ਸਹਿਜਧਾਰੀ ਵੋਟ ਵਾਲੇ ਰੇੜਕੇ ਨਾਲ ਨਜਿੱਠਣ ਲਈ ਚਾਰਾਜੋਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਨਰਲ ਹਾਊਸ ਨੂੰ ਸਹਿਜਧਾਰੀ ਵੋਟ ਦੇ ਮੁੱਦੇ ਉਤੇ ਦਿੱਤੀ ਚੁਣੌਤੀ ਨਾਲ ਨਜਿੱਠਣ ਲਈ ਸਬ ਕਮੇਟੀ ਬਣਾਈ ਹੈ।

ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਉਤੇ ਅਧਾਰਤ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਦੀ ਪੈਰਵੀ ਕਰਨ ਤੋਂ ਇਲਾਵਾ ਇਸ ਮੁੱਦੇ ਨਾਲ ਸਬੰਧਤ ਤੱਥਾਂ ਦੀ ਘੋਖ ਕਰਕੇ ਇਸ ਸੰਕਟ ਵਿਚੋਂ ਨਿਕਲਣ ਬਾਰੇ ਰਾਏ ਦੇਵੇਗੀ।
ਕੋਰ ਕਮੇਟੀ ਦੀ ਬੈਠਕ ਦੌਰਾਨ ਇਸ ਮਸਲੇ ‘ਤੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਹੋਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨੀਂ ਇਹ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ ਸੀ ਤੇ ਮੰਗ ਕੀਤੀ ਸੀ ਕਿ ਅਦਾਲਤੀ ਫੈਸਲੇ ਕਾਰਨ ਪੈਦਾ ਹੋਏ ਸੰਕਟ ਨੂੰ ਮੁੱਖ ਰੱਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪੈਟਰਨ ‘ਤੇ ਹੀ ਸਹਿਜਧਾਰੀ ਸਬੰਧੀ ਪਰਿਭਾਸ਼ਾ ਨੂੰ ਸਪੱਸ਼ਟ ਕਰ ਦਿੱਤਾ ਜਾਵੇ। ਅਕਾਲੀ ਦਲ ਹੁਣ ਇਹ ਚਾਹੁੰਦਾ ਹੈ ਕਿ ਭਾਰਤ ਸਰਕਾਰ ਤੋਂ ਇਸ ਬਾਰੇ ਕਰਵਾਈ ਜਾਣ ਵਾਲੀ ਤਰਮੀਮ ਨੂੰ ਕਾਨੂੰਨੀ ਤੌਰ ‘ਤੇ ਪੁਖਤਾ ਬਣਾ ਕੇ ਪਾਸ ਕਰਵਾਇਆ ਜਾਵੇ। ਦੱਸਣਯੋਗ ਹੈ ਕਿ ਸਾਂਝੇ ਪੰਜਾਬ ਤੋਂ ਹਰਿਆਣਾ ਤੇ ਹਿਮਾਚਲ ਦੇ ਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਐਕਟ ਅੰਤਰਰਾਜ਼ੀ ਬਣ ਗਿਆ ਸੀ ਤੇ ਇਸ ਵਿਚ ਤਰਮੀਮ ਦਾ ਅਧਿਕਾਰ ਪੰਜਾਬ ਵਿਧਾਨ ਸਭਾ ਦੀ ਥਾਂ ਦੇਸ਼ ਦੀ ਪਾਰਲੀਮੈਂਟ ਕੋਲ ਚਲਾ ਗਿਆ ਸੀ। ਜਦੋਂਕਿ 1966 ਤੋਂ ਪਹਿਲਾਂ ਇਸ ਵਿਚ ਤਰਮੀਮ ਦਾ ਅਧਿਕਾਰ ਪੰਜਾਬ ਵਿਧਾਨ ਸਭਾ ਕੋਲ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅਪਰੈਲ ਤੱਕ ਇਸ ਮਸਲੇ ਨੂੰ ਨਜਿੱਠਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਨਵੇਂ ਜਨਰਲ ਹਾਊਸ ਦੀਆਂ ਚੋਣਾਂ ਲਈ ਬਿਗਲ ਵਜਾਉਣਾ ਚਾਹੁੰਦੀ ਹੈ ਤਾਂ ਜੋ ਇਨ੍ਹਾਂ ਚੋਣਾਂ ਦਾ ਕੰਮ ਵਿਧਾਨ ਸਭਾ ਚੋਣਾਂ ਕਾਰਨ ਅੱਗੇ ਨਾ ਪਵੇ। ਮੌਜੂਦਾ ਜਨਰਲ ਹਾਊਸ ਨੂੰ ਹਾਈਕੋਰਟ ਵੱਲੋਂ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਧੇ ਹੋਏ ਨਵੇਂ ਨਿਯਮਾਂ ਅਨੁਸਾਰ ਨਵੇਂ ਜਨਰਲ ਹਾਊਸ ਦੀ ਚੋਣ ਤੋਂ ਇਲਾਵਾ ਹੁਣ ਕੋਈ ਹੋਰ ਚਾਰਾ ਅਕਾਲੀ ਦਲ ਕੋਲ ਨਹੀਂ ਰਹਿ ਗਿਆ।
________________________________________
ਪਤਿਤ ਨਹੀਂ ਸਹਿਜਧਾਰੀ ਸਿੱਖ?
ਚੰਡੀਗੜ੍ਹ: ਕੋਰ ਕਮੇਟੀ ਦੀ ਬੈਠਕ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਯਮਾਂ ਅਨੁਸਾਰ ਅੰਮ੍ਰਿਤਧਾਰੀ ਤੇ ਸਹਿਜਧਾਰੀ ਦੀਆਂ ਦੋ ਵੱਖ-ਵੱਖ ਕੈਟਾਗਰੀਆਂ ਹਨ ਤੇ ਸਹਿਜਧਾਰੀ ਦਾ ਮਤਲਬ ਗੈਰ ਅੰਮ੍ਰਿਤਧਾਰੀ ਸਿੱਖ ਹੈ, ਨਾ ਕਿ ਪਤਿਤ ਜਾਂ ਗੈਰ ਸਿੱਖ ਹੈ। ਕੋਰ ਕਮੇਟੀ ਦਾ ਮੰਨਣਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਯਮਾਂ ਅਨੁਸਾਰ ਵੀ ਗੈਰ ਸਿੱਖ ਜਾਂ ਪਤਿਤ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਪਰ ਸਹਿਜਧਾਰੀ ਦੀ ਪਰਿਭਾਸ਼ਾ ਨੂੰ ਠੀਕ ਢੰਗ ਨਾਲ ਪੇਸ਼ ਕਰਨ ਦੀ ਥਾਂ ਕੁਝ ਅਨਸਰਾਂ ਵੱਲੋਂ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
______________________________________
ਅਕਾਲੀ ਦਲ ਦੀ ਰਣਨੀਤੀæææ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਸਤੰਬਰ 2016 ਤੋਂ ਪਹਿਲਾਂ ਹੋਣੀ ਲਾਜ਼ਮੀ ਹੈ ਤੇ ਸਤੰਬਰ ਤੱਕ ਪਾਰਟੀ ਵਿਧਾਨ ਸਭਾ ਚੋਣਾਂ ਦੇ ਦੰਗਲ ਵਿਚ ਕੁੱਦਣ ਵਾਲੀ ਹੋਵੇਗੀ, ਇਸ ਲਈ ਬਿਹਤਰ ਹੋਵੇਗਾ ਕਿ ਜਨਰਲ ਹਾਊਸ ਦੀ ਚੋਣ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਕਰਵਾ ਲਈ ਜਾਵੇ। ਅਕਾਲੀ ਦਲ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਦੀ ਆਮ ਚੋਣ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਕਰਵਾਏ ਜਾਣ ਦਾ ਵੀ ਇੱਛੁਕ ਹੈ। ਸੁਪਰੀਮ ਕੋਰਟ ਵਿਚ ਉਕਤ ਕੇਸ ਨਵੇਂ ਸਾਲ ਦੇ ਪਹਿਲੇ ਜਾਂ ਦੂਜੇ ਮਹੀਨੇ ਦੌਰਾਨ ਲੱਗਣ ਦੀ ਸੰਭਾਵਨਾ ਹੈ।