ਸ਼ਹੀਦਾਂ ਦੀ ਧਰਤੀ ਉਤੇ ਉਮੜਿਆ ਸ਼ਰਧਾ ਦਾ ਸੈਲਾਬ

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਉਤੇ ਲੱਖਾਂ ਦੀ ਤਦਾਦ ਵਿਚ ਸੰਗਤ ਨਤਮਸਤਕ ਹੋਈ।

ਸ਼ਹੀਦੀ ਜੋੜ ਮੇਲੇ ਵਿਚ ਦੇਸ-ਵਿਦੇਸ ਦੇ ਕੋਨੇ-ਕੋਨੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਤਿੰਨ ਰੋਜ਼ਾ ਸਾਲਾਨਾ ‘ਸ਼ਹੀਦੀ ਜੋੜ ਮੇਲ’ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜਣ ਉਤੇ ਅਰਦਾਸ ਮਗਰੋਂ ਰਸਮੀ ਤੌਰ ‘ਤੇ ਸਮਾਪਤ ਹੋ ਗਿਆ।
ਸ਼ਹੀਦੀ ਨਗਰ ਕੀਰਤਨ ਸਮੇਂ ਸੰਗਤਾਂ ਦਾ ਉਮੜਿਆ ਸੈਲਾਬ ਸੰਗਤਾਂ ਦੀ ਅਥਾਹ ਸ਼ਰਧਾ ਦਾ ਪ੍ਰਤੀਕ ਸੀ, ਜੋ ਕਿ ਪੂਰੇ ਮਾਹੌਲ ਨੂੰ ਖਾਲਸਾਈ ਰੰਗ ਵਿਚ ਰੰਗ ਰਿਹਾ ਸੀ। ਨਰਸਿੰਘਿਆਂ ਤੇ ਨਗਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਏ ਨਗਰ ਕੀਰਤਨ ਵਿਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਦਾ ਅਲੌਕਿਕ ਨਜ਼ਾਰਾ ਵੇਖਿਆਂ ਹੀ ਬਣਦਾ ਸੀ। ਪੋਹ ਦੀ ਕੜਕਦੀ ਠੰਢ ਵਿਚ ਸ਼ਰਧਾਲੂ ਨੰਗੇ ਪੈਰੀਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਮੜ ਪਏ। ਸੰਗਤਾਂ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ ਤੇ ‘ਸਤਿਨਾਮ ਵਾਹਿਗੁਰੂ’ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ, ਜਦੋਂ ਕਿ ਪਾਲਕੀ ਸਾਹਿਬ ਦੇ ਅੱਗੇ ਨਗਰ ਕੀਰਤਨ ਵਿਚ ਨਿਹੰਗ ਸਿੰਘਾਂ ਦੀਆਂ ਗਤਕਾ ਪਾਰਟੀਆਂ, ਰਾਗੀ ਜਥੇ, ਸੇਵਾ ਦਲ, ਸੁਖਮਨੀ ਸੇਵਾ ਸੁਸਾਇਟੀਆਂ, ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ, ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੀਆਂ ਗਤਕਾ ਪਾਰਟੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਜੱਸ ਗਾਉਂਦੀਆਂ ਜਾ ਰਹੀਆਂ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਮਾਤਾ ਗੁਜਰੀ ਕਾਲਜ ਤੇ ਹੋਰ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਨੀਲੀਆਂ, ਕੇਸਰੀ ਅਤੇ ਚਿੱਟੀਆਂ ਦਸਤਾਰਾਂ ਤੇ ਖਾਲਸਾਈ ਪੋਸ਼ਾਕਾਂ ਵਿਚ ਸਜ ਕੇ ਹਾਜ਼ਰੀ ਲਵਾਈ। ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਕੀਰਤਨ ਸੋਹਲੇ ਦੇ ਪਾਠ ਉਪਰੰਤ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕਰਨ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕ ਲੈਣ ਉਪਰੰਤ ਸਮਾਪਤ ਹੋ ਗਿਆ।
ਸ਼ਹੀਦੀ ਜੋੜ ਮੇਲ ਵਿਚ ਅਰਦਾਸ ਮੌਕੇ ਇਕੱਤਰ ਸੰਗਤ ਦੀ ਸ਼ਰਧਾਂਜਲੀ ਵਿਚ ਸ਼ਮੂਲੀਅਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਾਇਰਨ ਵੀ ਵਜਾਇਆ ਗਿਆ ਤਾਂ ਜੋ ਜੋੜ ਮੇਲ ਵਿਚ ਸ਼ਾਮਲ ਸਮੂਹ ਸੰਗਤ ਅਰਦਾਸ ਵਿਚ ਸ਼ਾਮਲ ਹੋ ਕੇ ਪੂਰਨ ਇਕਾਗਰਤਾ ਨਾਲ ਮਹਾਨ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕਰ ਸਕੇ। ਇਸ ਮੌਕੇ 85 ਕਿੱਲੋ ਵਜ਼ਨ ਦੀ 800 ਮੀਟਰ ਦੀ ਪੱਗ ਬੰਨ੍ਹ ਕੇ ਬਾਬਾ ਬਲਵੰਤ ਸਿੰਘ ਯਮੁਨਾ ਨਗਰ ਵਾਲੇ ਵੀ ਚੱਲ ਰਹੇ ਸਨ।
ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਨੂੰ ਸੁਨਹਿਰੀ ਚੌਰ ਸਾਹਿਬ ਦੀ ਸੇਵਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਿਭਾ ਰਹੇ ਸਨ।
________________________________________________

ਮੱਕੜ ਖਿਲਾਫ ਰੋਹ, ਸੰਦੇਸ਼ ਨਾ ਦੇ ਸਕੇ ਜਥੇਦਾਰ
ਫਤਿਹਗੜ੍ਹ ਸਾਹਿਬ: ਸਾਕਾ ਸਰਹਿੰਦ ਦੇ ਸ਼ਹੀਦਾਂ ਦੀ ਯਾਦ ਵਿਚ ਸਜਾਏ ਨਗਰ ਕੀਰਤਨ ਦੇ ਸੰਪੂਰਨ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਨੂੰ ਸੰਗਤ ਨੇ ਧੰਨਵਾਦ ਨਾ ਕਰਨ ਦਿੱਤਾ। ਰੋਸ ਵਜੋਂ ਸੰਗਤ ਪੰਡਾਲ ਵਿਚੋਂ ਉੱਠ ਕੇ ਜਾਣ ਲੱਗੀ ਤੇ ਕੁਝ ਸੰਗਤ ਨੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਭਾਰੀ ਰੌਲੇ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਸੰਗਤ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਵੀ ਨਹੀਂ ਦਿੱਤਾ ਗਿਆ। ਉਕਤ ਕਾਰਵਾਈ ਦੀ ਪਹਿਲਾਂ ਹੀ ਭਿਣਕ ਪੈਣ ਉਤੇ ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਜਥੇਦਾਰ ਨੇ ਜਿਵੇਂ ਹੀ ਮਾਈਕ ਫੜਿਆ ਤਾਂ ਪੰਡਾਲ ਵਿਚ ਬੈਠੀ ਬਜ਼ੁਰਗ ਸੰਗਤ ਨੇ ਰੋਸ ਵਜੋਂ ਉੱਠ ਕੇ ਜਾਣਾ ਸ਼ੁਰੂ ਕਰ ਦਿੱਤਾ ਤੇ ਨੌਜਵਾਨ ਸੰਗਤ ਨੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਭਾਰੀ ਸ਼ੋਰ-ਸ਼ਰਾਬਾ ਹੋ ਗਿਆ। ਸੰਗਤ ਵਿਚੋਂ ਕਈਆਂ ਨੇ ਕਾਲੇ ਕੱਪੜੇ ਤੇ ਕਈਆਂ ਨੇ ਨਾਕਾਰਾਤਮਕ ਹੱਥ ਹਿਲਾ ਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਜਥੇਦਾਰ ਮੱਕੜ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਸੰਗਤ, ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਵਾਪਰੀਆਂ ਸਿੱਖ ਵਿਰੋਧੀ ਘਟਨਾਵਾਂ ਉੱਪਰ ਜਥੇਦਾਰ ਮੱਕੜ ਵੱਲੋਂ ਕੋਈ ਢੁੱਕਵਾਂ ਸਟੈਂਡ ਨਾ ਲੈਣ ਕਾਰਨ ਰੋਸ ਵਿਚ ਸੀ। ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ ਚੱਲੇ ਜੋੜ ਮੇਲ ਦੌਰਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਇਹ ਦੂਜੀ ਵਾਰ ਸੰਗਤ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਸਥਿਤ ਠੰਢਾ ਬੁਰਜ ਵਿਖੇ ਸਫਰ-ਏ-ਸ਼ਹਾਦਤ ਧਾਰਮਿਕ ਪ੍ਰੋਗਰਾਮ ਦੌਰਾਨ ਵੀ ਸੰਗਤ ਵੱਲੋਂ ਜਥੇਦਾਰ ਮੱਕੜ ਨੂੰ ਬੋਲਣ ਨਹੀਂ ਦਿੱਤਾ ਗਿਆ ਸੀ। ਉਦੋਂ ਵੀ ਸੰਗਤ ਨੇ ਜੈਕਾਰੇ ਛੱਡ ਕੇ ਜਥੇਦਾਰ ਮੱਕੜ ਨੂੰ ਮਾਈਕ ਛੱਡਣ ਲਈ ਮਜਬੂਰ ਕਰ ਦਿੱਤਾ ਸੀ।