਰਾਹ ਦਾ ਹੀ ਪਤਾ ਨਾ ਹੋਵੇ ਜਾਂ ਉਸ ਨੂੰ ਇਹ ਹੀ ਪਤਾ ਨਾ ਹੋਵੇ ਕਿ ਲੋਕਾਂ ਨਾਲ ਕਿਵੇਂ ਵਿਹਾਰ ਕਰਨਾ ਹੈ ਜਾਂ ਉਸ ਨੂੰ ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਵੀ ਨਾ ਹੁੰਦੀ। ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਪਰ ਟੈਕਸੀ ਦਾ ਮਿਆਰ ਉਪਰ ਚੁੱਕਣ ਲਈ ਕੋਈ ਕਦਮ ਚੁੱਕਣਾ ਜ਼ਰੂਰੀ ਸੀ (ਉਹ ਟੇਪ ਬੰਦ ਕਰਨ ਦਾ ਇਸ਼ਾਰਾ ਕਰਦਾ ਹੈ। ਫਿਰ ਆਵਾਜ਼ ਹੌਲੀ ਕਰ ਕੇ ਆਖਦਾ ਹੈ: ਮੈਂ ਨਹੀਂ ਚਾਹੁੰਦਾ ਕਿ ਮੇਰੀ ਕਿਸੇ ਗੱਲ ਨਾਲ ਕੋਈ ਰੱਫੜ ਪਵੇ, ਪਰ ਅਸਲ ਗੱਲ ਇਹ ਹੈ ਕਿ ਟੈਕਸੀ ਸਨਅਤ ਵਿਚ ਰਾਜਨੀਤੀ ਬਹੁਤ ਹੈ। ਮੰਨ ਲਓ, ਕਿਸੇ ਕੰਪਨੀ ਦਾ ਅਸੂਲ ਹੈ ਕਿ ਕਿਸੇ ਵੀ ਬੰਦੇ ਨੂੰ ਟੈਕਸੀ ਡਰਾਈਵਰ ਨਹੀਂ ਰੱਖਣਾ, ਜਿੰਨਾ ਚਿਰ ਉਸ ਨੂੰ ਵੈਨਕੂਵਰ ਵਿਚ ਰਹਿੰਦਿਆਂ ਦੋ ਸਾਲ ਨਾ ਹੋ ਗਏ ਹੋਣ। ਕੋਈ ਹਿੱਸੇਦਾਰ ਮੈਨੇਜਰ ਕੋਲ ਜਾ ਕੇ ਆਖੇਗਾ ਕਿ ਕੋਈ ਗੱਲ ਨ੍ਹੀਂ, ਕਿਸੇ ਨੂੰ ਨ੍ਹੀਂ ਪਤਾ ਲੱਗਦਾ, ਮੇਰੇ ਰਿਸ਼ਤੇਦਾਰ ਨੂੰ ਰੱਖ ਲਵੋ, ਉਹ ਕੱਲ੍ਹ ਹੀ ਇੰਡੀਆ ਤੋਂ ਆਇਆ ਹੈ। ਫਿਰ ਉਹ ਆਪਣੀ ਗੱਲ ਮਨਵਾਉਣ ਲਈ ਹਿੱਸੇਦਾਰ ਹੋਣ ਦਾ ਰੋਅਬ ਪਾਵੇਗਾ)।
000
ਮੇਰੇ ਖਿਆਲ ਵਿਚ ਇਸ ਸਨਅਤ ਦਾ ਪੱਧਰ ਹੋਰ ਉਪਰ ਲਿਜਾਣਾ ਚਾਹੀਦਾ ਹੈ, ਜਿਵੇਂ ਲੰਡਨ ਦੀ ਟੈਕਸੀ ਸਨਅਤ ਹੈ। ਵੈਨਕੂਵਰ ਦੀ ਇਸ ਸਨਅਤ ਨੇ ਬਹੁਤ ਲੰਮੇ ਸਮੇਂ ਤੋਂ ਇਸ ਸਰਦਾਰੀ ਦਾ ਫਾਇਦਾ ਉਠਾਇਆ ਹੈ। ਇਸ ਸਨਅਤ ਵਿਚ ਕੋਈ ਮੁਕਾਬਲਾ ਹੀ ਨਹੀਂ ਹੈ। ਸਾਰਿਆਂ ਦੇ ਰੇਟ ਇਕੋ ਜਿਹੇ ਹਨ। ਇਕੋ ਜਿਹੀਆਂ ਕਾਰਾਂ। ਡਰਾਈਵਰਾਂ ਦੀ ਯੋਗਤਾ ਇਕੋ ਜਿੰਨੀ। ਫਿਰ ਅਸੀਂ ਕਿਵੇਂ ਤੇ ਕਿਸ ਨਾਲ ਮੁਕਾਬਲਾ ਕਰਾਂਗੇ? ਇਉਂ ਸਾਨੂੰ ਆਪਣੇ ਆਪ ਨਾਲ ਹੀ ਮੁਕਾਬਲਾ ਕਰ ਕੇ ਬਿਹਤਰ ਬਣਨਾ ਪਵੇਗਾ, ਰਾਜਨੀਤੀ ਤਿਆਗ ਕੇ। ਜਿਸ ਵੇਲੇ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ, ਕੰਟਰੋਲ ਡਿਸਪੈਚਰ ਦੇ ਹੱਥ ਸੀ। ਹੁਣ ਕੰਟਰੋਲ ਡਰਾਈਵਰ ਦੇ ਹੱਥ ਹੈ। ਉਹ ਉਹੀ ਟ੍ਰਿਪ ਲੈਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਰੇਡੀਓ ਵੇਲੇ ਡਿਸਪੈਚਰ ਨੇ ਜਿਥੇ ਟ੍ਰਿਪ ਲਈ ਭੇਜ ਦਿੱਤਾ, ਉਹ ਲੈਣਾ ਪੈਂਦਾ ਸੀ। ਜੇ ਨਹੀਂ ਸੀ ਲੈਂਦਾ ਤਾਂ ਡਿਸਪੈਚਰ ਉਸ ਨੂੰ ਕੁਝ ਸਮੇਂ ਲਈ ਕੋਈ ਵੀ ਟ੍ਰਿਪ ਨਾ ਦਿੰਦਾ ਜਾਂ ਉਸ ਨੂੰ ਘਰ ਭੇਜ ਦਿੰਦਾ। ਇਵੇਂ ਹੀ ਪ੍ਰਬੰਧਕ ਕਮੇਟੀਆਂ ਹਨ। ਹੁਣ ਸਾਰੇ ਡਰਾਈਵਰ ਹੀ ਮਾਲਕ ਹਨ। ਉਹ ਮਰਜ਼ੀ ਚਲਾਉਣੀ ਚਾਹੁੰਦੇ ਹਨ। ਜੇ ਇਕ ਮਾਲਕ ਹੋਵੇ ਤਾਂ ਉਹ ਆਪਣੇ ਤਰੀਕੇ ਨਾਲ ਕੰਪਨੀ ਚਲਾਵੇ ਤਾਂ ਕਿ ਵੱਧ ਤੋਂ ਵੱਧ ਵਪਾਰ ਮਿਲੇ। ਮੇਰੇ ਖਿਆਲ ਵਿਚ ਜੇ ਮੈਟਰੋ ਵੈਨਕੂਵਰ ਦੀਆਂ ਸਾਰੀਆਂ ਟੈਕਸੀਆਂ ਲਈ ਕੋਈ ਵੀ ਨਗਰ ਨਿਗਮ ਦੀ ਸੀਮਾ ਨਾ ਹੋਵੇ ਤਾਂ ਸਰਵਿਸ ਬਿਹਤਰ ਹੋ ਸਕਦੀ ਹੈ। ਇਸ ਨਾਲ ਸਮਾਂ ਬਚੇਗਾ। ਟੈਕਸੀ ਲਈ ਘੱਟ ਗੈਸ ਲੱਗੇਗਾ।