ਇਸ ਅੰਕ ਨਾਲ ‘ਪੰਜਾਬ ਟਾਈਮਜ਼’ ਆਪਣੇ ਸਫਰ ਦੇ 17ਵੇਂ ਸਾਲ ਦਾ ਆਗਾਜ਼ ਕਰ ਰਿਹਾ ਹੈ। ਸੁਭਾਵਿਕ ਹੀ ਹੈ ਕਿ ਅੱਜ ਦਾ ਦਿਨ ਬੀਤੇ ਉਤੇ ਝਾਤੀ ਮਾਰਨ ਦਾ ਵਕਤ ਹੈ। ਲੋਹੜੇ ਦੀ ਤੇਜੀ ਵਾਲੇ ਇਸ ਯੁੱਗ ਨੇ ਜ਼ਿੰਦਗੀ ਨਾਲ ਜੁੜੀ ਹਰ ਸ਼ੈਅ ਉਤੇ ਆਪਣਾ ਅਸਰ ਛੱਡਿਆ ਹੈ। ਪੱਤਰਕਾਰੀ ਦਾ ਖੇਤਰ ਵੀ ਇਸ ਅਸਰ ਤੋਂ ਬਾਹਰਾ ਨਹੀਂ ਹੈ। ਇਸ ਖੇਤਰ ਵਿਚ ਵੀ ਮੁੱਢੋਂ-ਸੁੱਢੋਂ ਤਬਦੀਲੀ ਲਈ ਬਥੇਰੇ ਰਾਹ ਮੋਕਲੇ ਹੋਏ ਹਨ ਅਤੇ ਇਹ ਰਾਹ ਨਿੱਕੀਆਂ-ਨਿੱਕੀਆਂ ਡੰਡੀਆਂ-ਪਗਡੰਡੀਆਂ ਤੋਂ ਬਣੇ ਹਨ।
ਨਿੱਤ ਦੀ ਉਥਲ-ਪੁਥਲ ਦੌਰਾਨ ਸ਼ਬਦਾਂ ਦੀ ਧੂਣੀ ਬਾਲ ਕੇ ਰਾਹ ਲੱਭਣਾ ਕੋਈ ਸੁਖਾਲਾ ਕੰਮ ਤਾਂ ਨਹੀਂ ਹੈ, ਪਰ ਇਹ ਬਿਖੜਾ ਪੈਂਡਾ ਆਪਣੇ ਮਿੱਤਰ-ਪਿਆਰਿਆਂ ਦੀ ਸੰਗਤ ਅਤੇ ਸਾਥ ਸਦਕਾ ਜ਼ਰੂਰ ਸੁਖਾਲਾ ਹੋ ਗਿਆ ਲਗਦਾ ਹੈ। ਪਿਛਲੇ ਕੁਝ ਅਰਸੇ ਦੌਰਾਨ ਪੱਤਰਕਾਰੀ ਦੇ ਖੇਤਰ ਵਿਚ ਸੱਚਮੁੱਚ ਬੇਹੱਦ ਤਬਦੀਲੀਆਂ ਹੋਈਆਂ ਹਨ। ਇਨ੍ਹਾਂ ਵਿਚ ਹੋਰ ਤਬਦੀਲੀਆਂ ਦੇ ਨਾਲ-ਨਾਲ ਤਕਨੀਕੀ ਤਬਦੀਲੀਆਂ ਬਹੁਤ ਅਹਿਮ ਹਨ। ਇਸ ਨਾਲ ਕੰਮ ਸੌਖੇਰਾ ਹੋਇਆ ਹੈ ਅਤੇ ਵਕਤ ਦੀ ਬੱਚਤ ਵਾਲੀ ਗੱਲ ਵੀ ਬਣੀ ਹੈ। ਇਨ੍ਹਾਂ ਤਕਨੀਕੀ ਤਬਦੀਲੀਆਂ ਕਰ ਕੇ ਹੀ ਸੋਸ਼ਲ ਮੀਡੀਆ ਵਾਲਾ ਇਕ ਮੂਲੋਂ ਹੀ ਵੱਖਰਾ ਅਤੇ ਨਵਾਂ ਰਾਹ ਖੁੱਲ੍ਹਿਆ, ਜਿਸ ਨੇ ਜ਼ਿੰਦਗੀ ਦੇ ਹਰ ਪੱਖ ਨੂੰ ਤੀਬਰਤਾ ਨਾਲ ਪ੍ਰਭਾਵਿਤ ਕੀਤਾ ਹੈ। ਜਿਹੜੀ ਗੱਲ ਪੱਤਰਕਾਰੀ ਰਾਹੀਂ ਲੋਕਾਂ ਤੱਕ ਪੁੱਜਦੀ ਕਰਨ ਲਈ ਸੌ ਜਫਰ ਜਾਲਣੇ ਪੈਂਦੇ ਸਨ, ਉਹ ਹੁਣ ਇਕ ਕਲਿੱਕ ਦੀ ਦੂਰੀ ਉਤੇ ਹੈ ਅਤੇ ਸੋਸ਼ਲ ਮੀਡੀਆ ਨਾਲ ਜੁੜਿਆ ਹਰ ਸ਼ਖ਼ਸ ਹੁਣ ਇਕ ਪੱਤਰਕਾਰ ਵਾਂਗ ਇਸ ਕਾਰਜ ਵਿਚ ਹਿੱਸਾ ਪਾ ਰਿਹਾ ਹੈ। ਇਉਂ ਹਰ ਇਕ ਨੂੰ ਆਪਣੀ ਗੱਲ, ਆਪਣੇ ਹਿਸਾਬ ਨਾਲ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਸਭ ਦੇ ਬਾਵਜੂਦ ਪੱਤਰਕਾਰੀ ਅਤੇ ਇਸ ਪੱਤਰਕਾਰੀ ਦਾ ਜ਼ਰੀਆ ਬਣਦੀਆਂ ਅਖਬਾਰਾਂ-ਰਸਾਲਿਆਂ ਦਾ ਆਪਣਾ ਵੱਖਰਾ ਅਤੇ ਨਿਵੇਕਲਾ ਵਜੂਦ ਹੈ। ਪੱਤਰਕਾਰੀ ਦਾ ਸਿੱਧਾ ਸਬੰਧ ਮਨੋਰੰਜਨ ਨਾਲ ਕਦੀ ਨਹੀਂ ਰਿਹਾ, ਸਗੋਂ ਇਹ ਤਾਂ ਮੁੱਢ ਤੋਂ ਹੀ ਮਿਸ਼ਨ ਨਾਲ ਵਾਬਸਤਾ ਰਹੀ ਹੈ। ਜਦੋਂ ਕੁਝ ਦਹਾਕੇ ਪਹਿਲਾਂ ਟੈਲੀਵਿਜ਼ਨ ਅਤੇ ਇਲੈਕਟਰੌਨਿਕ ਮੀਡੀਆ ਆਪਣੀ ਪੈਂਠ ਬਣਾ ਰਿਹਾ ਸੀ, ਉਦੋਂ ਵੀ ਅਖਬਾਰਾਂ-ਰਸਾਲਿਆਂ ਦੀ ਹੋਂਦ ਸਵਾਲਾਂ ਦੇ ਘੇਰੇ ਵਿਚ ਆਈ ਸੀ। ਉਂਜ ਅੰਕੜੇ ਦੱਸਦੇ ਹਨ ਕਿ ਗਿਣਤੀ ਪੱਖੋਂ ਹੀ ਅਖਬਾਰਾਂ ਦੀ ਗਿਣਤੀ ਨਹੀਂ ਵਧੀ, ਸਗੋਂ ਪਹਿਲਾਂ ਛਪਦੇ ਅਖਬਾਰਾਂ-ਰਸਾਲਿਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ। ਇਹ ਗਿਣਤੀ ਜਿੰਨੀ ਜ਼ਿਆਦਾ ਵਧੀ ਜਾਂਦੀ ਹੈ, ਜ਼ਿੰਮੇਵਾਰੀਆਂ ਦੀ ਸੂਚੀ ਵਿਚ ਵੀ ਵਾਧਾ ਹੋਈ ਜਾਂਦਾ ਹੈ। ਜ਼ਾਹਿਰ ਹੈ ਕਿ ਇਸ ਵਾਧੇ ਕਰ ਕੇ ਹੀ ਪਿਛਲੇ ਕੁਝ ਸਾਲਾਂ ਤੋਂ ਪੱਤਰਕਾਰੀ ਵਿਚ ਕੁਝ ਸਿਫਤੀ ਤਬਦੀਲੀਆਂ ਸੰਭਵ ਹੋ ਸਕੀਆਂ ਹਨ।
ਇਸ ਸਮੁੱਚੇ ਪ੍ਰਸੰਗ ਵਿਚ ਇਕ ਨੁਕਤਾ ਨੋਟ ਕਰਨ ਵਾਲਾ ਹੈ ਕਿ ਸੋਸ਼ਲ ਮੀਡੀਆ ਦੀ ਆਮਦ ਨੇ ਪੱਤਰਕਾਰੀ ਵਾਲੇ ਹਰ ਜ਼ਬਤ ਨੂੰ ਪਾਰ ਕਰ ਲਿਆ ਹੈ ਅਤੇ ਇਹ ਕਾਰਜ ਅਤਿਅੰਤ ਤੇਜੀ ਤੇ ਬੇਕਿਰਕੀ ਨਾਲ ਹੋਇਆ ਹੈ। ਪੱਤਰਕਾਰੀ ਦੇ ਖੇਤਰ ਵਿਚ ਇਕ ਜ਼ਬਤ ਹੀ ਤਾਂ ਸੀ ਜਿਸ ਨਾਲ ਜ਼ਿੰਮੇਵਾਰੀ ਦੀਆਂ ਤੰਦਾਂ ਪੀਡੀਆਂ ਜੁੜੀਆਂ ਹੋਈਆਂ ਸਨ। ਇਹ ਤਾਂ ਨਹੀਂ ਕਿਹਾ ਜਾ ਸਕੇਗਾ ਕਿ ਸੋਸ਼ਲ ਮੀਡੀਆ ਨਾਲ ਜ਼ਬਤ ਦੀਆਂ ਤੰਦਾਂ ਉਕਾ ਹੀ ਢਿੱਲੀਆਂ ਪੈ ਗਈਆਂ ਹਨ, ਪਰ ਸੋਸ਼ਲ ਮੀਡੀਆ ਵਿਚ ਆਮ ਕਰ ਕੇ ਜ਼ਬਤ ਦਾ ਕੁੰਡਾ ਹਿੱਲਣ ਕਰ ਕੇ, ਗੱਲਾਂ ਦੀ ਗਿੱਲ ਦਿਨ ਚੜ੍ਹਦੇ ਤੱਕ ਸੁੱਕ ਜਾਂਦੀ ਰਹੀ ਹੈ। ਇਹੀ ਉਹ ਮੋੜ ਜਾਂ ਮਰਹੱਲਾ ਹੈ ਜਿਸ ਉਤੇ ਪੱਤਰਕਾਰੀ ਦੀ ਨਿੱਤ ਉਸਰਦੀ ਇਮਾਰਤ ਖੜ੍ਹੀ ਹੈ। ਇਸ ਇਮਾਰਤ ਦੀਆਂ ਨੀਂਹਾਂ ਸਿੱਧੀਆਂ ਉਸ ਮਿਸ਼ਨ ਨਾਲ ਜੁੜੀਆਂ ਹੋਈਆਂ ਹਨ ਜਿਹੜਾ ਸਦਾ ਪੱਤਰਕਾਰੀ ਦੇ ਅੰਗ-ਸੰਗ ਰਿਹਾ ਹੈ। ਅਮਰੀਕਾ ਦੀ ਧਰਤੀ ਉਤੇ ਪੱਤਰਕਾਰੀ ਦਾ ਪੰਨਾ ਗਦਰੀਆਂ ਨਾਲ ਜੁੜਿਆ ਹੋਇਆ ਹੈ। ਮਨੁੱਖੀ ਜੀਵਨ ਨਾਲ ਜੁੜਿਆ ਇਹ ਅਜਿਹਾ ਵਾਕਿਆ ਹੈ ਜਿਸ ਦੀ ਲੜੀ ਪੂਰੀ ਇਕ ਸਦੀ ਨਾਲ ਸਬੰਧ ਰੱਖਦੀ ਹੈ। ਪੰਜਾਬ ਤੋਂ ਉਠ ਕੇ ਅਮਰੀਕਾ ਦੀ ਧਰਤੀ ਉਤੇ ਆਏ ਨੌਜਵਾਨਾਂ ਨੂੰ ਇਹ ਅਹਿਸਾਸ ਬਹੁਤ ਛੇਤੀ ਹੋ ਗਿਆ ਸੀ ਕਿ ਉਨ੍ਹਾਂ ਦੀ ਮੰਜ਼ਿਲ ਸਿਰਫ ਰੋਜ਼ੀ-ਰੋਟੀ ਨਹੀਂ ਹੈ; ਭਾਵੇਂ ਉਹ ਇਸ ਰੋਜ਼ੀ-ਰੋਟੀ ਖਾਤਰ ਹੀ ਪਰਦੇਸੀ ਹੋਏ ਸਨ ਅਤੇ ਓਪਰੀ ਧਰਤੀ ਉਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੇ ਸਨ। ਇਨ੍ਹਾਂ ਔਖੇ ਵਕਤਾਂ ਨਾਲ ਦੋ-ਚਾਰ ਹੁੰਦਿਆਂ ਜਦੋਂ ਇਨ੍ਹਾਂ ਨੌਜਵਾਨਾਂ ਦੇ ਸਿਰ ਜੁੜੇ, ਤਾਂ ਗਦਰ ਦਾ ਬੂਟਾ ਮੌਲਣ ਦੇ ਨਾਲ-ਨਾਲ ਪੱਤਰਕਾਰੀ ਦਾ ਬੂਟਾ ਵੀ ਮੌਲਣ ਲੱਗ ਪਿਆ। ਪੱਤਰਕਾਰੀ ਦਾ ਇਹੀ ਉਹ ਮਿਸ਼ਨ ਸੀ ਜਿਸ ਦੇ ਅਹਿਸਾਸ ਸਦਕਾ ਸੋਲਾਂ ਵਰ੍ਹੇ ਪਹਿਲਾਂ ‘ਪੰਜਾਬ ਟਾਈਮਜ਼’ ਦੀ ਪਹਿਲੀ ਤੰਦ ਪਾਈ ਗਈ ਸੀ। ‘ਪੰਜਾਬ ਟਾਈਮਜ਼’ ਨੂੰ ਮਾਣ ਹੈ ਕਿ ਪਾਠਕਾਂ ਅਤੇ ਸਨੇਹੀਆਂ ਨੇ ਇਸ ਨੂੰ ਭਰਪੂਰ ਹੁੰਗਾਰਾ ਭਰਿਆ। ਇਹੀ ਨਹੀਂ, ਇਸ ਭਰਪੂਰ ਹੁੰਗਾਰੇ ਦੇ ਨਾਲ-ਨਾਲ ਕਦਮ-ਕਦਮ ਉਤੇ ਸਾਥ ਦਿੱਤਾ। ਇਸ ਨਾਲ ਜ਼ਿੰਮੇਵਾਰੀ ਦਾ ਜੋ ਅਹਿਸਾਸ ਜਾਗਿਆ, ਸ਼ਾਇਦ ਉਸ ਸਦਕਾ ਹੀ ਅਸੀਂ 17ਵੇਂ ਵਰ੍ਹੇ ਦੀ ਖੁਸ਼-ਆਮਦੀਦ ਮੌਕੇ ਪਾਠਕਾਂ ਨਾਲ ਇਉਂ ਰੂ-ਬ-ਰੂ ਹੋ ਸਕੇ ਹਾਂ। ਲੇਖਕਾਂ ਦੀ ਇਕ ਅਟੁੱਟ ਲੜੀ ਜਿਸ ਤਰ੍ਹਾਂ ਪਰਚੇ ਦਾ ਹਿੱਸਾ ਬਣੀ ਹੈ, ਉਸ ਨੇ ਖੁੱਲ੍ਹੇ ਆਕਾਸ਼ ਵਿਚ ਹੋਰ ਉਚੀ ਪਰਵਾਜ਼ ਭਰਨ ਦੀ ਲਲ੍ਹਕ ਪੈਦਾ ਕੀਤੀ ਹੈ। ਇਸ ਲੰਘੇ ਸਮੇਂ ਦੌਰਾਨ ਲੇਖਕਾਂ-ਪਾਠਕਾਂ-ਸੱਜਣਾਂ ਦੇ ਇਨ੍ਹਾਂ ਅਹਿਸਾਸਾਂ ਨੂੰ ਇਕ-ਦੂਜੇ ਤੱਕ ਅਪੜਾਉਂਦਿਆਂ ਜੋ ਜ਼ਿੰਮੇਵਾਰੀ ‘ਪੰਜਾਬ ਟਾਈਮਜ਼’ ਅਤੇ ਇਸ ਨਾਲ ਜੁੜੀ ਟੀਮ ਦੇ ਹਿੱਸੇ ਆਈ ਹੈ, ਉਸ ਨੂੰ ਨਿਭਾਉਣ ਦਾ ਹਰ ਪੱਧਰ ਉਤੇ ਹੀਲਾ ਕੀਤਾ ਗਿਆ ਹੈ। ਪਰਚੇ ਦਾ ਮੁਢਲਾ ਮਕਸਦ ਪਾਠਕਾਂ ਨੂੰ ਨਵੀਂ, ਨਰੋਈ ਤੇ ਨਿੱਖਰੀ ਸੋਚ ਨਾਲ ਜੋੜੀ ਰੱਖਣਾ ਰਿਹਾ ਹੈ। ਨਵੇਂ ਸਾਲ ਦੀ ਆਮਦ ਮੌਕੇ ਇਕ ਵਾਰ ਫਿਰ ਤਹੱਈਆ ਕਰਦੇ ਹਾਂ ਕਿ ‘ਪੰਜਾਬ ਟਾਈਮਜ਼’ ਵੱਲੋਂ ਅਪਣਾਏ ਮਿਆਰ ਬਰਕਰਾਰ ਹੀ ਨਹੀਂ ਰੱਖੇ ਜਾਣਗੇ, ਸਗੋਂ ਦੋ ਕਦਮ ਅਗਾਂਹ ਰੱਖਣ ਦਾ ਵਸੀਲਾ ਬਣਾਇਆ ਜਾਵੇਗਾ। ਇਹ ‘ਪੰਜਾਬ ਟਾਈਮਜ਼’ ਦੇ ਧੰਨ-ਭਾਗ ਹਨ ਕਿ ਇਹ ਉਸ ਮਿਸ਼ਨ ਦੀ ਮਾਲਾ ਦਾ ਨਿੱਕਾ ਜਿਹਾ ਮਣਕਾ ਹੈ ਜਿਸ ਦੇ ਪਿਛੇ ਪੂਰੀ ਇਕ ਸਦੀ ਦੀ ਸੋਚ ਅਤੇ ਸਿਦਕ ਖੜ੍ਹੇ ਹਨ।