ਬਾਤਾਂ ਬੋਹੇਮੀਆ ਦੀਆਂ

ਰਾਣੀ ਸਲੂਜਾ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬੋਹੇਮੀਆ ਦਾ ਅਸਲੀ ਨਾਂ ਰੋਜਰ ਡੇਵਿਡ ਹੈ। ਉਹ ਪਾਕਿਸਤਾਨੀ ਸ਼ਹਿਰ ਕਰਾਚੀ (ਸਿੰਧ) ਵਿਚ 15 ਅਕਤੂਬਰ 1979 ਨੂੰ ਇਕ ਪੰਜਾਬੀ ਈਸਾਈ ਪਰਿਵਾਰ ਵਿਚ ਜੰਮਿਆ। ਉਹਦੇ ਪੁਰਖਿਆਂ ਵਿਚੋਂ ਕੋਈ ਜਣਾ ਸਿੱਖ ਵੀ ਦੱਸੀਂਦਾ ਹੈ। ਸੋ, ਜਦੋਂ ਉਹਨੇ ਸੁਰਤ ਸੰਭਾਲੀ, ਘਰ ਵਿਚ ਬਾਈਬਲ ਤਾਂ ਸੀ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ।

ਉਹਦਾ ਅੱਬਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਿਚ ਮੁਲਾਜ਼ਮ ਸੀ ਅਤੇ ਉਸ ਦੀ ਬਦਲੀ ਜਦੋਂ ਪੰਜਾਬ ਦੀ ਰਾਜਧਾਨੀ ਲਾਹੌਰ ਦੀ ਹੋਈ ਤਾਂ ਸਾਰਾ ਟੱਬਰ ਲਾਹੌਰ ਜਾ ਵੱਸਿਆ। ਇਉਂ ਰੋਜਰ ਡੇਵਿਡ ਦਾ ਬਚਪਨ ਲਾਹੌਰ ਵਿਚ ਬੀਤਿਆ। ਮੁਲਾਜ਼ਮਤ ਕਾਰਨ ਇਹ ਟੱਬਰ ਪੂਰੇ ਸੱਤ ਸਾਲ ਪੇਸ਼ਾਵਰ ਵੀ ਰਿਹਾ। ਉਹ ਅਜੇ ਅੱਲ੍ਹੜ ਉਮਰ ਵਿਚ ਹੀ ਸੀ ਕਿ ਟੱਬਰ ਅਮਰੀਕਾ ਆਣ ਵੱਸਿਆ। ਉਦੋਂ ਤੱਕ ਉਹਨੇ ਆਪਣੇ ਅੱਬਾ ਤੋਂ ਸੰਗੀਤ ਦੀ ਵਿਦਿਆ ਲੈਣੀ ਆਰੰਭ ਕਰ ਦਿੱਤੀ ਹੋਈ ਸੀ ਅਤੇ ਖੁਦ ਪੰਜਾਬੀ ਕਵਿਤਾ ਉਤੇ ਵੀ ਹੱਥ ਅਜ਼ਮਾਉਣ ਲੱਗ ਪਿਆ ਸੀ। ਸੋਲ਼ਾਂ ਵਰ੍ਹਿਆਂ ਦਾ ਹੋਇਆ ਤਾਂ ਉਸ ਨੂੰ ਸੈਕਰਾਮੈਂਟੋ ਵਿਚ ਇਕ ਰਿਕਾਰਡਿੰਗ ਸਟੂਡੀਓ ਵਿਚ ਨੌਕਰੀ ਵੀ ਮਿਲ ਗਈ। ਇਸ ਤੋਂ ਬਾਅਦ ਉਸ ਨੇ ਰਵਾਇਤੀ ਪੜ੍ਹਾਈ ਨੂੰ ਅਲਵਿਦਾ ਆਖ ਦਿੱਤੀ ਅਤੇ ਸੰਗੀਤ ਨੂੰ ਆਪਣਾ ਕਰਮ-ਖੇਤਰ ਬਣਾ ਲਿਆ। ਮੁੱਢਲੇ ਦੌਰ ਵਿਚ ਉਸ ਨੂੰ ਕਲਾ ਖਾਤਰ ਕਾਰਾਂ ਵਿਚ ਜਾਂ ਸਟੂਡੀਓ ਦੇ ਫਰਸ਼ ਉਤੇ ਸੌਣਾ ਪਿਆ। ਫਿਰ ਇਕ ਦਿਨ ਉਹ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਆਪਣੇ ਕਜ਼ਨ ਕੋਲ ਓਕਲੈਂਡ (ਕੈਲੀਫੋਰਨੀਆ) ਚਲਾ ਗਿਆ ਜਿਹੜਾ ਵੈਸਟ ਓਕਲੈਂਡ ਦੇ ਕਿਸੇ ਸਟੂਡੀਓ ਵਿਚ ਕੰਮ ਕਰਦਾ ਸੀ। ਉਥੇ ਇਕ ਮੁਟਿਆਰ ਸ਼ਾਅ ਵੰਨ ਨੇ ਉਸ ਨੂੰ ਪੰਜਾਬੀ ਵਿਚ ਕੁਝ ਗੁਣ-ਗੁਣਾਉਂਦੇ ਸੁਣਿਆ। ਇਹ ਮੁਟਿਆਰ ਕੋਈ ਹੋਰ ਨਹੀਂ ਸੀ, ਹਿਪ-ਹੌਪ ਪ੍ਰੋਡਿਊਸਰ ਸੀ। ਬੀਬੀ ਸ਼ਾਅ ਨੇ ਉਸ ਨੂੰ ਉਹਦੀ ਹੀ ਬੀਟ ਉਤੇ ਰੈਪ ਕਰਨ ਦੀ ਸਲਾਹ ਦਿੱਤੀ। ਇਥੋਂ ਹੀ ਉਸ ਦੀ ਪਹਿਲੀ ਐਲਬਮ ‘ਵਿਚ ਪਰਦੇਸਾਂ ਦੇ’ ਦਾ ਮੁੱਢ ਬੱਝਿਆ ਅਤੇ ਇਹ ਦੇਸੀ ਹਿਪ-ਹੌਪ ਦੀ ਆਹਲਾ ਐਲਬਮ ਹੋ ਨਿਬੜੀ। ਇਸ ਤੋਂ ਬਾਅਦ ਉਸ ਨੇ ਮੁੜ ਪਿਛੇ ਮੁੜ ਕੇ ਨਹੀਂ ਦੇਖਿਆ। ਅੱਜ ਉਸ ਦੀ ਪਛਾਣ ਪੰਜਾਬੀ ਰੈਪ ਦੇ ਬਾਦਸ਼ਾਹ ਵਜੋਂ ਹੁੰਦੀ ਹੈ। ਹਾਲ ਹੀ ਵਿਚ ਉਸ ਦਾ ਕੇæਐੱਸ਼ ਮੱਖਣ ਅਤੇ ਪ੍ਰਿੰਸ ਘੁੰਮਣ ਨਾਲ ਗੀਤ ‘ਮੁਕਾਬਲਾ’ ਆਇਆ ਹੈ। ਕੁੱਲ 3:24 ਮਿੰਟਾਂ ਦਾ ਇਹ ਗੀਤ 23 ਦਸੰਬਰ ਨੂੰ ਰਿਲੀਜ਼ ਹੋਇਆ ਸੀ ਅਤੇ ਹੁਣ ਤੱਕ ਇਹ ਡੇਢ ਲੱਖ ਵਾਰ ਦੇ ਕਰੀਬ ਡਾਊਨਲੋਡ ਹੋ ਚੁੱਕਾ ਹੈ। ਅਸਲ ਵਿਚ ਨਵੀਂ ਪੀੜ੍ਹੀ ਨੇ ਬੋਹੇਮੀਆ ਨੂੰ ਬਹੁਤ ਲਾਡ-ਪਿਆਰ ਦਿੱਤਾ ਹੈ ਅਤੇ ਉਸ ਨੇ ਖੁਦ ਪੰਜਾਬੀ ਸੰਗੀਤ ਨੂੰ ਨਵੀਆਂ ਲੀਹਾਂ ਉਤੇ ਪਾਇਆ ਹੈ। ਬਹੁਤ ਸਾਰੇ ਕਲਾਕਾਰ ਹਨ ਜਿਹੜੇ ਉਸ ਦੀ ਨਕਲ ਕਰਦੇ ਹਨ, ਪਰ ਉਹ ਮਸਤ ਚਾਲ ਆਪਣੇ ਰਾਹ Ḕਤੇ ਤੁਰਿਆ ਜਾ ਰਿਹਾ ਹੈ ਅਤੇ ਆਪਣੇ ਰੱਖੇ ਨਾਂ ਦੀ ਲਾਜ ਰੱਖ ਰਿਹਾ ਹੈ। ਬੋਹੇਮੀਆ ਦਾ ਸ਼ਾਬਦਿਕ ਅਰਥ ਹੁੰਦਾ ਹੈ ਕਲਾਕਾਰ। ਉਹ ਸੱਚਮੁੱਚ ਕਲਾਕਾਰ ਹੈ!
___________________________________
ਮਿਰਚੀ ਮਿਊਜਿਕ ਐਵਾਰਡ ਸਮਾਗਮ ਵਿਚ ਬੋਹੇਮੀਆ ਦਾ ਜਾਦੂ
ਸਾਲ 2015 ਦੇ ਮਿਰਚੀ ਮਿਊਜਿਕ ਐਵਾਰਡ ਸਮਾਗਮ ਦੌਰਾਨ ਬੋਹੇਮੀਆ ਨੇ ਖੂਬ ਧੁੰਮਾਂ ਪਾਈਆਂ। ਇਹ ਸਮਾਗਮ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਹੋਇਆ ਸੀ। ਮਿਰਚੀ ਮਿਊਜਿਕ ਐਵਾਰਡ ‘ਰੇਡੀਓ ਮਿਰਚੀ’ ਵੱਲੋਂ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੂੰ ਹਰ ਸਾਲ ਦਿੱਤੇ ਜਾਂਦੇ ਹਨ। ਇਹ ਐਵਾਰਡ 2009 ਵਿਚ ਆਰੰਭ ਕੀਤਾ ਗਿਆ ਸੀ। ਇਸ ਵਿਚ ਸੰਗੀਤ ਦੇ 17 ਵੱਖਰੇ-ਵੱਖਰੇ ਵਰਗਾਂ ਲਈ ਐਵਾਰਡ ਦਿੱਤੇ ਜਾਂਦੇ ਹਨ। ਇਸ ਵਾਰ ਜਿਊਰੀ ਦਾ ਮੁਖੀ ਪ੍ਰਸਿੱਧ ਸ਼ਾਇਰ ਜਾਵੇਦ ਅਖਤਰ ਨੂੰ ਬਣਾਇਆ ਗਿਆ ਸੀ।