ਸ਼ਰਧਾਂਜਲੀ ਦੀ ਥਾਂ ਇਕ-ਦੂਜੇ ਨੂੰ ਵੰਗਾਰਨ ‘ਚ ਜੁਟੀਆਂ ਰਹੀਆਂ ਸਿਆਸੀ ਧਿਰਾਂ

ਫਤਿਹਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਉਤੇ ਇਸ ਵਾਰ ਵੀ ਹੁਕਮਰਾਨ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਕਈ ਹੋਰ ਗਰੁੱਪਾਂ ਨੇ ਸਿਆਸੀ ਕਾਨਫਰੰਸਾਂ ਕਰਕੇ ਆਪੋ-ਆਪਣੀ ਸਿਆਸਤ ਦਾ ਰਾਗ ਅਲਾਪਿਆ। ਇਨ੍ਹਾਂ ਰੈਲੀਆਂ ਦੌਰਾਨ ਸੱਤਾ ਉੱਤੇ ਕਬਜ਼ੇ ਦੀ ਚਾਹਤ ਵਜੋਂ ਐਲਾਨੇ ਮਿਸ਼ਨ-17 ਵਿਚ ਸਫਲਤਾ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਦਾ ਮੁਹਾਵਰਾ ਭਾਰੀ ਰਿਹਾ। ਵਿਰੋਧੀਆਂ ਨੂੰ ਜਿਸ ਵੀ ਸੱਚੇ ਝੂਠੇ ਢੰਗ ਨਾਲ ਖਦੇੜਿਆ ਜਾ ਸਕਦਾ ਸੀ, ਉਹ ਹਰ ਹਰਬਾ ਵਰਤਿਆ ਗਿਆ।

ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਕੁਝ ਸਿਆਸੀ ਪਾਰਟੀਆਂ ਦੇ ਗੈਰ ਜ਼ਿੰਮੇਵਾਰ ਆਗੂਆਂ ਉਤੇ ਤਿੱਖੇ ਹਮਲੇ ਕੀਤੇ, ਉਥੇ ਕਾਂਗਰਸ ਨੇ ਵੀ ਹਾਕਮ ਧਿਰ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੁਝ ਸਿਆਸੀ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਨਸਲੀ ਆਧਾਰ ‘ਤੇ ਵੰਡਣ ਤੇ ਦੇਸ਼ ਨੂੰ ਤੋੜਨ ਲਈ ਲੱਗੇ ਹੋਏ ਹਨ। ਉਨ੍ਹਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾਇਆ ਤੇ 1984 ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਸੂਬੇ ਵਿਚ ਇਕ ਦਹਾਕੇ ਤੱਕ ਚੱਲੇ ਅਤਿਵਾਦ ਲਈ ਇਕੱਲੀ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਾਂਗਰਸ ਨਾਲ ਹੱਥ ਮਿਲਾਏਗਾ, ਉਹ ਕਾਂਗਰਸ ਦੇ ਇਨ੍ਹਾਂ ਜੁਰਮਾਂ ਵਿਚ ਬਰਾਬਰ ਦਾ ਭਾਈਵਾਲ ਹੋਵੇਗਾ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਤਿਤਪੁਣੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਮਰਿਆਦਾ ਦੇ ਦਾਇਰੇ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਯਤਨ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਮਾਪਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹਟਾ ਕੇ ਉਨ੍ਹਾਂ ਦਾ ਧਿਆਨ ਧਾਰਮਿਕ ਤੇ ਖੇਡ ਗਤੀਵਿਧੀਆਂ ਵਿਚ ਲਾਉਣ ਦੀ ਅਪੀਲ ਕੀਤੀ।
______________________________________________
‘ਆਪ’ ਵੱਲੋਂ ਕਾਂਗਰਸੀਆਂ ਤੇ ਅਕਾਲੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ
ਫਤਿਹਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲੇ ‘ਤੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ। ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ, ਸੁੱਚਾ ਸਿੰਘ ਛੋਟੇਪੁਰ ਕਨਵੀਨਰ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਗੁਲ ਪਨਾਗ ਨੇ ਜਿਥੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਲੋਕਾਂ ਨੂੰ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੀਆਂ ਚਾਲਾਂ ਤੋਂ ਬਚ ਕੇ ਦਿੱਲੀ ਵਾਂਗ ‘ਆਪ’ ਦੀ ਸਰਕਾਰ ਬਣਾਉਣ ਲਈ ਪ੍ਰੇਰਿਆ। ‘ਆਪ’ ਨੇਤਾਵਾਂ ਨੇ ਆਖਿਆ ਕਿ ਸਿਰਫ ਤੇ ਸਿਰਫ ਉਨ੍ਹਾਂ ਦੀ ਪਾਰਟੀ ਹੀ ਪੰਜਾਬ ਦੇ ਮਸਲੇ ਹੱਲ ਕਰੇਗੀ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਥ ਖਤਰੇ ਵਿਚ ਹੈ, ਕੋਰਾ ਝੂਠ ਹੈ ਕਿਉਂਕਿ ਪੰਜਾਬ ਵਿਚ ਪੰਥ ਨੂੰ ਨਹੀਂ ਬਲਕਿ ਬਾਦਲ ਪਰਿਵਾਰ ਨੂੰ ਖਤਰਾ ਹੈ ਜਿਸ ਲਈ ਪੰਥ ਦੀ ਦੁਹਾਈ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
_________________________________________
ਬਿਨਾਂ ਸ਼ਰਤ ‘ਆਪ’ ਵਿਚ ਆਇਆ ਹਾਂ: ਖਹਿਰਾ
ਫਤਿਹਗੜ੍ਹ ਸਾਹਿਬ: ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਜੋ ਅਸੂਲ ਰਾਹੁਲ ਗਾਂਧੀ ਤੇ ਕਾਂਗਰਸ ਨੇ ਘੜੇ ਸੀ, ਉਸ ਤੋਂ ਉਹ ਪਰੇ ਹੋ ਗਏ ਹਨ। ਪੰਜਾਬ ਕਾਂਗਰਸ ਮਿਲੀਭੁਗਤ ਨਾਲ ਰਾਜਨੀਤੀ ਕਰ ਰਹੀ ਸੀ। ਮੈਂ ਕੇਜਰੀਵਾਲ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਬਗੈਰ ਕਿਸੇ ਸ਼ਰਤ ਦੇ ‘ਆਪ’ ਵਿਚ ਸ਼ਾਮਲ ਹੋਇਆ ਹਾਂ।
____________________________________________________
ਚੱਬਾ ਦਾ ਇਕੱਠ ਬਾਦਲਾਂ ਵਿਰੁਧ ਬੇਵਸਾਹੀ ਦਾ ਸਬੂਤ: ਮਾਨ
ਬਸੀ ਪਠਾਣਾਂ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦੀ ਕਾਨਫਰੰਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੀ ਗਈ। ਕਾਨਫਰੰਸ ਦੌਰਾਨ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗਦੇ ਰਹੇ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੀਤੀ 10 ਨਵੰਬਰ ਨੂੰ ਚੱਬਾ ਵਿਚ ਸਰਬੱਤ ਖਾਲਸਾ ਮੌਕੇ ਹੋਇਆ ਇਕੱਠ ਅਕਾਲੀ ਦਲ (ਬਾਦਲ), ਭਾਜਪਾ, ਆਰæਐਸ਼ਐਸ਼ ਤੇ ਕਾਂਗਰਸ ਵਿਰੁੱਧ ਸਿੱਖ ਕੌਮ ਦੀ ਬੇਵਿਸ਼ਵਾਸੀ ਨੂੰ ਜ਼ਾਹਰ ਕਰਦਾ ਹੈ। ਸ਼ ਮਾਨ ਨੇ ਸਰਕਾਰਾਂ ਦੇ ਸਲੂਕ ‘ਤੇ ਸਵਾਲ ਕਰਦਿਆਂ ਕਿਹਾ ਕਿ ਬਰਗਾੜੀ ਕਾਂਡ, ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਚ ਸਿੱਖਾਂ ਦਾ ਕਤਲੇਆਮ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ 25 ਹਜ਼ਾਰ ਸਿੱਖਾਂ ਨੂੰ ਮਾਰਨ ਸਬੰਧੀ ਕਿਸੇ ਵੀ ਦੋਸ਼ੀ ਖਿਲਾਫ ਅੱਜ ਤੱਕ ਕਾਰਵਾਈ ਨਹੀਂ ਕੀਤੀ ਗਈ।
______________________________________________
ਬਾਦਲਾਂ ਨੇ ਧਰਮ ਦੇ ਨਾਂ ‘ਤੇ ਸਿਆਸਤ ਕੀਤੀ: ਕੈਪਟਨ
ਫਤਿਹਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲ ਮੌਕੇ ਕਾਂਗਰਸ ਦੀ ਕਾਨਫਰੰਸ ਦੌਰਾਨ ਪੰਜਾਬ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਦੇ ਰਾਜ ਵਿਚ ਅਕਾਲ ਤਖਤ ਦੇ ਜਥੇਦਾਰ ਬਾਦਲਾਂ ਦੇ ਇਸ਼ਾਰੇ ਉਤੇ ਕੌਮ ਦੇ ਨਾਮ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਧਰਮ ਦੇ ਨਾਮ ਉਤੇ ਸਿਆਸੀ ਰੋਟੀਆਂ ਸੇਕੀਆਂ ਹਨ, ਪਰ ਕਦੇ ਵੀ ਧਾਰਮਿਕ ਸਥਾਨਾਂ ਦੇ ਸਨਮਾਨ ਲਈ ਕੁਝ ਨਹੀਂ ਕੀਤਾ, ਜਦੋਂ ਕਿ ਕਾਂਗਰਸ ਸਰਕਾਰਾਂ ਨੇ ਫਤਹਿਗੜ੍ਹ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ, ਚਾਰ ਯਾਦਗਾਰੀ ਗੇਟ ਬਣਵਾਏ, 40 ਮੁਕਤਿਆਂ ਦੀ ਧਰਤੀ ਮੁਕਤਸਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਯਾਦਗਾਰ ਉਨ੍ਹਾਂ ਦੀ ਸਰਕਾਰ ਸਮੇਂ ਸ਼ੁਰੂ ਹੋਈ, ਪਰ ਅਕਾਲੀ ਸਰਕਾਰ ਦੇ ਨੌਂ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਹ ਯਾਦਗਾਰ ਮੁਕੰਮਲ ਨਹੀਂ ਹੋਈ।