ਭਾਜਪਾ ਫਿਰ ਪਈ ਮੰਦਰ ਸਿਆਸਤ ਦੇ ਰਾਹ

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਭਾਜਪਾ ਅਤੇ ਇਸ ਦੇ ਕੱਟੜਪੰਥੀ ਹਮਾਇਤੀਆਂ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਬਾਰੇ ਕੀਤੀ ਹਿਲਜੁਲ ਦੱਸ ਰਹੀ ਹੈ ਕਿ ਇਹ ਧਿਰਾਂ ਭਵਿੱਖ ਵਿਚ ਫਿਰਕੂਵਾਦ ਦਾ ਸਾਥ ਛੱਡਣ ਲਈ ਤਿਆਰ ਨਹੀਂ। ਉੱਤਰ ਪ੍ਰਦੇਸ਼ ਵਿਚ 2017 ਵਿਚ ਵਿਧਾਨ ਸਭਾ ਚੋਣਾਂ ਹਨ ਤੇ ਭਾਜਪਾ ਇਸ ਮੁੱਦੇ ਨੂੰ ਭਖਾ ਕੇ ਨਫ਼ੇ-ਨੁਕਸਾਨ ਦਾ ਅੰਦਾਜਾ ਲਾਉਣ ਦੀ ਰਣਨੀਤੀ ਬਣਾ ਰਹੀ ਹੈ।

ਇਸ ਅਹਿਮ ਮਸਲੇ ਬਾਰੇ ਰਾਜ ਸਭਾ ਵਿਚ ਵੀ ਤਿੱਖੀ ਬਹਿਸ ਵੀ ਹੋਈ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਭਾਜਪਾ ਤੇ ਰਾਸ਼ਟਰੀ ਸੋਇਮਸੇਵਕ (ਆਰæਐਸ਼ਐਸ਼) ਸੰਘ ਉੱਤਰ ਪ੍ਰਦੇਸ਼ ਵਿਚ ਚੋਣਾਂ ਦੇ ਮੱਦੇਨਜ਼ਰ ਲੋਕਾਂ ਅੰਦਰ ਫਿਰਕੂ ਭਾਵਨਾਵਾਂ ਨੂੰ ਉਭਾਰ ਕੇ ਹਮਾਇਤ ਹਾਸਲ ਕਰਨ ਦੀ ਫਿਰਾਕ ਵਿਚ ਹੈ। ਸਰਕਾਰੀ ਪੱਖੋਂ ਭਾਵੇਂ ਹਾਕਮ ਧਿਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ, ਪਰ ਉਸ ਲਈ ਇਹ ਜਵਾਬ ਦੇਣਾ ਔਖਾ ਹੋ ਗਿਆ ਸੀ ਕਿ ਮੰਦਿਰ ਦੇ ਨਿਰਮਾਣ ਲਈ ਮੁੜ ਤੋਂ ਪੱਥਰ ਆਉਣਾ ਕਿਉਂ ਸ਼ੁਰੂ ਹੋ ਗਿਆ ਹੈ। ਇਸ ਨਿਰਮਾਣ ਲਈ ਬਣੇ ਕਰਤਾ-ਧਰਤਾ ਅਸ਼ੋਕ ਸਿੰਘਲ ਦੀ ਭਾਵੇਂ ਮੌਤ ਹੋ ਚੁੱਕੀ ਹੈ, ਪਰ ਰਾਮ ਜਨਮ ਭੂਮੀ ਨਿਆਸ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਇਹ ਜ਼ਰੂਰ ਕਿਹਾ ਹੈ ਕਿ ਮੰਦਿਰ ਨਿਰਮਾਣ ਬਾਰੇ ਕੇਂਦਰ ਸਰਕਾਰ ਨੇ ਇਸ਼ਾਰਾ ਦਿੱਤਾ ਹੈ।
ਉਂਜ, ਭਾਜਪਾ ਦੀ ਕੌਮੀ ਲੀਡਰਸ਼ਿਪ ਇਸ ਮਾਮਲੇ ਵਿਚ ਕਸੂਤੀ ਵੀ ਫਸੀ ਹੋਈ ਹੈ। ਇਕ ਪਾਸੇ ਉਸ ਨੇ ਹਿੰਦੂਤਵ ਬ੍ਰਿਗੇਡ ਨੂੰ ਸ਼ਾਂਤ ਰੱਖਣਾ ਹੈ ਤੇ ਦੂਜੇ ਪਾਸੇ ਉਹ ਨਾ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਸਕਦੀ ਹੈ ਤੇ ਨਾ ਹੀ ਕੌਮੀ ਜਮਹੂਰੀ ਗੱਠਜੋੜ (ਐਨæਡੀæਏæ) ਵਿਚਲੇ ਭਾਈਵਾਲਾਂ ਦੀ ਨਾਰਾਜ਼ਗੀ ਸਹੇੜ ਸਕਦੀ ਹੈ।
ਭਾਜਪਾ ਨੇ ਕੇਂਦਰੀ ਸੱਤ ਵਿਚ ਆਉਣ ਤੋਂ ਪਹਿਲਾਂ ਆਪਣੇ ਕੱਟੜ ਹਿੰਦੂ ਬ੍ਰਿਗੇਡ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਈ ਤਾਂ ਅਯੁੱਧਿਆ ਵਿਚ ਮੰਦਿਰ ਬਣੇਗਾ। ਹੁਣ ਪੌਣੇ ਦੋ ਸਾਲ ਦੇ ਸ਼ਾਸਨ ਪਿਛੋਂ ਭਾਜਪਾ ਦਾ ਸੁਪਰੀਮ ਕੋਰਟ ਵਿਚ ਅਯੁੱਧਿਆ ਮਾਮਲੇ ਬਾਰੇ ਕੇਸ ਚੱਲਦਾ ਹੋਣ ਵਾਲਾ ਬਹਾਨਾ ਵੀ ਸਾਥ ਛੱਡਦਾ ਨਜ਼ਰ ਆ ਰਿਹਾ ਹੈ। ਭਾਰਤੀ ਜਨਤਾ ਪਾਰਟੀ 1999 ਤੋਂ ਲੈ ਕੇ 2014 ਤੱਕ ਰਾਮ ਮੰਦਿਰ ਦੀ ਉਸਾਰੀ ਦੇ ਵਾਅਦਿਆਂ ਉਤੇ ਅਮਲ ਇਸ ਆਧਾਰ ਉਤੇ ਟਾਲਦੀ ਆਈ ਸੀ ਕਿ ਉਸ ਕੋਲ ਅਜਿਹਾ ਕਰਨ ਲਈ ਲੋੜੀਂਦਾ ਸੰਸਦੀ ਬਹੁਮਤ ਨਹੀਂ। ਹੁਣ ਉਸ ਕੋਲ ਲੋਕ ਸਭਾ ਵਿਚ ਭਰਵਾਂ ਬਹੁਮਤ ਹੈ। ਅਜਿਹੀ ਸੂਰਤ ਵਿਚ ਉਸ ਦੀ ਰਣਨੀਤੀ ਇਹੋ ਜਾਪਦੀ ਹੈ ਕਿ ਉੱਤਰ ਪ੍ਰਦੇਸ਼ ਵਿਚ ਮੰਦਿਰ ਦਾ ਮੁੱਦਾ ਭਖਦਾ ਰੱਖਿਆ ਜਾਵੇ, ਪਰ ਕਾਨੂੰਨਾਂ ਦੀ ਖੁੱਲ੍ਹੇਆਮ ਉਲੰਘਣਾ ਵੀ ਨਾ ਕੀਤੀ ਜਾਵੇ। ਇਹ ਰਣਨੀਤੀ ਉਸ ਦੇ ਕੱਟੜਪੰਥੀ ਹਮਾਇਤੀਆਂ ਨੂੰ ਸ਼ਾਂਤ ਵੀ ਰੱਖੇਗੀ ਤੇ ਨਾਲ ਹੀ ਵੋਟਾਂ ਦੀ ਸਫ਼ਬੰਦੀ ਵੀ ਕਮਜ਼ੋਰ ਨਹੀਂ ਪੈਣ ਦੇਵੇਗੀ। ਅਯੁੱਧਿਆ ਵਿਚ ਪੱਥਰਾਂ ਦੀਆਂ ਸਲੈਬਾਂ ਦੀ ਵਿਆਪਕ ਆਮਦ ਨੂੰ ਇਸੇ ਰਣਨੀਤੀ ਦੇ ਹਿੱਸੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਨ੍ਹਾਂ ਪੱਥਰਾਂ ਦਾ ਅਯੁੱਧਿਆ ਪੁੱਜਣਾ ਤੇ ਉਥੇ ਇਨ੍ਹਾਂ ਨੂੰ ਤਰਾਸ਼ ਕੇ ਮੰਦਿਰ ਲਈ ਥਮਲਿਆਂ, ਕਿੰਗਰਿਆਂ ਤੇ ਜਾਲੀਆਂ ਵਿਚ ਪਰਵਰਤਿਤ ਕੀਤੇ ਜਾਣਾ ਇਹ ਪ੍ਰਭਾਵ ਦਿੰਦਾ ਹੈ ਕਿ ਮੰਦਿਰ ਦੀ ਉਸਾਰੀ ਲਈ ਕੰਮ ਵੱਡੇ ਪੱਧਰ ਉਤੇ ਚੱਲ ਰਿਹਾ ਹੈ।
ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਢੱਠਿਆਂ 23 ਸਾਲ ਹੋ ਗਏ ਹਨ। ਇਹ ਕੰਮ ਕੁਝ ਹਿੰਦੂ ਜਥੇਬੰਦੀਆਂ ਨੇ ਛੇ ਦਸੰਬਰ, 1992 ਨੂੰ ਕੀਤਾ ਸੀ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਵੀ ਉਥੇ ਮੌਜੂਦ ਸਨ। ਉਨ੍ਹਾਂ ਉਤੇ ਮੁਕੱਦਮੇ ਵੀ ਚੱਲ ਰਹੇ ਹਨ। ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਅੱਜ ਵੀ ਹਿੱਕ ਠੋਕ ਕੇ ਆਖ ਰਹੇ ਹਨ ਕਿ ਉਨ੍ਹਾਂ ਦੇ ਜਿਉਂਦੇ ਜੀਅ ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੋਵੇਗਾ। ਪਿਛਲੇ ਸਮੇਂ ਵਿਚ ਇਸ ਦਿਸ਼ਾ ਵਿਚ ਕਈ ਪੱਧਰਾਂ ਉਤੇ ਬਹੁਤ ਕੁਝ ਵਾਪਰ ਚੁੱਕਾ ਹੈ, ਜਿਸ ਦੀ ਵੱਡੀ ਪੱਧਰ ਉਤੇ ਚਰਚਾ ਵੀ ਹੁੰਦੀ ਰਹੀ ਹੈ। ਬਹੁਤ ਸਾਰੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਣੇ ਇਸ ਮਾਹੌਲ ਨੂੰ ਵੇਖਦਿਆਂ ਆਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਵੀ ਕੀਤਾ ਸੀ। ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੇਂਦਰ ਕੁਲਕਰਨੀ ਤੇ ਜੰਮੂ ਕਸ਼ਮੀਰ ਦੇ ਇਕ ਵਿਧਾਇਕ ਇੰਜਨੀਅਰ ਰਸ਼ੀਦ ਦੇ ਮੂੰਹ ਉਤੇ ਕੱਟੜਵਾਦੀ ਸੰਗਠਨਾਂ ਵੱਲੋਂ ਸਿਆਹੀ ਮਲ ਦਿੱਤੀ ਗਈ ਸੀ। ਕਈ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਬਣੇ ਇਸ ਮਾਹੌਲ ਵਿਚ ਕਤਲ ਕਰ ਦਿੱਤਾ ਗਿਆ ਸੀ।
________________________________________
ਫਿਰਕੂ ਹਮਾਇਤੀਆਂ ਨੇ ਮੋਦੀ ਨੂੰ ਘੇਰਿਆ
ਮੁੰਬਈ: ਫਿਰਕੂ ਸੋਚ ਵਾਲੇ ਹਮਾਇਤੀਆਂ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲਤ ਇਸ ਸਮੇਂ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੇਸ਼ ਦੀ ਤਾਕਤਵਰ ਫੌਜ ਤੇ ਖੁਫੀਆ ਏਜੰਸੀ ਸਾਹਮਣੇ ਹੈ। ਨਰੇਂਦਰ ਮੋਦੀ ਦੀ ਪਿਛਲੇ ਹਫਤੇ ਅਚਾਨਕ ਪਾਕਿਸਤਾਨ ਫੇਰੀ ਉਨ੍ਹਾਂ ਦੇ ਕੱਟੜਪੰਥੀ ਹਮਾਇਤੀਆਂ ਨੂੰ ਕਾਫੀ ਚੁੱਭੀ ਹੈ। ਸ਼ਿਵ ਸੈਨਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸ੍ਰੀ ਮੋਦੀ ਨੂੰ ਇਸ ਮੁੱਦੇ ‘ਤੇ ਘੇਰਿਆ ਹੋਇਆ ਹੈ। ਪਾਰਟੀ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿਚ ਕਿਹਾ ਹੈ ਕਿ ਮੋਦੀ ਨੂੰ ਭਾਰਤੀ ਖੂਨ ਨਾਲ ਲੱਥਪੱਥ ਪਾਕਿਸਤਾਨ ਦੀ ਧਰਤੀ ਨੂੰ ਚੁੰਮਣਾ ਮਹਿੰਗਾ ਸਾਬਤ ਹੋਵੇਗਾ। ਉਨ੍ਹਾਂ ਯਾਦ ਦਵਾਇਆ ਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਲੀਡਰਾਂ ਦਾ ਕਰੀਅਰ ਵੀ ਪਾਕਿਸਤਾਨ ਨਾਲ ਨਜ਼ਦੀਕੀ ਵਧਾਉਣ ਕਾਰਨ ਹੇਠਾਂ ਆ ਗਿਆ ਸੀ।