ਹਾਲ ਹੀ ਵਿਚ ਫਿਲਮ ਅਦਾਕਾਰ ਪ੍ਰੀਕਸ਼ਿਤ ਸਾਹਨੀ ਨੇ ਚੰਡੀਗੜ੍ਹ ਦਾ ਉਚੇਚਾ ਗੇੜਾ ਲਾਇਆ। ਉਸ ਨੇ ਆਪਣੇ ਇਸ ਗੇੜੇ ਦੌਰਾਨ ਆਪਣੇ ਪਿਤਾ ਅਤੇ ਉਮਦਾ ਕਲਾਕਾਰ ਬਲਰਾਜ ਸਾਹਨੀ ਨੂੰ ਖੂਬ ਯਾਦ ਕੀਤਾ ਅਤੇ ਉਨ੍ਹਾਂ ਨਾਲ ਸਬੰਧਤ ਕਈ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਯਾਦ ਰਹੇ ਕਿ ਕਿ ਪ੍ਰੀਕਸ਼ਿਤ ਸਾਹਨੀ ਦਾ ਜਨਮ ਬਲਰਾਜ ਸਾਹਨੀ ਦੀ ਪਹਿਲੀ ਪਤਨੀ ਦਮਯੰਤੀ ਦੀ ਕੁੱਖ ਤੋਂ ਹੋਇਆ ਸੀ।
ਭਰ ਜਵਾਨੀ ਹੀ ਉਸ ਦੀ ਮੌਤ ਹੋ ਗਈ ਸੀ। ਬਾਅਦ ਵਿਚ ਬਲਰਾਜ ਨੇ ਸੰਤੋਸ਼ ਨਾਲ ਵਿਆਹ ਕਰਵਾ ਲਿਆ ਸੀ ਜੋ ਮਗਰੋਂ ਬਤੌਰ ਲੇਖਕਾ ਸੰਤੋਸ਼ ਸਹਨੀ ਵਜੋਂ ਮਸ਼ਹੂਰ ਹੋਏ।
ਪ੍ਰੀਕਸ਼ਿਤ ਸਾਹਨੀ ਚਾਅ ਨਾਲ ਦੱਸਦਾ ਹੈ ਕਿ ਉਸ ਅੰਦਰ ਜਿੰਨੀਆਂ ਵੀ ਚੰਗੀਆਂ ਗੱਲਾਂ ਹਨ, ਉਸ ਦੇ ਪਿਤਾ ਬਲਰਾਜ ਸਾਹਨੀ ਕਰ ਕੇ ਹੀ ਹਨ ਜੋ ਬੱਚਿਆਂ ਦੀ ਨਿੱਕੀ-ਨਿੱਕੀ ਗੱਲ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਦੇ ਸਨ। ਪ੍ਰੀਕਸ਼ਿਤ ਸਾਹਨੀ ਦਾ ਜਨਮ ਵੰਡ ਤੋਂ ਪਹਿਲਾਂ 1944 ਵਿਚ ਮਰੀ (ਹੁਣ ਪਾਕਿਸਤਾਨ) ਵਿਚ ਹੋਇਆ ਸੀ। ਉਸ ਨੇ ਹੁਣ ਤੱਕ ਬਹੁਤ ਸਾਰੇ ਟੀæਵੀæ ਸੀਰੀਅਲਾਂ ਅਤੇ ਫਿਲਮਾਂ ਵਿਚ ਕੰਮ ਕੀਤਾ ਹੈ, ਪਰ ਟੀæਵੀæ ਸੀਰੀਅਲ ‘ਗੁਲ ਗੁਲਸ਼ਨ ਗੁਲਫਾਮ’ ਵਿਚ ਉਸ ਦੀ ਅਦਾਕਾਰੀ ਪੂਰੀ ਚਮਕ-ਦਮਕ ਨਾਲ ਦਰਸ਼ਕਾਂ ਦੇ ਸਾਹਮਣੇ ਆਈ। ਉਸ ਨੇ ਸੱਤ ਵਰ੍ਹਿਆਂ ਦੀ ਉਮਰ ਵਿਚ ਸਾਲ 1951 ਵਿਚ ਫਿਲਮ ‘ਦੀਦਾਰ’ ਵਿਚ ਰੋਲ ਨਿਭਾਇਆ ਸੀ, ਪਰ ਉਸ ਦੀ ਅਦਾਕਾਰੀ ਦੀ ਅਸਲ ਪਾਰੀ 1968 ਵਿਚ ਫਿਲਮ ‘ਅਨੋਖੀ ਰਾਤ’ ਨਾਲ ਆਰੰਭ ਹੋਈ ਅਤੇ ਇਹ ਪਾਰੀ ਹੁਣ ਵੀ ਕਾਮਯਾਬੀ ਨਾਲ ਚੱਲ ਰਹੀ ਹੈ। ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਪੀਕੇ’ ਵਿਚ ਉਸ ਨੇ ਫਿਲਮ ਦੀ ਨਾਇਕਾ ਅਨੁਸ਼ਕਾ ਸ਼ਰਮਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਉਸ ਦੀ ਇੱਛਾ ਹੈ ਕਿ ਆਪਣੇ ਆਖਰੀ ਸਾਹ ਤੱਕ ਉਹ ਅਦਾਕਾਰੀ ਨਾਲ ਜੁੜਿਆ ਰਹੇ। ਇੰਨੇ ਉਮਦਾ ਕਿਰਦਾਰ ਨਿਭਾਅ ਕੇ ਅਜੇ ਵੀ ਉਸ ਦਾ ਦਿਲ ਨਹੀਂ ਭਰਿਆ ਹੈ। ਉਸ ਨੇ 1989 ਵਿਚ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਉਤੇ ਆਧਾਰਿਤ ਇਸੇ ਨਾਂ ਵਾਲੀ ਫਿਲਮ ਵਿਚ ਰੋਲ ਨਿਭਾਇਆ ਸੀ। ਇਸ ਫਿਲਮ ਵਿਚ ਰਾਜ ਬੱਬਰ, ਦੀਪਤੀ ਨਵਲ ਅਤੇ ਪੰਕਜ ਕਪੂਰ ਨੇ ਵੀ ਅਦਾਕਾਰੀ ਦੇ ਜੌਹਰ ਦਿਖਾਏ ਸਨ। ਉਸ ਨੇ ਨਾਵਲਕਾਰ ਨਾਨਕ ਸਿੰਘ ਦੇ ਨਾਵਲ ‘ਤੇ ਆਧਾਰਿਤ ਫਿਲਮ ‘ਪਵਿੱਤਰ ਪਾਪੀ’ ਵਿਚ ਜ਼ੋਰਦਾਰ ਕਿਰਦਾਰ ਨਿਭਾਅ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। -ਜਗਜੀਤ ਸਿੰਘ ਸੇਖੋਂ