ਪਹਿਲੀ ਨਜ਼ਰੇ ਦੇਖਿਆਂ ‘ਇਸ ਰਾਤ ਕੀ ਸੁਬ੍ਹਾ ਨਹੀਂ’ ਫਿਲਮ ਆਪਣੇ ਕਥਾਨਕ ਕਾਰਨ ਤੁਹਾਨੂੰ ਡਰਾਉਂਦੀ ਹੈ। ਇਕ ਰਾਤ ਵਿਚ ਇਕ ਤੋਂ ਬਾਅਦ ਇਕ, ਤੇਜ਼ ਗਤੀ ਨਾਲ ਵਾਪਰ ਰਹੀਆਂ ਘਟਨਾਵਾਂ ਅਤੇ ਬੰਦਿਆਂ ਦੇ ਜ਼ਖਮੀ ਹੋਣ ਤੇ ਮਰਨ ਦੇ ਦ੍ਰਿਸ਼ਾਂ ਨਾਲ ਭਰਪੂਰ ਇਸ ਫਿਲਮ ਵਿਚ ਮਹਾਂਨਗਰ ਦੀਆਂ ਕਦਰਾਂ-ਕੀਮਤਾਂ ਨੂੰ ਚੌਰਾਹੇ ਵਿਚ ਚਕਨਾਚੂਰ ਹੁੰਦੇ ਦਿਖਾਇਆ ਗਿਆ ਹੈ।
ਸ਼ਹਿਰ ਅੰਦਰ ਵਸਦੇ ਅਨੇਕਾਂ ਸ਼ਹਿਰਾਂ ਦੀ ਨਿਸ਼ਾਨਦੇਹੀ ਕਰਦੀ ਇਹ ਫਿਲਮ ਦਰਅਸਲ ਹਿੰਸਾ ਦੀਆਂ ਪਰਤਾਂ ਵੀ ਫਰੋਲਦੀ ਹੈ। ਹਿੰਸਾ ਦੇ ਕਾਰੋਬਾਰ ਦੀਆਂ ਆਪਣੀ ਕਿਸਮ ਦੀਆਂ ਵਿਸੰਗਤੀਆਂ ਹਨ। ਕੀ ਹਿੰਸਾ ਸਰੀਰਾਂ ਦੀ ਹੋਂਦ ਮਿਟਣ ਨਾਲ ਹੀ ਖਤਮ ਹੋ ਜਾਂਦੀ ਹੈ? ਜਾਂ ਹਿੰਸਾ ਦੀ ਮਨੋਬਿਰਤੀ ਪਿਛੇ ਕੰਮ ਕਰਦੀ ਬੰਦੇ ਦੀ ਅਸੁਰੱਖਿਅਤ ਹੋਂਦ, ਪਛਾਣ ਬਾਰੇ ਬੇਭਰੋਸਗੀ, ਧੌਂਸ ਦਾ ਭੁਸ, ਮਰਦਾਨਗੀ/ਜ਼ਨਾਨਪੁਣੇ ਦੀ ਨੁਮਾਇਸ਼, ਸਮਾਜਕ ਬੇਲਿਹਾਜ਼ੀ ਤੇ ਭਾਂਜਪੁਣੇ ਆਦਿ ਨੂੰ ਵੀ ਸੰਬੋਧਿਤ ਹੋਣਾ ਚਾਹੀਦਾ ਹੈ!
ਫਿਲਮਸਾਜ਼ ਸੁਧੀਰ ਮਿਸ਼ਰਾ ਅਨੁਸਾਰ ਇਸ ਫਿਲਮ ਦਾ ਵਿਚਾਰ ਵੀ ਬਹੁਤ ਵੱਖਰੇ ਤਰੀਕੇ ਨਾਲ ਪਨਪਿਆ ਸੀ। ਉਨ੍ਹਾਂ ਦੇ ਛੋਟੇ ਭਰਾ ਮਰਹੂਮ ਸੁਧਾਂਸ਼ੂ ਜਦੋਂ ਫਿਲਮ ਅਤੇ ਟੀæਵੀæ ਸੰਸਥਾ ਪੁਣੇ ਵਿਚ ਵਿਦਿਆਰਥੀ ਸਨ ਤਾਂ ਇਕ ਦਿਨ ਉਨ੍ਹਾਂ ਦਾ ਸੜਕ ਉਪਰ ਕਿਸੇ ਗੁੰਡੇ ਨਾਲ ਝਗੜਾ ਹੋ ਗਿਆ। ਪਤਾ ਲੱਗਿਆ ਕਿ ਉਹ ਗੁੰਡਾ ਅਪਰਾਧ ਜਗਤ ਦਾ ਕਰਤਾ-ਧਰਤਾ ਹੈ। ਪੂਰਾ ਹਫਤਾ ਸੁਧਾਂਸ਼ੂ ਸੰਸਥਾ ਦੇ ਕੈਂਪਸ ਵਿਚ ਲੁਕੇ ਰਹੇ। ਜਿਹੜੀ ਦਹਿਸ਼ਤ ਅਤੇ ਮਾਨਸਿਕ ਸਦਮੇ ਵਿਚੋਂ ਉਹ ਗੁਜ਼ਰੇ, ਉਸ ਨੇ ਉਨ੍ਹਾਂ ਨੂੰ ਅਪਰਾਧ ਦੀ ਸੱਤਾ ਬਾਰੇ ਹੋਰ ਜਾਣਨ ਲਈ ਉਕਸਾਇਆ। ਨਤੀਜਾ ਇਸ ਫਿਲਮ ਵਿਚ ਦਰਸਾਈ ਬੇਕਿਰਕੀ ਅਤੇ ਮਰਨ ਦਾ ਡਰ ਆਪਣੇ ਨੰਗੇ ਵਰਨਣ ਨਾਲ ਦਰਸ਼ਕਾਂ ਨੂੰ ਝੰਜੋੜਦਾ ਹੈ।
ਫਿਲਮ ਦੀ ਸ਼ੁਰੂਆਤ ਵਿਚ ਅਦਿਤਿਆ (ਨਿਰਮਲ ਪਾਂਡੇ) ਆਪਣੀ ਖੂਬਸੂਰਤ ਪਤਨੀ ਪੂਜਾ (ਤਾਰਾ ਦੇਸ਼ਪਾਂਡੇ) ਅਤੇ ਰਖੇਲ ਮਾਲਵਿਕਾ (ਸਿਮਰਿਤੀ ਮਿਸ਼ਰਾ) ਨੂੰ ਇਕ-ਦੂਜੀ ਨੂੰ ਮਿਲਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹ ਦੋਵਾਂ ਨਾਲ ਝੂਠ ਬੋਲ ਰਿਹਾ ਹੈ। ਕਿਸੇ ਪਾਰਟੀ ਵਿਚ ਅਣਜਾਣੇ ਹੀ ਉਸ ਦੀ ਮਾਫੀਆ ਡਾਨ ਰਮਨ ਭਾਈ (ਆਸ਼ੀਸ਼ ਵਿਦਿਆਰਥੀ) ਨਾਲ ਝੜਪ ਹੋ ਜਾਂਦੀ ਹੈ। ਰਮਨ ਭਾਈ ਦਾ ਪਹਿਲਾਂ ਹੀ ਆਪਣੇ ਪੁਰਾਣੇ ਦੋਸਤ, ਪਰ ਬਾਅਦ ਵਿਚ ਰਕੀਬ ਬਣ ਚੁੱਕੇ ਵਿਲਾਸ ਭਾਈ ਨਾਲ ਇੱਟ-ਕੁੱਤੇ ਦਾ ਵੈਰ ਹੈ। ਦੋਵੇਂ ਇੱਕ-ਦੂਜੇ ਨੂੰ ਮਾਰਨ ‘ਤੇ ਉਤਾਰੂ ਹਨ। ਇਨ੍ਹਾਂ ਦੋਹਾਂ ਵਿਚ ਅਦਿਤਿਆ ਆਪਣੀ ਪਹਿਲਾਂ ਹੀ ਜਵਾਲਾਮੁਖੀ ਬਣ ਚੁੱਕੀ ਜ਼ਿੰਦਗੀ ਲੈ ਕੇ ਆ ਧਮਕਦਾ ਹੈ। ਉਹ ਪੂਜਾ ਤੋਂ ਬਚਦਾ ਫਿਰ ਰਿਹਾ ਹੈ, ਰਮਨ ਭਾਈ ਉਸ ਤੋਂ ਥੱਪੜ ਦਾ ਬਦਲਾ ਲੈਣਾ ਚਾਹੁੰਦਾ ਹੈ ਤੇ ਵਿਲਾਸ ਭਾਈ ਉਸ ਨੂੰ ਆਪਣੀ ਪਤਨੀ ਦਾ ਕਾਤਲ ਸਮਝ ਰਿਹਾ ਹੈ। ਇਉਂ ਪੂਰੀ ਫਿਲਮ ਅਦਿਤਿਆ ਦੁਆਰਾ ਆਪਣੀ ਜਾਨ ਬਚਾਉਣ ਦਾ ਤਰੱਦਦ ਹੈ। ਫਿਲਮ ਦੇ ਅੰਤ ਤੱਕ ਡਰ ਦਾ ਮਾਹੌਲ ਚਰਮ ਸੀਮਾ ‘ਤੇ ਪਹੁੰਚ ਜਾਂਦਾ ਹੈ। ਭਾਰਤੀ ਸਿਨੇਮਾ ਵਿਚ ਸਵੇਰ ਦੀ ਧਾਰਨਾ ਆਮ ਕਰ ਕੇ ਉਮੀਦ ਤੇ ਨਵੀਂ ਸ਼ੁਰੂਆਤ ਨਾਲ ਜੁੜੀ ਦਿਖਾਈ ਜਾਂਦੀ ਹੈ, ਇਸ ਫਿਲ਼ਮ ਵਿਚ ਸਵੇਰ ਮੌਤ ਅਤੇ ਨਾਉਮੀਦੀ ਦਾ ਦ੍ਰਿਸ਼ ਖਿੱਚਦੀ ਹੈ। ਦਰਸ਼ਕ ਫਿਲਮ ਵਿਚ ਪਸਰੇ ਧੋਖੇ, ਝੂਠ ਅਤੇ ਲਾਸ਼ਾਂ ਡੌਰ-ਭੌਰ ਹੋਇਆ ਦੇਖਦਾ ਹੈ।
ਇਸ ਫਿਲਮ ਵਿਚ ਪਟਕਥਾ ਹੀ ਹੀਰੋ ਹੈ। ਪਟਕਥਾ ਵਿਚ ਜ਼ਿੰਦਗੀ ਦੇ ਫਲਸਫੇ ਦਾ ਝਲਕਾਰਾ ਹੈ। ਜ਼ਿੰਦਗੀ ਕਦੋਂ ਤੇ ਕਿਵੇਂ ਇਕ ਪਲ ਵਿਚ ਰੰਗ ਬਦਲ ਸਕਦੀ ਹੈ, ਇਸ ਦਾ ਖਾਕਾ ਇਸ ਫਿਲਮ ਵਿਚ ਖਿੱਚਿਆ ਗਿਆ ਹੈ। ਫਿਲਮ ਵਿਚ ਥਿਏਟਰ ਅਤੇ ਟੀæਵੀæ ਦੇ ਸਮਰੱਥ ਅਦਾਕਾਰਾਂ ਦੀ ਮੌਜੂਦਗੀ ਫਿਲਮ ਨੂੰ ਸਜੀਵਤਾ ਬਖਸ਼ਦੀ ਹੈ। ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਕਿਹਾ ਗਿਆ ਕਿ ਭਾਰਤ ਦੇ ਕਲਾ ਸਿਨੇਮਾ ਦੀ ਧਾਰਾ ਦਾ ਪੁਨਰਜਨਮ ਹੋ ਗਿਆ ਹੈ। ਇਹ ਫਿਲਮ ਇਕ ਪਾਸੇ ਤਾਂ ਕਲਾ ਸਿਨੇਮਾ ਦੀ ਪ੍ਰੀਭਾਸ਼ਾ ‘ਤੇ ਪੂਰੀ ਉਤਰਦੀ ਹੈ, ਦੂਜੇ ਪਾਸੇ ਕਾਰੋਬਾਰੀ ਸਿਨੇਮਾ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੀ ਹੈ। ਫਿਲ਼ਮ ਦੀ ਟੋਨ ਫਲਸਫਾਨਾ ਹੈ ਅਤੇ ਵਿਚਾਰ ਦੇ ਪੱਧਰ ‘ਤੇ ਫਿਲਮ ਮਹਾਂਨਗਰਾਂ ਦੀ ਚਕਾਚੌਂਧ ਪਿਛੇ ਛੁਪੇ ਅਪਰਾਧਿਕ ਢਾਂਚੇ ਨੂੰ ਪੇਸ਼ ਕਰਦੀ ਹੈ। ਸੁਧੀਰ ਮਿਸ਼ਰਾ ਇਸ ਫਿਲਮ ਦੀ ਅਗਲੀ ਵਿਚਾਰਧਾਰਕ ਵਿਆਖਿਆ ਆਪਣੀ ਅਗਲੀ ਫਿਲਮ ‘ਯੇ ਸਾਲੀ ਜ਼ਿੰਦਗੀ’ ਵਿਚ ਕਰਦੇ ਹਨ।