ਪਿੰਕੀ ਨੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਸੈਣੀ ਨੂੰ ਵੰਗਾਰਿਆ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਤੇ ਪੁਲਿਸ ਕੈਟ ਰਹੇ ਗੁਰਮੀਤ ਪਿੰਕੀ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਝੂਠੇ ਪੁਲਿਸ ਮੁਕਾਬਲਿਆਂ ਦੇ ਮਸਲੇ ਉਤੇ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਆਪਣੇ ਕੀਤੇ ਉਤੇ ਪਛਤਾ ਰਿਹਾ ਹੈ ਤੇ ਜੇਲ੍ਹ ਵਿਚ ਵੀ ਇਸ ਦਾ ਪਸ਼ਚਾਤਾਪ ਕਰਦਾ ਰਿਹਾ ਹੈ, ਪਰ ਹੁਣ ਉਹ ਹੱਥ ਜੋੜ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫੀ ਵੀ ਮੰਗਦਾ ਹੈ।

ਝੂਠੇ ਪੁਲਿਸ ਮੁਕਾਬਲਿਆਂ ਦਾ ਖੁਲਾਸਾ ਕਰਨ ਵਾਲੇ ਪਿੰਕੀ ਕੈਟ ਨੇ ਆਖਿਆ ਹੈ ਕਿ ਉਸ ਸਰਕਾਰ ਤੇ ਸੁਮੇਧ ਸੈਣੀ ਤੋਂ ਖਤਰਾ ਹੈ। ਉਸ ਨੂੰ ਕਿਸੇ ਵੀ ਵੇਲੇ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਨੂੰ ਪਿਛਲੇ ਦਿਨੀਂ ਬੁੜੈਲ ਜੇਲ੍ਹ ਵਿਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਨਾਲ ਜਾ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਸਮੇਂ ਹੋਈ ਘਟਨਾ ਨੂੰ ਹੋਰ ਹੀ ਰੰਗ ਦੇ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਕੀ ਨੇ ਕਿਹਾ ਕਿ ਜੋ ਮੈਂ ਹੁਣ ਤੱਕ ਕਰਦਾ ਰਿਹਾ, ਪੰਜਾਬ ਪੁਲਿਸ ਤੇ ਸਰਕਾਰ ਮੇਰੇ ਨਾਲ ਉਹੀ ਕਰ ਰਹੀ ਹੈ। ਉਹ ਝੂਠੇ ਪੁਲਿਸ ਮੁਕਾਬਲਿਆਂ ਤੇ ਝੂਠੇ ਕੇਸਾਂ ਵਿਚ ਫਸਾਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਐਫ਼ਆਈæਆਰæ ਨੰਬਰ ਦਾ ਵੀ ਖੁਲਾਸਾ ਕਰੇਗਾ। ਉਸ ਨੂੰ ਜੇਲ੍ਹ ਵਿਚ ਜ਼ਬਰਦਸਤੀ ਦਾਖਲ ਹੋਣ ਤੇ ਰਿਕਾਰਡ ਨਾਲ ਛੇੜਛਾੜ ਦੇ ਝੂਠੇ ਕੇਸ ਚ ਫਸਾ ਕੇ ਜੇਲ੍ਹ ਵਿਚ ਬੰਦ ਕਰਨ ਲਈ ਸੁਮੇਧ ਸੈਣੀ ਇਹ ਸਾਜ਼ਿਸ਼ ਰਚ ਰਹੇ ਹਨ। ਪਿੰਕੀ ਨੇ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸੀæਬੀæਆਈæ ਜਾਂਚ ਕਰਵਾ ਲਈ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ।
ਪਟਿਆਲਾ ਜੇਲ੍ਹ ਦੇ ਛੇ ਮੁਲਾਜ਼ਮਾਂ ਵਿਰੁੱਧ ਸਰਕਾਰੀ ਰਿਕਾਰਡ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਖਦਸ਼ਾ ਹੈ ਕਿ ਉਸ ਖਿਲਾਫ ਵੀ ਧਾਰਾ 120 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਪਿੰਕੀ ਨੇ ਦੋਸ਼ ਲਾਇਆ ਕਿ ਸਰਕਾਰ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਕੋਲੋਂ ਸ਼ਿਕਾਇਤ ਦਰਜ ਕਰਵਾ ਰਹੀ ਹੈ ਕਿ ਮੁਲਾਕਾਤ ਦੀ ਆੜ ਹੇਠ ਉਹ ਉਸ ਉਪਰ ਹਮਲਾ ਕਰਨ ਆਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਸੈਣੀ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਉਹ ਸੀਨੀਅਰ ਪੱਤਰਕਾਰ ਕੰਵਰ ਸੰਧੂ ਦੇ ਕਹਿਣ ਉਤੇ ਉਨ੍ਹਾਂ ਨਾਲ ਪਟਿਆਲਾ ਜੇਲ੍ਹ ਵਿਚ ਗਿਆ ਸੀ। ਉਥੇ ਉਸ ਨੇ ਇਕ ਬਿਸ਼ਨੋਈ ਨਾਮ ਦੇ ਵਿਅਕਤੀ ਨਾਲ ਮੁਲਾਕਾਤ ਕਰਨ ਲਈ ਨਾਮ ਦਰਜ ਕਰਵਾਇਆ ਸੀ ਜਦੋਂ ਕਿ ਸ੍ਰੀ ਸੰਧੂ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨੀ ਸੀ। ਪਿੰਕੀ ਅਨੁਸਾਰ ਉਸ ਦੀ ਤਾਂ ਮੁਲਾਕਾਤ ਕਰਵਾਈ ਨਹੀਂ ਗਈ ਸੀ ਪਰ ਜਦੋਂ ਸ੍ਰੀ ਸੰਧੂ ਉਥੇ ਗਏ ਤਾਂ ਰਾਜੋਆਣਾ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਫਿਰ ਉਹ ਉਥੋਂ ਵਾਪਸ ਆ ਗਏ। ਉਹ ਸਰਹਿੰਦ ਵਿਖੇ ਇਕ ਰੇਸਤਰਾਂ ਵਿਚ ਚਾਹ ਪੀਣ ਲਈ ਰੁਕੇ। ਇਸ ਦੌਰਾਨ ਉਥੇ ਜੇਲ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੇ ਪਛਾਣ ਪੱਤਰਾਂ ਦੀਆਂ ਕਾਪੀਆਂ ਚਾਹੀਦੀਆਂ ਹਨ। ਕੁਝ ਸਮੇਂ ਬਾਅਦ ਜੇਲ੍ਹ ਪੁਲਿਸ ਦੇ ਤਿੰਨ ਮੁਲਾਜ਼ਮ ਉਥੇ ਪੁੱਜ ਗਏ ਤੇ ਉਨ੍ਹਾਂ ਦੇ ਪਛਾਣ ਪੱਤਰ ਲੈ ਗਏ। ਉਨ੍ਹਾਂ ਕਿਹਾ ਕਿ ਉਹ ਜੇਲ੍ਹ ਵਿਚ ਐਂਟਰੀਆਂ ਕਰਵਾ ਕੇ ਗਏ ਸਨ, ਜੋ ਕਿਸੇ ਤਰ੍ਹਾਂ ਵੀ ਗਲਤ ਨਹੀਂ ਹੈ।
_________________________
ਆਪਣੇ ਕੀਤੇ ‘ਤੇ ਪਛਤਾਵਾ?
ਜਲੰਧਰ: ਪਿੰਕੀ ਕੈਟ ਨੂੰ ਪੰਜਾਬ ਵਿਚ ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਨਿਭਾਈ ਭੁਮਿਕਾ ‘ਤੇ ਪਛਤਾਵਾ ਹੈ। ਉਸ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲ ਤੋਂ ਆਪਣੇ ਕੀਤੇ ਉਤੇ ਪਛਤਾ ਰਿਹਾ ਹੈ ਤੇ ਜੇਲ੍ਹ ਵਿਚ ਵੀ ਇਸ ਦਾ ਪਸ਼ਚਾਤਾਪ ਕਰਦਾ ਰਿਹਾ ਹੈ, ਪਰ ਹੁਣ ਉਹ ਹੱਥ ਜੋੜ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫੀ ਵੀ ਮੰਗਦਾ ਹੈ। ਪਿੰਕੀ ਨੇ ਕਿਹਾ ਕਿ ਜੋ ਮੈਂ ਹੁਣ ਤੱਕ ਕਰਦਾ ਰਿਹਾ, ਪੰਜਾਬ ਪੁਲਿਸ ਤੇ ਸਰਕਾਰ ਮੇਰੇ ਨਾਲ ਉਹੀ ਕਰ ਰਹੀ ਹੈ। ਉਹ ਝੂਠੇ ਪੁਲਿਸ ਮੁਕਾਬਲਿਆਂ ਤੇ ਝੂਠੇ ਕੇਸਾਂ ਵਿਚ ਫਸਾਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਐਫ਼ਆਈæਆਰæ ਨੰਬਰ ਦਾ ਵੀ ਖੁਲਾਸਾ ਕਰੇਗਾ।
_____________________________________
ਪਿੰਕੀ ਝੂਠੇ ਮੁਕਾਬਲਿਆਂ ਬਾਰੇ ਗਵਾਹੀ ਦੇਣ ਲਈ ਤਿਆਰ
ਚੰਡੀਗੜ੍ਹ: ਗੁਰਮੀਤ ਸਿੰਘ ਪਿੰਕੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਹਲਫਨਾਮਾ ਦਾਇਰ ਕਰ ਕੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕਿਸੇ ਵੀ ਅਦਾਲਤ ਵਿਚ ਗਵਾਹੀ ਦੇਣ ਦੀ ਇੱਛਾ ਪ੍ਰਗਟਾਈ ਹੈ। ਪਿੰਕੀ ਨੇ ਸਪਸ਼ਟ ਆਖਿਆ ਕਿ ਜੇ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਇਹੀ ਪੁਲਿਸ ਅਫਸਰ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਦੇ ਉਸ ਨੇ ਨਾਮ ਲਏ ਹਨ। ਉਸ ਨੇ ਗਵਾਹ ਸੁਰੱਖਿਆ ਪ੍ਰੋਗਰਾਮ ਤਹਿਤ ਸੁਰੱਖਿਆ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਉਹ ਮੀਡੀਆ ਨੂੰ ਦਿੱਤੇ ਇੰਟਰਵਿਊ ਉਤੇ ਕਾਇਮ ਹੈ। ਇਹ ਹਲਫਨਾਮਾ ਉਸ ਨੇ ਫਰਜ਼ੀ ਮੁਕਾਬਲਿਆਂ ਨੂੰ ਨਿਆਇਕ ਜਾਂਚ ਦੇ ਘੇਰੇ ਵਿਚ ਲਿਆਉਣ ਲਈ ਹਾਈਕੋਰਟ ਵਿਚ ਪਹਿਲਾਂ ਦਾਇਰ ਪਟੀਸ਼ਨ ਦੇ ਵਾਧੇ ਵਜੋਂ ਦਾਇਰ ਕੀਤਾ ਹੈ।