‘ਚੜ੍ਹਦੇ ਸੂਰਜ ਨੂੰ ਹੀ ਸਲਾਮ ਹੁੰਦੀ ਹੈ’ ਵਾਲਾ ਟੋਟਕਾ ਇਕ ਵਾਰ ਫਿਰ ਹੁੱਝ ਮਾਰ ਕੇ ਸਾਹਮਣੇ ਆਣ ਖਲੋਇਆ ਹੈ। ਫਿਲਮੀ ਹਸਤੀ ਤਬੱਸੁਮ ਨੇ ਬੜੇ ਦਰਦ ਨਾਲ ਇਹ ਕਥਾ ਬਿਆਨ ਕੀਤੀ ਹੈ ਕਿ ਫਿਲਮ ਅਦਾਕਾਰਾ ਸਾਧਨਾ ਆਪਣੇ ਅੰਤਿਮ ਦਿਨਾਂ ਦੌਰਾਨ ਬਹੁਤ ਤੰਗ ਸੀ।
ਉਹ ਬਿਮਾਰ ਸੀ, ਨਾ-ਖੁਸ਼ ਵੀ ਅਤੇ ਕਾਨੂੰਨੀ ਗੇੜ ਵਿਚ ਵੀ ਫਸੀ ਹੋਈ ਸੀ, ਪਰ ਮਦਦ ਮੰਗਣ ਦੇ ਬਾਵਜੂਦ ਕੋਈ ਵੀ ਫਿਲਮੀ ਹਸਤੀ ਉਸ ਦੀ ਕਿਸੇ ਵੀ ਪ੍ਰਕਾਰ ਦੀ ਮਦਦ ਲਈ ਅੱਗੇ ਨਹੀਂ ਆਈ। ਤਬੱਸੁਮ ਨੇ ਹੋਰ ਬਿਆਨ ਕੀਤਾ ਹੈ- “ਜਦੋਂ ਕੋਈ ਫਿਲਮੀ ਹਸਤੀ ਉਸ ਦੀ ਮਦਦ ਲਈ ਨਾ ਬਹੁੜੀ ਤਾਂ ਉਸ ਨੇ ਆਪਣੇ ਪ੍ਰਸੰਸਕਾਂ ਅੱਗੇ ਪੱਲਾ ਅੱਡਿਆ, ਪਰ ਉਹ ਵੀ ਮੂੰਹ ਫੇਰ ਗਏ।” ਫਿਲਮਾਂ ਵਾਲੇ ਉਂਝ ਤਾਂ ਹਰ ਸਮਾਗਮ ਵਿਚ ਵਹੀਰਾਂ ਘੱਤ ਕੇ ਪੁੱਜਦੇ ਹਨ, ਪਰ ਸਾਧਨਾ ਬਾਰੇ ਕਿਸੇ ਨੇ ਕਦੀ ਨਹੀਂ ਸੋਚਿਆ ਕਿ ਉਹ ਕਿਸ ਹਾਲ ਵਿਚ ਹੈ। ਯਾਦ ਰਹੇ ਕਿ ਸਾਧਨਾ ਸ਼ਿਵਦਸਾਨੀ (2 ਸਤੰਬਰ 1941-25 ਦਸੰਬਰ 2015) ਆਪਣੇ ਸਮੇਂ ਦੀ ਕਹਿੰਦੀ-ਕਹਾਉਂਦੀ ਅਦਾਕਾਰਾ ਸੀ ਅਤੇ ਅੱਜ ਕੱਲ੍ਹ ਉਹ ਇਕੱਲੀ ਹੀ ਰਹਿ ਰਹੀ ਸੀ, ਕਿਉਂਕਿ ਉਸ ਦਾ ਕੋਈ ਅਜਿਹਾ ਰਿਸ਼ਤੇਦਾਰ ਨਹੀਂ ਸੀ ਜੋ ਉਸ ਦੇ ਨਾਲ ਜਾਂ ਨੇੜੇ ਰਹਿੰਦਾ! ਸਾਧਨਾ ਵਜੋਂ ਮਸ਼ਹੂਰ ਇਸ ਅਦਾਕਾਰਾ ਨੇ ਫਿਲਮ ਜਗਤ ਦੇ ‘ਗੋਲਡਨ ਯੁੱਗ’ ਦੌਰਾਨ ਰਾਜ ਕੀਤਾ ਸੀ ਅਤੇ 1960ਵਿਆਂ ਅਤੇ 70ਵਿਆਂ ਦੌਰਾਨ ਉਸ ਦੀ ਪੂਰੀ ਚੜ੍ਹਤ ਸੀ। ਉਸ ਦਾ ਹੇਅਰ ਕੱਟ ਇੰਨਾ ਮਸ਼ਹੂਰ ਹੋਇਆ ਸੀ ਕਿ ਇਸ ਦਾ ਨਾਂ ‘ਸਾਧਨਾ ਹੇਅਰ ਕੱਟ’ ਹੀ ਪੈ ਗਿਆ ਸੀ। ਸਾਧਨਾ ਦੀ ਪਹਿਲੀ ਫਿਲਮ ‘ਸ੍ਰੀ 420’ (ਰਾਜ ਕਪੂਰ ਤੇ ਨਰਗਿਸ) ਸੀ। ਇਸ ਫਿਲਮ ਵਿਚ ਉਸ ਨੇ ‘ਮੁੜ ਮੁੜ ਕੇ ਨਾ ਦੇਖ’ ਗੀਤ ਵਿਚ ਕੋਰਸ-ਕੁੜੀ ਵਜੋਂ ਕੰਮ ਕੀਤਾ ਸੀ। ਇਸ ਕੋਰਸ ਗੀਤ ਵਿਚ ਉਸ ਦਾ ਨਖਰਾ ਸਿਰੇ ਦਾ ਸੀ ਅਤੇ ਇਸੇ ਗੀਤ ਨੇ ਉਸ ਲਈ ਫਿਲਮਾਂ ਵੱਲ ਰਾਹ ਖੋਲ੍ਹਿਆ। ਫਿਲਮਸਾਜ਼ ਰਾਜ ਖੋਸਲਾ ਦੀਆਂ ਤਿੰਨ ਫਿਲਮਾਂ ਨਾਲ ਉਹ ਫਿਲਮੀ ਦੁਨੀਆਂ ਵਿਚ ਛਾ ਗਈ, ਫਿਲਮਾਂ ਸਨ: ‘ਵੋਹ ਕੌਨ ਥੀ?’ (1964), ‘ਮੇਰਾ ਸਾਇਆ’ (1966) ਤੇ ‘ਅਨੀਤਾ’ (1967)। ‘ਵਕਤ’ (1966) ਨਾਲ ਉਸ ਦੀ ਚਰਚਾ ਚਾਰ-ਚੁਫੇਰੇ ਹੋਣ ਲੱਗ ਪਈ ਸੀ।
-ਸਿਮਰਨ ਕੌਰ