ਚੰਡੀਗੜ੍ਹ: ਪੰਜਾਬ ਸਰਕਾਰ ਕਰਜ਼ਾ ਚੁੱਕ ਕੇ ਸ਼ਰਧਾਲੂਆਂ ਨੂੰ ਮੁਫਤ ਵਿਚ ਤੀਰਥ ਸਥਾਨਾਂ ਦੇ ਦਰਸ਼ਨ ਕਰਾਏਗੀ। ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਪਹਿਲੀ ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਪੈਸੇ ਦੀ ਕਮੀ ਨਾਲ ਜੂਝ ਰਹੀ ਸਰਕਾਰ ਨੇ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੂੰ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਤੋਂ 12 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਹੈ।
ਪੰਜਾਬ ਸਰਕਾਰ ਨੂੰ ਇਕ ਤੀਰਥ ਯਾਤਰੀ ਤਕਰੀਬਨ 11 ਹਜ਼ਾਰ ਰੁਪਏ ਵਿਚ ਪਏਗਾ। 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਪੰਜਾਬ ਵਾਸੀ ਇਸ ਯੋਜਨਾ ਤਹਿਤ ਯਾਤਰਾ ਕਰ ਸਕਣਗੇ। ਇਹ ਯਾਤਰਾ ਸਰਕਾਰੀ ਖਜ਼ਾਨੇ ਨੂੰ ਤਕਰੀਬਨ 190 ਕਰੋੜ ਰੁਪਏ ਵਿਚ ਪੈਣੀ ਸੀ ਤੇ ਵਿੱਤ ਵਿਭਾਗ ਨੇ ਮੁਢਲੇ ਪੜਾਅ ਉਤੇ ਹੀ ਹੱਥ ਖੜ੍ਹੇ ਕਰ ਦਿੱਤੇ ਸਨ। ਪੰਜਾਬ ਸਰਕਾਰ ਹੁਣ ਫੰਡਾਂ ਲਈ ਇਧਰ-ਉਧਰ ਹੱਥ ਪੈਰ ਮਾਰ ਰਹੀ ਹੈ। ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਭਾਰਤੀ ਰੇਲਵੇ ਨਾਲ ਤੀਰਥ ਦਰਸ਼ਨ ਯੋਜਨਾ ਸਬੰਧੀ ਐਮæਓæਯੂæ ਕਰ ਲਿਆ ਹੈ, ਜਿਸ ਮੁਤਾਬਕ ਭਾਰਤੀ ਰੇਲਵੇ ਵੱਲੋਂ ਇਨ੍ਹਾਂ ਯਾਤਰਾਵਾਂ ਲਈ 186 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਵਸੂਲੇ ਜਾਣਗੇ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਹੁਣ ਵੱਖ-ਵੱਖ ਵਿਭਾਗਾਂ ਜਿਵੇਂ ਪੁਡਾ, ਗਮਾਡਾ ਆਦਿ ਤੋਂ ਇਸ ਯੋਜਨਾ ਲਈ ਪੈਸੇ ਮੰਗੇ ਹਨ। ਇਸੇ ਤਰ੍ਹਾਂ ਸਾਲਾਸਰ ਧਾਮ ਲਈ ਪੀæਆਰæਟੀæਸੀæ ਦੇ ਬਠਿੰਡਾ ਡਿਪੂ ਤੋਂ ਚਾਰ ਬੱਸਾਂ ਦੀ ਮੰਗ ਕੀਤੀ ਗਈ ਹੈ। ਪ੍ਰਤੀ ਦਿਨ ਇਕ ਬੱਸ ਦਾ ਖਰਚਾ 15,500 ਰੁਪਏ ਆਏਗਾ। ਸੂਤਰ ਦੱਸਦੇ ਹਨ ਕਿ ਬਠਿੰਡਾ ਡਿਪੂ ਆਪਣੇ ਰੂਟਾਂ ਤੋਂ ਬੱਸਾਂ ਉਤਾਰ ਕੇ ਬਠਿੰਡਾ-ਸਾਲਾਸਰ ਰੂਟ ‘ਤੇ ਚਲਾਏਗਾ।
ਐਮæਓæਯੂæ ਮੁਤਾਬਕ ਇਕ ਜਨਵਰੀ 2016 ਤੋਂ 28 ਫਰਵਰੀ 2017 ਤੱਕ ਰੇਲਵੇ ਇਸ ਯੋਜਨਾ ਤਹਿਤ ਸੇਵਾ ਮੁਹੱਈਆ ਕਰਾਏਗਾ। ਵਿਧਾਨ ਸਭਾ ਚੋਣਾਂ ਸਬੰਧੀ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਸਰਕਾਰੀ ਖਰਚੇ ਉਤੇ ਯਾਤਰੀ ਦਰਸ਼ਨਾਂ ਲਈ ਜਾ ਸਕਣਗੇ।
ਅੰਦਾਜ਼ੇ ਅਨੁਸਾਰ 1,64,850 ਯਾਤਰੀਆਂ ਨੂੰ ਇਸ ਸਮੇਂ ਦੌਰਾਨ ਤੀਰਥ ਯਾਤਰਾ ਕਰਾਈ ਜਾਣੀ ਹੈ ਤੇ ਪ੍ਰਤੀ ਯਾਤਰੀ ਸਰਕਾਰ 11,282 ਰੁਪਏ ਖਰਚ ਕਰੇਗੀ। ਇਕ ਰੇਲ ਗੱਡੀ ਵਿਚ 1050 ਯਾਤਰੀ ਸਫਰ ਕਰ ਸਕਣਗੇ। ਨਾਂਦੇੜ ਸਾਹਿਬ ਲਈ ਹਰ ਮਹੀਨੇ ਅੱਠ ਰੇਲ ਗੱਡੀਆਂ ਚੱਲਣਗੀਆਂ ਜਦਕਿ ਹਰ ਮਹੀਨੇ ਦੋ ਗੱਡੀਆਂ ਵਾਰਾਨਸੀ ਲਈ ਰਵਾਨਾ ਹੋਣਗੀਆਂ।
ਇਸੇ ਤਰ੍ਹਾਂ ਇਕ ਰੇਲ ਗੱਡੀ ਹਰ ਮਹੀਨੇ ਅਜਮੇਰ ਸ਼ਰੀਫ਼ ਲਈ ਚੱਲੇਗੀ। ਅਜਮੇਰ ਸ਼ਰੀਫ਼ ਤੇ ਵਾਰਾਨਸੀ ਲਈ ਮੁਢਲੇ ਪੜਾਅ ‘ਤੇ 40 ਰੇਲ ਗੱਡੀਆਂ ਭੇਜਣ ਦੀ ਯੋਜਨਾ ਹੈ। ਹਰ ਵਿਧਾਨ ਸਭਾ ਹਲਕੇ ਵਿਚੋਂ 1050 ਯਾਤਰੀ ਲਿਜਾਏ ਜਾਣੇ ਹਨ। ਬਠਿੰਡਾ ਦੀ ਰਾਮਾਂ ਮੰਡੀ ਤੋਂ ਚਾਰ ਜਨਵਰੀ ਨੂੰ ਤਖਤ ਹਜ਼ੂਰ ਸਾਹਿਬ ਲਈ ਗੱਡੀ ਰਵਾਨਾ ਹੋਣੀ ਹੈ।
_________________________________________________
ਯਾਤਰਾ ਨਾਲ ਨਹੀਂ ਮਿਲਣੀਆਂ ਵੋਟਾਂ: ਛੋਟੇਪੁਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਸਲ ਵਿਚ ਅਕਾਲੀ ਦਲ ਸਿੱਖ ਭਾਈਚਾਰੇ ਦੇ ਮਨੋਂ ਲੱਥ ਚੁੱਕਿਆ ਹੈ ਤੇ ਹੁਣ ਇਹ ਪਾਰਟੀ ਭਾਈਚਾਰੇ ਵਿਚ ਮੁੜ ਥਾਂ ਬਣਾਉਣ ਲਈ ਯਾਤਰਾਵਾਂ ਕਰਵਾ ਰਹੀ ਹੈ। ਇਨ੍ਹਾਂ ਯਾਤਰਾਵਾਂ ਨਾਲ ਵੀ ਅਕਾਲੀ ਦਲ ਨੂੰ ਵੋਟਾਂ ਨਹੀਂ ਮਿਲਣੀਆਂ ਕਿਉਂਕਿ ਲੋਕਾਂ ਨੂੰ ਅਕਾਲੀ ਦਲ ਦੀ ਅਸਲੀਅਤ ਦਾ ਬਰਗਾੜੀ ਕਾਂਡ ਤੋਂ ਬਾਅਦ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਹੈ।