ਪੰਜਾਬ ਦੇ ਕਾਲੇ ਦੌਰ ਬਾਰੇ ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਦੇ ਕਥਿਤ ਖੁਲਾਸਿਆਂ ਤੋਂ ਬਾਅਦ ਮਾਹੌਲ ਵਿਚਲਾ ਸੇਕ ਮੱਠਾ ਨਹੀਂ ਪਿਆ ਹੈ। ਅਸਲ ਵਿਚ ਇਨ੍ਹਾਂ ਖੁਲਾਸਿਆਂ ਦੇ ਇਕ ਨਹੀਂ, ਅਨੇਕ ਪੱਖ ਹਨ ਜੋ ਹੌਲੀ-ਹੌਲੀ ਖੁੱਲ੍ਹ ਰਹੇ ਹਨ। ਇਹ ਵੀ ਸੰਭਵ ਹੈ ਕਿ ਇਨ੍ਹਾਂ ਵਿਚੋਂ ਕਈ ਪੱਖ ਕਦੀ ਉਜਾਗਰ ਹੀ ਨਾ ਹੋਣ, ਕਿਉਂਕਿ ਅਜਿਹੇ ਖੁਲਾਸਿਆਂ ਦੀ ਤਫਸੀਲ ਉਦੋਂ ਹੀ ਉਜਾਗਰ ਹੋਈ ਹੈ, ਜਦੋਂ ਖੁਲਾਸੇ ਕਰਨ ਵਾਲਾ ਖੁਦ ਜ਼ਿਆਦਤੀ ਹੋਈ ਮਹਿਸੂਸ ਕਰਦਾ ਹੈ।
ਅਜਿਹੇ ਭਿਅੰਕਰ ਖੁਲਾਸਿਆਂ ਤੋਂ ਬਾਅਦ ਹੋਣਾ ਤਾਂ ਇਹ ਚਾਹੀਦਾ ਹੈ ਕਿ ਇਨ੍ਹਾਂ ਦੇ ਹਰ ਪੱਖ ਦੇ ਸੱਚ-ਝੂਠ ਦਾ ਨਿਤਾਰਾ ਕੀਤਾ ਜਾਵੇ, ਤਾਂ ਕਿ ਭਵਿਖ ਵਿਚ ਅਜਿਹੇ ਘਾਣ ਤੋਂ ਬਚਿਆ ਜਾ ਸਕੇ, ਪਰ ਸਿਰੇ ਦੇ ਗੈਰ-ਸੰਵੇਦਨਸ਼ੀਲ ਮਾਹੌਲ ਅਤੇ ਸਿਆਸੀ ਆਪੋ-ਧਾਪੀ ਦੇ ਦੌਰ ਵਿਚ ਹੁਕਮਰਾਨ ਧਿਰ ਅਤੇ ਸਬੰਧਤ ਧਿਰਾਂ ਸਦਾ ਹੀ ਇਸ ਤੋਂ ਬਚਣ ਵਾਲਾ ਰਾਹ ਅਖਤਿਆਰ ਕਰਦੀਆਂ ਰਹੀਆਂ ਹਨ। ਇਨ੍ਹਾਂ ਖੁਲਾਸਿਆਂ ਦੇ ਆਧਾਰ ‘ਤੇ ਖਾੜਕੂ ਲਹਿਰ ਦੌਰਾਨ ਪੁਲਿਸ ਅਤੇ ਸਰਕਾਰ ਵੱਲੋਂ ਕੀਤੀਆਂ ਵਧੀਕੀਆਂ ਦੀ ਪੁਣ-ਛਾਣ ਦਾ ਮਾਮਲਾ ਅਜੇ ਕਿਸੇ ਤਣ-ਪੱਤਣ ਨਹੀਂ ਸੀ ਲੱਗਾ ਕਿ ਇਕ ਹੋਰ ਘਟਨਾ ਵਾਪਰ ਗਈ। ਸੀਨੀਅਰ ਪੱਤਰਕਾਰ ਕੰਵਰ ਸੰਧੂ, ਜੋ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਦਾ ਸੂਤਰਧਾਰ ਬਣਿਆ ਹੈ, ਨਾਲ ਪਟਿਆਲੇ ਦੀ ਜੇਲ੍ਹ ਵਿਚ ਧੱਕਾ-ਮੁੱਕੀ ਦੀਆਂ ਖਬਰਾਂ ਆ ਗਈਆਂ। ਉਹ ਉਥੇ ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀਯਾਫਤਾ ਕੈਦੀ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਗਿਆ ਸੀ। ਹੁਣ ਇਸ ਮਿਲਣੀ ਦਾ ਸਬੱਬ ਧਿਆਨ ਅਤੇ ਰਤਾ ਕੁ ਵਿਸਥਾਰ ਦੀ ਮੰਗ ਕਰਦਾ ਹੈ। ਗੁਰਮੀਤ ਸਿੰਘ ਪਿੰਕੀ ਨੇ ਜਿਹੜੇ ਖੁਲਾਸੇ ਕੀਤੇ ਹਨ, ਉਨ੍ਹਾਂ ਵਿਚ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਵੀ ਬੋਲਿਆ ਹੈ। ਪਿੰਕੀ ਮੁਤਾਬਕ, ਰਾਜੋਆਣਾ ਦੀ ਸੂਹ ਉਤੇ ਉਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਦੇ ਜੇਲ੍ਹ ਵਿਚੋਂ ਭੱਜ ਨਿਕਲਣ ਦੀ ਸਕੀਮ ਦਾ ਪਰਦਾਫਾਸ਼ ਕੀਤਾ ਸੀ। ਉਸ ਵੇਲੇ ਜੇਲ੍ਹ ਵਿਚੋਂ ਆਰ ਡੀ ਐਕਸ ਫੜਨ ਦਾ ਦਾਅਵਾ ਵੀ ਕੀਤਾ ਗਿਆ ਸੀ ਜੋ ਜੇਲ੍ਹ ਤੋੜਨ ਲਈ ਵਰਤਿਆ ਜਾਣਾ ਸੀ। ਰਾਜੋਆਣਾ ਦਾ ਇਤਰਾਜ਼ ਸੀ ਕਿ ਇਸ ਮਾਮਲੇ ਵਿਚ ਉਸ ਦਾ ਪੱਖ ਨਹੀਂ ਲਿਆ ਗਿਆ। ਉਂਜ, ਇਹ ਇਤਰਾਜ਼ ਸਾਹਮਣੇ ਆਉਣ ਤੋਂ ਬਾਅਦ ਕੰਵਰ ਸੰਧੂ ਤੁਰੰਤ ਉਸ ਦਾ ਪੱਖ ਲੈਣ ਅਤੇ ਨਾਲ ਦੀ ਨਾਲ ਨਸ਼ਰ ਕਰਨ ਲਈ ਸਹਿਮਤ ਹੋ ਗਿਆ ਸੀ ਅਤੇ ਉਹ ਜੇਲ੍ਹ ਅੰਦਰ ਰਾਜੋਆਣਾ ਦਾ ਪੱਖ ਲੈਣ ਹੀ ਗਿਆ ਸੀ। ਦੋਹਾਂ ਦਰਮਿਆਨ ਇਸ ਮੁਲਾਕਾਤ ਦਾ ਸਾਰਾ ਪ੍ਰਬੰਧ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਹੀ ਕੀਤਾ ਗਿਆ ਦੱਸੀਦਾ ਹੈ।
ਜੇਲ੍ਹ ਅੰਦਰ ਹੋਈ ਘਟਨਾ ਨੂੰ ਕੰਵਰ ਸੰਧੂ ਨੇ ਭਰੋਸੇ ਨਾਲ ਵਿਸਾਹਘਾਤ ਕਰਾਰ ਦਿੱਤਾ ਹੈ। ਇਹ ਗੱਲ ਠੀਕ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਪੱਤਰਕਾਰਾਂ ਨੂੰ ਕਈ ਜਫਰ ਜਾਲਣੇ ਪੈਂਦੇ ਹਨ। ਜਦੋਂ ਕੰਮ ਨਾਲ ਸਰਕਾਰੀ ਅਤੇ ਹੋਰ ਧਿਰਾਂ ਸਿੱਧੀਆਂ ਅਤੇ ਡੂੰਘੀਆਂ ਜੁੜੀਆਂ ਹੋਣ ਤਾਂ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਜਾਂਦਾ ਹੈ। ਅਜਿਹੇ ਦੌਰ ਵਿਚ ਸਿਰਫ ਭਰੋਸਾ ਹੀ ਹੁੰਦਾ ਹੈ ਜਿਹੜਾ ਇਸ ਪੇਸ਼ੇ ਦੀ ਨਿਰਮਲਤਾ ਅਤੇ ਵਿਲੱਖਣਤਾ ਬਰਕਰਾਰ ਰੱਖਦਾ ਹੈ। ਸੰਸਾਰ ਭਰ ਵਿਚ ਅਜਿਹੀਆਂ ਅਣਗਿਣਤ ਮਿਸਾਲਾਂ ਹਨ, ਜਦੋਂ ਪੱਤਰਕਾਰਾਂ ਵੱਲੋਂ ਬਹੁਤ ਗੁੰਝਲਦਾਰ ਮਾਮਲਿਆਂ ਵਿਚ ਸੰਵਾਦ ਦੀ ਸੜਕ ਉਸਾਰੀ ਗਈ। ਕੰਵਰ ਸੰਧੂ ਰਾਹੀਂ ਗੁਰਮੀਤ ਸਿੰਘ ਪਿੰਕੀ ਨੇ ਜੋ ਖੁਲਾਸੇ ਕੀਤੇ ਹਨ, ਉਸ ਦੇ ਬਹੁਤ ਸਾਰੇ ਪੱਖਾਂ ਦੇ ਨਾਲ-ਨਾਲ ਇਕ ਪੱਖ ਇਹ ਵੀ ਹੈ ਕਿ ਉਸ ਦੌਰ ਵੇਲੇ ਹੋਈਆਂ ਵਧੀਕੀਆਂ ਦੀ ਤਸਦੀਕ ਹੋਈ ਅਤੇ ਤਸਦੀਕ ਵੀ ਉਸ ਸ਼ਖਸ ਵੱਲੋਂ ਹੋਈ ਜਿਹੜਾ ਬਹੁਤ ਸਾਰੀਆਂ ਵਾਰਦਾਤਾਂ ਵਿਚ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦਾ ਹੈ। ਇਸੇ ਪ੍ਰਸੰਗ ਵਿਚ ਹੀ ਕੰਵਰ ਸੰਧੂ ਦੀ ਪੱਤਰਕਾਰੀ ਬਾਰੇ ਗੱਲ ਕਰਨੀ ਬਣਦੀ ਹੈ। ਉਸ ਦਾ ਹੁਣ ਤੱਕ ਦਾ ਰਿਕਾਰਡ ਦੱਸਦਾ ਹੈ ਕਿ ਉਸ ਨੇ ਆਪਣੇ ਖੇਤਰ ਵਿਚ ਧੜੱਲੇ ਨਾਲ ਕੰਮ ਕੀਤਾ ਹੈ। ਸੱਤਾਧਾਰੀ ਬਾਦਲਾਂ ਨਾਲ ਟੀæਵੀæ ਚੈਨਲ ਦੇ ਮਾਮਲੇ ‘ਤੇ ਪਿਆ ਪੇਚਾ ਤਾਂ ਕਿਸੇ ਨੂੰ ਭੁੱਲਿਆ ਨਹੀਂ ਹੈ। ਕੇਬਲ ਅਤੇ ਪੰਜਾਬੀ ਚੈਨਲਾਂ ਦੇ ਮੁਕੰਮਲ ਬਲੈਕਆਊਟ ਦੇ ਬਾਵਜੂਦ ਕੰਵਰ ਸੰਧੂ ਨੇ ਆਪਣੇ ਚੈਨਲ ਰਾਹੀਂ ਚਾਰ ਕਦਮ ਤੁਰਨ ਦਾ ਹੀਆ ਕੀਤਾ ਸੀ। ਸ਼ਾਇਦ ਇਸੇ ਕਰ ਕੇ ਹੀ ਹੁਣ ਬਾਦਲਾਂ ਦੇ ਚੈਨਲ ਉਤੇ ਇਸ ਘਟਨਾ ਨੂੰ ਜਿਸ ਰੰਗ ਵਿਚ ਅਤੇ ਢੰਗ ਨਾਲ ਪੇਸ਼ ਕੀਤਾ ਗਿਆ, ਉਸ ਤੋਂ ‘ਦੁਸ਼ਮਣੀ’ ਵਾਲਾ ਖਾਸਾ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ। ਬਾਦਲਾਂ ਦੇ ਚੈਨਲ ਦੀ ਇਸ ਨਸ਼ਰੀਆਤ ਨੇ ਤਾਂ ਸਗੋਂ ਪੱਤਰਕਾਰੀ ਦੇ ਮਿਆਰ ਨੂੰ ਬਹੁਤ ਨਿਵਾਣਾਂ ਤੱਕ ਅਪੜਾ ਦਿੱਤਾ ਹੈ ਅਤੇ ਪੱਤਰਕਾਰੀ ਦਾ ਇਹ ਘਾਣ ਬਾਦਲਾਂ ਦੀ ਸਿਆਸੀ ਦਖਲਅੰਦਾਜ਼ੀ ਅਤੇ ‘ਆਪਣੇ ਸ਼ਰੀਕ’ ਰਹੇ ਪੱਤਰਕਾਰ ਨੂੰ ਸਬਕ ਸਿਖਾਉਣ ਲਈ ਹੀ ਕੀਤਾ ਗਿਆ ਜਾਪਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੰਵਰ ਸੰਧੂ ਨੇ ਰਾਜੋਆਣਾ ਦਾ ਪੱਖ ਨਸ਼ਰ ਕਰਨ ਤੋਂ ਇਨਕਾਰ ਨਹੀਂ ਸੀ ਕੀਤਾ। ਉਸ ਦਾ ਜੇਲ੍ਹ ਅੰਦਰ ਉਸ ਨੂੰ ਮਿਲਣ ਜਾਣਾ ਹੀ ਉਸ ਦੀ ਸੰਜੀਦਗੀ ਦਾ ਸਬੂਤ ਹੈ। ਉਂਜ ਵੀ, ਪੱਤਰਕਾਰੀ ਨਾਲ ਜੁੜੇ ਲੋਕ ਤਾਂ ਉਹ ਭਾਈਚਾਰਾ ਹੈ ਜਿਹੜਾ ਇਕ ਜਾਂ ਦੋ ਨਹੀਂ, ਬਲਕਿ ਕਈ ਧਿਰਾਂ ਵਿਚਕਾਰ ਕੜੀ ਦੇ ਰੂਪ ਵਿਚ, ਹਰ ਪੱਖ ਉਜਾਗਰ ਕਰਨ ਦਾ ਔਖਾ ਕੰਮ ਕਰਦਾ ਰਿਹਾ ਹੈ। ਖਾੜਕੂਵਾਦ ਦੇ ਦੌਰ ਵਿਚ ਵੀ ਇਸ ਦੀ ਆਪਣੀ ਭੂਮਿਕਾ ਰਹੀ ਹੈ ਅਤੇ ਇਹ ਭੂਮਿਕਾ ਭਰੋਸੇ ਤੋਂ ਬਗੈਰ ਨਿਭਾਉਣੀ ਕਠਿਨ ਹੁੰਦੀ ਹੈ। ਉਨ੍ਹਾਂ ਸਮਿਆਂ ਵਿਚ ਵੀ ਬਹੁਤ ਵਾਰ ਗੱਲ ਦੀ ਥਾਂ ਗੋਲੀ ਭਾਰੂ ਹੋ ਜਾਂਦੀ ਰਹੀ ਹੈ, ਪਰ ਇਸ ਉਲਾਰ ਰੁਝਾਨ ਦੇ ਬਾਵਜੂਦ ਪੱਤਰਕਾਰਾਂ ਨੇ ਆਪਣੇ ਪੇਸ਼ੇ ਦਾ ਪਰਚਮ ਬੁਲੰਦ ਰੱਖਿਆ। ਪੱਤਰਕਾਰੀ ਦਾ ਇਤਿਹਾਸ ਦਰਸਾਉਂਦਾ ਹੈ ਕਿ ਇਸ ਤਰ੍ਹਾਂ ਦੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਸਿਰੇ ਦੇ ਉਲਾਰ ਰੁਝਾਨ ਦੇ ਬਾਵਜੂਦ ਪੱਤਰਕਾਰਾਂ ਨੇ ਹਰ ਜੋਖਮ ਉਠਾ ਕੇ ਆਪਣੀ ਗੱਲ ਕਹਿਣ ਦਾ ਹੀਆ ਸਦਾ ਹੀ ਕੀਤਾ ਹੈ। ਇਤਿਹਾਸ ਦੀ ਇਹ ਅਟੁੱਟ ਕੜੀ ਅਤੇ ਲੜੀ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹੈ।