-ਗੁਲਜ਼ਾਰ ਸਿੰਘ ਸੰਧੂ
ਕੁਝ ਸਮੇਂ ਤੋਂ ਕਈ ਨਾਬਾਲਗ ਲੜਕੇ ਬਲਾਤਕਾਰ ਤੇ ਹੱਤਿਆ ਵਰਗੀਆਂ ਘ੍ਰਿਣਾਤਮਕ ਘਟਨਾਵਾਂ ਦਾ ਸ਼ਿਕਾਰ ਹੁੰਦੇ ਦੱਸੇ ਗਏ ਹਨ। ਦਿੱਲੀ ਵਿਚ ਨਿਰਭੈਅ ਹੱਤਿਆ ਕਾਂਡ ਇਸ ਦੀ ਸਿਖ਼ਰ ਸੀ।
ਮਹਿਲਾ ਸੁਰੱਖਿਆ ਸੰਸਥਾਵਾਂ ਅਤੇ ਆਮ ਲੋਕਾਂ ਦੇ ਜਾਗ੍ਰਿਤ ਹੋਣ ਨਾਲ ਭਾਰਤ ਸਰਕਾਰ ਨੇ ਅਜਿਹੇ ਅਪਰਾਧਾਂ ਵਿਚ ਫੜ੍ਹੇ ਗਏ 16 ਤੋਂ 18 ਸਾਲ ਦੇ ਨਾਬਾਲਗਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਨਵਾਂ ਕਾਨੂੰਨ ਪਾਸ ਕਰਕੇ ਘਿਨਾਉਣੇ ਅਪਰਾਧ ਕਰਨ ਵਾਲੇ ਨਾਬਾਲਗਾਂ ਦੀ ਉਮਰ 18 ਸਾਲ ਦੀ ਥਾਂ 16 ਸਾਲ ਮਿਥੀ ਹੈ। ਕੁਝ ਮਾਨਵੀ ਹੱਕਾਂ ਉਤੇ ਪਹਿਰਾ ਦੇਣ ਵਾਲੀਆਂ ਸੰਸਥਾਵਾਂ ਨੇ ਇਸ ਨੂੰ ਕਾਹਲੀ ਨਾਲ ਚੁੱਕਿਆ ਕਦਮ ਕਹਿ ਕੇ ਇਸ ਦੀ ਵਿਰੋਧਤਾ ਕੀਤੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੱਡੇ ਦੋਸ਼ੀ ਨਾਬਾਲਗ ਨਹੀਂ ਹੁੰਦੇ ਸਗੋਂ ਉਨ੍ਹਾਂ ਨੂੰ ਭੁਚਲਾ ਕੇ ਉਨ੍ਹਾਂ ਨੂੰ ਅੱਗੇ ਲਾਉਣ ਵਾਲੇ ਵਡੇਰੀ ਉਮਰ ਦੇ ਮਰਦ ਹੁੰਦੇ ਹਨ।
ਟਿੱਪਣੀਆਂ ਦੇ ਨੁਕਤੇ ਕਿੰਨੇ ਵੀ ਜਾਇਜ਼ ਹੋਣ ਬਲਾਤਕਾਰ, ਖਾਸ ਕਰਕੇ ਸਮੂਹਕ ਬਲਾਤਕਾਰ, ਸਭਿਅਕ ਸਮਾਜ ਦੇ ਮੱਥੇ ਉਤੇ ਵੱਡਾ ਕਲੰਕ ਹੈ। ਅਜਿਹੇ ਕਲੰਕ ਨੂੰ ਨੱਥ ਪਾਉਣ ਵਿਚ ਦੇਰੀ ਕਰਨੀ ਕਿਸੇ ਪੱਖ ਤੋਂ ਵੀ ਯੋਗ ਨਹੀਂ। ਨਵੀਂ ਪਨੀਰੀ ਦੀ ਸੁਖ ਮੰਗਣ ਵਾਲੇ ਇਹ ਵੀ ਜਾਣਦੇ ਹਨ ਕਿ ਵੱਡੇ ਅਪਰਾਧੀ ਉਦੋਂ ਤੱਕ ਬਾਜ਼ ਨਹੀਂ ਆਉਂਦੇ, ਜਦੋਂ ਤੱਕ ਉਨ੍ਹਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਨਹੀਂ ਕੱਸਿਆ ਜਾਂਦਾ। ਨਾਬਾਲਗਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਸੇਵਕਾਂ ਦਾ ਧਿਆਨ ਵੀ ਏਸ ਪਾਸੇ ਤੱਦ ਹੀ ਜਾਵੇਗਾ ਜੇ ਅਜਿਹੇ ਅਪਰਾਧੀਆਂ ਨੂੰ ਕਰੜੀਆਂ ਸਜ਼ਾਵਾਂ ਮਿਲਦੀਆਂ ਹਨ।
ਇਹ ਚੰਗੀ ਗੱਲ ਹੈ ਕਿ ਬੱਚਾ ਤੇ ਮਹਿਲਾ ਵਿਕਾਸ ਮੰਤਰੀ ਮੇਨਿਕਾ ਗਾਂਧੀ ਨੇ ਦੇਸ਼ ਭਰ ਵਿਚ 36 ਬਾਰਸਟਲ ਭਾਵ ਨਿਗਰਾਨੀ ਨਿਵਾਸ ਖੋਲ੍ਹਣ ਦਾ ਫੈਸਲਾ ਲਿਆ ਹੈ। ਹੁਣ ਤੱਕ ਦੇ ਕਾਨੂੰਨ ਵਿਚ ਵੱਡਾ ਨੁਕਸ ਇਹ ਸੀ ਕਿ ਇਹ ਹਾਲੀ ਤੱਕ ਨਿਰਭੈਅ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕਿਆ ਤੇ ਅਦਾਲਤਾਂ ਨਾਬਾਲਗ ਦੋਸ਼ੀ ਨੂੰ ਛੱਡਣ ਲਈ ਮਜ਼ਬੂਰ ਹੋ ਗਈਆਂ ਹਨ। ਨਵੇਂ ਕਾਨੂੰਨ ਦਾ ਜਿੰਨਾ ਵੀ ਸਵਾਗਤ ਹੋਵੇ ਚੰਗਾ ਹੈ।
ਬਜ਼ੁਰਗਾਂ ਲਈ ਆਰਥਕ ਸੁਰੱਖਿਆ: ਪਿਛਲੇ ਹਫਤੇ ਪੰਜਾਬ ਤੇ ਚੰਡੀਗੜ੍ਹ ਦੀਆਂ ਸੀਨੀਅਰ ਸਿਟੀਜ਼ਨ ਫੈਡਰੇਸ਼ਨਾਂ ਨੇ ਸ਼ਿਵਾਲਕ ਸਕੂਲ ਮੋਹਾਲੀ ਵਿਚ ਇਕ ਵੱਡਾ ਸੈਮੀਨਾਰ ਕਰਕੇ ਆਰਥਕ ਤੰਗੀ ਭੋਗ ਰਹੇ ਬਜ਼ੁਰਗਾਂ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ। ਇਹ ਦੁੱਖ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਆਪਣੀ ਔਲਾਦ ਹੀ ਉਨ੍ਹਾਂ ਨੂੰ ਖੁੱਡੇ ਲਾ ਰਹੀ ਹੈ। ਪੀæ ਐਚæ ਵੈਸ਼ਨਵ ਯਾਦਗਾਰੀ ਸੈਮੀਨਾਰ ਵਿਚ ਹਿੱਸਾ ਲੈ ਰਹੇ ਪੰਜਾਬ ਦੇ ਵਿੱਦਿਆ ਮੰਤਰੀ ਦਲਜੀਤ ਸਿੰਘ ਚੀਮਾ, ਸਰਵਭਾਰਤੀ ਸੀਨੀਅਰ ਸਿਟੀਜ਼ਨ ਕਨਫੈਡਰੇਸ਼ਨ ਦੇ ਪ੍ਰਧਾਨ ਡੀæ ਐਨæ ਚਾਪਕੇ ਤੇ ਪੰਜਾਬ ਇਕਾਈ ਦੇ ਪ੍ਰਧਾਨ ਐਸ਼ ਪੀæ ਕਰਕਰਾ ਨੇ ਇਕ ਆਵਾਜ਼ ਹੋ ਕੇ ਮੰਗ ਕੀਤੀ ਕਿ ਬਜ਼ੁਰਗਾਂ ਦੀ ਪੈਨਸ਼ਨ ਵਿਚ ਯੋਗ ਵਾਧਾ ਕਰਨਾ ਲਾਜ਼ਮੀ ਹੈ। ਵਿੱਦਿਆ ਮੰਤਰੀ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ 28 ਲੱਖ ਨੀਲੇ ਕਾਰਡ ਵਾਲੇ ਪਰਿਵਾਰਾਂ ਦੀ ਰਾਸ਼ੀ 30,000 ਤੋਂ ਵਧਾ ਕੇ 50,000 ਕੀਤੇ ਜਾਣ ਦਾ ਐਲਾਨ ਕੀਤਾ ਗਿਆ ਪਰ ਪਿਛਲੇ ਅੱਠ ਸਾਲਾਂ ਵਿਚ ਭਾਰਤ ਸਰਕਾਰ ਨੇ ਬਜ਼ੁਰਗਾਂ ਦੀ ਪੈਨਸ਼ਨ ਵਿਚ ਇਕ ਆਨੇ ਦਾ ਵਾਧਾ ਨਹੀਂ ਕੀਤਾ। ਇਥੋਂ ਤੱਕ ਕਿ 2012 ਵਿਚ ਐਲਾਨੇ ਗਏ ਸੀਨੀਅਰ ਸਿਟੀਜ਼ਨ ਐਕਟ 2007 ਦੇ ਨਿਯਮਾਂ ਨੂੰ ਨਿਯਮਬੱਧ ਕਰਨ ਲਈ ਹਾਲੀ ਤੱਕ ਇਕ ਵੀ ਬੈਠਕ ਨਹੀਂ ਸੱਦੀ ਗਈ। ਕੇਂਦਰੀ ਤੇ ਰਾਜ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਏਸ ਪਾਸੇ ਤੁਰੰਤ ਧਿਆਨ ਦੇਣ ਤਾਂ ਕਿ ਬਜ਼ੁਰਗਾਂ ਦੇ ਵਾਰਸ ਵੀ ਉਨ੍ਹਾਂ ਦੇ ਜੀਵਨ ਭਰ ਵਿਚ ਪ੍ਰਾਪਤ ਕੀਤੇ ਗਿਆਨ ਦਾ ਲਾਭ ਲੈਣ ਦੇ ਰਾਹ ਤੁਰਨ।
ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼: ਭਾਜਪਾ ਦੇ ਸੰਘੀ ਪਿਛੋਕੜ ਵਾਲੇ ਮੈਂਬਰ ਰਾਮ ਮਾਧਵ ਨੇ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਮੁੜ ਇਕਮੁੱਠ ਹੋ ਜਾਣ ਦੀ ਚਾਹਨਾ ਦਰਸਾ ਕੇ ਨਰੇਂਦਰ ਮੋਦੀ ਤੇ ਨਵਾਜ਼ ਸ਼ਰੀਫ ਵਿਚ ਪੈਦਾ ਹੋਏ ਸੱਜਰੇ ਨਿੱਘ ਨੂੰ ਹੀ ਨਹੀਂ ਦੁਰਕਾਰਿਆ, ਭਾਜਪਾ ਦੇ ਹਿੰਦੂ ਬਹੁ-ਗਿਣਤੀ ਵਾਲੇ ਏਜੰਡੇ ਦਾ ਵੀ ਘੁੰਡ ਚੁੱਕਿਆ ਹੈ। ਉਸ ਦੀ ਇਹ ਸੋਚ ਘੱਟ ਗਿਣਤੀ ਫਿਰਕੇ ਵਾਲਿਆਂ ਲਈ ਬੜੀ ਹਾਨੀਕਾਰਕ ਹੈ। ਇਸ ਦਾ ਉਹ ਕਾਰਕੁਨ ਵੀ ਲਾਭ ਲੈ ਸਕਦੇ ਹਨ, ਜੋ ਆਏ ਦਿਨ ਕੋਈ ਨਾ ਕੋਈ ਵੱਡਾ ਕਾਰਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਹੋ ਜਿਹੀਆਂ ਬੇਮੌਕਾ, ਬੇਲੋੜੀਆਂ ਤੇ ਬੇਥਵੀਆਂ ਗੱਲਾਂ ਦੇਸ਼ ਲਈ ਬਹੁਤ ਹਾਨੀਕਾਰਕ ਹੋ ਸਕਦੀਆਂ ਹਨ। ਇਨ੍ਹਾਂ ਦੀ ਵੱਧ ਤੋਂ ਵੱਧ ਨਿੰਦਾ ਕਰਨੀ ਬਣਦੀ ਹੈ।
ਅੰਤਿਕਾ: (ਮੋਦੀ-ਸ਼ਰੀਫ ਮਿਲਣੀ ‘ਤੇ ਲਾਹੌਰ ਦੇ ਕਵੀ)
ਅਸੀਂ ਨਫਰਤਾਂ ਕਰਕੇ ਵੇਖ ਲਈਆਂ
ਦੂਰੀਆਂ ਵੀ ਬਣਾ ਕੇ ਵੇਖ ਲਈਆਂ।
ਹੁਣ ਸਾਂਝਾਂ ਵੇਖਣੀਆਂ ਚਾਹੁੰਦੇ ਹਾਂ
ਮੁਹੱਬਤਾਂ ਕਰਨੀਆਂ ਚਾਹੁੰਦੇ ਹਾਂ। (ਅਫਜ਼ਲ ਸਾਹਿਰ ਲਾਹੌਰ)
ਗੋਲੀ ਅੰਨ੍ਹੀ ਗੋਲੀ ਬੋਲੀ,
ਸੰਗੀਓ ਇਹਦਾ ਸੰਗ ਨਹੀਂ ਚੰਗਾ,
ਕੋਈ ਇਹਦਾ ਰੰਗ ਨਹੀਂ ਚੰਗਾ।
ਗੋਲੀ ਏਧਰੋਂ ਚੱਲੇ, ਉਧਰੋਂ ਚੱਲੇ,
ਗੋਲੀ ਨਾਲ ਪੁਆੜਾ ਪੈਂਦਾ
ਗੋਲੀ ਨਾਲ ਉਜਾੜਾ ਪੈਂਦਾ।
ਏਧਰ ਵੀ ਇਹ ਬੰਦਾ ਮਾਰੇ,
ਓਧਰ ਵੀ ਇਹ ਬੰਦਾ ਮਾਰੇ
ਆਪਣੇ ਬੰਦੇ ਮਾਰਨ ਨਾਲੋਂ,
ਇਕ ਦੂਜੇ ਦੇ ਸੀਨੇ ਲੱਗੋ।
ਫੁੱਲਾਂ ਦੇ ਗੁਲਦਸਤੇ ਲੱਭੋ। (ਬਾਬਾ ਨਜ਼ਮੀ ਲਾਹੌਰ)